Breaking News
Home / ਦੁਨੀਆ / ਵਿਦੇਸ਼ਾਂ ‘ਚ ਸਿਆਸੀ ਸ਼ਰਣ ਲੈਣ ਵਾਲਿਆਂ ਨੂੰ ਰਾਹਤ

ਵਿਦੇਸ਼ਾਂ ‘ਚ ਸਿਆਸੀ ਸ਼ਰਣ ਲੈਣ ਵਾਲਿਆਂ ਨੂੰ ਰਾਹਤ

ਪੰਜਾਬ ‘ਚ ਵਾਪਸ ਆਉਣ ਦੀ ਮਿਲੀ ਇਜਾਜ਼ਤ, ਵਿਦੇਸ਼ਾਂ ‘ਚ ਖੋਲ੍ਹੇ ਜਾਣਗੇ 40 ਹੋਰ ਕੌਂਸਲੇਟ ਦਫਤਰ
ਚੰਡੀਗੜ੍ਹ : ਪੰਜਾਬ ਵਿਚ ਖਰਾਬ ਮਾਹੌਲ ਵੇਲੇ ਵਿਦੇਸ਼ਾਂ ਵਿਚ ਸਿਆਸੀ ਸ਼ਰਨ ਲੈਣ ਵਾਲੇ ਪੰਜਾਬੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਮਿਲ ਗਈ ਹੈ ਅਤੇ ਉਹ ਇਥੇ ਦੋ ਸਾਲ ਰਹਿ ਸਕਣਗੇ। ਕੇਂਦਰ ਸਰਕਾਰ ਨੇ ਇਸ ਸਬੰਧੀ ਚਿੱਠੀ ਜਾਰੀ ਕਰਦਿਆਂ ਵਿਸ਼ੇਸ਼ ਇਜਾਜ਼ਤ ਦੇ ਦਿੱਤੀ ਹੈ ਜਦਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੱਖਾਂ ਪਰਵਾਸੀ ਭਾਰਤੀਆਂ, ਖ਼ਾਸ ਤੌਰ ‘ਤੇ ਪੰਜਾਬੀਆਂ ਲਈ ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਆਸਟਰੇਲੀਆ ਦੇ ਸ਼ਹਿਰਾਂ ਵਿਚ 40 ਵੀਜ਼ਾ ਕੇਂਦਰ ਜਾਂ ਕੌਂਸਲੇਟ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਤਾਂਕਿ ਉਨ੍ਹਾਂ (ਪਰਵਾਸੀਆਂ) ਨੂੰ ਵੀਜ਼ਾ ਹਾਸਲ ਕਰਨ ਜਾਂ ਪਾਸਪੋਰਟ ਬਣਾਉਣ ਲਈ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਆਨੰਦਪੁਰ ਸਾਹਿਬ ਤੋਂ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਕਾਰਗੁਜ਼ਾਰੀ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਐਨ.ਡੀ.ਏ. ਸਰਕਾਰ ਸਿਰ ਬੰਨ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਲੋਕ ਸਭਾ ਵਿਚ ਸਵਾਲ ਕੀਤੇ ਸਨ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਮੇਤ ਉਚ ਅਧਿਕਾਰੀਆਂ ਨੂੰ ਲਿਖ਼ਤੀ ਅੰਕੜੇ ਦਿਤੇ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ 40 ਵੀਜ਼ਾ ਕੇਂਦਰਾਂ ਜਾਂ ਕੌਂਸਲੇਟ ਦਫ਼ਤਰਾਂ ਵਿਚੋਂ 4 ਆਸਟ੍ਰੇਲੀਆ, 5 ਅਮਰੀਕਾ, 2 ਇੰਗਲੈਂਡ ਅਤੇ 5 ਕੈਨੇਡਾ ਵਿਚ ਖੋਲ੍ਹੇ ਜਾਣਗੇ ਜਿਸ ਨਾਲ ਪਰਵਾਸੀ ਪੰਜਾਬੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਹਜ਼ਾਰਾਂ ਮੀਲ ਦਾ ਸਫ਼ਰ ਕਰਦਿਆਂ ਸਮਾਂ ਅਤੇ ਪੈਸਾ ਬਰਬਾਦ ਨਹੀਂ ਕਰਨਾ ਪਵੇਗਾ ਬਰ। ਜਰਮਨੀ, ਫ਼ਰਾਂਸ ਤੇ ਹੋਰ ਮੁਲਕਾਂ ਵਿਚ ਵੀ ਇਹ ਕੇਂਦਰ ਖੋਲ੍ਹੇ ਜਾਣਗੇ। ਚੰਦੂਮਾਜਰਾ ਨੇ ਸਪੱਸ਼ਟ ਕੀਤਾ ਕਿ ਇਸ ਮੁੱਦੇ ਨੂੰ ਕਾਲੀ ਸੂਚੀ ਵਿਚ ਸ਼ਾਮਲ ਲੋਕਾਂ ਨਾਲ ਨਾ ਜੋੜਿਆ ਜਾਵੇ ਕਿਉਂਕਿ ਕਾਲੀ ਸੂਚੀ ਨੂੰ ਲੈ ਕੇ ਪਹਿਲਾਂ ਹੀ ਕੇਂਦਰ ਸਰਕਾਰ ਕਾਫੀ ਯਤਨ ਕਰ ਰਹੀ ਹੈ ਕਿ ਕਿਵੇਂ ਉਕਤ ਸੂਚੀ ਵਿਚ ਸ਼ਾਮਲ ਸਹੀ ਲੋਕਾਂ ਦੀ ਵਤਨ ਵਾਪਸੀ ਦਾ ਪੱਧਰਾ ਹੋਵੇ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਸਿਆਸੀ ਸ਼ਰਨ ਲੈਣ ਵਾਲੇ ਪੰਜਾਬੀਆਂ ਨੂੰ ਵਤਨ ਪਰਤ ਕੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਖੁੱਲ੍ਹ ਮਿਲ ਗਈ ਹੈ। ਪੰਜਾਬ ਨਾਲ ਭਾਵਨਾਤਮਕ ਤੌਰ ‘ਤੇ ਜੁੜੇ ਹੋਣ ਦੇ ਬਾਵਜੂਦ ਬੰਦਸ਼ਾਂ ਕਾਰਨ ਇਹ ਵਾਪਸ ਨਹੀਂ ਆ ਸਕਦੇ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਚੋਣਾਂ ਵੇਲੇ ਜਾਂ ਹੋਰ ਵਿਦੇਸ਼ੀ ਦੌਰਿਆਂ ਮੌਕੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੇ ਉਨ੍ਹਾਂ ਨੂੰ ਵੀਜ਼ਾ ਲੈਣ ਜਾਂ ਪੰਜਾਬ ਪਰਤਣ ਵਿਚ ਰੁਕਾਵਟ ਨਾਲ ਸਬੰਧਤ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਸੀ, ਜਿਨ੍ਹਾਂ ਦੇ ਨਿਪਟਾਰੇ ਲਈ ਉਹ ਸੁਸ਼ਮਾ ਸਵਰਾਜ ਨੂੰ ਮਿਲਦੇ ਰਹੇ।

Check Also

ਬੱਚੇ ਪੈਦਾ ਕਰਨ ਲਈ ਨਵਾਂ ਕਾਨੂੰਨ ਬਣਾਏਗਾ ਰੂਸ

ਰੂਸ ਨੇ ਘਟ ਰਹੀ ਆਬਾਦੀ ਦੇ ਚੱਲਦਿਆਂ ਲਿਆ ਫੈਸਲਾ ਮਾਸਕੋ/ਬਿਊਰੋ ਨਿਊਜ਼ ਰੂਸ ਦੀ ਸਰਕਾਰ ਇਕ …