Breaking News
Home / ਭਾਰਤ / ਜੈਜ਼ੀ ਬੀ ਤੇ ਤਿੰਨ ਹੋਰਾਂ ਦੇ ਅਕਾਊਂਟ ਟਵਿੱਟਰ ਵੱਲੋਂ ਬੰਦ

ਜੈਜ਼ੀ ਬੀ ਤੇ ਤਿੰਨ ਹੋਰਾਂ ਦੇ ਅਕਾਊਂਟ ਟਵਿੱਟਰ ਵੱਲੋਂ ਬੰਦ

ਕਿਸਾਨਾਂ ਦੀ ਹਮਾਇਤ ‘ਚ ਟਵੀਟ ਕਰਦੇ ਰਹਿੰਦੇ ਸਨ ਜੈਜ਼ੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਦੀ ਕਾਨੂੰਨੀ ਮੰਗ ‘ਤੇ ਟਵਿੱਟਰ ਨੇ ਭਾਰਤ ਵਿਚ ਪੰਜਾਬੀ ਗਾਇਕ ਜੈਜ਼ੀ ਬੀ, ਹਿਪ-ਹੌਪ ਕਲਾਕਾਰ ਐਲ-ਫ੍ਰੈਸ਼ ਤੇ ਹੋਰਾਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਹਨ। ਟਵਿੱਟਰ ਨੂੰ ਜੈਜ਼ੀ ਦੇ ਅਕਾਊਂਟ ਬਾਰੇ ਭਾਰਤ ਸਰਕਾਰ ਵੱਲੋਂ ਬੇਨਤੀ ਛੇ ਜੂਨ ਨੂੰ ਮਿਲੀ ਸੀ। ਚਾਰ ਹੋਰ ਅਕਾਊਂਟ ਬੰਦ ਕਰਨ ਦੀ ਮੰਗ ਵੀ ਕੀਤੀ ਗਈ ਸੀ। ਟਵਿੱਟਰ ਨੂੰ ਸਰਕਾਰ ਵੱਲੋਂ ਮਿਲੀ ਬੇਨਤੀ ਲਿਊਮਨ ਡੇਟਾਬੇਸ ਨਾਂ ਦੇ ਇਕ ਖੋਜ ਪ੍ਰਾਜੈਕਟ ਉਤੇ ਪ੍ਰਕਾਸ਼ਿਤ ਕੀਤੀ ਗਈ ਹੈ। ਜੈਜ਼ੀ ਦੇ ਅਕਾਊਂਟ ਨੂੰ ਖੋਲ੍ਹਣ ‘ਤੇ ਉਸ ਉਤੇ ਲਿਖਿਆ ਆਉਂਦਾ ਹੈ ਕਿ ‘ਕਾਨੂੰਨੀ ਮੰਗ ਦੇ ਅਧਾਰ ‘ਤੇ ਭਾਰਤ ਵਿਚ ਅਕਾਊਂਟ ਬੰਦ ਕੀਤਾ ਗਿਆ ਹੈ।’ ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਜਦ ਵੀ ਕਾਨੂੰਨੀ ਅਧਾਰ ਉਤੇ ਕੋਈ ਬੇਨਤੀ ਆਉਂਦੀ ਹੈ ਤਾਂ ਉਸ ਨੂੰ ਟਵਿੱਟਰ ਆਪਣੇ ਨੇਮਾਂ ਉਤੇ ਸਥਾਨਕ ਕਾਨੂੰਨਾਂ ਦੇ ਹਿਸਾਬ ਨਾਲ ਦੇਖਦਾ ਹੈ ਤੇ ਕਾਰਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਟੈਂਟ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਨੂੰ ਹਟਾ ਦਿੱਤਾ ਜਾਂਦਾ ਹੈ। ਜੇ ਇਹੀ ਸਮੱਗਰੀ ਕਿਸੇ ਖੇਤਰ ਦੇ ਕਾਨੂੰਨੀ ਘੇਰੇ ਵਿਚ ਆਉਂਦੀ ਹੈ, ਪਰ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਨਹੀਂ ਹੁੰਦੀ ਤਾਂ ਪਲੈਟਫਾਰਮ ਭਾਰਤ ਵਿਚ ਅਕਾਊਂਟ ਬੰਦ ਕਰ ਸਕਦਾ ਹੈ। ਬੁਲਾਰੇ ਨੇ ਕਿਹਾ ਕਿ ਸਾਰੇ ਕੇਸਾਂ ਵਿਚ ਅਕਾਊਂਟ ਧਾਰਕ ਨੂੰ ਈ-ਮੇਲ ਕਰ ਕੇ ਜਾਣੂ ਕਰਵਾ ਦਿੱਤਾ ਜਾਂਦਾ ਹੈ ਤਾਂ ਕਿ ਉਸ ਨੂੰ ਪਤਾ ਰਹੇ ਕਿ ਅਕਾਊਂਟ ਕਾਨੂੰਨੀ ਤੌਰ ‘ਤੇ ਮਿਲੇ ਹੁਕਮ ਤੋਂ ਬਾਅਦ ਬੰਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੈਜ਼ੀ ਬੀ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਕਿਸਾਨਾਂ ਦੀ ਹਮਾਇਤ ‘ਚ ਟਵੀਟ ਕਰਦੇ ਰਹੇ ਹਨ। ਇਸੇ ਸਾਲ ਭਾਰਤ ‘ਚ ਸਰਕਾਰ ਦੇ ਹੁਕਮਾਂ ਤੋਂ ਬਾਅਦ ਟਵਿੱਟਰ ਨੇ 500 ਤੋਂ ਵੱਧ ਅਕਾਊਂਟ ਮੁਅੱਤਲ ਕੀਤੇ ਹਨ ਤੇ ਕਈਆਂ ਤੱਕ ਪਹੁੰਚ ਬੰਦ ਕਰ ਦਿੱਤੀ ਹੈ। ਸਰਕਾਰ ਨੇ ਟਵਿੱਟਰ ਅਕਾਊਂਟ ਬੰਦ ਕਰਨ ਲਈ ਕਿਸਾਨ ਸੰਘਰਸ਼ ਨਾਲ ਜੁੜੀਆਂ ਗਲਤ ਸੂਚਨਾਵਾਂ ਤੇ ਭੜਕਾਊ ਕੰਟੈਂਟ ਦਾ ਹਵਾਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਟਵਿੱਟਰ ਤੇ ਕੇਂਦਰ ਸਰਕਾਰ ‘ਚ ਟਕਰਾਅ ਬਣਿਆ ਹੋਇਆ ਹੈ। ਸਰਕਾਰ ਨਵੇਂ ਆਈਟੀ ਨੇਮਾਂ ਦੀ ਪਾਲਣਾ ਕਰਨ ਬਾਰੇ ਸੋਸ਼ਲ ਮੀਡੀਆ ਕੰਪਨੀ ਨੂੰ ਚਿਤਾਵਨੀ ਵੀ ਦੇ ਚੁੱਕੀ ਹੈ।
ਆਪਣੇ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਖੜ੍ਹਾਂਗਾ: ਜੈਜ਼ੀ
ਪੰਜਾਬੀ ਗਾਇਕ ਜੈਜ਼ੀ ਬੀ, ਜੋ ਕਿ ਕਿਸਾਨ ਸੰਘਰਸ਼ ਦੌਰਾਨ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹੇ ਹਨ, ਨੇ ਕਿਹਾ ਹੈ ਕਿ ਉਹ ਆਪਣੇ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਉਨ੍ਹਾਂ ਨਾਲ ਖੜ੍ਹਨਗੇ। ਜੈਜ਼ੀ ਨੇ ‘ਇੰਸਟਾਗ੍ਰਾਮ’ ਉਤੇ ਆਪਣੇ ਟਵਿੱਟਰ ਅਕਾਊਂਟ ਦਾ ਸਕਰੀਨਸ਼ਾਟ ਵੀ ਪਾਇਆ ਜੋ ਕਿ ਇਕ ਪੇਜ ਨੇ ਸ਼ੇਅਰ ਕੀਤਾ ਸੀ। ਸੋਸ਼ਲ ਪੇਜ ਨੇ ਦਾਅਵਾ ਕੀਤਾ ਸੀ ਕਿ ਜੈਜ਼ੀ ਦੀ ਪ੍ਰੋਫਾਈਲ ‘ਕਿਸਾਨਾਂ ਲਈ ਆਵਾਜ਼ ਉਠਾਉਣ ਤੇ 1984 ਦੇ ਕਤਲੇਆਮ ਪੀੜਤਾਂ ਲਈ ਨਿਆਂ ਮੰਗਣ’ ਕਾਰਨ ਬਲੌਕ ਕੀਤੀ ਗਈ ਹੈ। ਜੈਜ਼ੀ ਨੇ ਨਾਲ ਹੀ ਹੈਸ਼ਟੈਗ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਨੈਵਰ ਫੌਰਗੈੱਟ 1984’, ‘ਰੇਜ਼ ਯੋਰ ਵੁਆਇਸ’ ਵੀ ਪਾਇਆ। ਦੱਸਣਯੋਗ ਹੈ ਕਿ ਜੈਜ਼ੀ ਨੇ ਸਾਲ ਦੇ ਸ਼ੁਰੂ ਵਿਚ ਟਿਕਰੀ ਬਾਰਡਰ ਉਤੇ ਹੋਏ ‘ਆਰਟਿਸਟਸ ਫਾਰ ਫਾਰਮਰਜ਼’ ਪ੍ਰੋਗਰਾਮ ਵਿਚ ਪੇਸ਼ਕਾਰੀ ਵੀ ਦਿੱਤੀ ਸੀ। ਗਾਇਕ ਦੇ ਗੀਤ ‘ਤੀਰ ਪੰਜਾਬ ਤੋਂ’ ਨੂੰ ਯੂਟਿਊਬ ਉਤੇ 20 ਲੱਖ ਵਿਊਜ਼ ਮਿਲੇ ਹਨ।

 

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …