Breaking News
Home / Special Story / ਕਿਸਾਨਾਂ ਤੇ ਆੜ੍ਹਤੀਆਂ ਦਾ ਰਿਸ਼ਤਾ ਨਾ ਤੋੜੇ ਕੇਂਦਰ: ਕੈਪਟਨ

ਕਿਸਾਨਾਂ ਤੇ ਆੜ੍ਹਤੀਆਂ ਦਾ ਰਿਸ਼ਤਾ ਨਾ ਤੋੜੇ ਕੇਂਦਰ: ਕੈਪਟਨ

ਦੇਸ਼ ਦੀ ਸਲਾਮਤੀ ਅਤੇ ਤਰੱਕੀ ਲਈ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਾਬਾ ਨਾਨਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਦੇ ਸੰਪੂਰਨਤਾ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਅਤੇ ਆੜ੍ਹਤੀਆਂ ਦਾ ਸੌ ਸਾਲਾ ਰਿਸ਼ਤਾ ਨਾ ਤੋੜ ਕੇ ਦੇਸ਼ ਦੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਠੋਸ ਨੀਤੀਆਂ ਬਣਾਏ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਯਤਨਸ਼ੀਲ ਹੈ, ਇਸੇ ਕਾਰਨ ਅੱਜ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਡੇਰੇ ਲਾਏ ਹਨ। ਮੁੱਖ ਮੰਤਰੀ ਨੇ ਕਿਸਾਨਾਂ ‘ਤੇ ਕੀਤੇ ਗਏ ਤਸ਼ੱਦਦ ‘ਤੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਜੇ ਕਿਸਾਨਾਂ ਨੂੰ ਐੱਮਐੱਸਪੀ ਨਾ ਦਿੱਤੀ ਗਈ ਤਾਂ ਕਿਸਾਨ ਆਰਥਿਕ ਤੌਰ ‘ਤੇ ਤਬਾਹ ਹੋ ਜਾਣਗੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੀ ਸਲਾਮਤੀ ਅਤੇ ਤਰੱਕੀ ਲਈ ਸਭ ਵਰਗਾਂ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਸਿਧਾਂਤ ਦੀ ਗੱਲ ਕਰਦਿਆਂ ਆਖਿਆ ਕਿ ਅੱਜ ਦੇਸ਼ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਸਿੱਖ ਗੁਰੂ ਸਾਹਿਬ ਦੇ ਇਸ ਸਿਧਾਂਤ ‘ਤੇ ਪਹਿਰਾ ਦੇ ਰਹੇ ਹਨ, ਜਿਸ ਨਾਲ ਸਮੁੱਚੇ ਵਿਸ਼ਵ ਵਿੱਚ ਸਿੱਖਾਂ ਨੂੰ ਸਨਮਾਨ ਮਿਲ ਰਿਹਾ ਹੈ।ਇਸ ਮੌਕੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਦੌਰਾਨ ਕਿਸਾਨਾਂ ਦੀ ਤੁਲਨਾ ਭਾਈ ਲਾਲੋ ਤੇ ਕਾਰਪੋਰੇਟ ਘਰਾਣਿਆਂ ਦੀ ਤੁਲਨਾ ਮਲਿਕ ਭਾਗੋ ਨਾਲ ਕਰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਅੱਜ ਦਿੱਲੀ ਦੀਆਂ ਸੜਕਾਂ ‘ਤੇ ਰੁਲ ਰਿਹਾ ਹੈ। ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੌਰਾਨ ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਨਗਰਾਂ ਦੀ ਨੁਹਾਰ ਬਦਲਣ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਸ ਹਲਕੇ ਵਿੱਚ ਕਈ ਇਤਿਹਾਸਕ ਪ੍ਰਾਜੈਕਟ ਸ਼ੁਰੂ ਹੋਏ ਹਨ।
ਉਨ੍ਹਾਂ ਲੰਘੇ ਸਾਲ ਕਰਤਾਰਪੁਰ ਲਾਂਘੇ ਦੌਰਾਨ ਸੂਬਾ ਸਰਕਾਰ ਦੇ ਵਿਸ਼ੇਸ਼ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਫਤਹਿਜੰਗ ਸਿੰਘ ਬਾਜਵਾ, ਬਰਜਿੰਦਰ ਸਿੰਘ ਪਾਹੜਾ ਸਮੇਤ ਹੋਰ ਵਿਧਾਇਕ ਵੀ ਹਾਜ਼ਰ ਸਨ।
ਕੈਪਟਨ ਅਮਰਿੰਦਰ ਵੱਲੋਂ ਚੌਰ ਸਾਹਿਬ ਭੇਟ
ਡੇਰਾ ਬਾਬਾ ਨਾਨਕ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਗੁਰਦੁਆਰੇ ਦੇ ਮੈਨੇਜਰ ਭਾਈ ਹਰਵਿੰਦਰ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਬਲਵੰਤ ਸਿੰਘ ਨੂੰ ਚਾਂਦੀ ਦੇ ਮੁੱਠੇ ਵਾਲਾ ਚੌਰ ਸਾਹਿਬ ਭੇਟ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਅਤੇ ਜੋਗਿੰਦਰ ਕੌਰ ਨੇ ਮੁੱਖ ਮੰਤਰੀ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਿਰੋਪੇ ਭੇਟ ਕੀਤੇ।
ਦਿੱਲੀ ਬਾਰਡਰ ‘ਤੇ ਧਰਨਾ ਲਗਾ ਕੇ ਬੈਠੇ ਪੰਜਾਬ ਦੇ ਕਿਸਾਨਾਂ ਨੇ ਸੜਕ ‘ਤੇ ਦੀਵੇ ਜਗਾ ਕੇ ਮਨਾਇਆ ਗੁਰਪੁਰਬ
ਪਾਣੀਪਤ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਪੰਜਾਬ ਸਮੇਤ ਸਮੁੱਚੀ ਦੁਨੀਆ ਵਿਚ ਉਤਸ਼ਾਹ ਨਾਲ ਮਨਾਇਆ ਗਿਆ। ਜੋ ਕਿਸਾਨ ਭਰਾ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਬਾਰਡਰ ‘ਤੇ ਧਰਨਾ ਲਗਾ ਕੇ ਬੈਠੇ ਹਨ, ਉਨ੍ਹਾਂ ਨੇ ਸੜਕ ‘ਤੇ ਹੀ ਦੀਵੇ ਜਗਾ ਕੇ ਗੁਰਪੁਰਬ ਮਨਾਇਆ।
ਪੰਜਾਬ ਦੇ ਚਾਵਲ ਤੇ ਹਰਿਆਣਾ ਦੇ ਦੁੱਧ ਨਾਲ ਬਣੀ ਖੀਰ
ਟਿਕਰੀ ਅਤੇ ਸਿੰਘੂ ਬਾਰਡਰ ‘ਤੇ ਨੈਸ਼ਨਲ ਹਾਈਵੇ ਉਤੇ ਮਾਹੌਲ ਮਿੰਨੀ ਪੰਜਾਬ ਵਰਗਾ ਹੈ। ਮਹੀਨਿਆਂ ਦਾ ਰਾਸ਼ਨ ਲੈ ਕੇ ਆਪਣਾ ਹੱਕ ਲੈਣ ਲਈ ਪਿੰਡ-ਪਿੰਡ ਤੋਂ ਕਿਸਾਨ ਪਹੁੰਚੇ ਹਨ। ਇਨ੍ਹਾਂ ਵਿਚ 11 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਸ਼ਾਮਲ ਹਨ। ਹੁਸ਼ਿਆਰਪੁਰ ਦੀ 11 ਸਾਲ ਦੀ ਗੁਰਸਿਮਰਨ ਕੌਰ ਕਿਤਾਬਾਂ ਨਾਲ ਲੈ ਕੇ ਪਹੁੰਚੀ ਹੋਈ ਹੈ ਤਾਂਕਿ ਪੜ੍ਹਾਈ ਖਰਾਬ ਨਾ ਹੋ ਸਕੇ। ਗੁਰਪੁਰਬ ਮੌਕੇ ਪੰਜਾਬ ਦੇ ਚਾਵਲ ਅਤੇ ਹਰਿਆਣਾ ਦੇ ਦੁੱਧ ਨਾਲ ਬਣੀ ਖੀਰ ਦਾ ਪ੍ਰਸਾਦ ਵੰਡਿਆ ਗਿਆ।
ਪ੍ਰਸ਼ਾਂਤ ਭੂਸ਼ਣ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਸ਼ਲਾਘਾ
ਡੇਰਾ ਬਾਬਾ ਨਾਨਕ : ਸਮਾਜਿਕ ਕਾਰਕੁਨ ਅਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਡੇਰਾ ਬਾਬਾ ਨਾਨਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਦਿਹਾੜੇ ਮੌਕੇ ਸੂਬਾ ਸਰਕਾਰ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਮੱਥਾ ਲਾਉਣ ਦੇ ਦ੍ਰਿੜ ਇਰਾਦਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਮੱਥਾ ਲਾਉਣ ਲਈ ਅੱਜ ਕੋਈ ਵੀ ਸੂਬਾ ਸਰਕਾਰ, ਰਾਜਨੀਤਕ ਆਗੂ ਜਾਂ ਸਮਾਜਿਕ ਕਾਰਕੁਨ ਸੌ ਵਾਰ ਸੋਚਣਗੇ ਪਰ ਗੁਰੂ ਨਾਨਕ ਦੀ ਸਿੱਖਿਆ ‘ਤੇ ਚੱਲ ਕੇ ਕਿਸਾਨਾਂ ਨੇ ਇਹ ਕਾਰਜ ਕਰਕੇ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਨੂੰ ਵੰਗਾਰਿਆ ਸੀ। ਭੂਸ਼ਣ ਨੇ ਕਿਹਾ ਕਿ ਉਹ ਆਪ ਭਾਵੇਂ ਸਿੱਖ ਨਹੀਂ ਪਰ ਉਨ੍ਹਾਂ ਦੀ ਪਤਨੀ ਸਿੱਖ ਪਰਿਵਾਰ ਵਿਚੋਂ ਹੈ। ਇਸ ਲਈ ਉਨ੍ਹਾਂ ਨੇ ਪਤਨੀ ਕੋਲੋਂ ਸਿੱਖਾਂ ਦੀਆਂ ਨਾ-ਇਨਸਾਫੀ ਵਿਰੁੱਧ ਡਟਣ ਦੀਆਂ ਕਈ ਮਿਸਾਲਾਂ ਸੁਣੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਅਸਿੱਧੇ ਲਾਭ ਪਹੁੰਚਾਉਣ ਲਈ ਧੱਕੇ ਨਾਲ ਈਨ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪੰਜਾਬ ਦੇ ਕਿਸਾਨਾਂ ਨੇ ਜਿਸ ਤਰ੍ਹਾਂ ਦਿੱਲੀ ਵੱਲ ਜਾਣ ਦੌਰਾਨ ਅਨੇਕਾਂ ਅੜਿੱਕੇ ਪਾਰ ਕੀਤੇ ਹਨ, ਉਹ ਕੋਈ ਛੋਟੀ ਗੱਲ ਨਹੀਂ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲੰਗਰ ਪ੍ਰਥਾ ਚਲਾਉਣ ਅਤੇ ਅੱਜ ਸਿੱਖਾਂ ਵੱਲੋਂ ਇਸ ਪ੍ਰਥਾ ਨੂੰ ਪੰਜਾਬ ਤੋਂ ਭਾਰਤ ਅਤੇ ਹੁਣ ਵਿਸ਼ਵ ਵਿੱਚ ਲਿਜਾਣ ਦੀ ਸ਼ਲਾਘਾ ਕੀਤੀ।

Check Also

ਅਜੈ ਮਿਸ਼ਰਾ ਦੀ ਗ੍ਰਿਫ਼ਤਾਰੀ ਲਈ ਕਿਸਾਨਾਂ ਵੱਲੋ ਦੇਸ਼ ਭਰ ‘ਚ ਰੋਸ ਮੁਜ਼ਾਹਰੇ

ਦਿੱਲੀ ਮੋਰਚੇ ਦੇ 11 ਮਹੀਨੇ ਮੁਕੰਮਲ – ਮੋਦੀ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ ਨਵੀਂ …