ਬਰੈਂਪਟਨ ਨੂੰ ਇਨਫ਼ਰਾਸਟਰੱਕਚਰ ਫੰਡਿੰਗ ਲਈ 16 ਮਿਲੀਅਨ ਡਾਲਰ ਮਿਲਣਗੇ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਲੰਘੇ ਮੰਗਲਵਾਰ ਇਹ ਐਲਾਨ ਕੀਤਾ ਹੈ ਕਿ ਬਰੈਂਪਟਨ ਕਮਿਊਨਿਟੀ ਲਈ ਇਨਫ਼ਰਾਸਟਰੱਕਚਰ ਦੇ ਸੁਧਾਰ ਅਤੇ ਇਸ ਦੇ ਹੋਰ ਵਿਕਾਸ ਲਈ ਫ਼ੈੱਡਰਲ ਗੈਸ ਟੈਕਸ ਫ਼ੰਡ ਵਿੱਚੋਂ 15,928,563 ਡਾਲਰ ਦੀ ਰਕਮ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਵਿਚ ਕੈਨੇਡਾ ਸਰਕਾਰ ਵੱਲੋਂ ਓਨਟਾਰੀਓ ਨੂੰ ਫ਼ੈੱਡਰਲ ਗੈਸ ਫ਼ੰਡ ਦੀਆਂ ਦੋ ਕਿਸ਼ਤਾਂ ਵਿੱਚੋਂ 391 ਮਿਲੀਅਨ ਡਾਲਰ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਸੀ। ਇਸ ਫ਼ੰਡ ਵਿੱਚੋਂ ਓਨਟਾਰੀਓ ਦੀਆਂ ਮਿਊਂਸਪਲ ਸਰਕਾਰਾਂ 782.1 ਮਿਲੀਅਨ ਡਾਲਰ ਤੋਂ ਵਧੇਰੇ ਰਾਸ਼ੀ ਪ੍ਰਾਪਤ ਕਰਨਗੀਆਂ। ਇਹ ਜਿਹੜੀ ਰਕਮ ਓਨਟਾਰੀਓ ਦੀਆਂ ਮਿਊਂਸਪੈਲਿਟੀਆਂ ਰਾਹੀਂ ਆ ਰਹੀ ਹੈ, ਸਾਰੀ ਦੀ ਸਾਰੀ ਕਮਿਊਨਿਟੀ ਇਨਫ਼ਰਾਸਟਰੱਕਚਰ ਪ੍ਰਾਜੈਕਟਾਂ ਲਈ ਰੱਖੀ ਗਈ ਹੈ। ਇਸ ਮੌਕੇ ਬੋਲਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,”ਕਮਿਊਨਿਟੀ ਦੇ ਕੰਮਾਂ ਵਿਚ ਪੂੰਜੀ ਜੁਟਾਉਣਾ ਕੈਨੇਡਾ ਨੂੰ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਮਜ਼ਬੂਤ ਬਨਾਉਣਾ ਹੈ। ਗੈਸ ਟੈਕਸ ਫ਼ੰਡ ਵਿੱਚੋਂ ਇਸ ਮੰਤਵ ਲਈ ਪੈਸੇ ਖ਼ਰਚਣਾ ਕੈਨੇਡਾ ਵਾਸੀਆਂ ਲਈ ਇਨਫ਼ਰਾਸਟਰੱਕਚਰ ਨੂੰ ਬੇਹਤਰ ਬਣਾ ਕੇ ਉਨ੍ਹਾਂ ਦੇ ਜੀਵਨ-ਪੱਧਰ ਨੂੰ ਹੋਰ ਉਚੇਰਾ ਕਰੇਗਾ ਅਤੇ ਉਨ੍ਹਾਂ ਦੇ ਤੰਦਰੁਸਤ ਜੀਵਨ-ਜਾਚ ਵਿਚ ਵਾਧਾ ਕਰੇਗਾ। ਇਸ ਦੇ ਲਈ ਮੈਨੂੰ ਬਰੈਂਪਟਨ ਵਿਚ ਹੋ ਰਹੀ ਇਨਵੈੱਸਟਮੈਂਟ ਉੱਪਰ ਮਾਣ ਹੈ। ਬਰੈਂਪਟਨ ਵਿਚਲੇ ਆਪਣੇ ਸਾਥੀਆਂ ਨਾਲ ਇਕੱਠੇ ਹੋ ਕੇ ਅਸੀਂ ਪਾਰਲੀਮੈਂਟ ਵਿਚ ਲੋਕਾਂ ਦੀਆਂ ਇਨਫ਼ਰਾਸਟਰੱਕਚਰ ਨਾਲ ਸਬੰਧਿਤ ਜ਼ਰੂਰਤਾਂ ਬਾਰੇ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਨ੍ਹਾਂ ਦੇ ਲਈ ਬਰੈਂਪਟਨ ਵਾਸੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣ।”
ਮਨੋਰੰਜਨ ਦੀਆਂ ਸਹੂਲਤਾਂ ਲਈ ਬਰੈਂਪਟਨ ਨੂੰ ਮਿਲਣ ਵਾਲੇ ਇਨ੍ਹਾਂ ਫ਼ੰਡਾਂ ਤੋਂ ਇਲਾਵਾ ਓਨਟਾਰੀਓ ਦੇ ਪ੍ਰਾਜੈੱਕਟਾਂ ਲਈ ਗੈਸ ਟੈਕਸ ਫ਼ੰਡ ਵਿੱਚੋਂ ਹੋਰ ਰਕਮ ਖ਼ਰਚ ਕੀਤੀ ਜਾਵੇਗੀ। ਇਨ੍ਹਾਂ ਵਿਚ ਟਰਾਂਸਪੋਰਟ ਮਹਿਕਮੇ ਲਈ ਬੱਸਾਂ ਦੇ ਫਲੀਟ ਵਿਚ ਵਾਧਾ ਅਤੇ ਟੋਰਾਂਟੋ ਵਿਚ ਇਨ੍ਹਾਂ ਦੀ ਰੀਪੇਅਰ, ਬੈਰੀ ਲਈ ਹੋਰ ਬੱਸਾਂ ਦੀ ਖ਼ਰੀਦ ਅਤੇ ਸ ਸਂਟ . ਮੈਰੀ ਵਿਚ ਮੁੱਖ ਸੜਕ ਬਨਾਉਣਾ ਵੀ ਸ਼ਾਮਲ ਹੈ। ਹੋਰ ਥਾਵਾਂ ‘ਤੇ ਇਹ ਰਕਮ ਸੜਕਾਂ ਦੀ ਮੁਰੰਮਤ, ਨਵੀਆਂ ਸੜਕਾਂ ਤੇ ਪੁਲਾਂ ਦੀ ਉਸਾਰੀ ਅਤੇ ਕਮਿਊਨਿਟੀ ਦੇ ਹੋਰ ਉਸਾਰੂ ਕੰਮਾਂ ਉੱਪਰ ਖ਼ਰਚ ਕੀਤੀ ਜਾਵੇਗੀ। ਓਨਟਾਰੀਓ ਪ੍ਰੋਵਿੰਸ ਵੱਲੋਂ ਇਸ ਰਾਸ਼ੀ ਦੇ ਕੁਝ ਭਾਗ ਨਾਲ ਉੱਤਰੀ ਓਨਟਾਰੀਓ ਦੇ ਪੇਂਡੂ ਖ਼ੇਤਰਾਂ ਵਿਚ ਨਵੀਆਂ ਸੜਕਾਂ ਬਨਾਉਣ ਦੀ ਵੀ ਤਜਵੀਜ਼ ਹੈ। ਅਲਬੱਤਾ, ਵਿਉਂਤਬੱਧ ਪ੍ਰਾਜੈੱਕਟਾਂ ਨੂੰ ਇਸ ਫ਼ੰਡ ਵਿੱਚੋਂ ਵਧੇਰੇ ਹਿੱਸਾ ਮਿਲਣ ਦੀ ਆਸ ਹੈ।