Breaking News
Home / Special Story / ਹਰਿਆਣਾ ਪੁਲਿਸ ਦੇ ਲਾਠੀਚਾਰਜ ਦਾ ਸ਼ਿਕਾਰ ਕਿਸਾਨ ਸੁਸ਼ੀਲ ਕੁਮਾਰ ਹੋਇਆ ਸ਼ਹੀਦ

ਹਰਿਆਣਾ ਪੁਲਿਸ ਦੇ ਲਾਠੀਚਾਰਜ ਦਾ ਸ਼ਿਕਾਰ ਕਿਸਾਨ ਸੁਸ਼ੀਲ ਕੁਮਾਰ ਹੋਇਆ ਸ਼ਹੀਦ

ਹਰਿਆਣਾ ਅਤੇ ਪੰਜਾਬ ‘ਚ ਕੇਂਦਰ ਅਤੇ ਖੱਟਰ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ
ਚੰਡੀਗੜ੍ਹ : ਕਰਨਾਲ (ਹਰਿਆਣਾ) ਦੇ ਬਸਤਾੜਾ ਟੌਲ ਪਲਾਜ਼ਾ ‘ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਘਟਨਾ ਤੋਂ ਬਾਅਦ ਕਿਸਾਨ ਸੁਸ਼ੀਲ ਕੁਮਾਰ (50) ਵਾਸੀ ਪਿੰਡ ਰਾਏਪੁਰ ਜਟਾਨ, ਜ਼ਿਲ੍ਹਾ ਕਰਨਾਲ ਸ਼ਹੀਦ ਹੋ ਗਿਆ। ਉਸਦੀ ਮ੍ਰਿਤਕ ਦੇਹ ਦਾ ਐਤਵਾਰ ਨੂੰ ਦੁਪਹਿਰ ਸਮੇਂ ਸਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ। ਕਿਸਾਨਾਂ ਨੇ ਸੁਸ਼ੀਲ ਕੁਮਾਰ ਦੀ ਮੌਤ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿਚ ਕੇਂਦਰ ਸਰਕਾਰ ਖਿਲਾਫ ਕੰਮ ਕੇ ਰੋਸ਼ ਪ੍ਰਦਰਸ਼ਨ ਕੀਤੇ। ਸ਼ਹੀਦ ਸੁਸ਼ੀਲ ਕੁਮਾਰ ਡੇਢ ਏਕੜ ਜ਼ਮੀਨ ਦਾ ਮਾਲਕ ਸੀ। ਉਸ ਦੇ ਘਰ ਵਿੱਚ ਇਕ ਲੜਕਾ ਅਤੇ ਇਕ ਲੜਕੀ ਹਨ। ਦੋਹਾਂ ਦਾ ਵਿਆਹ ਹੋ ਚੁੱਕਾ ਹੈ। ਸੁਸ਼ੀਲ ਕੁਮਾਰ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 9 ਮਹੀਨਿਆਂ ਤੋਂ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਂਦਾ ਆ ਰਿਹਾ ਸੀ ਅਤੇ ਬਸਤਾੜਾ ਟੌਲ ਪਲਾਜ਼ਾ ‘ਤੇ ਪੁਲਿਸ ਲਾਠੀਚਾਰਜ ਸਮੇਂ ਵੀ ਹਾਜ਼ਰ ਸੀ। ਉਸ ਨੂੰ ਪੁਲਿਸ ਨੇ ਕਈ ਡਾਂਗਾਂ ਮਾਰੀਆਂ ਸਨ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਬੈਂਸ ਨੇ ਕਿਹਾ ਕਿ ਲਾਠੀਚਾਰਜ ਤੋਂ ਬਾਅਦ ਸੁਸ਼ੀਲ ਕੁਮਾਰ ਘਰ ਚਲਾ ਗਿਆ ਸੀ ਤੇ ਦੇਰ ਰਾਤ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸਦੀ ਜਾਨ ਚਲੇ ਗਈ। ਕਿਸਾਨ ਆਗੂਆਂ ਨੇ ਪੀੜਤ ਪਰਿਵਾਰ ਲਈ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਕਰਨਾਲ ‘ਚ ਪੁਲਿਸ ਲਾਠੀਚਾਰਜ ਤੋਂ ਬਾਅਦ ਜਾਨ ਗੁਆਉਣ ਵਾਲੇ ਕਿਸਾਨ ਸੁਸ਼ੀਲ ਕੁਮਾਰ ਨੂੰ ਸ਼ਰਧਾਂਜਲੀ ਦੇਣ ਲਈ ਕਿਸਾਨ ਜਥੇਬੰਦੀਆਂ ਨੇ ਹਿਸਾਰ ਵਿੱਚ ਕੈਂਡਲ ਮਾਰਚ ਕੀਤਾ ਤੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ। ਕਿਸਾਨ ਆਗੂਆਂ ਨੇ ਲਾਠੀਚਾਰਜ ਦਾ ਫਰਮਾਨ ਜਾਰੀ ਕਰਨ ਵਾਲੇ ਆਈਏਐੱਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕਿਸਾਨਾਂ ‘ਤੇ ਲਾਠੀਚਾਰਜ ਦੀ ਕੀਤੀ ਨਿੰਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਲਈ ਹਰਿਆਣਾ ਦੇ ਮੁੱਖ ਮੰਤਰੀ ਦੀ ਕਰੜੀ ਆਲੋਚਨਾ ਕੀਤੀ ਹੈ। ਕੈਪਟਨ ਨੇ ਕਿਹਾ ਕਿ ਖੱਟਰ ਸਰਕਾਰ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਨ ਲਈ ਇੱਕ ਵਾਰ ਫਿਰ ਜਾਣਬੁੱਝ ਕੇ ਤਾਕਤ ਦੀ ਅੰਨ੍ਹੇਵਾਹ ਵਰਤੋਂ ਕੀਤੀ ਹੈ। ਮੁੱਖ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਮੁਆਫ਼ੀ ਮੰਗਣ ਤੇ ਜ਼ਖਮੀ ਹੋਏ ਕਿਸਾਨਾਂ ਦੀ ਸਹਾਇਤਾ ਕਰਨ ਲਈ ਕਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਜਪਾ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਤੇ ਹੋਰਨਾਂ ਸੂਬਿਆਂ ਵਿੱਚ ਗੰਭੀਰ ਸਿੱਟੇ ਭੁਗਤਣੇ ਪੈਣਗੇ। ਮੁੱਖ ਮੰਤਰੀ ਨੇ ਕਿਸਾਨਾਂ ਦੀ ਕੁੱਟਮਾਰ ਕਰਨ ਦਾ ਨਿਰਦੇਸ਼ ਦੇਣ ਵਾਲੇ ਆਈਏਐੱਸ ਅਧਿਕਾਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।
‘ਕਿਸਾਨਾਂ ਦਾ ਸਿਰ ਪਾੜਨ’ ਦਾ ਹੁਕਮ ਦੇਣ ਵਾਲੇ ਅਧਿਕਾਰੀ ਖਿਲਾਫ ਵਧਿਆ ਗੁੱਸਾ
ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਨੇ ਕਰਨਾਲ ਵਿੱਚ ਕਿਸਾਨਾਂ ‘ਤੇ ਕੀਤੇ ਗਏ ਲਾਠੀਚਾਰਜ ਖ਼ਿਲਾਫ਼ ਨੂਹ ਵਿੱਚ ਕਿਸਾਨ ਮਹਾਪੰਚਾਇਤ ਕੀਤੀ। ਮਹਾਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਦਰਸ਼ਨਪਾਲ ਤੇ ਜੋਗਿੰਦਰ ਸਿੰਘ ਉਗਰਾਹਾਂ ਸਣੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ ਜਿਨ੍ਹਾਂ ਨੇ ਪੁਲਿਸ ਦੇ ਲਾਠੀਚਾਰਜ ਅਤੇ ਆਈਏਐੱਸ ਅਧਿਕਾਰੀ ਵੱਲੋਂ ਕਿਸਾਨਾਂ ਲਈ ਵਰਤੀ ਗਈ ਸ਼ਬਦਾਵਲੀ ਦੀ ਨਿੰਦਾ ਕੀਤੀ। ਕਿਸਾਨ ਆਗੂਆਂ ਨੇ ਅਧਿਕਾਰੀ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਵਿੱਚ ਤਾਲਿਬਾਨ ਵਰਗੀ ਸਰਕਾਰ ਕਾਬਜ਼ ਹੈ ਜੋ ਕਿਸੇ ਦੀ ਸੁਣਨ ਦੀ ਥਾਂ ਆਪਣੇ ਕਾਨੂੰਨ ਅਤੇ ਆਦੇਸ਼ ਥੋਪਣ ਲੱਗੀ ਹੋਈ ਹੈ। ਤਾਲਿਬਾਨ ਵਰਗੀ ਸਰਕਾਰ ਵਿੱਚ ਅਜਿਹੇ ਆਈਏਐੱਸ ਅਧਿਕਾਰੀ ਵੀ ਸਰਕਾਰ ਦੇ ਕਮਾਂਡਰ ਵਾਂਗ ਕੰਮ ਕਰ ਰਹੇ ਹਨ ਜਿਨ੍ਹਾਂ ਵੱਲੋਂ ਦੇਸ਼ ਦੇ ਅੰਨਦਾਤੇ ਦਾ ‘ਸਿਰ ਪਾੜ ਦਿਓ’ ਵਰਗੇ ਆਦੇਸ਼ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸੋਚ ਵਾਲੇ ਅਧਿਕਾਰੀਆਂ ਨੂੰ ਨਕਸਲਵਾਦ ਵਰਗੇ ਇਲਾਕੇ ‘ਚ ਤਾਇਨਾਤ ਕਰ ਦੇਣਾ ਚਾਹੀਦਾ ਹੈ। ਯੋਗੇਂਦਰ ਯਾਦਵ ਨੇ ਕਿਹਾ ਕਿ ਭਾਜਪਾ ਵੱਲੋਂ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਿਸਾਨ ਆਪਣੇ ਹੱਕਾਂ ਲਈ ਲੜਾਈ ਲੜ ਰਿਹਾ ਹੈ ਜੋ ਸਰਕਾਰ ਦੀਆਂ ਅਜਿਹੀਆਂ ਚਾਲਾਂ ਤੋਂ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲੰਘੇ ਦਿਨ ਕਿਸਾਨ ਜਥੇਬੰਦੀਆਂ ਦੇ ਇਕੱਠ ਨੇ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਲਿਆ ਦਿੱਤਾ। ਹੁਣ ਲੋੜ ਹੈ 5 ਸਤੰਬਰ ਨੂੰ ਮੁਜ਼ੱਫਰਨਗਰ ‘ਕਿਸਾਨ ਮਹਾਪੰਚਾਇਤ’ ਨੂੰ ਕਾਮਯਾਬ ਕਰਨ ਦੀ। ਉਨ੍ਹਾਂ ਨੇ ਸਾਰਿਆਂ ਨੂੰ ਵੱਡੀ ਗਿਣਤੀ ਵਿੱਚ ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ਵਿੱਚ ਪਹੁੰਚਣ ਦੀ ਅਪੀਲ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ ਸਣੇ ਦੇਸ਼ ਭਰ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਸੰਘਰਸ਼ ਕਰ ਰਹੇ ਹਨ।
ਕਿਸਾਨਾਂ ‘ਤੇ ਲਾਠੀਚਾਰਜ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਿੱਲੀ ਨੂੰ ਦੱਖਣੀ ਹਰਿਆਣਾ ਵਾਲੇ ਪਾਸੇ ਤੋਂ ਘੇਰਿਆ ਜਾਵੇਗਾ ਜਿਸ ਨਾਲ ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਇਕੱਠ ਬਾਰੇ ਪਤਾ ਲੱਗ ਸਕੇ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਮੋਰਚਿਆਂ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਧਰਨਿਆਂ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਕਿਸਾਨਾਂ ਖ਼ਿਲਾਫ਼ ਹੁਕਮ ਦੇਣ ਵਾਲੇ ਅਧਿਕਾਰੀ ‘ਤੇ ਕਾਰਵਾਈ ਹੋਵੇਗੀ: ਦੁਸ਼ਿਅੰਤ
ਚੰਡੀਗੜ੍ਹ : ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਰਨਾਲ ਵਿੱਚ ਹੋਏ ਲਾਠੀਚਾਰਜ ਦੌਰਾਨ ਆਈਏਐੱਸ ਅਧਿਕਾਰੀ ਵੱਲੋਂ ‘ਕਿਸਾਨਾਂ ਦੇ ਸਿਰ ਭੰਨ ਦਿਓ’ ਵਰਗੀ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਲਈ ਅਜਿਹੀ ਸ਼ਬਦਾਵਲੀ ਦੀ ਵਰਤਣ ਵਾਲੇ ਅਧਿਕਾਰੀ ਖ਼ਿਲਾਫ਼ ਕਾਰਵਾਈ ਹੋਵੇਗੀ।
ਸ਼ਿਵ ਸੈਨਾ ਨੇ ਹਰਿਆਣਾ ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਨੂੰ ਦੱਸਿਆ ‘ਦੂਜਾ ਜੱਲ੍ਹਿਆਂਵਾਲਾ ਬਾਗ ਕਾਂਡ’
ਮੁੰਬਈ : ਸ਼ਿਵ ਸੈਨਾ ਨੇ ਹਰਿਆਣਾ ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਨੂੰ ‘ਦੂਜਾ ਜੱਲ੍ਹਿਆਂਵਾਲਾ ਬਾਗ’ ਕਾਂਡ ਕਰਾਰ ਦਿੱਤਾ ਅਤੇ ਕਿਹਾ ਕਿ ਐੱਮਐੱਲ ਖੱਟਰ ਸਰਕਾਰ ਨੂੰ ਹੁਣ ਸੱਤਾ ‘ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਦੀ ਸੰਪਾਦਕੀ ‘ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮ੍ਰਿਤਸਰ ‘ਚ ਨਵੀਨੀਕਰਨ ਮਗਰੋਂ ਜੱਲ੍ਹਿਆਂਵਾਲਾ ਬਾਗ ਦਾ ਉਦਘਾਟਨ ਕਰ ਰਹੇ ਸੀ ਤਾਂ ਹਰਿਆਣਾ ‘ਚ ਦੂਜਾ ਜੱਲ੍ਹਿਆਂਵਾਲਾ ਕਾਂਡ ਹੋ ਰਿਹਾ ਸੀ। ਸੰਪਾਦਕੀ ‘ਚ ਕਿਹਾ ਗਿਆ, ‘ਸਰਕਾਰ ਵੱਲੋਂ ਬੀਜੇ ਗਏ ਜ਼ੁਲਮ ਦੇ ਬੀਜ ਖੱਟੇ ਫਲ ਹੀ ਦੇਣਗੇ। ਇਹ ਪੱਕਾ ਹੈ ਕਿ ਮਨੋਹਰ ਲਾਲ ਖੱਟਰ ਦੀ ਸਰਕਾਰ ਨੂੰ ਸੱਤਾ ‘ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।’ ਕਿਹਾ ਗਿਆ ਕਿ ਲਾਠੀਚਾਰਜ ਦੀ ਘਟਨਾ ਭਾਰਤ ਦੇ ਕਿਸਾਨਾਂ ਨੂੰ ਬਗਾਵਤ ਕਰਨ ਲਈ ਭੜਕਾ ਸਕਦੀ ਹੈ ਅਤੇ ਉਹ ਕਿਸਾਨਾਂ ਦੇ ਡੁੱਲੇ ਖੂਨ ਦੇ ਇੱਕ-ਇੱਕ ਕਤਰੇ ਦਾ ਬਦਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ‘ਚ ਕਿਸਾਨਾਂ ਦੇ ਸਿਰ ‘ਤੇ ਡਾਂਗਾਂ ਮਾਰੀਆਂ ਗਈਆਂ ਕਿਉਂਕਿ ਉਹ ਮੁੱਖ ਮੰਤਰੀ ਖੱਟਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਇੱਕ ਕੇਂਦਰੀ ਮੰਤਰੀ ਜਿਸ ਨੇ ਮੁੱਖ ਮੰਤਰੀ ਖਿਲਾਫ ਬਿਆਨ ਦਿੱਤਾ ਅਤੇ ਜਦੋਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਤਾਂ ਰਾਜ ਸਰਕਾਰ ਨੂੰ ਅਸਹਿਣਸ਼ੀਲ ਕਿਹਾ ਗਿਆ। ਸੰਪਾਦਕੀ ‘ਚ ਕਿਹਾ ਗਿਆ ਕਿ ਕਿਸਾਨ ਪਿਛਲੇ ਕਰੀਬ ਇੱਕ ਸਾਲ ਤੋਂ ਦਿੱਲੀ ਨੇੜੇ ਗਾਜ਼ੀਪੁਰ ਹੱਦ ‘ਤੇ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ, ਖੇਤੀ ਦਾ ਨਿੱਜੀਕਰਨ ਰੋਕਣ, ਏਪੀਐੱਮਸੀ ਨੂੰ ਚੋਣਵੇਂ ਕਾਰਪੋਰੇਟਾਂ ਵੱਲੋਂ ਅਧੀਨ ਲੈਣ ਤੋਂ ਰੋਕਣ, ਐੱਮਐੱਸਪੀ ਕਾਨੂੰਨ ਸਬੰਧੀ ਰੋਸ ਜ਼ਾਹਿਰ ਕਰ ਰਹੇ ਹਨ।
ਖੱਟਰ ਦੇ ਪੰਜਾਬ ‘ਚ ਵੀ ਫੂਕੇ ਪੁਤਲੇ
ਜਲੰਧਰ : ਕਿਸਾਨਾਂ ਉੱਤੇ ਕੀਤੇ ਗਏ ਲਾਠੀਚਾਰਜ ਦਾ ਪੰਜਾਬ ‘ਚ ਤਿੱਖਾ ਵਿਰੋਧ ਕੀਤਾ ਗਿਆ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੁਤਲੇ ਫੂਕੇ ਗਏ। ਦੋਆਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਖੱਟਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਜਲੰਧਰ ‘ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਦੋਆਬਾ, ਕੰਢੀ ਕਿਸਾਨ ਸੰਘਰਸ਼ ਕਮੇਟੀ ਤੇ ਹੋਰ ਕਿਸਾਨ ਜਥੇਬੰਦੀਆਂ ਨੇ ਇਕਜੁੱਟ ਹੁੰਦਿਆਂ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਵੱਲੋਂ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਗਟਾ ਰਹੇ ਕਿਸਾਨਾਂ ‘ਤੇ ਅੰਨ੍ਹੇਵਾਹ ਡਾਂਗਾਂ ਵਰ੍ਹਾਉਣ ਦੀ ਸਖ਼ਤ ਨਿਖੇਧੀ ਕੀਤੀ।
ਕਿਸਾਨਾਂ ‘ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਪੁਲਿਸ ਇੰਸਪੈਕਟਰ ਦਾ ਜੱਦੀ ਪਿੰਡ ਵਾਸੀਆਂ ਵੱਲੋਂ ਬਾਈਕਾਟ
ਚੰਡੀਗੜ੍ਹ : ਕਰਨਾਲ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਇੰਸਪੈਕਟਰ ਹਰਜਿੰਦਰ ਸਿੰਘ ਖਹਿਰਾ ਦਾ ਉਸੇ ਦੇ ਪਿੰਡ ਦੇ ਹੀ ਲੋਕਾਂ ਨੇ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਕਿਸੇ ਵੀ ਪਿੰਡ ਵਾਲੇ ਨੂੰ ਪੁਲਿਸ ਅਧਿਕਾਰੀ ਦੇ ਪਰਿਵਾਰ ਨਾਲ ਸੰਪਰਕ ਨਾ ਰੱਖਣ ਦੀ ਅਪੀਲ ਕੀਤੀ ਗਈ ਹੈ। ੲਹ ਫ਼ੈਸਲਾ ਇਸਮਾਈਲਾਬਾਦ ਦੇ ਪਿੰਡ ਲੁੱਖੀ ਦੇ ਵਸਨੀਕਾਂ ਨੇ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਪੁਲਿਸ ਅਧਿਕਾਰੀ ਦਾ ਵੀ ਹਰ ਥਾਂ ‘ਤੇ ਵਿਰੋਧ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਬੈਂਸ ਨੇ ਦੱਸਿਆ ਕਿ ਇਹ ਫ਼ੈਸਲਾ ਪਿੰਡ ਵਾਸੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ ਲਿਆ ਗਿਆ ਹੈ।
ਟਿਕਰੀ ਮੋਰਚੇ ‘ਤੇ ਸ਼ਹੀਦ ਕਿਸਾਨ ਸੁਸ਼ੀਲ ਕਾਜਲ ਨੂੰ ਸ਼ਰਧਾਂਜਲੀ ਭੇਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਰਨਾਲ ਵਿਚ ਲਾਠੀਚਾਰਜ ਦੌਰਾਨ ਸ਼ਹੀਦ ਹੋਏ ਕਿਸਾਨ ਸੁਸ਼ੀਲ ਕਾਜਲ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਤੇਜ਼ ਹੋ ਰਿਹਾ ਹੈ।
ਕਾਰਪੋਰੇਟ ਘਰਾਣੇ ਤੇ ਉਨ੍ਹਾਂ ਦੀਆਂ ਝੋਲੀ ਚੁੱਕ ਹਾਕਮ ਜਮਾਤੀ ਵੋਟ ਪਾਰਟੀਆਂ ਕਿਸਾਨਾਂ ਨੂੰ ਕੁਝ ਦੇਣ ਦੀ ਬਜਾਏ ਬੌਖਲਾਹਟ ਵਿੱਚ ਆ ਕੇ ਕਿਸਾਨਾਂ ਤੇ ਅੰਨ੍ਹਾ ਤਸ਼ੱਦਦ ਕਰਨ ਦੇ ਰਾਹ ਪਈਆਂ ਹੋਈਆਂ ਹਨ। ਇਸ ਦੀ ਮਿਸਾਲ 28 ਅਗਸਤ ਨੂੰ ਹਰਿਆਣੇ ਦੇ ਕਰਨਾਲ ਜ਼ਿਲ੍ਹੇ ਦੇ ਨੇੜੇ ਬਸਤਾੜਾ ਟੌਲ ਪਲਾਜ਼ੇ ਤੇ ਕਿਸਾਨਾਂ ‘ਤੇ ਕੀਤੇ ਲਾਠੀਚਾਰਜ ਹੈ। ਉਨ੍ਹਾਂ ਕਿਹਾ ਕਿ ਉੱਥੇ ਕਿਸਾਨ ਇਕੱਠੇ ਹੋ ਰਹੇ ਸਨ ਜਿਨ੍ਹਾਂ ਨੂੰ ਭਿਣਕ ਪਈ ਸੀ ਕਿ ਕਰਨਾਲ ਦੇ ਵਿੱਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਹੋ ਰਹੀ ਹੈ।
ਬਸਤਾੜਾ ਟੌਲ ਪਲਾਜ਼ਾ ‘ਤੇ ਅਜੇ ਥੋੜ੍ਹੀ ਗਿਣਤੀ ਵਿੱਚ ਵਿਰੋਧ ਕਰਨ ਲਈ ਕਿਸਾਨ ਇਕੱਠੇ ਹੋਏ ਹੀ ਸਨ ਤੇ ਬਾਕੀ ਦੂਰ ਦੁਰਾਡੇ ਬੈਰੀਕੇਡ ਲਾ ਕੇ ਰੋਕ ਲਏ ਗਏ। ਟੋਲ ਪਲਾਜ਼ਾ ‘ਤੇ ਐੱਸਡੀਐੱਮ ਦੇ ਹੁਕਮਾਂ ‘ਤੇ ਕਿਸਾਨਾਂ ਉੱਤੇ ਵਹਿਸ਼ੀਆਣਾ ਤਰੀਕੇ ਨਾਲ ਲਾਠੀਚਾਰਜ ਕੀਤਾ ਗਿਆ। ਇਸ ਕਾਰਨ ਵੱਡੀ ਗਿਣਤੀ ਕਿਸਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਤੇ ਇਕ ਡੇਢ ਕਿੱਲੇ ਦੇ ਮਾਲਕ ਕਿਸਾਨ ਸੁਸ਼ੀਲ ਕੁਮਾਰ ਕਾਜਲ ਦੀ ਜ਼ਖ਼ਮੀ ਹੋਣ ਮਗਰੋਂ ਹਸਪਤਾਲ ਵਿੱਚ ਮੌਤ ਹੋ ਗਈ।
ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨਾਂ ‘ਤੇ ਲਾਠੀਚਾਰਜ ਕਰ ਕੇ ਸਿਰ ਪਾੜਨ ਦਾ ਹੁਕਮ ਦੇਣ ਵਾਲੇ ਐਸਡੀਐਮ ਅਤੇ ਸਿਰ ਪਾੜਨ ਵਾਲੇ ਪੁਲਿਸ ਅਧਿਕਾਰੀਆਂ ‘ਤੇ 302 , 307 ਦੇ ਕੇਸ ਦਰਜ ਕਰ ਕੇ ਨੌਕਰੀ ਤੋਂ ਬਰਖਾਸਤ ਕਰਿਆ ਜਾਵੇ।
ਪੰਜਾਬ ਦੇ ਸੰਘਰਸ਼ੀ ਅਖਾੜਿਆਂ ‘ਤੇ ਸੁਸ਼ੀਲ ਕਾਜਲ ਨੂੰ ਸ਼ਰਧਾਂਜਲੀ
ਕਿਸਾਨਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ : ਕਿਸਾਨ ਆਗੂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਰੀਬ ਗਿਆਰਾਂ ਮਹੀਨਿਆਂ ਤੋਂ ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਣੇ ਸਵਾ ਸੌ ਤੋਂ ਥਾਵਾਂ ‘ਤੇ ਜਾਰੀ ਧਰਨਿਆਂ ਦੌਰਾਨ ਕਰਨਾਲ ਲਾਠੀਚਾਰਜ ਕਾਰਨ ਸ਼ਹੀਦ ਹੋਏ ਹਰਿਆਣਾ ਦੇ ਕਿਸਾਨ ਸੁਸ਼ੀਲ ਕਾਜਲ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ।
ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਵੰਗਾਰਿਆ ਹੈ। ਕਿਸਾਨ ਜਥੇਬੰਦੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪੁਲਿਸ ਤਸ਼ੱਦਦ ਦੀ ਪੈਰਵੀ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਨੇ ਵੀ ਆਪਣੇ ਗੁਨਾਹਾਂ ‘ਤੇ ਪਰਦਾ ਪਾਉਣ ਲਈ ਆਜ਼ਾਦੀ ਸੰਗਰਾਮੀਆਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਇਆ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਤਿਹਾਸ ਨੇ ਅੰਗਰੇਜ਼ਾਂ ਦੇ ਜ਼ੁਲਮ ਨੂੰ ਨਹੀਂ ਭੁਲਾਇਆ, ਉਸੇ ਤਰ੍ਹਾਂ ਭਾਜਪਾ ਵੱਲੋਂ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਵਰਤੇ ਜਾ ਰਹੇ ਹੱਥਕੰਡੇ ਇਤਿਹਾਸ ਦਾ ਪੰਨਾ ਬਣ ਕੇ ਭਾਜਪਾ ਦੇ ਖੂਨੀ ਰਾਜ ਦੀ ਜਾਣਕਾਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣਗੇ।
ਬੁਲਾਰਿਆਂ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਸੋਚੀ-ਸਮਝੀ ਸਾਜਿਸ਼ ਤਹਿਤ ਕਿਸਾਨਾਂ ‘ਤੇ ਕੀਤੇ ਗਏ ਇਸ ਵਹਿਸ਼ੀ ਕਾਰੇ ਦਾ ਕਿਸਾਨਾਂ ਨੇ ਹੁਣ ਤੱਕ ਜ਼ਾਬਤੇ ਵਿੱਚ ਰਹਿ ਕੇ ਢੁੱਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਭਾਜਪਾ ਅਤੇ ਇਸ ਦੇ ਜੋਟੀਦਾਰ ਪੂੰਜੀਪਤੀ ਘਰਾਣਿਆਂ ਖਿਲਾਫ ਅਜਿਹਾ ਸੰਘਰਸ਼ ਵਿੱਢਿਆ ਜਾਵੇਗਾ ਕਿ ਮੋਦੀ ਸਰਕਾਰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋ ਜਾਵੇਗੀ।
ਸੰਯੁਕਤ ਕਿਸਾਨ ਮੋਰਚੇ ਨੇ ਐੱਸਡੀਐੱਮ ਦੀ ਬਰਖ਼ਾਸਤੀ ਮੰਗੀ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਐੱਮਡੀਐੱਮ ਆਯੂਸ਼ ਸਿਨਹਾ ਦੇ ਬਚਾਅ ਵਿੱਚ ਆਉਣ ਦੀ ਸਖ਼ਤ ਨਿਖੇਧੀ ਕੀਤੀ ਹੈ। ਮੋਰਚੇ ਨੇ ਕਿਹਾ ਕਿ ਸੱਤਿਆ ਪਾਲ ਮਲਿਕ ਵਰਗੇ ਆਗੂਆਂ ਸਮੇਤ ਹੋਰ ਭਾਜਪਾਈ ਵੀ ਐੱਸਡੀਐੱਮ ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਜੇ ਹਰਿਆਣਾ ਸਰਕਾਰ ਐੱਸਡੀਐੱਮ ਨੂੰ ਬਰਖ਼ਾਸਤ ਨਹੀਂ ਕਰਦੀ ਤਾਂ ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਅਧਿਕਾਰੀ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਸੀ। ਬਲਬੀਰ ਸਿੰਘ ਰਾਜੇਵਾਲ ਤੇ ਜੋਗਿੰਦਰ ਸਿੰਘ ਉਗਰਾਹਾਂ ਮੁਤਾਬਕ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੂਬੇ ਦੇ ਮੁੱਖ ਮੰਤਰੀ ਵਹਿਸ਼ੀ ਤੇ ਗੈਰ-ਕਾਨੂੰਨੀ ਨਿਰਦੇਸ਼ਾਂ ਨੂੰ ਸਿਰਫ ਸ਼ਬਦਾਂ ਦੀ ਗਲਤ ਚੋਣ ਦੱਸ ਰਹੇ ਹਨ।
ਆਗੂਆਂ ਨੇ ਪ੍ਰਸ਼ਾਸਨ ਦੀ ਕਾਰਵਾਈ ਨੂੰ ਵੀ ਸ਼ਰਮਨਾਕ ਕਰਾਰ ਦਿੱਤਾ, ਜਿਨ੍ਹਾਂ 100 ਪ੍ਰਦਰਸ਼ਨਕਾਰੀ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ, ਕੇਂਦਰ ਸਰਕਾਰ ਦੀ ਕਠਪੁਤਲੀ ਵਜੋਂ ਕੰਮ ਕਰ ਰਹੀ ਹੈ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਪ੍ਰਤੀ ਸ਼ੁਰੂ ਤੋਂ ਹੀ ਵਹਿਸ਼ੀ ਬਣੀ ਹੋਈ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਕਿਸਾਨਾਂ ਪ੍ਰਤੀ ਰਵੱਈਆ ਦੇਖ ਕੇ ਮੋਰਚੇ ਨੇ ਭਾਜਪਾ ਤੇ ਸਹਿਯੋਗੀ ਪਾਰਟੀ ਦੇ ਆਗੂਆਂ ਨੂੰ ਕਾਲੇ ਝੰਡੇ ਦਿਖਾਉਣ ਦਾ ਐਲਾਨ ਕੀਤਾ ਸੀ।
ਅਜਿਹਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਯੁਧਵੀਰ ਸਿੰਘ ਨੇ ਦੱਸਿਆ ਕਿ ਉੱਤਰਾਖੰਡ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਸੂਬਾ ਪੱਧਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸੂਬੇ ਦੀਆਂ ਕਾਫੀ ਕਿਸਾਨ ਜਥੇਬੰਦੀਆਂ ਨੇ ਇਸ ਕਮੇਟੀ ‘ਚ ਸ਼ਮੂਲੀਅਤ ਕੀਤੀ ਹੈ।
ਲਾਠੀਚਾਰਜ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਖਿਲਾਫ 6 ਸਤੰਬਰ ਤੱਕ ਕਾਰਵਾਈ ਮੰਗੀ
ਕਰਨਾਲ : ਹਰਿਆਣਾ ਦੇ ਘਰੌਂਡਾ ਵਿਚ ਕਿਸਾਨ ਸੰਗਠਨਾਂ ਦੇ ਇਕੱਠ ‘ਚ ਕਿਸਾਨ ਆਗੂਆਂ ਨੇ ਸਰਕਾਰ ਨੂੰ ਲਾਠੀਚਾਰਜ ਮਾਮਲੇ ਵਿਚ ਕਾਰਵਾਈ ਲਈ ਛੇ ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਕਿਸਾਨ ਨੇਤਾਵਾਂ ਨੇ 3 ਮੁੱਖ ਮੰਗਾਂ ਰੱਖੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਾਠੀਚਾਰਜ ਤੋਂ ਬਾਅਦ ਜਾਨ ਗੁਆਉਣ ਵਾਲੇ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਜੋ ਕਿਸਾਨ ਜ਼ਖ਼ਮੀ ਹੋਏ ਹਨ, ਉਨ੍ਹਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਜਾਵੇ। ਇਸ ਦੇ ਨਾਲ ਹੀ ਲਾਠੀਚਾਰਜ ਲਈ ਜ਼ਿੰਮੇਵਾਰ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਜਿਨ੍ਹਾਂ ਵਾਹਨਾਂ ਦੀ ਪੁਲਿਸ ਵੱਲੋਂ ਭੰਨ-ਤੋੜ ਕੀਤੀ ਗਈ ਹੈ, ਉਨ੍ਹਾਂ ਦੀ ਮੁਰੰਮਤ ਕਰਵਾਈ ਜਾਵੇ ਤੇ ਕਿਸਾਨਾਂ ਵਿਰੁੱਧ ਦਰਜ ਕੀਤੇ ਸਾਰੇ ਝੂਠੇ ਕੇਸ ਰੱਦ ਕੀਤੇ ਜਾਣ। ਕਿਸਾਨ ਨੇਤਾਵਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 7 ਸਤੰਬਰ ਨੂੰ ਕਰਨਾਲ ਵਿਚ ਮਹਾਪੰਚਾਇਤ ਬੁਲਾਉਣਗੇ ਅਤੇ ਸਕੱਤਰੇਤ ਦਾ ਘਿਰਾਓ ਅਣਮਿੱਥੇ ਸਮੇਂ ਲਈ ਕੀਤਾ ਜਾਵੇਗਾ। ਇਸ ਲਈ ਹਰਿਆਣਾ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ।

 

 

Check Also

ਗੁਲਜ਼ਾਰ-ਸੌ ਹਾਰਸ ਪਾਵਰ ਦਾ ਇੱਕ ਇੰਜਣ

ਡਾ. ਰਾਜੇਸ਼ ਕੇ ਪੱਲਣ ਜੁਲਾਈ, 2022 ਦੇ ਦੂਜੇ ਹਫ਼ਤੇ ਵਿੱਚ ਗੁਲਜ਼ਾਰ ਨੂੰ ਨੇੜਿਓਂ ਮਿਲਣਾ ਅਤੇ …