ਕਿਹਾ : ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਨਾਲ ਭਾਰਤ ਹੋਵੇਗਾ ਖੁਸ਼ਹਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਲਈ ਨਵੇਂ ਕਰੰਸੀ ਨੋਟਾਂ ‘ਤੇ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪੀਆਂ ਜਾਣ। ਮੁਲਕ ਦਾ ਅਰਥਚਾਰਾ ਠੀਕ ਨਾ ਹੋਣ ਦਾ ਦਾਅਵਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਰਥਚਾਰੇ ਨੂੰ ਲੀਹਾਂ ‘ਤੇ ਲਿਆਉਣ ਲਈ ਕਈ ਕੋਸ਼ਿਸ਼ਾਂ ਦੇ ਨਾਲ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਦੀ ਵੀ ਲੋੜ ਹੈ। ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਕਰੰਸੀ ਨੋਟਾਂ ‘ਤੇ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਗਣੇਸ਼ ਤੇ ਲੱਛਮੀ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਹਨ।’ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੱਲ ਰਹੇ ਸਾਰੇ ਨੋਟਾਂ ਨੂੰ ਬਦਲਣ ਲਈ ਨਹੀਂ ਆਖ ਰਹੇ ਹਨ ਅਤੇ ਸੁਝਾਅ ਹੈ ਕਿ ਹਰ ਮਹੀਨੇ ਛਾਪੇ ਜਾ ਰਹੇ ਨਵੇਂ ਨੋਟਾਂ ‘ਤੇ ਲੱਛਮੀ ਅਤੇ ਗਣੇਸ਼ ਦੀਆਂ ਤਸਵੀਰਾਂ ਛਾਪੀਆਂ ਜਾਣ। ਕੁਝ ਸਮੇਂ ਬਾਅਦ ਵੱਡੀ ਗਿਣਤੀ ‘ਚ ਅਜਿਹੇ ਨੋਟ ਖੁਦ ਹੀ ਪ੍ਰਚਲਨ ‘ਚ ਆ ਜਾਣਗੇ।
‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਮੁਸਲਿਮ ਬਹੁ-ਗਿਣਤੀ ਵਾਲੇ ਮੁਲਕ ਇੰਡੋਨੇਸ਼ੀਆ, ਜਿਥੇ ਸਿਰਫ਼ ਦੋ ਫ਼ੀਸਦੀ ਹਿੰਦੂ ਹਨ, ਵਿਚ ਵੀ ਕਰੰਸੀ ‘ਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਅਰਥਚਾਰਾ ਨਾਜ਼ੁਕ ਦੌਰ ‘ਚੋਂ ਗੁਜ਼ਰ ਰਿਹਾ ਹੈ ਅਤੇ ਇਹ ਰੋਜ਼ਾਨਾ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਬੋਝ ਆਮ ਆਦਮੀ ਨੂੰ ਸਹਿਣਾ ਪੈ ਰਿਹਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਵਿਚਾਰ ਕਿਥੋਂ ਸੁਝਿਆ ਤਾਂ ਕੇਜਰੀਵਾਲ ਨੇ ਕਿਹਾ, ”ਸੋਮਵਾਰ ਨੂੰ ਦੀਵਾਲੀ ਦੀ ਪੂਜਾ ਕਰਨ ਦੌਰਾਨ ਮੈਨੂੰ ਮਹਿਸੂਸ ਹੋਇਆ ਕਿ ਦੋਵੇਂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਕਰੰਸੀ ਨੋਟਾਂ ‘ਤੇ ਹੋਣੀਆਂ ਚਾਹੀਦੀਆਂ ਹਨ। ਅਸੀਂ ਦੇਸ਼ ਨੂੰ ਵਿਕਸਤ ਅਤੇ ਖੁਸ਼ਹਾਲ ਬਣਦਾ ਦੇਖਣਾ ਚਾਹੁੰਦੇ ਹਾਂ। ਸਾਨੂੰ ਵੱਡੀ ਗਿਣਤੀ ‘ਚ ਸਕੂਲ ਅਤੇ ਹਸਪਤਾਲ ਬਣਾਉਣੇ ਚਾਹੀਦੇ ਹਨ ਅਤੇ ਬਿਜਲੀ ਤੇ ਸੜਕਾਂ ਲਈ ਬੁਨਿਆਦੀ ਢਾਂਚਾ ਵਿਕਸਤ ਕਰਨਾ ਚਾਹੀਦਾ ਹੈ। ਅਸੀਂ ਸਾਰੇ ਕੋਸ਼ਿਸ਼ਾਂ ਕਰਦੇ ਹਾਂ ਪਰ ਫਲ ਤਾਂ ਹੀ ਪਏਗਾ ਜਦੋਂ ਰੱਬ ਸਾਨੂੰ ਆਸ਼ੀਰਵਾਦ ਦੇਵੇਗਾ।”
ਦਿੱਲੀ ਦੇ ਮੁੱਖ ਮੰਤਰੀ ਦੀ ਅਪੀਲ ਨੂੰ ਹਮਾਇਤ ਦਿੰਦਿਆਂ ‘ਆਪ’ ਵਿਧਾਇਕ ਆਤਿਸ਼ੀ ਨੇ ਭਾਜਪਾ ਨੂੰ ਕਿਹਾ ਕਿ ਉਹ ਕੇਜਰੀਵਾਲ ਦੀ ਤਜਵੀਜ਼ ਦਾ ਸਮਰਥਨ ਕਰਨ। ਆਤਿਸ਼ੀ ਨੇ ਕਿਹਾ,”ਤੁਸੀਂ (ਭਾਜਪਾ) ਅਰਵਿੰਦ ਕੇਜਰੀਵਾਲ ਨੂੰ ਨਫ਼ਰਤ ਕਰਨਾ ਜਾਰੀ ਰੱਖ ਸਕਦੇ ਹੋ ਪਰ ਘੱਟੋ ਘੱਟ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਨਾਲ ਨਫ਼ਰਤ ਤਾਂ ਨਾ ਕਰੋ।
ਉਨ੍ਹਾਂ ਦੇ ਆਸ਼ੀਰਵਾਦ ਅਤੇ ਦੇਸ਼ ਦੀ ਖੁਸ਼ਹਾਲੀ ਨਾਲ ਨਫ਼ਰਤ ਨਾ ਕਰੋ।” ਉਨ੍ਹਾਂ ਕਿਹਾ ਕਿ ਉਹ ਹੱਥ ਜੋੜ ਕੇ ਭਾਜਪਾ ਨੂੰ ਬੇਨਤੀ ਕਰਦੀ ਹੈ ਕਿ ਉਹ ਇਸ ਤਜਵੀਜ਼ ਦਾ ਸਿਰਫ਼ ਇਸ ਕਰਕੇ ਵਿਰੋਧ ਨਾ ਕਰੇ ਕਿ ਉਹ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਨਫ਼ਰਤ ਕਰਦੀ ਹੈ।
ਸਿਆਸੀ ਲਾਹੇ ਲਈ ਪੱਤਾ ਖੇਡ ਰਹੇ ਨੇ ਕੇਜਰੀਵਾਲ: ਭਾਜਪਾ
ਨਵੀਂ ਦਿੱਲੀ : ਭਾਜਪਾ ਨੇ ਅਰਵਿੰਦ ਕੇਜਰੀਵਾਲ ‘ਤੇ ਵਰ੍ਹਦਿਆਂ ਕਿਹਾ ਹੈ ਕਿ ਸਿਆਸੀ ਲਾਹੇ ਲਈ ਉਹ ਆਪਣੇ ਆਪ ਨੂੰ ਹਿੰਦੂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਕੇਜਰੀਵਾਲ ਦਾ ਪਾਖੰਡ ਹੁਣ ਜੱਗ ਜ਼ਾਹਿਰ ਹੋ ਗਿਆ ਹੈ ਕਿਉਂਕਿ ‘ਆਪ’ ਸਰਕਾਰ ਨੇ ਲੋਕਾਂ ਨੂੰ ਦੀਵਾਲੀ ‘ਤੇ ਆਤਿਸ਼ਬਾਜ਼ੀ ਨਾ ਚਲਾਉਣ ਦੀ ਚਿਤਾਵਨੀ ਦਿੰਦਿਆਂ ਕਾਨੂੰਨੀ ਕਾਰਵਾਈ ਦਾ ਡਰਾਵਾ ਦਿੱਤਾ ਸੀ। ਪਾਤਰਾ ਨੇ ‘ਆਪ’ ਆਗੂ ਰਾਜੇਂਦਰ ਪਾਲ ਗੌਤਮ ਦੀ ਧਰਮ ਪਰਿਵਰਤਨ ਦੇ ਪ੍ਰੋਗਰਾਮ ‘ਚ ਸ਼ਮੂਲੀਅਤ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ‘ਚੋਂ ਗੌਤਮ ਨੂੰ ਹਟਾਉਣਾ ਸਿਰਫ਼ ਦਿਖਾਵਾ ਹੈ। ਭਾਜਪਾ ਦੇ ਉੱਤਰ-ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਵੀ ‘ਆਪ’ ਆਗੂ ਦੀ ਮੰਗ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਮਿਊਂਸਿਪਲ ਕਾਰਪੋਰੇਸ਼ਨ ਅਤੇ ਗੁਜਰਾਤ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਨੂੰ ਦੇਖਦਿਆਂ ‘ਆਪ’ ਦਾ ਹਿੰਦੂ ਵਿਰੋਧੀ ਭੱਦਾ ਚਿਹਰਾ ਛਿਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਆਪਣੀ ਮੰਗ ਪ੍ਰਤੀ ਸੁਹਿਰਦ ਹਨ ਤਾਂ ਉਹ ਰਾਜੇਂਦਰ ਪਾਲ ਗੌਤਮ ਅਤੇ ਗੁਜਰਾਤ ਇਕਾਈ ਦੇ ਮੁਖੀ ਗੋਪਾਲ ਇਟਾਲੀਆ ਨੂੰ ਪਾਰਟੀ ‘ਚੋਂ ਕੱਢਣ ਜਿਨ੍ਹਾਂ ਦੇਵੀ-ਦੇਵਤਿਆਂ ਦਾ ਅਪਮਾਨ ਕੀਤਾ ਹੈ।
ਨੋਟਾਂ ‘ਤੇ ਸਿਰਫ਼ ਗਾਂਧੀ ਜੀ ਦੀ ਹੀ ਤਸਵੀਰ ਛਪੇਗੀ: ਆਰਬੀਆਈ
ਮੁੰਬਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਾਰਤੀ ਕਰੰਸੀ ਨੋਟਾਂ ‘ਤੇ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪੇ ਜਾਣ ਦੇ ਦਿੱਤੇ ਸੁਝਾਅ ‘ਤੇ ਭਾਵੇਂ ਰੌਲਾ ਪੈ ਗਿਆ ਹੈ ਪਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਕੇਂਦਰ ਸਰਕਾਰ ਨੇ 2010 ‘ਚ ਹੀ ਇਸ ਮੁੱਦੇ ਨੂੰ ਸ਼ਾਂਤ ਕਰ ਦਿੱਤਾ ਸੀ। ਭਾਰਤੀ ਕਰੰਸੀ ਨੋਟਾਂ ਬਾਰੇ ਇਕ ਆਰਟੀਆਈ ਦੇ ਜਵਾਬ ‘ਚ ਸਰਕਾਰ ਨੇ ਕਿਹਾ ਸੀ ਕਿ ਆਰਬੀਆਈ ਵੱਲੋਂ ਅਕਤੂਬਰ 2010 ‘ਚ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ ਤਾਂ ਜੋ ਕਰੰਸੀ ਨੋਟਾਂ ‘ਤੇ ਉੱਘੀਆਂ ਹਸਤੀਆਂ, ਭਾਰਤ ਰਤਨ ਹਾਸਲ ਕਰਨ ਵਾਲਿਆਂ, ਨੋਬੇਲ ਪੁਰਸਕਾਰ ਜੇਤੂਆਂ, ਆਜ਼ਾਦੀ ਸੰਗਰਾਮੀਆਂ ਜਾਂ ਖਿਡਾਰੀਆਂ ਦੀਆਂ ਤਸਵੀਰਾਂ ਛਾਪਣ ਬਾਰੇ ਚਰਚਾ ਕੀਤੀ ਜਾ ਸਕੇ। ਇਹ ਕਮੇਟੀ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਬਣਾਈ ਸੀ ਅਤੇ ਉਸ ਨੇ ਕਿਹਾ ਕਿ ਮਹਾਤਮਾ ਗਾਂਧੀ ਨਾਲੋਂ ਹੋਰ ਕੋਈ ਹਸਤੀ ਭਾਰਤ ਦੇ ਕਿਰਦਾਰ ਨੂੰ ਚੰਗੀ ਤਰ੍ਹਾਂ ਪੇਸ਼ ਨਹੀਂ ਕਰ ਸਕਦੀ ਹੈ। ਪੁਣੇ ਦੇ ਕਾਰੋਬਾਰੀ ਪ੍ਰਫੁੱਲ ਸ਼ਾਰਦਾ ਨੇ 2019 ‘ਚ ਆਰਟੀਆਈ ਰਾਹੀਂ ਜਵਾਬ ਮੰਗਿਆ ਸੀ। ਸ਼ਾਰਦਾ ਨੇ ਕਿਹਾ ਕਿ ਉਨ੍ਹਾਂ ਨੋਟਾਂ ‘ਤੇ ਡਾਕਟਰ ਬੀ ਆਰ ਅੰਬੇਦਕਰ ਜਾਂ ਸਰਦਾਰ ਪਟੇਲ ਦੀਆਂ ਤਸਵੀਰਾਂ ਛਾਪਣ ਬਾਰੇ ਵਿਚਾਰ ਕਰਨ ਦੀ ਮੰਗ ਕੀਤੀ ਸੀ ਜਿਸ ਮਗਰੋਂ ਸਰਕਾਰ ਨੇ ਜਵਾਬ ਦੇ ਦਿੱਤਾ ਸੀ ਅਤੇ ਮਾਮਲਾ ਨਿਪਟ ਗਿਆ ਸੀ ਪਰ ਹੁਣ ਦਿੱਲੀ ਦੇ ਮੁੱਖ ਮੰਤਰੀ ਦੀ ਮੰਗ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਜਾਪਦੀ ਹੈ। ਸਾਬਕਾ ਸੰਸਦ ਮੈਂਬਰ ਅਤੇ ਕੀਰਤੀ ਆਜ਼ਾਦ ਨੇ ਵੀ ਨੋਟਾਂ ‘ਤੇ ਮਹਾਨ ਹਸਤੀਆਂ ਦੀਆਂ ਤਸਵੀਰਾਂ ਛਾਪਣ ਦਾ ਮੁੱਦਾ ਸੰਸਦ ‘ਚ ਉਠਾਇਆ ਸੀ ਪਰ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਰਬੀਆਈ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੱਤਾ ਸੀ।
ਵਿਰੋਧੀ ਧਿਰਾਂ ਨੇ ਕੇਜਰੀਵਾਲ ਦੇ ਬਿਆਨ ‘ਤੇ ‘ਆਪ’ ਨੂੰ ਘੇਰਿਆ
ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਕਰੰਸੀ ਨੋਟਾਂ ‘ਤੇ ਮਹਾਤਮਾ ਗਾਂਧੀ ਦੇ ਨਾਲ ਲਕਸ਼ਮੀ ਦੇਵੀ ਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਪਵਾਉਣ ਦੀ ਅਪੀਲ ਨੇ ਪਾਰਟੀ ਨੂੰ ਪੰਜਾਬ ਵਿੱਚ ਕਸੂਤੀ ਸਥਿਤੀ ‘ਚ ਪਾ ਦਿੱਤਾ ਹੈ। ਕੇਜਰੀਵਾਲ ਨੇ ਇਹ ਅਪੀਲ ਭਾਵੇਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਵਿੱਚ ਹਿੰਦੂਆਂ ਦੀਆਂ ਵੋਟਾਂ ਦਾ ਲਾਹਾ ਲੈਣ ਲਈ ਕੀਤੀ ਹੈ ਪਰ ਇਸ ਦਾ ਅਸਰ ਪੰਜਾਬ ਵਿੱਚ ਹੋਇਆ ਹੈ। ਦੂਜੇ ਪਾਸੇ ਵਿਰੋਧੀਆਂ ਵੱਲੋਂ ਇਸ ਮਾਮਲੇ ‘ਤੇ ‘ਆਪ’ ਨੂੰ ਘੇਰਿਆ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਅਪੀਲ ਕੀਤੀ। ਉਨ੍ਹਾਂ ਦੀ ਅਪੀਲ ਤੋਂ ਕੁਝ ਸਮੇਂ ਬਾਅਦ ‘ਆਪ’ ਦਿੱਲੀ ਦੇ ਕੁਝ ਸੀਨੀਅਰ ਆਗੂਆਂ ਨੇ ਕੇਜਰੀਵਾਲ ਦੇ ਬਿਆਨ ਦੀ ਹਮਾਇਤ ਕੀਤੀ। ਦੂਜੇ ਪਾਸੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਸੁਪਰੀਮੋ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਜਿਹੇ ਬਿਆਨ ਦੇ ਰਹੇ ਹਨ। ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਗਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਬਦਲਾਅ ਦੀਆਂ ਗੱਲਾਂ ਕਰਦੀ ਸੀ ਪਰ ਅੱਜ ਦੇਸ਼ ਦੇ ਆਰਥਿਕ ਹਾਲਾਤ ਨੂੰ ਦੇਖਦੇ ਹੋਏ ਉਹ ਵੀ ਧਰਮ ਦੀ ਰਾਜਨੀਤੀ ਕਰਨ ਲੱਗ ਪਈ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਜਿਹੇ ਬਿਆਨ ਨਾਲ ਆਪਣਾ ਅਸਲ ਰੰਗ ਜੱਗ ਜ਼ਾਹਰ ਕਰ ਦਿੱਤਾ ਹੈ।