![](https://parvasinewspaper.com/wp-content/uploads/2020/10/2020_5image_12_36_464350403china-ll-300x233.jpg)
ਗਲਤੀ ਨਾਲ ਆਏ ਚੀਨੀ ਸੈਨਿਕ ਨੂੰ ਵਾਪਸ ਸੌਂਪਿਆ ਜਾਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਲੱਦਾਖ਼ ਵਿਚ ਭਾਰਤ ਅਤੇ ਚੀਨ ਵਿਚਾਲੇ ਜਾਰੀ ਸਰਹੱਦੀ ਤਣਾਅ ਦਰਮਿਆਨ ਅੱਜ ਸਰਹੱਦ ਨੇੜੇ ਸੁਰੱਖਿਆ ਬਲਾਂ ਨੇ ਇਕ ਚੀਨੀ ਸੈਨਿਕ ਫੜ ਲਿਆ । ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਇਸ ਚੀਨੀ ਸੈਨਿਕ ਨੂੰ ਚੁਮਾਰ-ਡੈਮਚੋਕ ਇਲਾਕੇ ਵਿਚ ਫੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੀਨੀ ਸੈਨਿਕ ਗਲਤੀ ਨਾਲ ਭਾਰਤੀ ਇਲਾਕੇ ਵਿਚ ਦਾਖਲ ਹੋਇਆ ਹੋ ਸਕਦਾ ਹੈ। ਇਸ ਸੈਨਿਕ ਨੂੰ ਪ੍ਰੋਟੋਕਾਲ ਨਿਯਮਾਂ ਤਹਿਤ ਚੀਨ ਦੀ ਫੌਜ ਨੂੰ ਵਾਪਸ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਲਗਾਤਾਰ ਤਣਾਅ ਦੇ ਚੱਲਦਿਆਂ ਭਾਰਤੀ ਫੌਜ ਨੇ ਸਰਦੀ ਦੇ ਮੌਸਮ ਵਿਚ ਲੱਦਾਖ ਦੀ ਉਚਾਈ ਵਾਲੇ ਇਲਾਕਿਆਂ ਵਿਚ ਡਟੇ ਰਹਿਣ ਦੀਆਂ ਤਿਆਰੀਆਂ ਕਰ ਲਈਆਂ ਹਨ। ਧਿਆਨ ਰਹੇ ਕਿ ਅਮਰੀਕਾ ਨੇ ਪਿਛਲੇ ਹਫਤੇ ਕਿਹਾ ਸੀ ਕਿ ਚੀਨ ਨੇ ਲੱਦਾਖ ਵਿਚ ਐਲ.ਏ.ਸੀ. ‘ਤੇ 60 ਹਜ਼ਾਰ ਸੈਨਿਕ ਤਾਇਨਾਤ ਕੀਤੇ ਹਨ। ਇਹ ਜਾਣਕਾਰੀ ਪਿਛਲੇ ਦਿਨੀਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨੇ ਦਿੱਤੀ ਸੀ।