
ਚੀਨ ਦੇ 43 ਸੈਨਿਕ ਮਾਰੇ ਜਾਣ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖਬਰ
ਨਵੀਂ ਦਿੱਲੀ/ਬਿਊਰੋ ਨਿਊਜ਼
ਲੱਦਾਖ ਦੀ ਗਲਵਾਨ ਵਾਦੀ ਵਿਚ ਲੰਘੀ ਦੇਰ ਰਾਤ ਤੱਕ ਭਾਰਤੀ ਫੌਜੀਆਂ ਅਤੇ ਚੀਨੀ ਸੈਨਿਕਾਂ ਵਿਚਾਲੇ ਹਿੰਸਕ ਟਕਰਾਅ ਹੁੰਦਾ ਰਿਹਾ, ਜਿਸ ਦੇ ਚੱਲਦਿਆਂ ਸ਼ਹੀਦ ਹੋਣ ਵਾਲੇ ਭਾਰਤੀ ਜਵਾਨਾਂ ਦੀ ਗਿਣਤੀ 20 ਹੋ ਗਈ ਹੈ। ਇਸ ਟਕਰਾਅ ਵਿਚ ਚੀਨ ਦੇ ਵੀ 43 ਸੈਨਿਕ ਮਾਰੇ ਗਏ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਅਧਿਕਾਰੀ ਤੇ ਜਵਾਨ ਚੀਨੀ ਸੈਨਿਕਾਂ ਵੱਲੋਂ ਕੀਤੀ ਪੱਥਰਬਾਜ਼ੀ ਤੇ ਰਾਡਾਂ ਨਾਲ ਕੀਤੇ ਹਮਲੇ ਵਿਚ ਫੱਟੜ ਹੋਣ ਮਗਰੋਂ ਸ਼ਹੀਦ ਹੋਏ ਹਨ। ਜ਼ਿਕਰਯੋਗ ਹੈ ਕਿ ਗਲਵਾਨ ਵਾਦੀ ਵਿਚ ਤਣਾਅ ਘਟਾਉਣ ਲਈ ਕਈ ਦਿਨਾਂ ਤੋਂ ਯਤਨ ਕੀਤੇ ਜਾ ਰਹੇ ਹਨ। ਗਲਵਾਨ ਵਾਦੀ ਤੇ ਪੂਰਬੀ ਲੱਦਾਖ ਦੇ ਕੁਝ ਹਿੱਸਿਆਂ ਵਿਚ ਪਿਛਲੇ ਪੰਜ ਹਫ਼ਤਿਆਂ ਤੋਂ ਵੱਡੀ ਗਿਣਤੀ ਵਿਚ ਭਾਰਤੀ ਤੇ ਚੀਨੀ ਫ਼ੌਜ ਤਾਇਨਾਤ ਹੈ। ਚੀਨੀ ਫ਼ੌਜ ਅਸਲ ਕੰਟਰੋਲ ਰੇਖਾ ਨੇੜੇ ਹੌਲੀ-ਹੌਲੀ ਆਪਣੇ ਰਣਨੀਤਕ ਸਰੋਤਾਂ ਵਿਚ ਵਾਧਾ ਕਰ ਰਹੀ ਹੈ।