ਕਿਹਾ : ਦੇਸ਼ ਦੇ ਲੋਕ ਆਪਣੀ ਮਾਂ ਬੋਲੀ ਦੀ ਵਰਤੋਂ ਕਰਨ
ਭੁਵਨੇਸ਼ਵਰ/ਬਿਊਰੋ ਨਿਊਜ਼ : ਰਾਸ਼ਟਰੀ ਸਵੈਮਸੇਵਮ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਲੋਕਾਂ ਨੂੰ ਅੰਗਰੇਜ਼ੀ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਨੂੰ ਹੁਲਾਰਾ ਦੇਣ ਦੀ ਬਾਜਾਏ ਆਪਣੀ ਮਾਂ ਬੋਲੀ ‘ਚ ਗੱਲਬਾਤ ਅਤੇ ਉਸ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਭਾਗਵਤ ਨੇ ਭੁਵਨੇਸ਼ਵਰ ‘ਚ ਅਖਿਲ ਭਾਰਤੀ ਸਾਹਿਤ ਪਰਿਸ਼ਦ ਵਿੱਚ ਇੱਕ ਸਮਾਗਮ ‘ਚ ਬੋਲਦਿਆਂ ਕਿਹਾ ਕਿ ਦੇਸ਼ ਵਿੱਚ ਲੋਕਾਂ ਨੇ ਆਪਣੀ ਮਾਂ ਬੋਲੀ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ, ”ਇੱਥੇ ਸਾਡੇ ਦੇਸ਼ ਵਿੱਚ ਮਾਂ ਬੋਲੀ ਦੀ ਵਰਤੋਂ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਹਨ। ਅਸੀਂ ਆਪਣੀ ਮਾਂ ਬੋਲੀ ਦੀ ਵਰਤੋਂ ਕਰਨੀ ਬੰਦ ਦਿੱਤੀ ਹੈ। ਇਸ ਦੇ ਨਤੀਜੇ ਵਜੋਂ ਸਾਨੂੰ ਸਾਡੇ ਆਪਣੇ ਗ੍ਰੰਥਾਂ (ਧਾਰਮਿਕ ਪੁਸਤਕਾਂ) ਦੇ ਅਰਥ ਸਮਝਣ ਲਈ ਅੰਗਰੇਜ਼ੀ ਦੇ ਸ਼ਬਦਕੋਸ਼ਾਂ ਦਾ ਸਹਾਰਾ ਲੈਣਾ ਪੈਂਦਾ ਹੈ।” ਭਾਗਵਤ ਮੁਤਾਬਕ, ”ਅੱਜ ਅਸੀਂ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਕਈ ਲੇਖਕਾਂ ਨੂੰ ਸਨਮਾਨ ਦਿੱਤਾ ਹੈ। ਪਰ ਸਾਡੀ ਮਾਂ ਬੋਲੀ ਨੂੰ ਅਸਲੀ ਸਨਮਾਨ ਉਦੋਂ ਮਿਲੇਗਾ ਜਦੋਂ ਅਸੀਂ ਇਸ ਨੂੰ ਵਰਤਣਾ (ਬੋਲਣਾ) ਸ਼ੁਰੂ ਕਰਾਂਗੇ।” ਸਾਹਿਤ ਬਾਰੇ ਬੋਲਦਿਆਂ ਆਰਐੱਸਐੱਸ ਮੁਖੀ ਭਾਗਵਤ ਨੇ ਕਿਹਾ ਕਿ ਇਹ (ਸਾਹਿਤ) ਸਮਾਜ ਦੀ ਭਲਾਈ ਲਈ ਲਿਖਿਆ ਜਾਣਾ ਚਾਹੀਦਾ ਹੈ ਅਤੇ ਇਹ ਮਨੋਰੰਜਨ ਜਾਂ ਮਨੁੱਖਤਾ ਦੇ ਨੁਕਸਾਨ ਲਈ ਨਹੀਂ ਹੋਣਾ ਚਾਹੀਦਾ। ਉਨ੍ਹਾਂ ਆਖਿਆ, ”ਸਾਹਿਤ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਬਣਾਉਣ ਲਈ ਲਿਖਿਆ ਜਾਣਾ ਚਾਹੀਦਾ ਹੈ।” ਭਾਗਵਤ ਨੇ ਇਹ ਵੀ ਦਾਅਵਾ ਕੀਤਾ ਕਿ ਪੁਤਾਰਨ ਸਮਿਆਂ ‘ਚ ਹੋਰ ਦੇਸ਼ਾਂ ਵਿੱਚ ‘ਧਰਮ’ ਨਹੀਂ ਸੀ ਅਤੇ ਭਾਰਤ ਤੋਂ ਚੀਨ ਅਤੇ ਜਾਪਾਨ ਵਰਗੇ ਮੁਲਕਾਂ ‘ਚ ਫੈਲ ਗਿਆ।