Breaking News
Home / ਭਾਰਤ / ਮਨੀਸ਼ ਸਿਸੋਦੀਆ 103 ਦਿਨਾਂ ਬਾਅਦ ਆਪਣੀ ਬਿਮਾਰ ਪਤਨੀ ਨੂੰ ਮਿਲੇ

ਮਨੀਸ਼ ਸਿਸੋਦੀਆ 103 ਦਿਨਾਂ ਬਾਅਦ ਆਪਣੀ ਬਿਮਾਰ ਪਤਨੀ ਨੂੰ ਮਿਲੇ

7 ਘੰਟਿਆਂ ਦੀ ਮਿਲੀ ਸੀ ਜ਼ਮਾਨਤ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਆਪਣੀ ਪਤਨੀ ਸੀਮਾ ਸਿਸੋਦੀਆ ਨਾਲ 103 ਦਿਨ ਬਾਅਦ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਦੀ ਪਤਨੀ ਬਿਮਾਰ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦਿੱਲੀ ਹਾਈਕੋਰਟ ਨੇ ਸਿਸੋਦੀਆ ਨੂੰ ਪਤਨੀ ਨਾਲ ਮਿਲਣ ਲਈ 7 ਘੰਟੇ ਦੀ ਜ਼ਮਾਨਤ ਦਿੱਤੀ ਸੀ। ਮੁਲਾਕਾਤ ਤੋਂ ਬਾਅਦ ਸੀਮਾ ਸਿਸੋਦੀਆ ਨੇ ਆਰੋਪ ਲਗਾਇਆ ਕਿ 7 ਘੰਟੇ ਦੀ ਮੁਲਾਕਾਤ ਦੇ ਦੌਰਾਨ ਪੁਲਿਸ ਉਨ੍ਹਾਂ ਦੇ ਦਰਵਾਜ਼ੇ ’ਤੇ ਬੈਠੀ ਰਹੀ। ਸੀਮਾ ਸਿਸੋਦੀਆ ਦਾ ਆਰੋਪ ਹੈ ਕਿ ਪੁਲਿਸ ਉਨ੍ਹਾਂ ਦੀ ਹਰ ਗੱਲ ਸੁਣ ਰਹੀ ਸੀ। ਧਿਆਨ ਰਹੇ ਕਿ ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਮਾਮਲੇ ਵਿਚ ਸੀਬੀਆਈ ਨੇ 26 ਫਰਵਰੀ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਉਹ ਜੇਲ੍ਹ ਵਿਚ ਬੰਦ ਹਨ। ਸੀਮਾ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਣਨ ਸਮੇਂ ਬਹੁਤ ਸਾਰੇ ਸ਼ੁਭ ਚਿੰਤਕਾਂ ਨੇ ਕਿਹਾ ਸੀ ਕਿ ਰਾਜਨੀਤੀ ਦੇ ਚੱਕਰ ਵਿਚ ਨਾ ਪਓ। ਕਿਉਂਕਿ ਰਾਜਨੀਤੀ ਵਿਚ ਪਹਿਲਾਂ ਤੋਂ ਬੈਠੇ ਲੋਕ ਤੁਹਾਨੂੰ ਕੰਮ ਨਹੀਂ ਕਰਨ ਦੇਣਗੇ ਅਤੇ ਤੁਹਾਡੇ ਪਰਿਵਾਰ ਨੂੰ ਤੰਗ ਵੀ ਕਰਨਗੇ। ਸੀਮਾ ਸਿਸੋਦੀਆ ਨੇ ਕਿਹਾ ਕਿ ਮੁਨੀਸ਼ ਸਿਸੋਦੀਆ ਨੇ ਜਿੱਦ ਕੀਤੀ ਅਤੇ ਰਾਜਨੀਤੀ ਵਿਚ ਚਲੇ ਗਏ। ਸੀਮਾ ਸਿਸੋਦੀਆ ਨੇ ਕਿਹਾ ਕਿ ਮਨੀਸ਼ ਸਿਸੋਦੀਆ ਹੋਰਾਂ ਨੇ ਅਰਵਿੰਦ ਕੇਜਰੀਵਾਲ ਅਤੇ ਹੋਰ ਕਈ ਅਹਿਮ ਵਿਅਕਤੀਆਂ ਨਾਲ ਮਿਲ ਕੇ ਆਮ ਆਦਮੀ ਪਾਰਟੀ ਬਣਾਈ ਅਤੇ ਕੰਮ ਵੀ ਕਰਕੇ ਦਿਖਾਇਆ। ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਦੀ ਪਤਨੀ ਸੀਮਾ ਸਿਸੋਦੀਆ ਬਿਮਾਰ ਹੈ ਅਤੇ ਇਸੇ ਅਧਾਰ ’ਤੇ ਮਨੀਸ਼ ਸਿਸੋਦੀਆ ਨੇ ਹਾਈਕੋਰਟ ਕੋਲੋਂ 6 ਹਫਤਿਆਂ ਦੀ ਜ਼ਮਾਨਤ ਮੰਗੀ ਸੀ, ਪਰ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਮਨੀਸ਼ ਸਿਸੋਦੀਆ ’ਤੇ ਆਰੋਪ ਬੇਹੱਦ ਗੰਭੀਰ ਹਨ ਅਤੇ ਉਨ੍ਹਾਂ ਨੂੰ 6 ਹਫਤਿਆਂ ਦੀ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਇਸਦੇ ਨਾਲ ਹੀ ਅਦਾਲਤ ਨੇ ਕਿਹਾ ਸੀ ਕਿ ਮਨੀਸ਼ ਸਿਸੋਦੀਆ ਕਿਸੇ ਇਕ ਦਿਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਦੇ ਵਿਚਕਾਰ ਆਪਣੀ ਪਤਨੀ ਨੂੰ ਮਿਲਣ ਲਈ ਜਾ ਸਕਦੇ ਹਨ।

Check Also

ਆਸਕਰ ਐਵਾਰਡ ’ਚ ਜਾਵੇਗੀ ਆਮਿਰ ਖਾਨ ਦੀ ਫਿਲਮ ‘ਲਾਪਤਾ ਲੇਡੀਜ਼’

2 ਮਾਰਚ 2025 ਨੂੰ ਹੋਣਾ ਹੈ ਆਸਕਰ ਐਵਾਰਡ ਸਮਾਰੋਹ ਮੁੰਬਈ/ਬਿਊਰੋ ਨਿਊਜ਼ ਆਸਕਰ 2025 ਵਿਚ ਫਿਲਮ …