Breaking News
Home / Special Story / ਕਿਸਾਨਾਂ ‘ਤੇ ਕੀਤੀ ਗਈ ਫੁੱਲਾਂ ਦੀ ਵਰਖਾ : ਵੱਖ-ਵੱਖ ਥਾਵਾਂ ‘ਤੇ ਕਿਸਾਨ ਆਗੂਆਂ ਦਾ ਸਨਮਾਨ

ਕਿਸਾਨਾਂ ‘ਤੇ ਕੀਤੀ ਗਈ ਫੁੱਲਾਂ ਦੀ ਵਰਖਾ : ਵੱਖ-ਵੱਖ ਥਾਵਾਂ ‘ਤੇ ਕਿਸਾਨ ਆਗੂਆਂ ਦਾ ਸਨਮਾਨ

ਅੰਮ੍ਰਿਤਸਰ/ਬਿਊਰੋ ਨਿਊਜ਼ : ਦਿੱਲੀ ਦੀਆਂ ਸਰਹੱਦਾਂ ‘ਤੇ ਲੱਗਾ ਕਿਸਾਨ ਮੋਰਚਾ ਮੁਲਤਵੀ ਕਰਨ ਮਗਰੋਂ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਕਿਸਾਨਾਂ ਦਾ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਸਵਾਗਤ ਵਿਚ ਫੁੱਲਾਂ ਦੀ ਵਰਖਾ ਕੀਤੀ ਗਈ, ਆਤਿਸ਼ਬਾਜ਼ੀ ਚਲਾਈ ਗਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਅੰਮ੍ਰਿਤਸਰ ‘ਚ ਗੋਲਡਨ ਗੇਟ ਨੇੜੇ ਅਕਾਲ ਪੁਰਖ ਕੀ ਫੌਜ ਅਤੇ ਪੰਥਕ ਤਾਲਮੇਲ ਸੰਗਠਨ ਦੇ ਆਗੂ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਜਸਵਿੰਦਰ ਸਿੰਘ ਐਡਵੋਕੇਟ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਬੀਐਸ ਜੌੜਾਸਿੰਘਾ ਸਮੇਤ ਜਥੇਬੰਦੀ ਦੇ ਹੋਰ ਆਗੂਆਂ ਨੇ ਕਿਸਾਨਾਂ ਦੀ ਆਮਦ ‘ਤੇ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਅਤੇ ਕਿਸਾਨਾਂ ਨੂੰ ਫੁੱਲਾਂ ਦੇ ਹਾਰ ਅਤੇ ਸਿਰੋਪਾਓ ਭੇਟ ਕੀਤੇ। ਇਸ ਦੌਰਾਨ ਰਾਮ ਤਲਾਈ ਨੇੜੇ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰ ਯੂਨੀਅਨ ਅਤੇ ਏਟਕ ਨਾਲ ਸਬੰਧਤ ਹੋਰ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿਸਾਨਾਂ ਨੂੰ ਜੀ ਆਇਆਂ ਆਖਿਆ ਗਿਆ। ਏਟਕ ਦੇ ਸੂਬਾਈ ਸਕੱਤਰ ਅਮਰਜੀਤ ਸਿੰਘ ਆਸਲ ਨੇ ਕਿਸਾਨਾਂ ਨੂੰ ਜਿੱਤ ਦੀ ਵਧਾਈ ਦਿੱਤੀ। 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸਵਾਗਤ ਲਈ ਬਣਾਈ ਗਈ ਸਵਾਗਤੀ ਕਮੇਟੀ ਦੇ ਮੁਖੀ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਕਿਸਾਨ ਆਗੂਆਂ ਦੇ ਕਾਫਲੇ ਬਿਆਸ ਅਤੇ ਮੱਖੂ ਰਸਤੇ ਅੰਮ੍ਰਿਤਸਰ ਪੁੱਜੇ ਹਨ। ਬਿਆਸ ਰਸਤੇ ਅੰਮ੍ਰਿਤਸਰ ਪੁੱਜਣ ‘ਤੇ ਬਿਆਸ ਪੁਲ, ਰਈਆ, ਬੁਟਾਰੀ, ਖਿਲਚੀਆਂ, ਟਾਂਗਰਾ ਤੇ ਜੰਡਿਆਲਾ ਗੁਰੂ ਵਿੱਚ ਕਾਫਲੇ ਦਾ ਸਵਾਗਤ ਕੀਤਾ ਗਿਆ। ਮੱਖੂ ਰਸਤੇ ਆਏ ਕਾਫਲੇ ਦਾ ਹਰੀਕੇ, ਸਰਹਾਲੀ, ਨੌਸ਼ਿਹਰਾ ਪਨੂੰਆਂ, ਸੇਰੋਂ, ਤਰਨ ਤਾਰਨ ਅਤੇ ਦਬੁਰਜੀ ਵਿੱਚ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ 383 ਦਿਨ ਮੋਰਚੇ ਵਿਚ ਰਹਿ ਕੇ ਪਰਤੇ ਹਨ।
ਕਿਸਾਨਾਂ ਦੀ ਵੱਖਰੀ ਸਿਆਸੀ ਪਾਰਟੀ ਬਣਾਉਣ ਦੀ ਲੋੜ ਨਹੀਂ: ਰਾਜੇਵਾਲ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਿਆਸਤ ਵਿੱਚ ਆਉਣ ਦੇ ਮਤ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕੋਈ ਵੱਖਰੀ ਸਿਆਸੀ ਪਾਰਟੀ ਬਣਾਉਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਫੈਸਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤਾਂ ਆਉਂਦੀਆਂ ਰਹਿੰਦੀਆਂ ਹਨ ਪਰ ਕਿਸਾਨਾਂ ਦੀਆਂ ਮੰਗਾਂ ਫਿਲਹਾਲ ਉਥੇ ਹੀ ਖੜ੍ਹੀਆਂ ਹਨ। ਕਿਸਾਨ ਸੰਘਰਸ਼ ਦੇ ਅਗਲੇਰੇ ਪੜਾਅ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 15 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਹੋਣ ਵਾਲੀ ਮੀਟਿੰਗ ਵਿਚ ਇਸ ਸਬੰਧੀ ਫੈਸਲਾ ਕੀਤਾ ਜਾਵੇਗਾ।
ਕੇਂਦਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨਾਲ ਕਰਾਂਗੇ ਹਿਸਾਬ : ਉਗਰਾਹਾਂ
ਕਿਹਾ : ਹਰ ਮੋਰਚਾ ਸ਼ਾਂਤੀ ਨਾਲ ਹੀ ਫਤਿਹ ਕੀਤਾ ਜਾ ਸਕਦਾ
ਲਹਿਰਾਗਾਗਾ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪੰਜਾਬ ਵਾਸੀਆਂ ਨੂੰ ਦਿੱਲੀ ਮੋਰਚਾ ਜਿੱਤਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹੌਸਲੇ ਅਤੇ ਤਾਕਤ ਨੂੰ ਸੰਭਾਲ ਕੇ ਰੱਖਣ ਨਾਲ ਹਰ ਮੋਰਚਾ ਸ਼ਾਂਤੀ ਨਾਲ ਫਤਹਿ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇੱਕ ਮੋਰਚਾ ਫਤਹਿ ਕਰਦਿਆਂ ਕੇਂਦਰ ਸਰਕਾਰ ਨਾਲ ਹਿਸਾਬ ਪੂਰਾ ਕਰ ਆਏ ਹਾਂ, ਹੁਣ ਪੰਜਾਬ ਸਰਕਾਰ ਨਾਲ ਹਿਸਾਬ ਕਰਨਾ ਬਾਕੀ ਹੈ। ਪੰਜਾਬ ਦਾ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਪੜ੍ਹੇ-ਲਿਖੇ ਨੌਜਵਾਨਾਂ ਕੋਲੋਂ ਠੇਕੇਦਾਰ ਦਿਹਾੜੀਆਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਵੀ ਅਜਿਹੇ ਖੇਤੀ ਕਾਨੂੰਨ ਲਾਗੂ ਹੋਏ ਹਨ, ਉਥੇ ਖੇਤੀ ਤਬਾਹ ਹੋਣ ਸਮੇਤ ਇਸ ਨਾਲ ਜੁੜੇ ਲੋਕ ਵੀ ਤਬਾਹ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਿਸਾਨ ਪਹਿਲੇ ਹਨ, ਜਿਨ੍ਹਾਂ ਇਹ ਕਾਨੂੰਨ ਵਾਪਸ ਕਰਵਾ ਕੇ ਦਮ ਲਿਆ। ਬੇਸ਼ੱਕ ਇਸ ਕਾਰਜ ਲਈ ਸੈਂਕੜੇ ਕੁਰਬਾਨੀਆਂ ਦੇਣੀਆਂ ਪਈਆਂ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਨਹੁੰ-ਮਾਸ ਵਾਂਗ ਜੁੜੇ ਹੋਏ ਹਨ ਅਤੇ ਜਥੇਬੰਦੀ ਹੁਣ ਸੂਬੇ ਦੇ ਮਜ਼ਦੂਰਾਂ ਦੇ ਸੰਘਰਸ਼ ‘ਚ ਆਪਣਾ ਹਿੱਸਾ ਪਾਵੇਗੀ। ਇਸ ਦੌਰਾਨ ਰਾਜ ਸਿੰਘ, ਸਾਬਕਾ ਸਰਪੰਚ ਸੀਤਾ ਸਿੰਘ, ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਪ੍ਰੀਤਮ ਸਿੰਘ ਤੇ ਹੋਰ ਹਾਜ਼ਰ ਸਨ।
ਗਾਜ਼ੀਪੁਰ ਬਾਰਡਰ ਤੋਂ ਵੀ ਜੇਤੂ ਜਸ਼ਨਾਂ ਨਾਲ ਘਰਾਂ ਨੂੰ ਵਿਦਾ ਹੋਏ ਕਿਸਾਨ
ਰਾਕੇਸ਼ ਟਿਕੈਤ ਨੇ ਸਹਿਯੋਗ ਲਈ ਸਾਰਿਆਂ ਦਾ ਕੀਤਾ ਧੰਨਵਾਦ
ਨਵੀਂ ਦਿੱਲੀ : ਕੇਂਦਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਮਗਰੋਂ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਉਨ੍ਹਾਂ ਦੇ ਸਮਰਥਕ ਗਾਜ਼ੀਪੁਰ ਮੋਰਚਾ ਖਾਲੀ ਕਰਕੇ ਆਪੋ-ਆਪਣੇ ਘਰੀਂ ਪਹੁੰਚ ਗਏ। ਇਸ ਦੌਰਾਨ ਕਿਸਾਨਾਂ ਨੇ ਜਸ਼ਨ ਮਨਾਏ ਅਤੇ ਕੁਝ ਕਿਸਾਨ ਭਾਵੁਕ ਹੁੰਦੇ ਵੀ ਨਜ਼ਰ ਆਏ। ਘਰਾਂ ਨੂੰ ਵਾਪਸੀ ਤੋਂ ਪਹਿਲਾਂ ਦਿੱਲੀ-ਮੇਰਠ ਐਕਸਪ੍ਰੈਸਵੇਅ ਹੇਠਾਂ ਯੂਪੀ ਗੇਟ ‘ਤੇ ਸਵੇਰੇ ਹਵਨ ਕੀਤਾ ਗਿਆ। ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਤੋਂ ਇਲਾਵਾ ਉੱਤਰਾਖੰਡ/ਉੱਤਰ ਪ੍ਰਦੇਸ਼ ਦੇ ਤਰਾਈ ਇਲਾਕੇ ਦੇ ਸਿੱਖ ਕਿਸਾਨ ਵੀ ਗਾਜ਼ੀਪੁਰ ਮੋਰਚੇ ‘ਤੇ ਹੀ ਬੈਠੇ ਸਨ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਤੇ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਧਰਨੇ ਵਾਲੀ ਥਾਂ ਦੀ ਸਫ਼ਾਈ ਕਰ ਦਿੱਤੀ ਗਈ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੋਸ਼ਲ ਮੀਡੀਆ ‘ਤੇ ਕਾਫਲੇ ਦੇ ਸਵਾਗਤ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕੀਤੇ। ਉਨ੍ਹਾਂ ਟਵੀਟ ਕੀਤਾ, ”13 ਮਹੀਨੇ ਸੜਕਾਂ ‘ਤੇ ਸੰਘਰਸ਼ ਕਰਨ ਮਗਰੋਂ ਘਰ ਵਾਪਸੀ। ਦੇਸ਼ ਦੇ ਨਾਗਰਿਕਾਂ ਦਾ ਦਿਲੋਂ ਧੰਨਵਾਦ।”
ਬੱਬੂ ਮਾਨ ਨੇ ਵੀ ਹਰਿਮੰਦਰ ਸਾਹਿਬ ਮੱਥਾ ਟੇਕ ਕੇਕੀਤਾ ਸ਼ੁਕਰਾਨਾ
ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਕਿਸਾਨਾਂ ਦੀ ਜਿੱਤ ਲਈ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਮੇਜ ‘ਤੇ ਬੈਠ ਕੇ ਸਰਕਾਰ ਨੂੰ ਹਰਾਇਆ ਹੈ। ਇਸ ਜਿੱਤ ਦਾ ਸਿਹਰਾ ਗੁਰੂ ਘਰ ਨੂੰ ਜਾਂਦਾ ਹੈ, ਜਿਸ ਦਾ ਓਟ ਆਸਰਾ ਲੈ ਕੇ ਕਿਸਾਨਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਕਿਸਾਨਾਂ ਨੂੰ ਝੁਕਾਅ ਨਹੀਂ ਸਕਦੀ।
ਪਿੰਗਲਵਾੜਾ ਦੇ ਬੱਚਿਆਂ ਵੱਲੋਂ ਵੀ ਫਤਹਿ ਮਾਰਚ ਦਾ ਸਵਾਗਤ
ਕਿਸਾਨਾਂ ਦੇ ਫਤਹਿ ਮਾਰਚ ਦਾ ਪਿੰਗਲਵਾੜਾ ਦੇ ਬੱਚਿਆਂ ਵੱਲੋਂ ਵੀ ਸਵਾਗਤ ਕੀਤਾ ਗਿਆ। ਮਾਨਾਂਵਾਲਾ ਵਿੱਚ ਪਿੰਗਲਵਾੜੇ ਦੇ ਬੱਚਿਆਂ ਦੀ ਬੈਂਡ ਤੇ ਗਤਕਾ ਟੀਮ ਨੇ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ। ਕਿਸਾਨ ਏਕਤਾ ਲਈ ਨਾਅਰੇ ਲਾਏ ਗਏ। ਇਸ ਮੌਕੇ ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ, ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ, ਦਰਸ਼ਨ ਸਿੰਘ ਬਾਵਾ, ਰਾਜਬੀਰ ਸਿੰਘ ਆਦਿ ਨੇ ਕਿਸਾਨ ਆਗੂ ਰਕੇਸ਼ ਟਿਕੈਤ, ਡਾ.ਦਰਸ਼ਨਪਾਲ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਚੜੂਨੀ ਆਦਿ ਨੂੰ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ।
ਟੋਲ ਦੇ ਰੇਟ ਵਧੇ ਤਾਂ ਫਿਰ ਹੋਵੇਗਾ ਅੰਦੋਲਨ : ਟਿਕੈਤ
40 ਫੀਸਦੀ ਤੱਕ ਟੋਲ ਦੇ ਰੇਟ ਵਧਣ ਦੀ ਚੱਲ ਰਹੀ ਹੈ ਚਰਚਾ
ਜਲੰਧਰ : ਦਿੱਲੀ ਵਿਚ ਖੇਤੀ ਕਾਨੂੰਨਾਂ ਖਿਲਾਫ ਜੰਗ ਜਿੱਤ ਕੇ ਰਾਕੇਸ਼ ਟਿਕੈਤ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਪਹੁੰਚੇ। ਟਿਕੈਤ ਦਾ ਰਸਤੇ ਵਿਚ ਥਾਂ-ਥਾਂ ਭਰਵਾਂ ਸਵਾਗਤ ਵੀ ਹੋਇਆ। ਜਲੰਧਰ ਨੇੜੇ ਪਰਾਗਪੁਰ ਵਿਚ ਟਿਕੈਤ ਦੇ ਪਹੁੰਚਣ ‘ਤੇ ਕਿਸਾਨਾਂ ਨੇ ਮਿਠਾਈਆਂ ਅਤੇ ਬਦਾਮ ਵੀ ਵੰਡੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਜਿੱਤ ਕਿਸੇ ਇਕ ਜਾਤੀ, ਧਰਮ ਜਾਂ ਵਰਗ ਦੀ ਨਹੀਂ ਹੈ, ਇਹ ਸਾਰਿਆਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਦੇ ਲੋਕਾਂ ਦੇ ਏਕੇ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਹੈ। ਟਿਕੈਤ ਨੇ ਕਿਹਾ ਕਿ ਜੇਕਰ ਹੁਣ ਟੋਲ ਟੈਕਸ ਦੇ ਰੇਟ ਵਧਦੇ ਹਨ ਤਾਂ ਫਿਰ ਅੰਦੋਲਨ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਸਮਝ ਲੈਣ ਕਿ ਅੰਦੋਲਨ ਅਜੇ ਖਤਮ ਨਹੀਂ ਹੋਇਆ ਅਤੇ ਬਹੁਤ ਸਾਰੇ ਮਸਲੇ ਅਜਿਹੇ ਹਨ ਜਿਨ੍ਹਾਂ ਦਾ ਹੱਲ ਹੋਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਣਕ ਅਤੇ ਝੋਨੇ ਦੇ ਰੇਟ ਜਿਸ ਤਰ੍ਹਾਂ ਦੋ-ਢਾਈ ਪ੍ਰਤੀਸ਼ਤ ਵਧਾਉਂਦੀ ਹੈ, ਉਸੇ ਤਰ੍ਹਾਂ ਟੋਲ ਦੇ ਰੇਟ ਵਧਾਏ ਜਾਣ। ਟਿਕੈਤ ਨੇ ਕਿਹਾ ਕਿ ਜੇਕਰ ਟੋਲ ਦੇ ਰੇਟ 40 ਫੀਸਦੀ ਵਧਦੇ ਤਾਂ ਕਿਸਾਨ ਅੰਦੋਲਨ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਜਾਂ ਉਨ੍ਹਾਂ ਨਾਲ ਖੁੰਦਕ ਕੱਢਣ ਦੀ ਆੜ ਹੇਠ ਜੇ ਟੌਲ ਪਲਾਜ਼ਿਆਂ ਦੀਆਂ ਦਰਾਂ ਵਧਾਈਆਂ ਗਈਆਂ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ। ਧਿਆਨ ਰਹੇ ਕਿ ਹੁਣ ਟੋਲ ਪਲਾਜ਼ੇ ਵੀ ਖੁੱਲ੍ਹ ਗਏ ਹਨ ਅਤੇ ਚਰਚਾ ਚੱਲ ਰਹੀ ਹੈ ਕਿ ਟੋਲ ਦੇ ਰੇਟ ਵੀ 40 ਫੀਸਦੀ ਤੱਕ ਵਧਾਏ ਜਾ ਰਹੇ ਹਨ।
ਡਾ. ਸਵੈਮਾਨ ਦੇ ਯੋਗਦਾਨ ਦੀ ਸ਼ਲਾਘਾ
ਕਿਸਾਨ ਮੋਰਚੇ ਦੌਰਾਨ ਡਾ. ਸਵੈਮਾਨ ਨੇ ਕਿਸਾਨਾਂ ਦੀ ਕੀਤੀ ਸੇਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਿਸਾਨ ਮੋਰਚੇ ‘ਚ ਪਰਵਾਸੀ ਪੰਜਾਬੀ ਡਾ. ਸਵੈਮਾਨ ਸਿੰਘ ਵੱਲੋਂ ਕੀਤੀ ਗਈ ਸੇਵਾ ਦੀ ਰੱਜਵੀਂ ਪ੍ਰਸ਼ੰਸਾ ਹੋਈ ਹੈ। ਅਮਰੀਕਾ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸਵੈਮਾਨ ਨੇ ਆਪਣੀ ਨੌਕਰੀ ਦਾ ਸੁੱਖ-ਅਰਾਮ ਛੱਡ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦੀ ਸੇਵਾ ਕੀਤੀ। ਉਨ੍ਹਾਂ ਉੱਥੇ ਮੁੱਢਲੀ ਡਾਕਟਰੀ ਸਹਾਇਤਾ ਤੋਂ ਵਾਂਝੇ ਕਿਸਾਨਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੀਤਾ ਤੇ ਦਵਾਈਆਂ ਦਿੱਤੀਆਂ।
ਡਾ. ਸਵੈਮਾਨ ਸਿੰਘ ਨੇ ਸਿੱਖੀ ਪਹਿਰਾਵੇ ਵਿੱਚ ਆਪਣਾ, ਡਾਕਟਰੀ ਕਿੱਤੇ ਦਾ ਤੇ ਪਰਵਾਸੀ ਭਾਈਚਾਰੇ ਦਾ ਨਾਂ ਹੋਰ ਵੀ ਰੋਸ਼ਨ ਕੀਤਾ ਹੈ। ਜ਼ਮੀਨੀ ਹਕੀਕਤਾਂ ਤੇ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ ਉਨ੍ਹਾਂ ਸੜਕ ‘ਤੇ ਪੋਹ-ਮਾਘ, ਜੇਠ-ਹਾੜ੍ਹ ਦੀਆਂ ਰੁੱਤਾਂ, ਬਰਸਾਤਾਂ ਵਿੱਚ ਟੈਂਟਾਂ ‘ਚ ਅਕਸਰ ਬੀਮਾਰ ਹੁੰਦੇ ਕਿਸਾਨਾਂ ਦੀ ਬਾਂਹ ਫੜੀ। ਉਹ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨਾਂ ਦੇ ਨਾਲ ਖੜ੍ਹੇ ਰਹੇ। ਫੋਰਮ ਨੇ ਕਿਹਾ ਕਿ ਡਾ. ਸਵੈਮਾਨ ਸਿੰਘ ਨੇ ਸਿੱਖੀ ਦੇ ਸਿਧਾਂਤਾਂ ‘ਤੇ ਖ਼ਰਾ ਉਤਰਦਿਆਂ ਕਿਸਾਨਾਂ ਦੇ ਨਾਲ ਰਹਿ ਕੇ ਉਨ੍ਹਾਂ ਦੀ ਸੇਵਾ ਕੀਤੀ।
ਲੇਖਕਾਂ ਤੇ ਰੰਗਕਰਮੀਆਂ ਨੇ ਵੀ ਕੀਤਾ ਕਿਸਾਨਾਂ ਦਾ ਸਵਾਗਤ
ਚੰਡੀਗੜ੍ਹ : ਕਿਸਾਨ ਅੰਦੋਲਨ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਘਰਾਂ ਨੂੰ ਪਰਤ ਰਹੇ ਕਿਸਾਨਾਂ ਦਾ ਰਾਜਪੁਰਾ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇ ਲੇਖਕਾਂ ਅਤੇ ਰੰਗਕਰਮੀਆਂ ਨੇ ਨਿੱਘਾ ਸਵਾਗਤ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ, ਖੇਤੀ ਮਾਹਿਰ ਡਾ.ਸੁਖਪਾਲ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਕੱਤਰ ਡਾ. ਗੁਰਮੇਲ ਸਿੰਘ ਅਤੇ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਲਗਪਗ 50 ਲੇਖਕ, ਰੰਗਕਰਮੀ ਅਤੇ ਕਲਾਕਾਰ ਸ਼ਾਮਲ ਸਨ। ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇਪਟਾ ਦੇ ਆਗੂਆਂ ਨੇ ਇੰਗਲੈਂਡ ਦੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਛਪਵਾਇਆ ਗਿਆ ਕਿਸਾਨ ਅੰਦੋਲਨ ਨੂੰ ਸਮਰਪਿਤ 2022 ਦਾ ਕੈਲੰਡਰ ਲੋਕ ਅਰਪਣ ਕੀਤਾ। ਪ੍ਰਧਾਨ ਦਰਸ਼ਨ ਬੁੱਟਰ ਤੇ ਡਾ. ਸਿਰਸਾ ਨੇ ਕਿਹਾ ਕਿ ਇਹ ਕਾਰਪੋਰੇਟਸ ਖ਼ਿਲਾਫ਼ ਭਾਰਤੀ ਕਿਸਾਨ-ਮਜ਼ਦੂਰ ਸੰਘਰਸ਼ ਦਾ ਪਹਿਲਾ ਪੜਾਅ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਭਾਰਤੀ ਆਵਾਮ ਦੀ ਸਰਗਰਮ ਭਾਗੀਦਾਰੀ ਨਾਲ ਫ਼ਤਹਿ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਭਾ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੀ ਰਹੇਗੀ। ਕਿਸਾਨਾਂ ਦਾ ਸਵਾਗਤ ਕਰਨ ਵਾਲੇ ਲੇਖਕਾਂ ਵਿੱਚ ਕਰਮ ਸਿੰਘ ਵਕੀਲ, ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਕੰਵਲਨੈਣ ਸਿੰਘ ਸੇਖੋਂ, ਕੁਲਦੀਪ ਸਿੰਘ ਦੀਪ, ਬਲਵਿੰਦਰ ਸੰਧੂ, ਜੈਨੇਂਦਰ ਚੌਹਾਨ, ਜਗਜੀਤ ਸਿੰਘ, ਕਿਰਪਾਲ ਸਿੰਘ ਹੀਰਾ, ਬਲਵਿੰਦਰ ਚਹਿਲ, ਪ੍ਰੋ. ਮਨਪ੍ਰੀਤ ਜੱਸ, ਡਾ. ਵੀਰਪਾਲ ਕੌਰ, ਡਾ. ਮਲਕੀਤ ਕੌਰ, ਬਲਦੇਵ ਸਪਤਰਿਸ਼ੀ, ਵਿੱਕੀ ਮਹੇਸ਼ਵਰੀ ਅਤੇ ਪ੍ਰੋ. ਸੰਦੀਪ ਕੌਰ ਵੀ ਸ਼ਾਮਲ ਸਨ।
ਸਿਆਸਤ ‘ਚ ਆਉਣ ਬਾਰੇ ਕਿਸਾਨ ਆਗੂਆਂ ਦੇ ਵਿਚਾਰ ਵੱਖੋ-ਵੱਖਰੇ
ਕਿਸਾਨ ਜਥੇਬੰਦੀਆਂ ਨੂੰ ਸਿਆਸਤ ਵਿਚ ਨਿੱਤਰਨਾ ਚਾਹੀਦਾ : ਚਡੂਨੀ
ਅੰਮ੍ਰਿਤਸਰ : ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਇਕਮਤ ਹੋ ਕੇ ਸੰਘਰਸ਼ ਕੀਤਾ ਪਰ ਪੰਜਾਬ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਬਾਰੇ ਸਿਆਸੀ ਦ੍ਰਿਸ਼ਟੀਕੋਣ ਪੱਖੋਂ ਕਿਸਾਨ ਜਥੇਬੰਦੀਆਂ ਇਕਮਤ ਨਹੀਂ ਹਨ। ਇਸ ਸਬੰਧੀ ਵਿਚਾਰਾਂ ਦੇ ਵਖਰੇਵੇਂ ਕਿਸਾਨਾਂ ਨਾਲ ਗੱਲਬਾਤ ਦੌਰਾਨ ਸਾਹਮਣੇ ਆਏ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ‘ਚੋਂ ਇਕ ਦਾ ਕਹਿਣਾ ਹੈ ਕਿ ਸੱਤਾ ਵਿਚ ਆ ਕੇ ਹੀ ਕਿਸਾਨੀ ਮਸਲੇ ਹੱਲ ਕੀਤੇ ਜਾ ਸਕਦੇ ਹਨ ਜਦਕਿ ਦੂਜੀਆਂ ਧਿਰਾਂ ਸਿਆਸੀ ਅਖਾੜੇ ਵਿਚ ਨਿਤਰਨ ਨਾਲ ਸਹਿਮਤ ਨਹੀਂ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਇਸ ਹੱਕ ਵਿਚ ਹਨ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨ ਜਥੇਬੰਦੀਆਂ ਨੂੰ ਸਿਆਸਤ ਵਿਚ ਨਿੱਤਰਨਾ ਚਾਹੀਦਾ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਉਹ ਆਪਣੀ ਸਿਆਸੀ ਪਾਰਟੀ ਬਣਾਉਣਗੇ ਅਤੇ ਵਿਧਾਨ ਸਭਾ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਸਮਾਜ ਵਿਚ ਬਰਾਬਰੀ ਨਹੀਂ ਹੈ। ਇਕ ਵਿਅਕਤੀ ਦੀ ਆਮਦਨ ਲੋੜ ਤੋਂ ਵੱਧ ਹੈ ਤੇ ਦੂਜੇ ਦੀ ਆਮਦਨ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੀ। ਅਜਿਹੀਆਂ ਖਾਮੀਆਂ ਨੂੰ ਰਾਜਨੀਤੀ ਰਾਹੀਂ ਹੀ ਸੁਧਾਰਿਆ ਜਾ ਸਕਦਾ ਹੈ। ਇਸ ਲਈ ਕਿਸਾਨਾਂ ਵਾਸਤੇ ਇਕ ਸਿਆਸੀ ਮੰਚ ਦੀ ਲੋੜ ਹੈ। ਮੌਜੂਦਾ ਕਿਸਾਨ ਅੰਦੋਲਨ ਦੀ ਸਮਾਪਤੀ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਸਿਰਫ ਤਿੰਨ ਕਾਨੂੰਨ ਹੀ ਵਾਪਸ ਹੋਏ ਹਨ। ਉਨਾਂ ਦੀਆਂ ਬਾਕੀ ਮੰਗਾਂ ਜਿਵੇਂ ਦੀਆਂ ਤਿਵੇਂ ਹਨ।
ਇਸੇ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੰਖੇਪ ਗੱਲਬਾਤ ਦੌਰਾਨ ਕਿਹਾ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਸਬੰਧੀ ਗੱਲਬਾਤ ਰਾਹੀਂ ਸਰਕਾਰ ‘ਤੇ ਦਬਾਅ ਬਣਾਉਣਗੀਆਂ। ਭਾਵੇਂ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਕਿਸਾਨ ਮੰਗਾਂ ਮੰਨਵਾਉਣ ਲਈ ਸਰਕਾਰ ‘ਤੇ ਦਬਾਅ ਜਾਰੀ ਰੱਖਿਆ ਜਾਵੇਗਾ।
ਗੁਰੂਘਰ ਦੀ ਕਿਰਪਾ ਨਾਲ ਕਿਸਾਨਾਂ ਨੂੰ ਸੰਘਰਸ਼ ‘ਚ ਮਿਲੀ ਕਾਮਯਾਬੀ : ਰੰਧਾਵਾ
ਕਿਹਾ : ਖੇਤੀ ਕਾਨੂੰਨਾਂ ਦੀ ਵਾਪਸੀ ਪੰਜਾਬੀਅਤ ਦੀ ਜਿੱਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਿਲੀ ਕਾਮਯਾਬੀ ਲਈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ।
ਰੰਧਾਵਾ ਨੇ ਕਿਹਾ ਕਿ ਉਹ ਖੁਸ਼ ਹਨ ਕਿ ਗੁਰੂ ਘਰ ਦੀ ਕਿਰਪਾ ਨਾਲ ਕਿਸਾਨਾਂ ਨੂੰ ਸੰਘਰਸ਼ ਵਿੱਚ ਕਾਮਯਾਬੀ ਮਿਲੀ ਹੈ। ਉਨ੍ਹਾਂ ਕਿਹਾ ਕਿ ਆਪਣੇ ਅੱਖੜ ਰਵੱਈਏ ਲਈ ਮਸ਼ਹੂਰ ਮੋਦੀ ਸਰਕਾਰ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਜਿਸ ਦ੍ਰਿੜ੍ਹਤਾ ਨਾਲ ਸੰਘਰਸ਼ ਕਰਕੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਹੈ, ਇਹ ਆਪਣੀ ਤਰ੍ਹਾਂ ਦੀ ਇਕਲੌਤੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਜਿਵੇਂ ਦੇਸ਼ ਦੀ ਆਜ਼ਾਦੀ ਵੇਲੇ ਪੰਜਾਬੀਆਂ ਨੇ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਸਨ, ਠੀਕ ਉਸੇ ਤਰ੍ਹਾਂ ਖੇਤੀ ਕਾਨੂੰਨਾਂ ਵਿਰੁੱਧ ਵੀ ਪੰਜਾਬ ਦੇ ਕਿਸਾਨਾਂ ਨੇ ਅੱਗੇ ਹੋ ਕੇ ਲੜਾਈ ਲੜੀ ਹੈ।
ਦੇਸ਼-ਵਿਦੇਸ਼ ਤੋਂ ਇਸ ਕਿਸਾਨ ਸੰਘਰਸ਼ ਨੂੰ ਡੱਟਵੀਂ ਹਮਾਇਤ ਵੀ ਮਿਲੀ, ਜਿਸ ਨੇ ਇਹ ਕਾਨੂੰਨ ਵਾਪਸ ਲੈਣ ਲਈ ਸਰਕਾਰ ‘ਤੇ ਹੋਰ ਜ਼ੋਰ ਪਾਇਆ। ਉਨ੍ਹਾਂ ਕਿਹਾ ਕਿ ਕੇਂਦਰ ਨੇ ਇਸ ਕਿਸਾਨੀ ਸੰਘਰਸ਼ ਨੂੰ ਨਾਕਾਮ ਕਰਨ ਲਈ ਕਈ ਚਾਲਾਂ ਚੱਲੀਆਂ, ਪਰ ਸੂਝਵਾਨ ਕਿਸਾਨ ਆਗੂਆਂ ਨੇ ਸ਼ਾਂਤੀਪੂਰਨ ਢੰਗ ਨਾਲ ਆਪਣਾ ਸੰਘਰਸ਼ ਜਾਰੀ ਰੱਖਿਆ ਤੇ ਜਿੱਤ ਵੱਲ ਵੱਧਦੇ ਗਏ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਇਨ੍ਹਾਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੀ ਆ ਰਹੀ ਹੈ ਅਤੇ ਸੰਘਰਸ਼ ਦੌਰਾਨ ਵੀ ਕਿਸਾਨਾਂ ਨਾਲ ਖੜ੍ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਪਰਿਵਾਰਾਂ ਦੀ ਰੋਟੀ ਚੱਲਦੀ ਰਹੇ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …