ਭਾਈ ਗੋਬਿੰਦ ਸਿੰਘ ਲੌਂਗੋਵਾਲ
ਹੱਕ, ਸੱਚ, ਧਰਮ ਤੇ ਮਨੁੱਖੀ ਅਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪ੍ਰਥਮ ਸ਼ਹੀਦ ਗੁਰੂ ਹਨ। ਉਨ੍ਹਾਂ ਵੱਲੋਂ ਦਿੱਤੀ ਗਈ ਸ਼ਹਾਦਤ ਸਿੱਖ ਕੌਮ ਲਈ ਉਹ ਸ਼ਕਤੀ ਬਣ ਕੇ ਉੱਭਰੀ ਜਿਸ ਤੋਂ ਅਗਵਾਈ ਲੈ ਕੇ ਸਿੱਖ ਪੰਥ ਨੇ ਸ਼ਹਾਦਤਾਂ ਦੀ ਇਕ ਅਜਿਹੀ ਲੜੀ ਸਿਰਜੀ, ਜਿਸ ਦਾ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਹੋਰ ਕੋਈ ਮੁਕਾਬਲਾ ਨਹੀਂ। ਜੇਕਰ ਸਿੱਖ ਧਰਮ ਅੰਦਰ ‘ਸ਼ਹਾਦਤ’ ਦੇ ਪ੍ਰਸੰਗ ਨੂੰ ਸਮਝਣਾ ਹੋਵੇ ਤਾਂ ਸਾਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’ ਵਾਲੇ ਬਚਨਾਂ ਨੂੰ ਸਮਝਣਾ ਪਵੇਗਾ। ਇਹ ਧਰਮ ਦੀ ਖਾਤਰ ਸ਼ਹਾਦਤ ਦੀ ਪ੍ਰੇਰਣਾ ਦਾ ਮੂਲ ਹੈ। ਇਸ ਮਗਰੋਂ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦੇ ਕੇ ਇਸ ਦੇ ਅਮਲ ਨੂੰ ਰੂਪਮਾਨ ਕੀਤਾ। ਇੰਜ ਅਸੀਂ ਦੇਖਦੇ ਹਾਂ ਕਿ ਸ਼ਹਾਦਤ ਦੀ ਗੁੜ੍ਹਤੀ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀ ਹੈ। ਇਸੇ ਲਈ ਸਿੱਖ ਧਰਮ ਅੰਦਰ ਸ਼ਹਾਦਤ ਸ਼ਬਦ ਬਹੁਤ ਹੀ ਸਤਿਕਾਰ ਭਰੇ ਸ਼ਬਦਾਂ ਵਿਚ ਸਾਹਮਣੇ ਹੈ। ਸਿੱਖੀ ਅੰਦਰ ਇਸ ਸ਼ਬਦ ਦੀ ਵਰਤੋਂ ਸੱਚ ਦੀ ਅਵਾਜ਼ ਬੁਲੰਦ ਰੱਖਣ ਲਈ ਦਿੱਤੀ ਗਈ ਕੁਰਬਾਨੀ ਦੀ ਗਵਾਹੀ ਵਜੋਂ ਹੈ ਅਤੇ ਇਹ ਗਵਾਹੀ ਕੋਈ ਆਮ ਨਹੀਂ ਸਗੋਂ ਸਮਾਜਕ ਸਰੋਕਾਰਾਂ ਦੇ ਨਾਲ-ਨਾਲ ਰੂਹਾਨੀਅਤ ਨਾਲ ਵੀ ਲਬਰੇਜ਼ ਹੈ।
ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਮੂਲ ਨੂੰ ਸਮਝਦਿਆਂ ਇਕ ਗੱਲ ਸਾਫ਼ ਹੁੰਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲਿਆ ਆ ਰਿਹਾ ਹਕੂਮਤ ਦਾ ਵਿਰੋਧ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿਖ਼ਰ ‘ਤੇ ਪੁੱਜ ਗਿਆ ਸੀ। ਗੁਰੂ ਜੀ ਨੂੰ ਪ੍ਰਿਥੀ ਚੰਦ, ਸੁਲਹੀ ਖ਼ਾਨ ਅਤੇ ਚੰਦੂ ਆਦਿ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਗੁਰੂ ਸਾਹਿਬ ਨੇ ਜਦੋਂ ਸਿੱਖ ਕੌਮ ਨੂੰ ਜਥੇਬੰਦ ਕਰਨ ਦੀਆਂ ਤਿਆਰੀਆਂ ਆਰੰਭੀਆਂ ਤਾਂ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਇਸ ਨੂੰ ਬਰਦਾਸ਼ਤ ਨਾ ਕਰ ਸਕੀ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪੂਰਾ ਜੀਵਨ ਇਕ ਸੰਘਰਸ਼ਮਈ ਜੀਵਨ ਰਿਹਾ। ਪਰ ਸ਼ਾਂਤੀ ਦੇ ਸਾਗਰ, ਨਿਮਰਤਾ ਦੇ ਪੁੰਜ, ਪਰਉਪਕਾਰੀ ਪਾਤਸ਼ਾਹ ਜੀ ਨੇ ਅਜਿਹੇ ਕਠਿਨਾਈਆਂ ਭਰੇ ਸਮੇਂ ਵਿਚ ਵੀ ਸਿੱਖ ਧਰਮ ਦੇ ਵਿਕਾਸ ਲਈ ਕਾਰਜ ਜਾਰੀ ਰੱਖੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਜਿਥੇ ਉੱਚ ਆਤਮਿਕ ਜੀਵਨ ਜਿਉਣ ਦੀ ਪ੍ਰੇਰਨਾ ਕੀਤੀ, ਉਥੇ ਹੀ ਸਿੱਖੀ ਦੇ ਵਿਕਾਸ ਲਈ ਕਈ ਮਹੱਤਵਪੂਰਨ ਕਾਰਜ ਕੀਤੇ। ਆਪ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਏ ਨਗਰ ‘ਗੁਰੂ ਕਾ ਚੱਕ’ ਨੂੰ ‘ਚੱਕ ਰਾਮਦਾਸ’ ਜਾਂ ‘ਰਾਮਦਾਸਪੁਰ’ ਦਾ ਨਾਂ ਦੇ ਕੇ ਇਸ ਦਾ ਵਿਕਾਸ ਕੀਤਾ। ਇਸ ਦੇ ਨਾਲ ਹੀ ਪੰਜਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਤਿਆਰ ਕਰਵਾਏ ਜਾ ਰਹੇ ਅੰਮ੍ਰਿਤ ਸਰੋਵਰ ਦੀ ਸੰਪੂਰਨਤਾ ਕਰਵਾਈ ਤੇ ਇਸ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਆਪ ਵਲੋਂ ਕੀਤੇ ਗਏ ਅਹਿਮ ਕਾਰਜਾਂ ਵਿੱਚੋਂ ਇਕ ਮਹਾਨ ਕੰਮ ਆਦਿ ਸ੍ਰੀ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਵੀ ਹੈ। ਇਸੇ ਤਰ੍ਹਾਂ ਆਪ ਨੇ ਵੱਖ-ਵੱਖ ਸ਼ਹਿਰਾਂ ਦੀ ਸਥਾਪਨਾ ਕੀਤੀ, ਸਰੋਵਰ ਬਣਵਾਏ ਤੇ ਸਿੱਖਾਂ ਨੂੰ ਵਪਾਰ ਲਈ ਪ੍ਰੇਰਿਆ। ਆਪ ਜੀ ਵਲੋਂ ਤੀਹ ਰਾਗਾਂ ਵਿਚ ਰਚੀ ਗਈ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਸ਼ੋਭਿਤ ਹੈ। ਇਨ੍ਹਾਂ ਸਭ ਕਾਰਜਾਂ ਸਮੇਤ ਧਰਮ ਪ੍ਰਚਾਰ ਤੇ ਸਮਾਜ ਸੁਧਾਰ ਲਈ ਆਪ ਨੇ ਅਨੇਕਾਂ ਹੋਰ ਕਾਰਜ ਵੀ ਕੀਤੇ।
ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਵਿਰੋਧੀਆਂ ਤੋਂ ਸਹਾਰੀ ਨਾ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮਨੁੱਖਤਾ ਦੇ ਹਮਦਰਦ, ਸ਼ਾਂਤੀ ਸਰੂਪ, ਨਿਮਰਤਾ ਦੇ ਪੁੰਜ, ਆਦਰਸ਼ਕ ਸ਼ਖ਼ਸੀਅਤ ਨੂੰ ਅਨੇਕਾਂ ਸਰੀਰਕ ਤਸੀਹੇ ਦਿੱਤੇ ਗਏ। ਜ਼ਾਲਿਮਾਂ ਵਲੋਂ ਸਖ਼ਤ ਗਰਮੀ ਦੇ ਮੌਸਮ ‘ਚ ਆਪ ਨੂੰ ਉਬਲਦੀ ਦੇਗ਼ ‘ਚ ਬਿਠਾਇਆ ਗਿਆ, ਤੱਤੀ ਤਵੀ ਤੇ ਚੌਂਕੜਾ ਲਵਾਇਆ ਗਿਆ ਤੇ ਪਾਵਨ ਸੀਸ ਤੇ ਸੜਦੀ-ਬਲ਼ਦੀ ਰੇਤਾ ਪਾਈ ਗਈ। ਸਭ ਕਸ਼ਟਾਂ ਨੂੰ ਬੜੇ ਸਹਿਜ ਵਿਚ ਸਹਾਰਦਿਆਂ ਇਸ ਨੂੰ ਕਰਤਾਰ ਦਾ ਭਾਣਾ ਸਮਝ ਕੇ ਆਪ ਅਡੋਲ ਰਹੇ। ਇਸ ਤਰ੍ਹਾਂ 30 ਮਈ 1606 ਈਸਵੀ ਨੂੰ ਆਪ ਨੂੰ ਸ਼ਹੀਦ ਕਰ ਦਿੱਤਾ ਗਿਆ।
ਉਂਜ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਅਨੇਕਾਂ ਕਾਰਨ ਮੰਨੇ ਜਾਂਦੇ ਹਨ ਪਰ ਅਸਲ ਕਾਰਨ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਤੇ ਤੰਗਦਿਲੀ ਸੀ। ਬਾਕੀ ਸਾਰੇ ਕਾਰਨ ਸਹਾਇਕ ਸਿੱਧ ਹੋਏ। ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ‘ਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖ਼ਤਮ ਕਰੇ ਤੇ ਉਨ੍ਹਾਂ ਦੇ ਮੁਖੀ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਜਾਂ ਤਾਂ ਮੁਸਲਮਾਨ ਬਣਾ ਦੇਵੇ ਜਾਂ ਸ਼ਹੀਦ ਕਰ ਦੇਵੇ।
ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ਤੁਜ਼ਕੇ ਜਹਾਂਗੀਰੀ ਵਿਚ ਵੀ ਕਰਦਾ ਹੈ। ਉਸ ਨੂੰ ਬਹਾਨੇ ਦੀ ਤਲਾਸ਼ ਸੀ ਤੇ ਉਹ ਉਸ ਨੂੰ ਖੁਸਰੋ ਦੀ ਬਗ਼ਾਵਤ ਵਿੱਚੋਂ ਮਿਲਿਆ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਅਧੀਨ ਸਜ਼ਾ ਦਿੱਤੀ, ਜਿਸ ਤੋਂ ਭਾਵ ਹੈ ਕਿ ਤਸੀਹੇ ਦੇ ਕੇ ਮਾਰਨਾ ਹੈ। ਦੂਸਰੇ ਪਾਸੇ ਗੁਰੂ ਸਾਹਿਬ ਦੀ ਸ਼ਹੀਦੀ ਨੇ ਸਿੱਖ ਲਹਿਰ ਨੂੰ ਨਵੀਂ ਸੇਧ ਦਿੱਤੀ ਅਤੇ ਪੰਜਾਬ ਦੇ ਇਤਿਹਾਸ ਉੱਤੇ ਇਸ ਦਾ ਦੂਰਗਾਮੀ ਅਸਰ ਹੋਇਆ। ਇਸ ਨਾਲ ਸਿੱਖਾਂ ਦੇ ਮਨਾਂ ਉਤੇ ਇਹ ਗੱਲ ਘਰ ਕਰ ਗਈ ਕਿ ਧਰਮ ਦੀ ਰੱਖਿਆ ਲਈ ਜ਼ੁਲਮ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਹਥਿਆਰਬੰਦ ਹੋਣਾ ਤੇ ਵੈਰੀ ਨਾਲ ਦੋ ਹੱਥ ਕਰਨਾ ਲਾਜ਼ਮੀ ਹੈ। ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਤੇ ਅਕਾਲ ਪੁਰਖ ਦਾ ਤਖ਼ਤ ਸਦਾ ਰਹਿਣ ਵਾਲੇ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੀ ਸਥਾਪਨਾ ਕੀਤੀ।
ਇਤਿਹਾਸਕਾਰਾਂ ਦੀ ਨਜ਼ਰ ਵਿਚ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਧਰਮ ਦੇ ਇਤਿਹਾਸ ਵਿਚ ਇਕ ਮਹਾਨ ਤੇ ਜੁਗ ਪਲਟਾਊ ਘਟਨਾ ਅਤੇ ਇਨਕਲਾਬੀ ਮੋੜ ਦੀ ਸੂਚਕ ਹੈ। ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ, ਅਕਾਲ ਪੁਰਖ ਦਾ ਭਾਣਾ ਮੰਨਣ, ਸਬਰ, ਸੰਤੋਖ ਤੇ ਦ੍ਰਿੜ੍ਹਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਚੱਜ ਸਿਖਾ ਕੇ ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਅਜਿਹਾ ਮਜ਼ਬੂਤ ਕੀਤਾ ਕਿ ਆਉਣ ਵਾਲੇ ਸਮੇਂ ਦੇ ਜ਼ੁਲਮ ਤੇ ਝੱਖੜ ਇਸ ਦਾ ਕੁਝ ਨਾ ਵਿਗਾੜ ਸਕੇ। ਇਸ ਸ਼ਹਾਦਤ ਨੇ ਸਿੱਖ ਮਰਜੀਵੜਿਆਂ ਨੂੰ ਮਰਨ ਦੀ ਇਹੋ ਜਿਹੀ ਜਾਚ ਸਿਖਾਈ ਕਿ ਉਹ ‘ਬਹੁਰਿ ਨ ਮਰਨਾ ਹੋਇ’ ਦੇ ਲਕਸ਼ ਨੂੰ ਪ੍ਰਾਪਤ ਹੋ ਗਏ। ਇਸ ਸ਼ਹੀਦੀ ਨਾਲ ਸਿੱਖ ਇਤਿਹਾਸ ਵਿਚ ਸ਼ਹੀਦੀਆਂ ਦਾ ਨਵਾਂ ਅਧਿਆਇ ਆਰੰਭ ਹੋਇਆ। ਇਸ ਤਰ੍ਹਾਂ ਗੁਰੂ ਸਾਹਿਬ ਦੀ ਸ਼ਹਾਦਤ ਸਾਡੇ ਲਈ ਰਾਹ ਦਸੇਰਾ ਹੈ, ਜਿਸ ‘ਤੇ ਚੱਲ ਕੇ ਅਸੀਂ ਆਪਣੇ ਧਰਮ ਦੇ ਸੁਨਹਿਰੀ ਅਸੂਲਾਂ ਦੀ ਖ਼ਾਤਰ ਜਬਰ ਜ਼ੁਲਮ ਦੇ ਟਾਕਰੇ ਲਈ ਸਦਾ ਤਿਆਰ ਰਹਿਣਾ ਹੈ। ਸੱਚ ਦੀ ਖ਼ਾਤਰ ਸੰਘਰਸ਼ਸ਼ੀਲ ਰਹਿਣਾ ਹੈ ਅਤੇ ਝੂਠ, ਅਨਿਆਂ ਆਦਿ ਦੀ ਜੜ੍ਹ ਪੁੱਟਣ ਲਈ ਕਦੇ ਵੀ ਪਿੱਛੇ ਨਹੀਂ ਹਟਣਾ। ਆਓ, ਗੁਰੂ ਸਾਹਿਬ ਵੱਲੋਂ ਦਿੱਤੀ ਗਈ ਪਾਵਨ ਸ਼ਹਾਦਤ ਦੇ ਅਸਲ ਮਨੋਰਥ ਅਨੁਸਾਰ ਆਪਣੀਆਂ ਜੀਵਨ ਸੇਧਾਂ ਨਿਰਧਾਰਤ ਕਰੀਏ। ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ‘ਤੇ ਸਮੂਹ ਸੰਗਤ ਨੂੰ ਮੇਰੀ ਇਹੋ ਅਪੀਲ ਹੈ।
(ਪੰਜਾਬੀ ਟ੍ਰਿਬਿਊਨ ‘ਚੋਂ ਧੰਨਵਾਦ ਸਹਿਤ)
Check Also
ਸਿੱਖ ਸਮਾਜ ‘ਚੋਂ ਜਾਤ-ਪਾਤ ਦਾ ਵਰਤਾਰਾ ਖ਼ਤਮ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਇਤਿਹਾਸਕ ਯਤਨ
ਤਲਵਿੰਦਰ ਸਿੰਘ ਬੁੱਟਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਸਿੱਖ ਧਰਮ ਦੀ ਨੀਂਹ …