Breaking News
Home / ਭਾਰਤ / ਸ਼ਰਦ ਪਵਾਰ ਦੀ ਧੀ ਸੁਪ੍ਰਿਯਾ ਸੂਲੇ ਅਤੇ ਪ੍ਰਫੁੱਲ ਪਟੇਲ ਬਣੇ ਐਨਸੀਪੀ ਦੇ ਕਾਰਜਕਾਰੀ ਪ੍ਰਧਾਨ

ਸ਼ਰਦ ਪਵਾਰ ਦੀ ਧੀ ਸੁਪ੍ਰਿਯਾ ਸੂਲੇ ਅਤੇ ਪ੍ਰਫੁੱਲ ਪਟੇਲ ਬਣੇ ਐਨਸੀਪੀ ਦੇ ਕਾਰਜਕਾਰੀ ਪ੍ਰਧਾਨ

ਪਵਾਰ ਨੇ ਭਤੀਜੇ ਅਜੀਤ ਪਵਾਰ ਨੂੰ ਕੀਤਾ ਲਾਂਭੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਐਨਸੀਪੀ ਮੁਖੀ ਸ਼ਰਦ ਪਵਾਰ ਨੇ ਪ੍ਰਫੁੱਲ ਪਟੇਲ ਤੇ ਸੁਪ੍ਰਿਯਾ ਸੂਲੇ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਐਲਾਨਿਆ। ਸੰਗਠਨ ਵਿੱਚ ਫੇਰਬਦਲ ਕਰਦਿਆਂ ਉਨ੍ਹਾਂ ਆਪਣੇ ਭਤੀਜੇ ਅਜੀਤ ਪਵਾਰ ਨੂੰ ਲਾਂਭੇ ਕਰ ਦਿੱਤਾ ਜੋ ਬਾਗੀ ਸੁਰਾਂ ਅਪਣਾਉਣ ਲਈ ਜਾਣਿਆ ਜਾਂਦਾ ਹੈ। ਪਵਾਰ ਨੇ ਇਹ ਐਲਾਨ ਨਵੀਂ ਦਿੱਲੀ ਵਿਖੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਸਥਾਪਨਾ ਦੀ 24ਵੀਂ ਵਰ੍ਹੇਗੰਢ ਮਨਾਉਣ ਲਈ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਪਵਾਰ ਨੇ ਅਜੀਤ ਪਵਾਰ ਸਣੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਕਿਹਾ,’ਪ੍ਰਫੁੱਲ ਪਟੇਲ ਤੇ ਸੁਪ੍ਰਿਯਾ ਸੂਲੇ ਨੂੰ ਐਨਸੀਪੀ ਦੇ ਕਾਰਜਕਾਰੀ ਪ੍ਰਧਾਨਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਇਸ ਐਲਾਨ ਤੋਂ ਬਾਅਦ ਅਜੀਤ ਪਵਾਰ ਬੇਚੈਨ ਨਜ਼ਰ ਆਏ ਅਤੇ ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਹੀ ਪਾਰਟੀ ਦਫ਼ਤਰ ਛੱਡ ਕੇ ਚਲੇ ਗਏ। ਗ਼ੌਰਤਲਬ ਹੈ ਕਿ ਅਜੀਤ ਪਵਾਰ ਨੇ 2019 ਵਿੱਚ ਭਾਜਪਾ ਨਾਲ ਹੱਥ ਮਿਲਾ ਲਿਆ ਸੀ ਅਤੇ ਤੜਕਸਾਰ ਸਹੁੰ ਚੁੱਕ ਸਮਾਗਮ ਵਿੱਚ ਡਿਪਟੀ ਮੁੱਖ ਮੰਤਰੀ ਵਜੋਂ ਹਲਫ ਲੈ ਲਿਆ ਸੀ। ਇਸ ਦੌਰਾਨ ਦੇਵੇਂਦਰ ਫੜਨਵੀਸ ਨੇ ਵੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਕਾਰਜਕਾਰੀ ਪ੍ਰਧਾਨ ਬਣਾਏ ਜਾਣ ‘ਤੇ ਪਟੇਲ ਨੇ ਕਿਹਾ ਕਿ ਉਹ ਪਵਾਰ ਦਾ ਐਲਾਨ ਸੁਣ ਕੇ ਹੈਰਾਨ ਸਨ ਅਤੇ ਪਾਰਟੀ ਲਈ ਕੰਮ ਜਾਰੀ ਰੱਖਣਗੇ। ਪਟੇਲ ਨੇ ਕਿਹਾ, ‘ਮੈਂ ਪਵਾਰ ਸਾਬ੍ਹ ਨਾਲ 1999 ਤੋਂ ਕੰਮ ਕਰ ਰਿਹਾ ਹਾਂ। ਇਸ ਲਈ ਮੇਰੇ ਲਈ ਨਵਾਂ ਕੁਝ ਨਹੀਂ ਹੈ ਪਰ ਕਾਰਜਕਾਰੀ ਪ੍ਰਧਾਨ ਬਣਨ ‘ਤੇ ਮੈਂ ਖੁਸ਼ ਹਾਂ, ਮੈਂ ਪਾਰਟੀ ਲਈ ਲਗਾਤਾਰ ਕੰਮ ਕਰਦਾ ਰਹਾਂਗਾ।’ ਪਵਾਰ ਨੇ ਪਟੇਲ ਨੂੰ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਝਾਰਖੰਡ, ਗੋਆ ਤੇ ਰਾਜ ਸਭਾ ਦਾ ਪਾਰਟੀ ਇੰਚਾਰਜ ਵੀ ਬਣਾਇਆ। ਸੂਲੇ ਨੂੰ ਮਹਾਰਾਸ਼ਟਰ, ਹਰਿਆਣਾ, ਪੰਜਾਬ ਵਿੱਚ ਐਨਸੀਪੀ ਮਾਮਲਿਆਂ ਦੀ ਇੰਚਾਰਜ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਤੇ ਲੋਕ ਸਭਾ ਨਾਲ ਜੁੜੇ ਮਾਮਲੇ ਵੀ ਦੇਖਣਗੇ। ਸੂਲੇ ਨੂੰ ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਦੀ ਚੇਅਰਪਰਸਨ ਵੀ ਬਣਾਇਆ ਗਿਆ ਹੈ। ਗੌਰਤਲਬ ਹੈ ਕਿ ਪਵਾਰ ਨੇ ਪਿਛਲੇ ਮਹੀਨੇ ਐਨਸੀਪੀ ਪ੍ਰਧਾਨ ਵਜੋਂ ਹਟਣ ਦਾ ਐਲਾਨ ਕਰ ਦਿੱਤਾ ਸੀ ਪਰ ਫਿਰ ਉਨ੍ਹਾਂ ਆਪਣਾ ਫੈਸਲਾ ਵਾਪਸ ਲੈ ਲਿਆ ਸੀ।

Check Also

ਰਾਜਸਥਾਨ ਸਰਕਾਰ ਦੇ ਮੰਤਰੀ ਕਿਰੋੜੀਲਾਲ ਮੀਣਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਕਿਹਾ : ਮੁੱਖ ਮੰਤਰੀ ਜਾਂ ਪਾਰਟੀ ਨਾਲ ਮੇਰੀ ਕੋਈ ਨਾਰਾਜ਼ਗੀ ਨਹੀਂ ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ …