Breaking News
Home / Special Story / ਮੈਕਸੀਕੋ ਤੋਂ ਪਰਤੇ 311 ਭਾਰਤੀਆਂ ਨੇ ਇੱਕ ਵਾਰ ਫਿਰ ਬੇਰੁਜ਼ਗਾਰੀ ਦੇ ਮੁੱਦੇ ਨੂੰ ਉਭਾਰਿਆ

ਮੈਕਸੀਕੋ ਤੋਂ ਪਰਤੇ 311 ਭਾਰਤੀਆਂ ਨੇ ਇੱਕ ਵਾਰ ਫਿਰ ਬੇਰੁਜ਼ਗਾਰੀ ਦੇ ਮੁੱਦੇ ਨੂੰ ਉਭਾਰਿਆ

ਅਮਰੀਕਾ ਪਹੁੰਚਣ ਲਈ ਜਾਨ ਤਲੀ ‘ਤੇ ਧਰਦੇ ਹਨ ਪੰਜਾਬੀ
ਜਲੰਧਰ/ਬਿਊਰੋ ਨਿਊਜ਼ : ਜਾਨ ਤਲੀ ਉੱਤੇ ਧਰਕੇ ਸੱਤ ਸਮੁੰਦਰੋਂ ਪਾਰ ਪਹੁੰਚਣ ਦੇ ਚਾਹਵਾਨ ਪੰਜਾਬੀਆਂ ਨੂੰ ਅਮਰੀਕਾ ਹੁਣ ਰਾਸ ਨਹੀਂ ਆ ਰਿਹਾ। ਮੈਕਸਿਕੋ ਤੋਂ ਪਰਤੇ 311 ਭਾਰਤੀਆਂ ਨੇ ਇੱਕ ਵਾਰ ਫਿਰ ਬੇਰੁਜ਼ਗਾਰੀ ਦੇ ਮੁੱਦੇ ਨੂੰ ਕੇਂਦਰੀ ਬਿੰਦੂ ਵਜੋਂ ਉਭਾਰਿਆ ਹੈ। ਰੁਜ਼ਗਾਰ ਦੀ ਭਾਲ ਪੰਜਾਬੀਆਂ ਨੂੰ ਮੈਕਸਿਕੋ ਸਰਹੱਦ ਨਾਲ ਅਮਰੀਕਾ ਦੀਆਂ ਕੰਧਾਂ ਟੱਪਣ ਲਈ ਮਜਬੂਰ ਕਰ ਦਿੰਦੀ ਹੈ। ਅਮਰੀਕਾ ‘ਚ ਦਾਖਲ ਹੋਣ ਲਈ ਟਰੈਵਲ ਏਜੰਟਾਂ ਵੱਲੋਂ ਪੰਜ ਅਜਿਹੇ ਰੂਟ ਤਿਆਰ ਕੀਤੇ ਗਏ ਹਨ ਜਿਨ੍ਹਾਂ ਵਿੱਚ ਜਾਨ ਦਾ ਖਤਰਾ ਹਮੇਸ਼ਾਂ ਹੀ ਬਣਿਆ ਰਹਿੰਦਾ ਹੈ। ਇਨ੍ਹਾਂ ਵਿਚ ਸਭ ਤੋਂ ਵੱਧ ਖਤਰਨਾਕ ਰਸਤਾ ਬਹਾਮਾਸ ਦਾ ਦੱਸਿਆ ਜਾ ਰਿਹਾ ਹੈ। ਇਸ ਸਮੁੰਦਰੀ ਰਸਤੇ ਰਾਹੀਂ ਅਮਰੀਕਾ ਜਾਣ ਵਾਲੇ ਬਹੁਤ ਸਾਰੇ ਪੰਜਾਬੀ ਮੁੰਡੇ ਸਮੁੰਦਰ ਦੀਆਂ ਲਹਿਰਾਂ ਵਿੱਚ ਹੀ ਡੁੱਬ ਜਾਂਦੇ ਹਨ। ਦੋ ਸਾਲ ਪਹਿਲਾਂ ਇਸੇ ਰਸਤੇ ਰਾਹੀਂ ਅਮਰੀਕਾ ਜਾ ਰਹੀ ਬੇੜੀ ਵਿੱਚੋਂ ਛੇ ਪੰਜਾਬੀ ਮੁੰਡੇ ਡੁੱਬ ਗਏ ਸਨ, ਇਨ੍ਹਾਂ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗਾ।
ਬਹਾਮਾਸ ਰਾਹੀਂ ਅਮਰੀਕਾ ਜਾਣ ਵਾਲੇ ਮੁੰਡਿਆਂ ਨੂੰ ਟਰੈਵਲ ਏਜੰਟ ਸਭ ਤੋਂ ਪਹਿਲਾਂ ਦਿੱਲੀ ਤੋਂ ਫਲਾਈਟ ਰਾਹੀਂ ਉਥੇ ਭੇਜਦੇ ਹਨ। 27 ਘੰਟਿਆਂ ਦੀ ਲੰਬੀ ਫਲਾਈਟ ਤੋਂ ਬਾਅਦ ਅਮਰੀਕਾ ‘ਚ ਦਾਖਲ ਹੋਣ ਲਈ ਦੋ ਸਮੁੰਦਰੀ ਰਸਤਿਆਂ ਰਾਹੀਂ ਟਰੈਵਲ ਏਜੰਟ ਬੇੜੀਆਂ ਤੇ ਛੋਟੇ ਸਮੁੰਦਰੀ ਜਹਾਜ਼ਾਂ ਰਾਹੀਂ ਲੈ ਕੇ ਜਾਂਦੇ ਹਨ। ਇਨ੍ਹਾਂ ਦੋਵੇਂ ਸਮੁੰਦਰੀ ਰਸਤਿਆਂ ‘ਚ ਇੱਕ ਰਾਹ ਮਿਆਮੀ ਅਤੇ ਦੂਜਾ ਨਾਸੋ ਦਾ ਹੈ। ਦੂਜਾ ਰਸਤਾ ਅਰਜਨਟੀਨਾ ਤੇ ਐਕਵਾਡੋਰ ਰਾਹੀਂ ਜਾਂਦਾ ਹੈ। ਕਪੂਰਥਲਾ ਜ਼ਿਲ੍ਹੇ ਦੇ ਕਸਬਾ ਬੇਗੋਵਾਲ ਦਾ ਰਹਿਣ ਵਾਲਾ 27 ਸਾਲਾ ਨੌਜਵਾਨ ਇਸੇ ਸਾਲ ਮਾਰਚ ਮਹੀਨੇ ਅਮਰੀਕਾ ‘ਚੋਂ ਡਿਪੋਰਟ ਹੋ ਕੇ ਆਇਆ ਸੀ, ਜੋ ਇਸੇ ਰਸਤੇ ਰਾਹੀਂ ਅਮਰੀਕਾ ਪਹੁੰਚਿਆ ਸੀ। ਉਸ ਨੇ ਦੱਸਿਆ ਕਿ ਅਮਰੀਕਾ ਜਾਣ ਲਈ ਉਹ ਵੱਖ-ਵੱਖ ਦੇਸ਼ਾਂ ‘ਚੋਂ ਹੁੰਦਾ ਹੋਇਆ ਅਰਜਨਟੀਨਾ ਪਹੁੰਚਿਆ ਸੀ। ਇਥੋਂ ਉਸ ਨੂੰ ਕੋਲੰਬੀਆ ਦੇ ਸ਼ਹਿਰ ਬਗੋਟਾ ਲਿਜਾਇਆ ਗਿਆ। ਫਿਰ ਉਨ੍ਹਾਂ ਨੂੰ ਉਥੋਂ ਸਮੁੰਦਰੀ ਜਹਾਜ਼ ਰਾਹੀਂ ਪਨਾਮਾ ਦੇ ਜੰਗਲਾਂ ਵਿੱਚ ਹਫ਼ਤਾ ਭਰ ਰੱਖਿਆ ਗਿਆ। ਉਥੋਂ ਬੱਸ ਰਾਹੀਂ ਮੈਕਸੀਕੋ ਪਹੁੰਚਾਇਆ ਗਿਆ।
ਇਟਲੀ ਰਾਹੀਂ ਅਮਰੀਕਾ ਭੇਜਣ ਲਈ ਵੀ ਟਰੈਵਲ ਏਜੰਟ ਇਹ ਰਸਤਾ ਵਰਤ ਰਹੇ ਹਨ। ਹਾਲਾਂਕਿ ਇਹ ਰੂਟ ਕਾਫੀ ਮਹਿੰਗਾ ਦੱਸਿਆ ਜਾਂਦਾ ਹੈ। ਟਰੈਵਲ ਏਜੰਟ ਇਟਲੀ ਦਾ ਵੀਜ਼ਾ ਲੈ ਕੇ ਦਿੰਦੇ ਹਨ। ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਇਟਲੀ ਦੇ ਮਿਲਾਨ ਸ਼ਹਿਰ ਦੇ ਨੇੜਲੇ ਕਿਸੇ ਛੋਟੇ ਕਸਬੇ ਵਿੱਚ ਰੱਖਿਆ ਜਾਂਦਾ ਹੈ। ਉਥੋਂ ਸਿੱਧੀ ਫਲਾਈਟ ਮੈਕਸੀਕੋ ਦੀ ਕਰਾਈ ਜਾਂਦੀ ਹੈ। ਮੈਕਸੀਕੋ ਤੋਂ ਅਮਰੀਕਾ ਦੇ ਸਾਂਡਿਆਗੋ ਵਿੱਚ ਕੰਧ ਟਪਾ ਕੇ ਦਾਖਲਾ ਕਰਾਇਆ ਜਾਂਦਾ ਹੈ। ਇਥੇ ਏਜੰਟ ਪੰਜਾਬੀਆਂ ਦੇ ਪਾਸਪੋਰਟ ਆਪਣੇ ਕੋਲ ਲੈ ਲੈਂਦੇ ਹਨ ਤੇ ਉਨ੍ਹਾਂ ਦੀ ਜੇਬ ਵਿੱਚ ਪਰਚੀ ਪਾ ਦਿੰਦੇ ਹਨ ਕਿ ਜਿਸ ਦੇਸ਼ ਵਿੱਚੋਂ ਇਹ ਆਇਆ ਹੈ, ਉੱਥੇ ਇਸ ਦੀ ਜਾਨ ਨੂੰ ਖਤਰਾ ਹੈ। 17 ਸਾਲਾਂ ਦਾ ਇੱਕ ਨੌਜਵਾਨ ਜੋ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹੈ, ਉਹ ਮੈਕਸਿਕੋ ਰਾਹੀਂ ਅਮਰੀਕਾ ‘ਚ ਦਾਖਲ ਹੋਇਆ ਸੀ ਤੇ ਫੜਿਆ ਗਿਆ ਸੀ। ਇਸੇ ਸਾਲ ਉਸ ਨੂੰ ਜਨਵਰੀ ਵਿੱਚ ਰਫਿਊਜੀ ਕੈਂਪ ਵਿਚ ਰੱਖਣ ਤੋਂ ਬਾਅਦ ਵਾਪਸ ਭੇਜ ਦਿੱਤਾ ਸੀ। ਅਦਾਲਤ ਨੇ ਉਸ ਦਾ ਕੇਸ ਰਾਜਸੀ ਸ਼ਰਨ ਲਈ ਨਹੀਂ ਲਿਆ ਸੀ।
ਇਸੇ ਤਰ੍ਹਾਂ ਸਾਊਥ ਅਮਰੀਕਾ, ਹਾਂਗਕਾਂਗ ਅਤੇ ਗਰੀਸ ਨੂੰ ਵੀ ਟਰੈਵਲ ਏਜੰਟ ਪੰਜਾਬੀਆਂ ਨੂੰ ਅਮਰੀਕਾ ‘ਚ ਦਾਖਲਾ ਦਿਵਾਉਣ ਲਈ ਰਾਹ ਵਜੋਂ ਵਰਤਦੇ ਆ ਰਹੇ ਹਨ। ਇਨ੍ਹਾਂ ਰਸਤਿਆਂ ਰਾਹੀਂ ਹਮੇਸ਼ਾਂ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ। 14 ਸਤੰਬਰ ਨੂੰ ਅਮਰੀਕਾ ਦੇ ਰਫਿਊਜੀ ਕੈਂਪ ‘ਚੋਂ ਵਾਪਸ ਆਏ ਜਲੰਧਰ ਜ਼ਿਲ੍ਹੇ ਦੇ ਉੱਚਾ ਪਿੰਡ ਦੇ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬਾਰ੍ਹਵੀਂ ਜਮਾਤ ਵਿੱਚ ਪੜ੍ਹਨ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦਾ ਸੀ। ਟਰੈਵਲ ਏਜੰਟ ਨੂੰ ਅਮਰੀਕਾ ਜਾਣ ਲਈ 35 ਲੱਖ ਰੁਪਏ ਦਿੱਤੇ ਸਨ। ਏਜੰਟ ਨੇ ਉਸ ਨੂੰ ਫਰਾਂਸ ਦਾ ਵੀਜ਼ਾ ਲੈ ਕੇ ਦਿੱਤਾ ਸੀ ਤੇ ਉਥੋਂ ਮੈਕਸਿਕੋ ਪਹੁੰਚਾ ਦਿੱਤਾ, ਜਿਥੇ ਕੁੱਝ ਦਿਨ ਰੁਕਣ ਤੋਂ ਬਾਅਦ 26 ਅਪਰੈਲ ਨੂੰ ਅਮਰੀਕਾ ਦੀ ਕੰਧ ਟਪਾ ਦਿੱਤੀ ਸੀ। ਉਥੇ ਉਹ ਫੜਿਆ ਗਿਆ ਤੇ ਰਫਿਊਜੀ ਕੈਂਪ ਵਿੱਚ ਸਾਢੇ ਪੰਜ ਮਹੀਨੇ ਰਿਹਾ। ਰਾਜਸੀ ਸ਼ਰਨ ਮੰਗੀ ਪਰ ਜੱਜ ਨੇ ਕੇਸ ਰੱਦ ਕਰ ਦਿੱਤਾ। ਕੈਂਪ ਵਿੱਚ ਉਸ ਨਾਲ 75 ਹੋਰ ਲੋਕ ਵੀ ਸਨ। ਕੈਂਪ ਦੇ ਮਾੜੇ ਹਾਲ ਦੱਸਦਿਆਂ ਉਸ ਨੇ ਕਿਹਾ ਕਿ ਉਥੇ ਖਾਣ ਨੂੰ ਸਿਰਫ ਚੌਲ ਤੇ ਉਬਲੇ ਹੋਏ ਰਾਜਮਾਂਹ ਹੀ ਮਿਲਦੇ ਸਨ। ਕਮਲਜੀਤ ਸਿੰਘ ਦੇ ਪਿਤਾ ਸੁਖਵੀਰ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੀ ਪੰਜ ਏਕੜ ਜ਼ਮੀਨ ਹੈ। ਮਿੱਲ ਵੱਲ ਗੰਨੇ ਦਾ ਬਕਾਇਆ ਹੀ 9 ਲੱਖ ਰੁਪਏ ਖੜ੍ਹਾ ਹੈ। ਪੁੱਤ ਨੂੰ ਤਾਂ ਇਸ ਲਈ ਅਮਰੀਕਾ ਭੇਜਿਆ ਸੀ ਕਿ ਔਖੇ ਸੌਖੇ ਹੋ ਕੇ ਘਰ ਦਾ ਗੁਜ਼ਾਰਾ ਠੀਕ ਢੰਗ ਨਾਲ ਚੱਲ ਪਏਗਾ ਪਰ ਹੁਣ 35 ਲੱਖ ਰੁਪਏ ਵੀ ਗਏ ਤੇ ਮੁੰਡਾ ਵੀ ਵਾਪਸ ਆ ਗਿਆ। ਕਮਲਜੀਤ ਤੇ ਉਸ ਦੇ ਪਿਤਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਨਾ ਜਾਣ।
ਸੱਤ ਮੁਲਕ ਉਲੰਘ ਕੇ ਮੈਕਸਿਕੋ ਪੁੱਜਾ ਸੀ ਪਟਿਆਲਾ ਦਾ ਮਨਦੀਪ
ਡਿਪੋਰਟ ਕੀਤੇ ਗਏ ਭਾਰਤੀਆਂ ਵਿਚ ਪਟਿਆਲਾ ਨਾਲ ਸਬੰਧਤ 19 ਸਾਲਾ ਨੌਜਵਾਨ ਮਨਦੀਪ ਸਿੰਘ ਵੀ ਸ਼ਾਮਲ ਹੈ। ਮਨਦੀਪ ਸਕੂਲ ਪਾਸ ਕਰਨ ਤੋਂ ਬਾਅਦ ਅਮਰੀਕਾ ਜਾਣ ਦਾ ਸੁਫ਼ਨਾ ਮਨ ‘ਚ ਪਾਲ ਜੂਨ ਵਿਚ ਪਟਿਆਲਾ ਤੋਂ ਰਵਾਨਾ ਹੋਇਆ ਸੀ। ਉਸ ਨੇ ਦੱਸਿਆ ਕਿ ਮੈਕਸਿਕੋ ਪਹੁੰਚਣ ਤੋਂ ਪਹਿਲਾਂ ਉਹ ਸੱਤ ਦੇਸ਼ਾਂ ਵਿਚੋਂ ਦੀ ਲੰਘੇ। ਸ਼ੁਰੂਆਤ ਇਕੁਆਡੋਰ ਤੋਂ ਹੋਈ ਸੀ ਤੇ ਸੱਤ ਦਿਨ ਉਹ ਪਨਾਮਾ ਦੇ ਸੰਘਣੇ ਜੰਗਲਾਂ ਵਿਚ ਤੁਰਦੇ ਰਹੇ। ਜਦ ਉਹ ਅਮਰੀਕਾ ਤੋਂ 800 ਕਿਲੋਮੀਟਰ ਦੂਰ ਸਨ ਤਾਂ ਮੈਕਸਿਕੋ ਦੀ ਅਥਾਰਿਟੀ ਨੇ ਉਨ੍ਹਾਂ ਨੂੰ ਫੜ ਕੇ ਡਿਪੋਰਟ ਕਰ ਦਿੱਤਾ। ਮਨਦੀਪ ਨੇ ਦੱਸਿਆ ਕਿ ਉਸ ਨੇ ਪਨਾਮਾ ਦੇ ਜੰਗਲਾਂ ‘ਚ ਕਈ ਲਾਸ਼ਾਂ ਦੇਖੀਆਂ ਜੋ ਸ਼ਾਇਦ ਉਸੇ ਵਾਂਗ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ।
ਇਕੋ ਟੀ-ਸ਼ਰਟ ਤੇ ਨਿੱਕਰਾਂ ਨਾਲ ਗੁਜ਼ਾਰੇ 3 ਮਹੀਨੇ
ਹਰਿਆਣਾ ਦੇ ਕਰਨਾਲ ਜ਼ਿਲ੍ਹਾ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਿਤ ਮਨੀਸ਼ ਕੁਮਾਰ (22) ਅਤੇ ਕੁਰੂਕੇਸ਼ਤਰ ਦੇ ਅਜੈ ਸੈਣੀ (22) ਨੇ ਵੀ ਕੁਝ ਅਜਿਹੀ ਹੀ ਵਿੱਥਿਆ ਸੁਣਾਉਂਦਿਆ ਦੱਸਿਆ ਕਿ ਉਨ੍ਹਾਂ ਪਨਾਮਾ ਦੇ ਜੰਗਲਾਂ ‘ਚ ਕਈ ਲਾਸ਼ਾਂ ਵੇਖੀਆਂ ਹਨ। ਉਸ ਨੇ ਪਨਾਮਾ ਪੁੱਜਣ ਤੋਂ ਪਹਿਲਾਂ ਕਈ ਦੇਸ਼ਾਂ ਦੇ ਸ਼ਰਨਾਰਥੀ ਕੈਂਪਾਂ ‘ਚ 15 ਤੋਂ 20 ਦਿਨ ਤੱਕ ਗੁਜ਼ਾਰੇ। ਸਾਨੂੰ ਇਨ੍ਹਾਂ ਕੈਂਪਾਂ ‘ਚ ਜਾਨਵਰਾਂ ਵਾਂਗ ਰੱਖਿਆ ਜਾਂਦਾ ਸੀ ਤੇ ਸਰੀਰ ਢੱਕਣ ਲਈ ਕੰਬਲ ਤੱਕ ਨਹੀਂ ਸੀ ਦਿੱਤੇ ਜਾਂਦੇ ਅਤੇ ਅਸੀਂ ਆਪਣੇ ਆਖਰੀ 3 ਮਹੀਨੇ ਇਕੋ ਟੀ-ਸ਼ਰਟ ਤੇ ਨਿੱਕਰਾਂ ‘ਚ ਗੁਜ਼ਾਰੇ ਹਨ। ਇਸੇ ਤਰ੍ਹਾਂ ਕਰਨਾਲ ਦਾ ਬਜਿੰਦਰ ਸਿੰਘ (35) ਤਿੰਨ ਮਹੀਨੇ ਪਹਿਲਾਂ ਆਪਣੀ ਪਤਨੀ ਤੇ ਮਾਤਾ ਨੂੰ ਪਿੱਛੇ ਛੱਡ ਕੇ ਗਿਆ ਸੀ, ਉਸ ਦਾ ਉਨ੍ਹਾਂ ਨਾਲ ਬੀਤੇ 2 ਮਹੀਨਿਆਂ ਤੋਂ ਕੋਈ ਸੰਪਰਕ ਨਹੀਂ ਹੋ ਸਕਿਆ ਸੀ। ਉਸ ਦਾ ਕਹਿਣਾ ਹੈ ਕਿ ਉਸ ਦਾ ਕੈਲੀਫੋਰਨੀਆ ਰਹਿੰਦਾ ਦੋਸਤ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ ਅਤੇ ਵੱਡੀ ਕਮਾਈ ਕਰਦਾ ਹੈ, ਉਹ ਵੀ ਉਸ ਵਾਂਗ ਬਹੁਤ ਸਾਰੇ ਪੈਸੇ ਕਮਾਉਣਾ ਚਾਹੰਦਾ ਸੀ। ਇਸੇ ਤਰ੍ਹਾਂ ਸਾਹਿਲ ਮਲਿਕ (22) ਨੇ ਦੱਸਿਆ ਕਿ ਉਹ 5 ਜੂਨ ਨੂੰ ਦਿੱਲੀ ਤੋਂ ਇਕਵਾਡੋਰ ਲਈ ਰਵਾਨਾ ਹੋਇਆ ਸੀ ਤੇ ਮੈਕਸੀਕੋ ਪੁੱਜਣ ਲਈ ਉਹ ਵੱਖ-ਵੱਖ ਤਰ੍ਹਾਂ ਦੇ ਕਈ ਟਰਾਂਸਪੋਰਟ ਵਾਹਨਾਂ ਦਾ ਇਸਤੇਮਾਲ ਕਰਕੇ ਇਥੇ ਪੁੱਜਾ ਸੀ।
ਮਨੁੱਖੀ ਤਸਕਰੀ ਰੈਕੇਟ ਲਈ ਸਖ਼ਤ ਸੁਨੇਹਾ
ਪਿਛਲੇ ਕੁਝ ਸਾਲਾਂ ਤੋਂ ਗ਼ੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਪੁੱਜਣ ਲਈ ਭਾਰਤੀਆਂ ਵਲੋਂ ਇਕਵਾਡੋਰ ਤੇ ਹੋਰ ਦੱਖਣੀ ਅਮਰੀਕੀ ਦੇਸ਼ਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਅਮਰੀਕਾ ਦੇ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੀ 2018 ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਭਾਰਤ ਤੋਂ ਗ਼ੈਰ-ਕਾਨੂੰਨੀ ਤੌਰ ‘ਤੇ ਆਉਣ ਵਾਲਿਆਂ ਦੀ ਗਿਣਤੀ ‘ਚ ਤਿੰਨ ਗੁਣਾਂ ਵਾਧਾ ਹੋਇਆ ਹੈ ਅਤੇ ਇਹ ਗਿਣਤੀ ਸਾਲਾਨਾ 9000 ਨੂੰ ਟੱਪ ਚੁੱਕੀ ਹੈ ਅਤੇ ਉਨ੍ਹਾਂ ‘ਚੋਂ ਅੱਧੇ ਤੋਂ ਵੱਧ ਮੈਕਸੀਕੋ ਸਰਹੱਦ ਜ਼ਰੀਏ ਅਮਰੀਕਾ ‘ਚ ਦਾਖਲ ਹੁੰਦੇ ਹਨ। ਇਸ ਦੌਰਾਨ ਅਮਰੀਕਾ ਦੇ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ ਕਾਰਜਕਾਰੀ ਕਮਿਸ਼ਨਰ ਨੇ ਮੈਕਸੀਕੋ ਵਲੋਂ ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਵਾਪਸ ਭੇਜਣ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਮਨੁੱਖੀ ਤਸਕਰੀ ਕਰਨ ਵਾਲਿਆਂ ਨੂੰ ਸਖ਼ਤ ਸੁਨੇਹਾ ਮਿਲੇਗਾ।

Check Also

ਪੰਜਾਬ ਦੇ ਬੱਚੇ ਮਿਡ-ਡੇਅ ਮੀਲ ਤੇ ਕੁੱਕ ਮਿਹਨਤਾਨੇ ਤੋਂ ਵਾਂਝੇ

15 ਅਪਰੈਲ ਮਗਰੋਂ ਬੱਚਿਆਂ ਨੂੰ ਨਹੀਂ ਦਿੱਤਾ ਗਿਆ ਰਾਸ਼ਨ ਹਮੀਰ ਸਿੰਘ ਚੰਡੀਗੜ : ਸੁਪਰੀਮ ਕੋਰਟ …