ਹਿਊਸਟਨ/ਬਿਊਰੋ ਨਿਊਜ਼ : ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਯਾਦ ਵਿਚ ਕਨਸਾਸ ਸਿਟੀ ਵਿੱਚ ਸ਼ਾਂਤੀ ਮਾਰਚ ਕੀਤਾ ਗਿਆ ਅਤੇ ਪ੍ਰਾਰਥਨਾ ਸਭਾ ਰੱਖੀ ਗਈ। ਇਸ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਸ੍ਰੀਨਿਵਾਸ ਦੀ ਅਮਰੀਕਾ ਦੇ ਸਾਬਕਾ ਜਲ ਸੈਨਾ ਅਧਿਕਾਰੀ ਐਡਮ ਪੁਰਿੰਟਨ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮਾਰਚ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਹੱਥਾਂ ਵਿਚ ਤਸਵੀਰਾਂ ਅਤੇ ਬੈਨਰ ਫੜੇ ਹੋਏ ਸਨ। ਉਨ੍ਹਾਂ ਨਾਅਰੇ ਲਾਏ, ‘ਅਸੀਂ ਸ਼ਾਂਤੀ ਚਾਹੁੰਦੇ ਹਾਂ’, ‘ਅਸੀਂ ਸ਼ਾਂਤੀ ਪਸੰਦ ਹਾਂ’, ‘ਏਕਤਾ ਭਾਈਚਾਰੇ ਦਾ ਹਿੱਸਾ ਹੈ, ‘ਇਕੱਠੇ ਅਸੀਂ ਖੜ੍ਹ ਸਕਦੇ ਹਾਂ, ਵੰਡੇ ਜਾਣ ਨਾਲ ਅਸੀਂ ਬਿਖਰ ਜਾਵਾਂਗੇ।’ ਮਾਰਚ ਕਰਨ ਵਾਲਿਆਂ ਦੇ ਹੱਥਾਂ ਵਿਚ ਮੋਮਬੱਤੀਆਂ ਸਨ ਅਤੇ ਤਖ਼ਤੀਆਂ ਉਤੇ ਲਿਖਿਆ ਸੀ, ‘ਅਸੀਂ ਨਫ਼ਰਤ ਵਾਲੀ ਸਿਆਸਤ ਦਾ ਸਮਰਥਨ ਨਹੀਂ ਕਰਦੇ।’ ਸ਼ਾਂਤੀ ਲਈ ਮਾਰਚ ਅਤੇ ਪ੍ਰਾਰਥਨਾ ਸਭਾ ਵਿੱਚ ਸ੍ਰੀਨਿਵਾਸ ਦੇ ਦੋਸਤ ਸ਼ਾਮਲ ਸਨ।
ਆਲੋਕ ਮਦਸਾਣੀ, ਜੋ ਗੋਲੀਬਾਰੀ ਵਿੱਚ ਜ਼ਖ਼ਮੀ ਹੋਣ ਵਾਲਾ ਦੂਜਾ ਭਾਰਤੀ ਸੀ, ਵੀ ਫਹੁੜੀਆਂ ਸਹਾਰੇ ਪਹੁੰਚਿਆ ਹੋਇਆ ਸੀ।
ਸ੍ਰੀਨਿਵਾਸ ਤੇ ਅਲੋਕ ਨੂੰ ਬਚਾਉਣ ਦੌਰਾਨ ਜ਼ਖ਼ਮੀ ਹੋਏ ਅਮਰੀਕੀ ਨੌਜਵਾਨ ਇਆਨ ਗ੍ਰਿੱਲਟ ਦੀਆਂ ਭੈਣਾਂ, ਕਨਸਾਸ ਦਾ ਲੈਫਟੀਨੈਂਟ ਗਵਰਨਰ ਜੈੱਫ ਕੋਲਯਰ, ਕਾਂਗਰਸ ਮੈਂਬਰ ਕੇਵਿਨ ਯੋਡਰ, ਓਲੇਥ ਮੇਅਰ ਮਾਈਕ ਕੋਪਲੈਂਡ, ਓਲੇਫ ਪੁਲਿਸ ਮੁਖੀ ਸਟੀਵਨ ਮੇਨਕੇ ਅਤੇ ਹੋਰ ਅਧਿਕਾਰੀ ਵੀ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ।
ਕਨਸਾਸ ਸਿਟੀ ਦੇ ਹਿੰਦੂ ਮੰਦਿਰ ਅਤੇ ਸੱਭਿਆਚਾਰਕ ਕੇਂਦਰ ਵਿੱਚ ਕਈ ਧਰਮਾਂ ਦੇ ਆਗੂਆਂ ਨੇ ਪ੍ਰਾਰਥਨਾ ਕੀਤੀ। ਇਸ ਸਭਾ ਦੀ ਸ਼ੁਰੂਆਤ ਹਿੰਦੂ, ਸਿੱਖ, ਈਸਾਈ, ਯਹੂਦੀ ਅਤੇ ਮੁਸਲਿਮ ਪ੍ਰਾਰਥਨਾ ਨਾਲ ਹੋਈ ਅਤੇ ਸਮਾਪਤੀ ਜੌਹਨ ਲੈਨਨ ਦੇ ਗੀਤ ‘ਇਮੈਜਨ’ ਗਾ ਕੇ ਕੀਤੀ।
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਆਲੋਕ ਨੇ ਸ੍ਰੀਨਿਵਾਸ ਨਾਲ ਆਪਣੇ ਨੌਂ ਸਾਲਾਂ ਦੀ ਦੋਸਤੀ ਨੂੰ ਯਾਦ ਕੀਤਾ। ਅਲੋਕ ਨੇ ਕਿਹਾ, ਸ੍ਰੀਨਿਵਾਸ ਦੇ ਦਿਲ ਵਿਚ ਹਰੇਕ ਲਈ ਸਨੇਹ ਸੀ। ਉਹ ਕਦੇ ਇਕ ਵੀ ਨਫਰਤ ਵਾਲਾ ਸ਼ਬਦ ਨਹੀਂ ਬੋਲਦਾ ਸੀ। ਉਹ ਬੇਪ੍ਰਵਾਹ ਹੋ ਕੇ ઠ ਬੋਲਦਾ ਸੀ, ਉਹ ਹਰੇਕ ਦੀ ਦੇਖਭਾਲ ਕਰਦਾ ਸੀ। ઠ
ਮੁਲਜ਼ਮ ਐਡਮ ਅਦਾਲਤ ਵਿੱਚ ਪੇਸ਼
ਕੈਨਸਾਸ ਦੇ ਇਕ ਬਾਰ ਵਿੱਚ ਸਪੱਸ਼ਟ ਤੌਰ ‘ਤੇ ਨਫ਼ਰਤੀ ਅਪਰਾਧ ਤਹਿਤ ਗੋਲੀਬਾਰੀ ਕਰਕੇ ਭਾਰਤੀ ਇੰਜਨੀਅਰ ਸ੍ਰੀਨਿਵਾਸ ਦੀ ਜਾਨ ਲੈਣ ਤੇ ਦੋ ਹੋਰਾਂ ਨੂੰ ਜ਼ਖ਼ਮੀ ਕਰਨ ਵਾਲੇ ਅਮਰੀਕੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਐਡਮ ਪੁਰਿੰਟਨ ਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਡਮ (51) ਨੂੰ ਜੌਹਨਸਨ ਕਾਊਂਟੀ ਜ਼ਿਲ੍ਹਾ ਅਦਾਲਤ ਜੱਜ ਅੱਗੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ । ਜ਼ਿਲ੍ਹਾ ਅਟਾਰਨੀ ਸਟੀਵ ਹੌਵ ਮੁਤਾਬਕ ਐਡਮ ਪੁਰਿੰਟਨ ਨੂੰ ਇਨ੍ਹਾਂ ਦੋਸ਼ਾਂ ਤਹਿਤ 50 ਸਾਲ ਦੀ ਕੈਦ ਹੋ ਸਕਦੀ ਹੈ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …