ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਰਵਾਇਤੀ ਕਾਸ਼ਤਕਾਰੀ ਵੱਲ ਸਥਾਨਕ ਲੋਕ ਘੱਟ ਰੁਚਿਤ ਹੋ ਰਹੇ ਹਨ ਜਿਸ ਕਰਕੇ ਖੇਤੀਬਾੜੀ ਅਤੇ ਸਹਾਇਕ ਕਿੱਤਿਆਂ ਵਿਚ ਕਿਸਾਨਾਂ ਅਤੇ ਕਾਮਿਆਂ ਦੀ ਘਾਟ ਵੱਧ ਰਹੀ ਹੈ। ਫਾਰਮਾਂ ਵਿਚ ਡੰਗਰਾਂ ਦੀ ਦੇਖਭਾਲ਼ ਅਤੇ ਫਸਲਾਂ ਦੀ ਬਿਜਾਈ ਤੋਂ ਕਟਾਈ ਤੱਕ ਦੇ ਕੰਮਾਂ ਵਾਸਤੇ ਵਿਦੇਸ਼ੀ ਕਾਮਿਆਂ ਦੀ ਲੋੜ ਲਗਾਤਾਰ ਬਣੀ ਰਹਿੰਦੀ ਹੈ। ਅਜਿਹੇ ‘ਚ ਖਾਧ ਪਦਾਰਥਾਂ ਦੀ ਸਪਲਾਈ ਬਰਕਰਾਰ ਰੱਖਣ ਲਈ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਰਾਹੀਂ ਵਿਦੇਸ਼ਾਂ ਤੋਂ ਕਿਸਾਨਾਂ ਅਤੇ ਕਾਮਿਆਂ ਨੂੰ ਆਕਰਸ਼ਿਤ ਕਰਨਾ ਸ਼ੁਰੂ ਕੀਤਾ ਹੋਇਆ ਹੈ। ਪਰਿਵਾਰ ਸਮੇਤ ਪੱਕੀ ਇਮੀਗ੍ਰੇਸ਼ਨ ਲੈਣ ਦੇ ਮੌਕੇ ਵੀ ਦਿੱਤੇ ਜਾ ਰਹੇ ਹਨ।
ਇਮਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਇਸ ਸਾਲ ਦੇ ਅਖੀਰ ਤੋਂ ਐਗਰੀ ਫੂਡ ਪਾਇਲਟ ਪ੍ਰੋਗਰਾਮ ਵਿਚ ਕਾਮਿਆਂ ਦੇ ਪਰਿਵਾਰਾਂ ਵਾਸਤੇ ਵੀ ਓਪਨ ਵਰਕ ਪਰਮਿਟ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਵਰਕ ਪਰਮਿਟ ਵਾਸਤੇ ਲੋੜੀਂਦੇ ਕੰਮ ਦੇ ਤਜਰਬੇ ਦਾ ਸਰਟੀਫਿਕੇਟ ਕਾਮਿਆਂ ਦੀ ਯੂਨੀਅਨ ਵਲੋਂ ਦਿੱਤਾ ਜਾ ਸਕੇਗਾ। ਕੰਮ ਦਾ ਤਜਰਬਾ ਵਰਕਰ ਨੂੰ ਪੱਕੀ ਇਮੀਗ੍ਰੇਸ਼ਨ ਵਾਸਤੇ ਸਹਾਈ ਹੋਵੇਗਾ।
ਇਸੇ ਦੌਰਾਨ ਮੰਤਰੀ ਫਰੇਜਰ ਨੇ ਰਾਜਧਾਨੀ ਓਟਾਵਾ ਵਿਚ ਕੈਨੇਡਾ ਦੇ ਨਵੇਂ ਪਾਸਪੋਰਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰੱਖਿਆ ਦੇ ਪੱਖ ਤੋਂ ਦੇਸ਼ ਦੇ ਪਾਸਪੋਰਟ ਦੀ ਕਾਪੀ ਵਿਚ ਸੁਧਾਰ ਕਰਨ ਦੀ ਜਰੂਰਤ ਸੀ ਜਿਸ ਉਪਰ 2013 ਤੋਂ ਕੰਮ ਕੀਤਾ ਜਾ ਰਿਹਾ ਸੀ। ਨਕਲਾਂ ਤੋਂ ਬਚਾਅ ਵਾਸਤੇ ਨਵੇਂ ਪਾਸਪੋਰਟ ਵਿਚ ਤਕਨੀਕੀ ਤਬਦੀਲਿਆਂ ਕੀਤੀਆਂ ਗਈਆਂ ਹਨ।