Breaking News
Home / ਭਾਰਤ / ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 6 ਜੁਲਾਈ ਨੂੰ

ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 6 ਜੁਲਾਈ ਨੂੰ

ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 6 ਜੁਲਾਈ ਨੂੰ ਹੋਣਗੀਆਂ ਤੇ ਨਤੀਜਿਆਂ ਦਾ ਐਲਾਨ ਵੀ ਉਸੇ ਦਿਨ ਹੋਵੇਗਾ। ਰਿਟਰਨਿੰਗ ਅਧਿਕਾਰੀ ਨੇ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਐਲਾਨ ਅਜਿਹੇ ਮੌਕੇ ਕੀਤਾ ਗਿਆ ਹੈ ਜਦੋਂ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਸੋਮਵਾਰ ਨੂੰ ਹਾਈਕੋਰਟ ਦੇ ਸੇਵਾ ਮੁਕਤ ਜੱਜ ਮਹੇਸ਼ ਮਿੱਤਲ ਕੁਮਾਰ ਨੂੰ ਚੋਣਾਂ ਲਈ ਰਿਟਰਟਿੰਗ ਅਧਿਕਾਰੀ ਨਿਯੁਕਤ ਕੀਤਾ ਸੀ। ਇਲੈਕਟੋਰਲ ਕਾਲਜ ਲਈ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਦੋ-ਦੋ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਤਰੀਕ 19 ਜੂਨ ਨਿਰਧਾਰਿਤ ਕੀਤੀ ਗਈ ਹੈ ਜਦੋਂ ਕਿ ਨਾਮਜ਼ਦਗੀਆਂ ਦੀ ਪੜਚੋਲ ਦਾ ਅਮਲ 22 ਜੂਨ ਤੱਕ ਪੂਰਾ ਕੀਤਾ ਜਾਵੇਗਾ। ਹਰੇਕ ਸੂਬਾ ਇਕਾਈ ਦੋ ਪ੍ਰਤੀਨਿਧ ਭੇਜ ਸਕੇਗੀ ਤੇ ਹਰੇਕ ਪ੍ਰਤੀਨਿਧ ਦੀ ਇਕ ਵੋਟ ਹੋਵੇਗੀ। ਲਿਹਾਜ਼ਾ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਲਈ ਇਲੈਕਟੋਰਲ ਕਾਲਜ ਕੁੱਲ 50 ਵੋਟ ਹੋਣਗੇ। ਇਸ ਦੌਰਾਨ ਪਤਾ ਲੱਗਾ ਹੈ ਕਿ ਕੁਝ ਸੂਬਾ ਇਕਾਈਆਂ, ਜਿਸ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਬੀਤੇ ਦਿਨੀਂ ਭੰਗ ਕਰ ਦਿੱਤਾ ਸੀ, ਵੱਲੋਂ ਚੋਣਾਂ ‘ਚ ਸ਼ਮੂਲੀਅਤ ਲਈ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਰਿਟਰਨਿੰਗ ਅਧਿਕਾਰੀ ਵੱਲੋਂ ਸਬੰਧਤ ਧਿਰਾਂ ਦੇ ਦਸਤਾਵੇਜ਼ਾਂ ਦੀ ਪੜਚੋਲ ਮਗਰੋਂ ਫੈਸਲਾ ਲਿਆ ਜਾਵੇਗਾ ਕਿ ਕੌਣ ਵੋਟ ਪਾਏਗਾ ਕੌਣ ਨਹੀਂ। ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅਮਲ 23 ਜੂਨ ਤੋਂ ਸ਼ੁਰੂ ਹੋ ਕੇ 25 ਜੂਨ ਤੱਕ ਚੱਲੇਗਾ। ਨਾਮਜ਼ਦਗੀਆਂ ਦੀ ਪੜਚੋਲ 28 ਜੂਨ ਨੂੰ ਕੀਤੀ ਜਾਵੇਗੀ। ਉਮੀਦਵਾਰ 28 ਜੂਨ ਤੋਂ 1 ਜੁਲਾਈ ਦਰਮਿਆਨ ਨਾਮਜ਼ਦਗੀਆਂ ਵਾਪਸ ਲੈ ਸਕਣਗੇ। ਉਮੀਦਵਾਰਾਂ ਦੀ ਅੰਤਿਮ ਸੂਚੀ 2 ਜੁਲਾਈ ਨੂੰ ਜਾਰੀ ਕੀਤੀ ਜਾਵੇਗੀ। ਉਂਜ ਰਿਟਰਨਿੰਗ ਅਧਿਕਾਰੀ (ਸੇਵਾਮੁਕਤ ਜੱਜ) ਲਈ ਵੱਡੀ ਸਿਰਦਰਦੀ ਇਹ ਫੈਸਲਾ ਕਰਨਾ ਹੋਵੇਗਾ ਕਿ ਸੂਬਾਈ ਜਥੇਬੰਦੀਆਂ ਵਿਚੋਂ ਕਿਹੜਾ ਵਿਰੋਧੀ ਧੜਾ ਚੋਣਾਂ ਵਿਚ ਹਿੱਸਾ ਲਵੇਗਾ, ਕਿਉਂਕਿ ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ ਤੇ ਕਰਨਾਟਕ ਵਿਚ ਦੋ ਵੱਖ-ਵੱਖ ਜਥੇਬੰਦੀਆਂ ਨੇ ਵੋਟਰ ਸੂਚੀ ‘ਚ ਸ਼ਾਮਲ ਕਰਨ ਲਈ ਨਾਮ ਭੇਜੇ ਹਨ। ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਪਿਛਲੇ ਸਾਲ ਜੂਨ ਵਿੱਚ ਆਪਣੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਕਰਨਾਟਕ, ਹਰਿਆਣਾ ਤੇ ਮਹਾਰਾਸ਼ਟਰ ਦੀਆਂ ਇਕਾਈਆਂ ਨੂੰ ‘ਭ੍ਰਿਸ਼ਟਾਚਾਰ ਤੇ ਬਦਇੰਤਜ਼ਾਮੀ’ ਸਣੇ ਵੱਖ-ਵੱਖ ਕਾਰਨਾਂ ਦੇ ਹਵਾਲੇ ਨਾਲ ਭੰਗ ਕਰ ਦਿੱਤਾ ਸੀ। ਇਨ੍ਹਾਂ ਚੋਣਾਂ ਵਿੱਚ ਇਕ ਮਸਲਾ ਇਹ ਵੀ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਦਾ ਅਹੁਦਾ ਛੱਡ ਰਹੇ ਬ੍ਰਿਜ ਭੂਸ਼ਣ ਦੇ ਕਿਸੇ ਪਰਿਵਾਰਕ ਮੈਂਬਰ ਜਾਂ ਸਹਾਇਕ ਨੂੰ ਚੋਣਾਂ ਲੜਨ ਦੀ ਇਜਾਜ਼ਤ ਨਾ ਦਿੱਤੀ ਜਾਵੇ।

 

 

Check Also

ਲੋਕ ਸਭਾ ’ਚ ਰਾਹੁਲ ਦੇ ਬਿਆਨ ਦੀਆਂ ਕਈ ਟਿੱਪਣੀਆਂ ਸੰਸਦ ਦੇ ਰਿਕਾਰਡ ’ਚੋਂ ਹਟਾਈਆਂ

ਰਾਹੁਲ ਗਾਂਧੀ ਨੇ ਸਪੀਕਰ ਨੂੰ ਲਿਖਿਆ ਪੱਤਰ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ …