Breaking News
Home / Special Story / ਕਰਤਾਰਪੁਰ ਸਾਹਿਬ ਲਾਂਘੇ ‘ਤੇ ਏਜੰਸੀਆਂ ਦੀ ਦੂਰਬੀਨ

ਕਰਤਾਰਪੁਰ ਸਾਹਿਬ ਲਾਂਘੇ ‘ਤੇ ਏਜੰਸੀਆਂ ਦੀ ਦੂਰਬੀਨ

ਧਾਰਮਿਕ ਭਾਵਨਾਵਾਂ ਅਤੇ ਸੁਰੱਖਿਆ ਦੋਵਾਂ ਨੂੰ ਇਕੋ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ : ਖੁਫੀਆ ਏਜੰਸੀਆਂ
ਚੰਡੀਗੜ੍ਹ : ਕਸਬਾ ਡੇਰਾ ਬਾਬਾ ਨਾਨਕ ਵਿਖੇ ਕੌਮਾਂਤਰੀ ਸਰਹੱਦ ਨੇੜੇ ਦੂਰਬੀਨ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਦੇਖਣਾ ਭਾਵੇਂ ਇੱਕ ਇਤਿਹਾਸ ਬਣ ਜਾਵੇਗਾ ਪਰ ਭਾਰਤ ਤੇ ਪਾਕਿਸਤਾਨ ਦੀਆਂ ਖ਼ੁਫੀਆ ਏਜੰਸੀਆਂ ਦੋਸਤੀ ਦੇ ਇਸ ਰਸਤੇ ਨੂੰ ਆਪਣੀ ਨਜ਼ਰ ਨਾਲ ਦੇਖਦੀਆਂ ਹਨ। ਖ਼ੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਾਰਮਿਕ ਭਾਵਨਾਵਾਂ ਦਾ ਵਹਿਣ ਅਤੇ ਸੁਰੱਖਿਆ, ਦੋਵੇਂ ਵੱਖੋ ਵੱਖਰੇ ਪਹਿਲੂ ਹਨ, ਜਿਨ੍ਹਾਂ ਨੂੰ ਇੱਕੋ ਦੂਰਬੀਨ ਰਾਹੀਂ ਨਹੀਂ ਦੇਖਿਆ ਜਾ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਨ ਅਗਲੇ ਵਰ੍ਹੇ ਸਮੁੱਚੀ ਮਾਨਵਤਾ ਵੱਲੋਂ ਕੌਮਾਂਤਰੀ ਪੱਧਰ ‘ਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਇਸ ਲਈ ਭਾਰਤ ਤੇ ਪਾਕਿਤਸਤਾਨ ਦੀਆਂ ਸਰਕਾਰਾਂ ਨੇ ਕੌਮਾਂਤਰੀ ਸਰਹੱਦ ਤੋਂ ਮਹਿਜ਼ ਸਾਢੇ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦਾ ਮੁੱਢਲਾ ਅਮਲ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਇਸ ਪਵਿੱਤਰ ਗੁਰਧਾਮ ਦੇ ਦਰਸ਼ਨਾਂ ਲਈ ਬਿਨਾਂ ਵੀਜ਼ੇ ਤੋਂ ਆਉਣ ਲਈ ਸ਼ਰਧਾਲੂਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹਾਲੇ ਇਹ ਤੈਅ ਕਰਨਾ ਬਾਕੀ ਹੈ ਕਿ ਭਾਰਤ ਤੋਂ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਸ ਤਰ੍ਹਾਂ ਦੇ ਪਛਾਣ ਪੱਤਰ ਜਾਂ ਕਾਰਡ ਜਾਰੀ ਹੋਣਗੇ, ਜਿਸ ਜ਼ਰੀਏ ਉਹ ਪਾਕਿਸਤਾਨ ਸਥਿਤ ਇਸ ਧਾਰਮਿਕ ਅਸਥਾਨ ਦੇ ਦਰਸ਼ਨਾਂ ਲਈ ਜਾ ਸਕਣਗੇ। ਮਾਮਲਾ ਅੰਦਰੂਨੀ ਤੇ ਬਾਹਰੀ ਸੁਰੱਖਿਆ ਨਾਲ ਵੀ ਜੁੜਿਆ ਹੈ। ਇਸ ਲਈ ਕੇਂਦਰੀ ਖ਼ੁਫੀਆ ਏਜੰਸੀ (ਆਈਬੀ) ਅਤੇ ਸੂਬਾਈ ਖ਼ੁਫੀਆ ਏਜੰਸੀਆਂ ਵੱਲੋਂ ਆਪੋ ਆਪਣੇ ਪੱਧਰ ‘ਤੇ ਇਸ ਮਾਮਲੇ ਦੀ ਨਿਰਖ ਪਰਖ ਕੀਤੀ ਜਾ ਰਹੀ ਹੈ।
ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਇੱਕ ਗੱਲ ਜ਼ਰੂਰ ਮੰਨੀ ਜਾ ਰਹੀ ਹੈ ਕਿ ਜਦੋਂ ਲੋਕਾਂ ਦੇ ਜਜ਼ਬਾਤ ਭਾਰੂ ਹੋਣ ਤਾਂ ਗੱਲ ਤਣ-ਪੱਤਣ ਲੱਗ ਜਾਂਦੀ ਹੈ। ਜੇਕਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਤਕਨੀਕੀ ਪੱਖ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਹੱਥ ਵੱਸ ਕੁਝ ਵੀ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਹੀ ਸਾਰੀ ਵਿਉਂਤ ਬਣਾਈ ਜਾਣੀ ਹੈ। ਖ਼ੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਹਾਲ ਦੀ ਘੜੀ ਸੜਕ ਦੇ ਨੀਂਹ ਪੱਥਰ ਤੋਂ ਬਿਨਾਂ ਕੋਈ ਦਿਸ਼ਾ ਨਿਰਦੇਸ਼ਾਂ ਨਹੀਂ ਆਏ। ਇਸ ਪ੍ਰਸਤਾਵਿਤ ਲਾਂਘੇ ਦੇ ਹਾਂ-ਪੱਖੀ ਤੇ ਨਾਂਹ ਪੱਖੀ ਪੈਣ ਵਾਲੇ ਪ੍ਰਭਾਵਾਂ ਸਬੰਧੀ ਖ਼ੁਫੀਆ ਏਜੰਸੀਆਂ ਵੱਲੋਂ ਆਪਣੇ ਤੌਰ ‘ਤੇ ਭਾਰਤ ਸਰਕਾਰ ਨੂੰ ਰਿਪੋਰਟਾਂ ਜ਼ਰੂਰ ਭੇਜੀਆਂ ਗਈਆਂ ਹਨ। ਇਨ੍ਹਾਂ ਰਿਪੋਰਟਾਂ ਵਿੱਚ ਮੁੱਖ ਤੌਰ ‘ਤੇ ਇਹੀ ਸਲਾਹ ਦਿੱਤੀ ਗਈ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਥਿਤ ਕੌਮਾਂਤਰੀ ਸਰਹੱਦ ਦੇ ਜ਼ਿਆਦਾ ਸੰਵੇਦਨਸ਼ੀਲ ਹੋਣ ਕਰਕੇ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਹੀ ਫੈਸਲੇ ਲਏ ਜਾਣ। ਭਾਰਤ ਦੀਆਂ ਖ਼ੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਖਿਲਾਫ਼ ਅਣ-ਐਲਾਨੀ ਜੰਗ ਛੇੜੀ ਹੋਈ ਹੈ। ਕਸ਼ਮੀਰ ਵਿਚਲਾ ਦਹਿਸ਼ਤਵਾਦ ਇਸ ਦਾ ਪ੍ਰਤੱਖ ਪ੍ਰਮਾਣ ਕਿਹਾ ਜਾ ਸਕਦਾ ਹੈ।
ਖ਼ੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈਐੱਸਆਈ ਵੀ ਇਸ ਖੇਤਰ ਨੂੰ ਨਵਾਂ ਗੜ੍ਹ ਬਣਾ ਸਕਦੀ ਹੈ। ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਸੰਸਿਆਂ ਤੋਂ ਇਹ ਪ੍ਰਭਾਵ ਨਹੀਂ ਲੈਣਾ ਚਾਹੀਦਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦੇਸ਼ ਦੀਆਂ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਕੋਈ ਰੁਕਾਵਟ ਖੜ੍ਹੀ ਕਰਨਾ ਚਾਹੁੰਦੀਆਂ ਹਨ ਪਰ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦਾਅ ‘ਤੇ ਨਾ ਲੱਗੇ, ਇਸ ਲਈ ਠੋਸ ਬੰਦੋਬਸਤ ਕਰਨੇ ਬੇਹੱਦ ਜ਼ਰੂਰੀ ਹਨ।
ਖ਼ੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਮਕਬੂਜ਼ਾ ਕਸ਼ਮੀਰ ਅਤੇ ਕਸ਼ਮੀਰ ਘਾਟੀ ਦਰਮਿਆਨ ਮੁਜ਼ੱਫਰਾਬਾਦ ਨੂੰ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ। ਇਸੇ ਤਰ੍ਹਾਂ ਵਾਹਗਾ ਸਰਹੱਦ ਰਾਹੀਂ ਲੋਕਾਂ ਦਾ ਆਉਣ ਜਾਣ ਵੀ ਹੈ ਤੇ ਥੋੜ੍ਹਾ ਬਹੁਤਾ ਵਪਾਰ ਵੀ ਹੁੰਦਾ ਹੈ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਤੋਂ ਪਾਕਿਸਤਾਨ ਦੇ ਮਾਮਲੇ ਵਿੱਚ ਸਭ ਤੋਂ ਸੰਵੇਦਨਸ਼ੀਲ ਮੁੱਦਾ ਇਹੀ ਹੈ ਕਿ ਪੰਜਾਬ ਵਿਚਲੇ ਨੌਜਵਾਨਾਂ ਨੂੰ ਲਗਾਤਾਰ ਉਕਸਾਇਆ ਜਾ ਰਿਹਾ ਹੈ।
ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਦੁਨੀਆ ਦੇ ਨਕਸ਼ੇ ‘ਤੇ ਚਮਕੇ
ਚੰਡੀਗੜ੍ਹ : ਡੇਰਾ ਬਾਬਾ ਨਾਨਕ ਕਸਬੇ ਤੋਂ ਪਾਕਿਸਾਤਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਤੱਕ ਲਾਂਘਾ ਖੋਲ੍ਹਣ ਲਈ ਪਿਛਲੀ ਦਿਨੀਂ ਦੋਵਾਂ ਦੇਸ਼ਾਂ ਵਿੱਚ ਨੀਂਹ ਪੱਥਰ ਰੱਖੇ ਜਾਣ ਨਾਲ ਡੇਰਾ ਬਾਬਾ ਨਾਨਕ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੁਨੀਆ ਦੇ ਨਕਸ਼ੇ ‘ਤੇ ਚਮਕ ਗਏ ਹਨ। ਜਿਥੇ ਡੇਰਾ ਬਾਬਾ ਨਾਨਕ ਕਸਬਾ ਆਰਥਿਕ ਤੇ ਧਾਰਮਿਕ ਕੇਂਦਰ ਵਜੋਂ ਵਿਕਸਤ ਹੋਵੇਗਾ, ਉਥੇ ਧਾਰਮਿਕ ਸੈਰ ਸਪਾਟੇ ਦਾ ਵੀ ਵਧੀਆ ਕੇਂਦਰ ਵੀ ਬਣੇਗਾ। ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਹਵਾਈ ਅੱਡੇ ਤਕ ਚਹੁੰ-ਮਾਰਗੀ ਸੜਕ ਬਣ ਰਹੀ ਹੈ ਤੇ ਇਸ ਦੇ ਮੁਕੰਮਲ ਹੋਣ ਨਾਲ ਲੋਕ ਹਵਾਈ ਅੱਡੇ ਤੱਕ ਅੱਧੇ ਘੰਟੇ ਤਕ ਪਹੁੰਚ ਜਾਇਆ ਕਰਨਗੇ। ਦੂਜੇ ਪਾਸੇ ਪਾਕਿਸਤਾਨੀ ਸੈਲਾਨੀ ਮੁਗਲ ਬਾਦਸ਼ਾਹ ਅਕਬਰ ਦੀ ਕਸਬਾ ਕਲਾਨੌਰ ਵਿਚਲੀ ਮਜ਼ਾਰ ਦੇਖਣ ਆਉਣਗੇ, ਜਿਥੇ ਉਨ੍ਹਾਂ ਨੂੰ ਤੇਰਾਂ ਸਾਲ ਦੀ ਉਮਰ ਵਿੱਚ ਬਾਦਸ਼ਾਹਤ ਦਾ ਤਾਜ ਪਹਿਨਾਇਆ ਗਿਆ ਸੀ। ਇਸ ਦੇ ਨਾਲ ਹੀ ਬਟਾਲਾ ਹੈ, ਜਿਥੇ ਗੁਰੂ ਨਾਨਕ ਦੇਵ ਜੀ ਬਰਾਤ ਲੈ ਕੇ ਢੁਕੇ ਸਨ, ਉਥੇ ਵੀ ਇਤਿਹਾਸਕ ਗੁਰਦੁਆਰਾ ਹੈ। ਇਸ ਕਰਕੇ ਇਹ ਪੂਰਾ ਇਲਾਕਾ ਹੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਜਾਵੇਗਾ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਵਾਲੇ ਇਤਿਹਾਸਕ ਸਥਾਨ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਈ ਹੋਂਦ ਵਿੱਚ ਆ ਰਹੇ ਲਾਂਘੇ ਨਾਲ, ਜਿੱਥੇ ਸਮੁੱਚੇ ਸਿੱਖ ਜਗਤ ਦੀ ਇਸ ਪਾਵਨ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਵੇਗੀ, ਉਥੇ ਇਹ ਲਾਂਘਾ ਡੇਰਾ ਬਾਬਾ ਨਾਨਕ ਇਲਾਕੇ ਦੇ ਤਰੱਕੀ ਅਤੇ ਵਿਕਾਸ ਦੇ ਨਵੇਂ ਦਰ ਖੋਲ੍ਹੇਗਾ। ਸੈਰ ਸਪਾਟਾ ਅਤੇ ਹੋਰ ਵਪਾਰਕ ਗਤੀਵਿਧੀਆਂ ਨਾਲ ਜੁੜੇ ਵੱਡੇ ਵਪਾਰਕ ਘਰਾਣੇ ਅਤੇ ਕੰਪਨੀਆਂ ਨੇ ਹੁਣੇ ਤੋਂ ਹੀ ਇਥੇ ਪੂੰਜੀ ਨਿਵੇਸ਼ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਗਲ੍ਹੇ ਵਰ੍ਹੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਲਾਂਘੇ ਦੇ ਖੁੱਲ੍ਹਣ ਨਾਲ ਇਥੇ ਹਰ ਵਰ੍ਹੇ ਲੱਖਾਂ ਸ਼ਰਧਾਲੂ ਅਤੇ ਸੈਲਾਨੀ ਆਇਆ ਕਰਨਗੇ। ਉਨ੍ਹਾਂ ਨੂੰ ਰਹਿਣ, ਖਾਣ-ਪੀਣ ਅਤੇ ਆਵਾਜਾਈ ਦੀਆਂ ਸਹੂਲਤਾਂ ਮੁਹੱਈਆ ਕਰਾਉਣ ਵਾਲੀ ਸਰਵਿਸ ਇੰਡਸਟਰੀ ਵਿਚ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਜ਼ਮੀਨ-ਜਾਇਦਾਦ ਦੀ ਖ਼ਰੀਦੋ-ਫ਼ਰੋਖ਼ਤ ਨਾਲ ਹਰ ਤਰ੍ਹਾਂ ਦੇ ਕਾਰੋਬਾਰ ਨੂੰ ਹੁਲਾਰਾ ਮਿਲੇਗਾ। ਬਾਹਰੀ ਦੁਨੀਆਂ ਨਾਲ ਸੰਪਰਕ ਹੋਣ ਨਾਲ ਹੋਣ ਵਾਲੇ ਭਾਸ਼ਾਈ ਅਤੇ ਸਭਿਆਚਾਰਕ ਵਟਾਂਦਰੇ ਨਾਲ ਨਵੀਂ ਪੀੜ੍ਹੀ ਦੇ ਗਿਆਨ ਵਿਚ ਵਾਧਾ ਹੋਵੇਗਾ ਅਤੇ ਉਨ੍ਹਾਂ ਲਈ ਬਾਹਰਲੀ ਦੁਨੀਆਂ ਦੇ ਦਰਵਾਜ਼ੇ ਵੀ ਖੁੱਲ੍ਹਣਗੇ।
ਡੇਰਾ ਬਾਬਾ ਨਾਨਕ ਅਤੇ ਇਸ ਦੇ ਆਲੇ ਦੁਆਲੇ ਵਿਚ ਹੋਣ ਵਾਲੀਆਂ ਵਪਾਰਕ ਅਤੇ ਰਿਹਾਇਸ਼ੀ ਖੇਤਰ ਵਿਚ ਹੋਣ ਵਾਲੀਆਂ ਸਰਗਰਮੀਆਂ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਇਥੇ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਇਸ ਇਲਾਕੇ ਦਾ ਮਾਸਟਰ ਪਲਾਨ ਬਣਾ ਕੇ ਵਿਉਂਤਬੱਧ ਵਿਕਾਸ ਕੀਤਾ ਜਾਵੇਗਾ। ਹਿੰਦੋਸਤਾਨ ਦਾ ਸਭ ਤੋਂ ਆਖ਼ਰੀ ਕਸਬਾ ਡੇਰਾ ਬਾਬਾ ਨਾਨਕ ਸਭ ਤੋਂ ਪਹਿਲਾਂ ਕਸਬਾ ਬਣਨ ਜਾ ਰਿਹਾ ਹੈ।
ਹਲਕਾ ਬਟਾਲਾ ਤੋਂ ਅਕਾਲੀ ਵਿਧਾਇਕ ਲਖਵੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਇਹ ਸਾਰਾ ਇਲਾਕਾ ਹੀ ਬਾਬਾ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਨੇ ਇਸ ਇਲਾਕੇ ਵਿਚ ਅਠਾਰਾਂ ਸਾਲ ਬਿਤਾਏ ਸਨ। ਉਨ੍ਹਾਂ ਕਿਹਾ ਕਿ ਇਕ ਦੂਜੇ ਨੂੰ ਪਛਾੜਦਿਆਂ ਲਾਂਘੇ ਨੂੰ ਖੁੱਲ੍ਹਵਾਉਣ ਦਾ ਸਿਹਰਾ ਲੈਣ ਲਈ ਦੌੜ ਲੱਗੀ ਹੋਈ ਹੈ। ਅਜਿਹੀ ਦੌੜ ਲੱਗਣੀ ਨਹੀਂ ਸੀ ਚਾਹੀਦਾ।
ਲਾਂਘੇ ਲਈ 208 ਅਰਦਾਸਾਂ ਕਰਨ ਵਾਲੇ ਜਥੇਦਾਰ ਵਡਾਲਾ ਨੂੰ ਵਿਸਾਰਿਆ
ਜਲੰਧਰ : ਕਰਤਾਰਪੁਰ ਲਾਂਘੇ ਦਾ ਸਿਆਸੀ ਲਾਹਾ ਲੈਣ ਲਈ ਰਾਜਨੀਤਿਕ ਪਾਰਟੀਆਂ ਵਿਚ ਦੌੜ ਲੱਗੀ ਹੋਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਲਾਂਘੇ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਨ ਨੂੰ ਤਿਆਰ ਨਹੀਂ ਹਨ, ਉਹ ਸਿਰਫ਼ ਆਪਣੀ ਨੂੰਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਖ਼ੁਦ ਵੱਲੋਂ ਲਾਂਘੇ ਬਾਰੇ ਕੀਤੇ ਯਤਨਾਂ ਨੂੰ ਬਿਆਨਦੇ ਹਨ, ਪਰ ਆਪਣੀ ਹੀ ਪਾਰਟੀ ਦੇ ਸੀਨੀਅਰ ਅਕਾਲੀ ਆਗੂ ਰਹੇ ਕੁਲਦੀਪ ਸਿੰਘ ਵਡਾਲਾ ਦਾ ਨਾਂ ਇਕ ਵਾਰੀ ਵੀ ਉਨ੍ਹਾਂ ਦੀ ਜ਼ੁਬਾਨ ‘ਤੇ ਨਹੀਂ ਆਇਆ। ਕਰਤਾਰਪੁਰ ਲਾਂਘੇ ਦੇ ਸਮਾਗਮਾਂ ਮੌਕੇ ਉਨ੍ਹਾਂ ਸਿਰੜੀ ਲੋਕਾਂ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ, ਜਿਹੜੇ ਲਾਂਘੇ ਲਈ ਅਰਦਾਸਾਂ ਕਰਦੇ ਰਹੇ। ਕਿਸੇ ਨੂੰ ਚੇਤਾ ਨਹੀਂ ਆਇਆ ਕਿ ਬੀ ਐੱਸ ਗੁਰਾਇਆ ਨੇ 24 ਸਾਲ ਪਹਿਲਾਂ ਕਰਤਾਰਪੁਰ ਲਾਂਘੇ ਲਈ ਅਰਦਾਸ ਕੀਤੀ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਆਗੂਆਂ ਵਿਚ ਦੋਆਬੇ ਦਾ ਥੰਮ੍ਹ ਮੰਨੇ ਜਾਣ ਵਾਲੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ 13 ਅਪਰੈਲ 2001 ਨੂੰ ਪਹਿਲੀ ਅਰਦਾਸ ਕਰ ਕੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਲਗਾਤਾਰ ਉਠਾਈ ਸੀ। ਜਥੇਦਾਰ ਕੁਲਦੀਪ ਸਿੰਘ ਵਡਾਲਾ ਲਗਾਤਾਰ 18 ਸਾਲ ਬਿਨਾਂ ਨਾਗਾ ਹਰ ਮੱਸਿਆ ‘ਤੇ ਡੇਰਾ ਬਾਬਾ ਨਾਨਕ ਜਾ ਕੇ ਲਾਂਘੇ ਲਈ ਅਰਦਾਸਾਂ ਕਰਦੇ ਰਹੇ। ਜਥੇਦਾਰ ਵਡਾਲਾ ਨੇ ਆਖ਼ਰੀ ਸਾਹਾਂ ਤੱਕ ਲਾਂਘੇ ਲਈ 208 ਅਰਦਾਸਾਂ ਕੀਤੀਆਂ ਸਨ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵਿਧਾਇਕ ਪੁੱਤ ਗੁਰਪ੍ਰਤਾਪ ਸਿੰਘ ਵਡਾਲਾ ਨੇ 6 ਅਰਦਾਸਾਂ ਕੀਤੀਆਂ ਹਨ। ਗੁਰਪ੍ਰਤਾਪ ਸਿੰਘ ਵਡਾਲਾ ਦੇ ਮਨ ਵਿਚ ਹਿਰਖ ਜ਼ਰੂਰ ਹੈ ਕਿ ਜੇਕਰ ਬਾਦਲ ਸਾਹਿਬ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਨਾਂ ਲੈ ਦਿੰਦੇ ਤਾਂ ਉਨ੍ਹਾਂ ਅਤੇ ਸੰਗਤਾਂ ਨੂੰ ਤਸੱਲੀ ਮਿਲਣੀ ਸੀ।
ਜਥੇਦਾਰ ਕੁਲਦੀਪ ਸਿੰਘ ਵਡਾਲਾ ਪਹਿਲੇ ਅਜਿਹੇ ਅਕਾਲੀ ਆਗੂ ਸਨ, ਜਿਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਸ਼ੌਕਤ ਅਜ਼ੀਜ਼ ਅਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲ ਮੁਲਾਕਾਤਾਂ ਕਰਕੇ ਲਾਂਘੇ ਲਈ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਵੀ 2004 ਵਿਚ ਇਹ ਮੁੱਦਾ ਉਠਾਇਆ ਸੀ। ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਅਰਦਾਸਾਂ ਕਰਨ ਵਿਚ ਸਾਥੀ ਰਹੇ ਜਸਵੀਰ ਸਿੰਘ ਜੱਫਰਵਾਲ ਅਤੇ ਗਿਆਨ ਚੰਦ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਬਾਰੇ ਜਦੋਂ ਪਹਿਲੀ ਅਰਦਾਸ ਕੀਤੀ ਸੀ ਤਾਂ ਲੋਕ ਮਜ਼ਾਕ ਕਰਦੇ ਸਨ ਕਿ ਇਨ੍ਹਾਂ ਦੇ ਕਹਿਣ ‘ਤੇ ਲਾਂਘਾ ਭਲਾ ਕਿੱਦਾਂ ਖੁੱਲ੍ਹ ਸਕਦਾ ਹੈ। 18 ਸਾਲ ਪੁਰਾਣੀ ਗੱਲ ਹੁਣ ਜਦੋਂ ਇਹ ਗੱਲ ਸੱਚ ਹੋ ਗਈ ਹੈ ਤਾਂ ਕਿਸੇ ਵੀ ਸਟੇਜ ਤੋਂ ਜਥੇਦਾਰ ਵਡਾਲਾ ਦਾ ਜ਼ਿਕਰ ਨਹੀਂ ਹੋਇਆ। ਜਸਵੀਰ ਸਿੰਘ ਨੇ ਦੱਸਿਆ ਕਿ ਜਦੋਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਵਿਸਾਖੀ ਮੌਕੇ ਅਪਰੈਲ 2001 ਨੂੰ ਪਹਿਲੀ ਅਰਦਾਸ ਕੀਤੀ ਸੀ ਤਾਂ ਅਨਾਜ ਮੰਡੀ ਵਿਚ ਅਖੰਡ ਪਾਠ ਪ੍ਰਕਾਸ਼ ਕਰਾਇਆ ਗਿਆ ਸੀ। ਤੀਜੀ ਅਰਦਾਸ ਵੇਲੇ ਜਦੋਂ ਸੰਗਤਾਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਹੇਠ ਅਰਦਾਸ ਕਰਨ ਜਾ ਰਹੀਆਂ ਸਨ ਤਾਂ ਉਸੇ ਅਨਾਜ ਮੰਡੀ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਰੱਖਿਆ ਹੋਇਆ ਸੀ, ਪਰ ਉਹ ਲਾਂਘੇ ਦੀ ਅਰਦਾਸ ਵਿਚ ਸ਼ਾਮਲ ਨਹੀਂ ਹੋਏ। ਜੂਨ 2008 ਵਿਚ ਵਿਦੇਸ਼ ਮੰਤਰੀ ਹੁੰਦਿਆਂ ਪ੍ਰਣਬ ਮੁਖਰਜੀ ਲਾਂਘੇ ਦੀਆਂ ਸੰਭਾਵਨਾਵਾਂ ਦੇਖਣ ਆਏ ਸਨ ਤਾਂ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਨਾਲ ਚੱਲਣ ਲਈ ਕਿਹਾ ਸੀ। ਜਸਵੀਰ ਸਿੰਘ ਜੱਫਰਵਾਲ ਨੇ ਦੱਸਿਆ ਕਿ ਜਦੋਂ ਉਹ ਡੇਰਾ ਬਾਬਾ ਨਾਨਕ ਪੁੱਜ ਗਏ ਤੇ ਉਥੇ ਰੈਸਟ ਹਾਊਸ ਵਿਚ ਰੁਕੇ ਤਾਂ ਉਥੇ ਕੁਝ ਆਗੂਆਂ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਕਮਰੇ ਵਿਚ ਬੰਦ ਕਰਕੇ ਬਾਹਰੋਂ ਕੁੰਡੀ ਲਾ ਦਿੱਤੀ ਸੀ ਤਾਂ ਜੋ ਉਹ ਇਸ ਮਾਮਲੇ ਨੂੰ ਨਾ ਉਠਾ ਸਕਣ, ਪਰ ਅਫ਼ਸਰਾਂ ਨੂੰ ਉਦੋਂ ਭਾਜੜ ਪੈ ਗਈ ਜਦੋਂ ਪ੍ਰਣਬ ਮੁਖਰਜੀ ਦੀ ਹਾਜ਼ਰੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁੱਛਿਆ ਕਿ ਵਡਾਲਾ ਸਾਹਿਬ ਕਿੱਥੇ ਹਨ ? ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਲਾਂਘੇ ਦੇ ਸਮਾਗਮਾਂ ਤੋਂ ਪਹਿਲਾਂ ਉਨ੍ਹਾਂ ਨੂੰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਤੋਂ ਸੰਸਦ ਮੈਂਬਰ ਬੇਗ਼ਮ ਰਿਫਤ ਕਾਹਲੋਂ ਦੇ ਪਤੀ ਕਰਨਲ ਜਾਵੇਦ ਕਾਹਲੋਂ ਦਾ ਫੋਨ ਆਇਆ ਸੀ ਕਿ ਲਾਂਘਾ ਖੋਲ੍ਹਣ ਦੇ ਨਾਲ ਨਾਲ ਪਾਕਿਸਤਾਨ ਸਰਕਾਰ ਇੱਥੇ ਹੋਰ ਬਹੁਤ ਕੁਝ ਕਰਨ ਦਾ ਸੋਚੀ ਬੈਠੀ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਕਰਨਲ ਜਾਵੇਦ ਕਾਹਲੋਂ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਦੇ ਜਮਾਤੀ ਹਨ।

Check Also

ਪੰਜਾਬ ਦੇ ਬੱਚੇ ਮਿਡ-ਡੇਅ ਮੀਲ ਤੇ ਕੁੱਕ ਮਿਹਨਤਾਨੇ ਤੋਂ ਵਾਂਝੇ

15 ਅਪਰੈਲ ਮਗਰੋਂ ਬੱਚਿਆਂ ਨੂੰ ਨਹੀਂ ਦਿੱਤਾ ਗਿਆ ਰਾਸ਼ਨ ਹਮੀਰ ਸਿੰਘ ਚੰਡੀਗੜ : ਸੁਪਰੀਮ ਕੋਰਟ …