ਮਹਿੰਗਾਈ ’ਤੇ ਲਗਾਤਾਰ ਨਜ਼ਰ ਰੱਖਣੀ ਲਾਜ਼ਮੀ : ਗਵਰਨਰ
ਮੁੰਬਈ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਵੀਰਵਾਰ ਨੂੰ ਕਿਹਾ ਕਿ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਮੁੱਖ ਨੀਤੀਗਤ ਦਰ ਰੈਪੋ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਅਤੇ ਇਸ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਿਆ। ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਅੱਜ ਰੈਪੋ ਰੇਟ ਵਿਚ ਬਦਲਾਅ ਨਾ ਕਰਕੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਨੇ ਨੀਤੀਗਤ ਦਰਾਂ ਨੂੰ ਬਿਨਾ ਕਿਸੇ ਬਦਲਾਅ ਦੇ ਰੱਖਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਆਮ ਲੋਕਾਂ ਦੇ ਘਰ, ਕਾਰ ਅਤੇ ਹੋਰ ਕਿਸਮ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਵਿਚ ਕੋਈ ਵਾਧਾ ਨਹੀਂ ਹੋਵੇਗਾ। ਇਸ ਗੱਲ ਦਾ ਐਲਾਨ ਮੌਜੂਦਾ ਵਿੱਤੀ ਸਾਲ ਵਿਚ ਕਮੇਟੀ ਦੀ ਪਹਿਲੀ ਤਿੰਨ ਰੋਜ਼ਾ ਮੀਟਿੰਗ ਤੋਂ ਬਾਅਦ ਅੱਜ ਵੀਰਵਾਰ ਨੂੰ ਜਾਰੀ ਬਿਆਨ ਵਿਚ ਕੀਤਾ ਗਿਆ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮਹਿੰਗਾਈ ’ਤੇ ਲਗਾਤਰ ਤੇ ਨੇੜੇ ਤੋਂ ਨਜ਼ਰ ਰੱਖਣੀ ਲਾਜ਼ਮੀ ਹੈ। ਮਹਿੰਗਾਈ ਦਰ 4 ਫੀਸਦੀ ਦੇ ਟੀਚੇ ਤੋਂ ਉਪਰ ਹੈ ਤੇ ਇਸਦੇ ਪੂਰਾ ਸਾਲ ਟੀਚੇ ਤੋਂ ਉਪਰ ਰਹਿਣ ਦਾ ਅਨੁਮਾਨ ਹੈ। ਮੌਜੂਦਾ ਵਿੱਤੀ ਸਾਲ 2023-24 ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਦਰ 6.5 ਫੀਸਦੀ ਰਹਿਣ ਦਾ ਅਨੁਮਾਨ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮਹਿੰਗਾਈ ਨੂੰ ਲੈ ਕੇ ਚਿੰਤਾ ਅਜੇ ਵੀ ਬਰਕਰਾਰ ਹੈ। ਆਰਬੀਆਈ ਦੇ ਅਨੁਸਾਰ ਵਿੱਤੀ ਸਾਲ 2023-24 ਵਿਚ ਮਹਿੰਗਾਈ 4 ਫੀਸਦੀ ਤੋਂ ਉਪਰ ਹੀ ਰਹਿਣ ਦੀ ਸੰਭਾਵਨਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮਹਿੰਗਾਈ ’ਤੇ ਲਗਾਤਾਰ ਨਜ਼ਰ ਬਣਾਈ ਰੱਖਣ ਦੀ ਲੋੜ ਨੂੰ ਮੁੜ ਦੁਹਰਾਇਆ।