0.9 C
Toronto
Wednesday, January 7, 2026
spot_img
Homeਭਾਰਤਹਨੀਪ੍ਰੀਤ ਨੂੰ ਡੇਰਾ ਮੁਖੀ ਕੋਲ ਜਾਣ ਤੋਂ ਰੋਕਿਆ

ਹਨੀਪ੍ਰੀਤ ਨੂੰ ਡੇਰਾ ਮੁਖੀ ਕੋਲ ਜਾਣ ਤੋਂ ਰੋਕਿਆ

ਰਾਮ ਰਹੀਮ ਦਾ ਮੇਦਾਂਤਾ ਹਸਪਤਾਲ ‘ਚ ਚੱਲ ਰਿਹਾ ਹੈ ਇਲਾਜ
ਗੁਰੂਗ੍ਰਾਮ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਨੂੰ ਮੇਦਾਂਤਾ ਹਸਪਤਾਲ ਵਿਚ ਡੇਰਾ ਮੁਖੀ ਦੀ ਅਟੈਂਡੈਂਟ ਬਣਾਏ ਜਾਣ ਦੇ ਚੌਵੀ ਘੰਟਿਆਂ ਬਾਅਦ ਹੀ ਰੋਹਤਕ ਪੁਲਿਸ ਨੇ ਇਸ ‘ਤੇ ਇਤਰਾਜ਼ ਜ਼ਾਹਿਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਕੋਵਿਡ ਪਾਜ਼ੇਟਿਵ ਪਾਇਆ ਗਿਆ ਸੀ।
ਰਾਮ ਰਹੀਮ ਕਈ ਚਿਰ ਤੋਂ ਹਨੀਪ੍ਰੀਤ ਨਾਲ ਮੁਲਾਕਾਤ ਲਈ ਜ਼ੋਰ ਪਾ ਰਿਹਾ ਸੀ। ਹਸਪਤਾਲ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਹਨੀਪ੍ਰੀਤ, ਜਿਸ ਨੂੰ ਡੇਰਾ ਮੁਖੀ ਆਪਣੀ ਗੋਦ ਲਈ ਹੋਈ ਧੀ ਵੀ ਦੱਸਦਾ ਹੈ, ਨੂੰ ਰਾਮ ਰਹੀਮ ਤੱਕ ਪਹੁੰਚ ਦੇ ਦਿੱਤੀ ਗਈ ਸੀ। ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਬਣਾ ਦਿੱਤਾ ਗਿਆ ਸੀ ਜਿਸ ਦੀ ਮਿਆਦ 15 ਜੂਨ ਤੱਕ ਸੀ।
ਰੋਹਤਕ ਪੁਲਿਸ ਦੇ ਡੀਐੱਸਪੀ ਸ਼ਮਸ਼ੇਰ ਸਿੰਘ ਦਾਹੀਆ ਨੇ ਮੇਦਾਂਤਾ ਹਸਪਤਾਲ ਦੀ ਮੈਨੇਜਮੈਂਟ ਨਾਲ ਸੰਪਰਕ ਕਰਕੇ ਦਾਅਵਾ ਕੀਤਾ ਕਿ ਹਨੀਪ੍ਰੀਤ ਨੂੰ ਇਸ ਤਰ੍ਹਾਂ ਡੇਰਾ ਮੁਖੀ ਕੋਲ ਰਹਿਣ ਦੀ ਇਜਾਜ਼ਤ ਦੇਣਾ ਜੇਲ੍ਹ ਨਿਯਮਾਂ ਤੇ ਹੋਰਨਾਂ ਹਦਾਇਤਾਂ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਉਹ ਕੈਦੀ ਹੈ ਤੇ ਕੁਝ ਵੀ ਕਰ ਸਕਦਾ ਹੈ, ਖ਼ੁਦ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਾਂ ਭੱਜਣ ਦਾ ਯਤਨ ਕਰ ਸਕਦਾ ਹੈ।
ਜੇਲ੍ਹ ਮੰਤਰੀ ਨੇ ਹਨੀਪ੍ਰੀਤ ਨੂੰ ਅਟੈਂਡੈਂਟ ਬਣਾਉਣ ਨੂੰ ਸਹੀ ਠਹਿਰਾਇਆ
ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਹਨੀਪ੍ਰੀਤ ਨੂੰ ਅਟੈਂਡੈਂਟ ਬਣਾਏ ਜਾਣ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਿਯਮਾਂ ਮੁਤਾਬਕ ਹੀ ਹੈ। ਚੌਟਾਲਾ ਨੇ ਕਿਹਾ ‘ਹਰੇਕ ਕੈਦੀ ਨੂੰ ਪਰਿਵਾਰ ਨਾਲ ਮਿਲਣ ਦਾ ਹੱਕ ਹੈ, ਹਸਪਤਾਲ ਵਿਚ ਤਾਂ ਹੋਰ ਵੀ ਜ਼ਿਆਦਾ ਇਸਦੀ ਇਜਾਜ਼ਤ ਸਭ ਨੂੰ ਹੈ। ਅਸੀਂ ਹਸਪਤਾਲ ਤੇ ਜੇਲ੍ਹ ਦੇ ਨਿਯਮਾਂ ਮੁਤਾਬਕ ਹੀ ਚੱਲ ਰਹੇ ਹਾਂ।’
ਅੰਸ਼ੁਲ ਛਤਰਪਤੀ ਨੇ ਡੇਰਾ ਮੁਖੀ ਨੂੰ ਸਹਾਇਕ ਮੁਹੱਈਆ ਕਰਵਾਉਣ ‘ਤੇ ਚੁੱਕੇ ਸਵਾਲ
ਸਿਰਸਾ : ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਹਰਿਆਣਾ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਕਰੋਨਾ ਪੀੜਤ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜ ਤਾਰਾ ਹੋਟਲ ਵਰਗੇ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਅਤੇ ਸਹਾਇਕ ਮੁਹੱਈਆ ਕਰਵਾ ਕੇ ਕਰੋਨਾ ਨੇਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਖਿਲਾਫ ਜਲਦ ਹੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇਗੀ।

 

 

RELATED ARTICLES
POPULAR POSTS