Breaking News
Home / Special Story / ਖੇਤਾਂ ਦੇ ਰਾਜਿਆਂ ਦੇ ਵਿਹੜੇ ਛਾਇਆ ਉਦਾਸੀ ਦਾ ਆਲਮ

ਖੇਤਾਂ ਦੇ ਰਾਜਿਆਂ ਦੇ ਵਿਹੜੇ ਛਾਇਆ ਉਦਾਸੀ ਦਾ ਆਲਮ

ਕਿਸਾਨ ਖ਼ੁਦਕੁਸ਼ੀਆਂ: ਪੀੜਤ ਪਰਿਵਾਰਾਂ ਨੂੰ ਨਾ ਮੁਆਵਜ਼ਾ ਮਿਲਿਆ ਤੇ ਨਾ ਕਰਜ਼ਾ ਮੁਆਫ਼ੀ
ਸੰਗਰੂਰ : ਖੇਤਾਂ ਦੇ ਰਾਜਿਆਂ ਵਿਹੜੇ ਉਦਾਸੀ ਹੈ, ਘਰਾਂ ਦੀਆਂ ਖ਼ੁਸ਼ੀਆਂ ਖ਼ੁਦਕੁਸ਼ੀਆਂ ਨੇ ਖੋਹ ਲਈਆਂ ਅਤੇ ਖੇਤਾਂ ਦੀ ਬਹਾਰ ਕਰਜ਼ਾ ਨਿਗਲ ਗਿਆ। ਪੀੜਤ ਪਰਿਵਾਰਾਂ ਦਾ ਕੋਈ ਦਰਦ ਵੰਡਾਉਣ ਵਾਲਾ ਨਜ਼ਰ ਨਹੀਂ ਆ ਰਿਹਾ, ਦਰਦ ਵੰਡਾਉਣ ਦੇ ਦਿਲਾਸੇ ਦੇਣ ਵਾਲੇ ਪੰਜਾਬ ਦੇ ‘ਰਾਜੇ’ ਖਾਮੋਸ਼ ਹਨ। ਕਰਜ਼ੇ ਦਾ ਦੈਂਤ ਖੇਤਾਂ ਦੇ ਪੁੱਤ ਨਿਗਲ ਕੇ ਵੀ ਪੀੜਤ ਪਰਿਵਾਰਾਂ ਦਾ ਖਹਿੜਾ ਨਹੀਂ ਛੱਡ ਰਿਹਾ। ਖ਼ੁਦਕੁਸ਼ੀ ਪੀੜਤ ਪਰਿਵਾਰ ‘ਕਰਜ਼ਾ ਮੁਆਫ਼ੀ’ ਲਈ ਸਰਕਾਰਾਂ ਦਾ ਰਾਹ ਤੱਕ ਰਹੇ ਹਨ। ਸਰਕਾਰੀ ਵਾਅਦੇ ਜੇ ਪੱਥਰ ‘ਤੇ ਲਕੀਰ ਸਾਬਤ ਹੁੰਦੇ ਤਾਂ ਅੱਜ ਕਰਜ਼ੇ ਦਾ ਦੈਂਤ ਕਰਜ਼ਾ ਵਸੂਲੀ ਨੋਟਿਸਾਂ, ਅਦਾਲਤੀ ਸੰਮਨਾਂ ਅਤੇ ਕੁਰਕੀ ਦੇ ਹੁਕਮਾਂ ਦੇ ਰੂਪ ‘ਚ ਘਰਾਂ ਦੇ ਬੂਹੇ ਖੜਕਾ ਕੇ ਪੀੜਤ ਪਰਿਵਾਰਾਂ ਨੂੰ ਡਰਾਉਂਦਾ ਨਾ। ਪਿੰਡ ਕੌਹਰੀਆਂ ਦਾ ਕਿਸਾਨ ਮਨਜੀਤ ਸਿੰਘ (35) ਕਰਜ਼ੇ ਦਾ ਬੋਝ ਨਾ ਸਹਾਰਦਿਆਂ ਭਾਵੇਂ 14 ਅਗਸਤ 2011 ਨੂੰ ਖੇਤ ਦੇ ਕੋਠੇ ‘ਚ ਸਪਰੇਅ ਪੀ ਕੇ ਸਦਾ ਦੀ ਨੀਂਦ ਸੌ ਗਿਆ ਸੀ ਪਰ ਅੱਠ ਸਾਲਾਂ ਤੋਂ ਕਰਜ਼ੇ ਦਾ ਦੈਂਤ ਉਸ ਦੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਸੁੱਖ ਦੀ ਨੀਂਦ ਨਹੀਂ ਸੌਣ ਦੇ ਰਿਹਾ। ਛੇ ਏਕੜ ਜ਼ਮੀਨ ਦੇ ਮਾਲਕਾਂ ਕੋਲ ਹੁਣ ਸਿਰਫ਼ ਅੱਧਾ ਏਕੜ ਜ਼ਮੀਨ ਬਚੀ ਹੈ ਤੇ ਉਹ ਵੀ ਛੇ ਲੱਖ ‘ਚ ਗਹਿਣੇ ਪਈ ਹੈ। ਬੈਂਕ ਦਾ ਅੱਠ ਲੱਖ ਅਤੇ ਸੁਸਾਇਟੀ ਦਾ 70 ਹਜ਼ਾਰ ਸਿਰ ਕਰਜ਼ਾ ਖੜ੍ਹਾ ਹੈ, ਅਜੇ ਤੱਕ ਨਾ ਖ਼ੁਦਕੁਸ਼ੀ ਮੁਆਵਜ਼ਾ ਮਿਲਿਆ ਤੇ ਨਾ ਹੀ ਕਰਜ਼ੇ ‘ਚੋਂ ਧੇਲਾ ਮੁਆਫ਼ ਹੋਇਆ ਹੈ। ਆਰਥਿਕ ਤੰਗੀ ਕਾਰਨ ਵੱਡਾ ਪੁੱਤਰ ਬਾਰ੍ਹਾਂ ਪੜ੍ਹਾ ਕੇ ਹਟਾ ਲਿਆ ਅਤੇ ਧੀ ਦੀ ਕਾਲਜ ਦੀ ਪੜ੍ਹਾਈ ਵੀ ਪੂਰੀ ਨਹੀਂ ਹੋ ਸਕੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਬੈਂਕ ਵਾਲੇ ਆਖ ਕੇ ਗਏ ਹਨ ਕਿ ਕਰਜ਼ਾ ਭਰ ਦਿਓ, ਨਹੀਂ ਕੇਸ ਕਰ ਦਿਆਂਗੇ।
ਇਸੇ ਪਿੰਡ ਦਾ ਕਿਸਾਨ ਪਰਮਜੀਤ ਸਿੰਘ ਵੀ 3 ਫਰਵਰੀ 2015 ਨੂੰ ਖੇਤ ‘ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਗਿਆ ਸੀ ਪਰ ਪੀੜਤ ਪਰਿਵਾਰ ਨੂੰ 16 ਲੱਖ ਰੁਪਏ ਦਾ ਕਰਜ਼ਾ ਸਿਰੋਂ ਲਾਹੁਣ ਲਈ ਕੋਈ ਰਾਹ ਨਹੀਂ ਲੱਭ ਰਿਹਾ। ਸਾਢੇ ਤਿੰਨ ਏਕੜ ਜ਼ਮੀਨ ਦੀ ਮਾਲਕੀ ਵਾਲੇ ਪਰਿਵਾਰ ਸਿਰ ਸਰਕਾਰੀ ਬੈਂਕ ਦਾ 12 ਲੱਖ, ਆੜ੍ਹਤੀ ਦਾ ਢਾਈ ਲੱਖ ਅਤੇ ਸੁਸਾਇਟੀ ਦਾ 1 ਲੱਖ 18 ਹਜ਼ਾਰ ਕਰਜ਼ਾ ਹੈ। ਬੈਂਕ ਦਾ ਨੋਟਿਸ ਅਤੇ ਅਦਾਲਤ ਦਾ ਸੰਮਨ ਮਿਲ ਚੁੱਕਿਆ ਹੈ ਪਰ ਕਰਜ਼ਾ ਮੁਆਫ਼ੀ ਤਾਂ ਕੀ ਮਿਲਣੀ ਸੀ ਸਗੋਂ 17 ਮਈ 2018 ਨੂੰ ਮਨਜ਼ੂਰ ਹੋਏ ਦੋ ਲੱਖ ਰੁਪਏ ਖ਼ੁਦਕੁਸ਼ੀ ਮੁਆਵਜ਼ੇ ਦੀ ਰਕਮ ਵੀ ਅਜੇ ਤੱਕ ਨਸੀਬ ਨਹੀਂ ਹੋਈ। ਮ੍ਰਿਤਕ ਦੇ ਪੁੱਤਰ ਕ੍ਰਿਸ਼ਨ ਸਿੰਘ ਨੇ ਕਰਜ਼ਾ ਨੋਟਿਸ ਤੇ ਸੰਮਨ ਦਿਖਾਉਂਦਿਆਂ ਦੱਸਿਆ ਕਿ ਬੈਂਕ ਵਾਲੇ ਘਰ ਆ ਕੇ ਧਮਕਾਉਂਦੇ ਹਨ ਕਿ ਕਰਜ਼ਾ ਭਰ ਦਿਓ, ਨਹੀਂ ਜ਼ਮੀਨ ਦੀ ਕੁਰਕੀ ਕਰਾਵਾਂਗੇ। ਹੁਣ ਤਾਂ ਕੁਰਕੀ ਲਈ ਕੇਸ ਵੀ ਦਾਇਰ ਕਰ ਦਿੱਤਾ ਹੈ। ਪਿੰਡ ਮੰਗਵਾਲ ਦਾ ਕਿਸਾਨ ਹਰਜਿੰਦਰ ਸਿੰਘ ਵੀ ਤਿੰਨ ਵਰ੍ਹੇ ਪਹਿਲਾਂ ਕਰਜ਼ੇ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਿਆ ਸੀ। ਸਿਰਫ਼ ਢਾਈ ਏਕੜ ਦੀ ਮਾਲਕੀ ਵਾਲੇ ਪਰਿਵਾਰ ਸਿਰ ਲਗਭਗ 28 ਲੱਖ ਦਾ ਕਰਜ਼ਾ ਹੈ ਇਸ ‘ਚੋਂ ਬੈਂਕਾਂ ਦਾ 18 ਅਤੇ ਆੜ੍ਹਤੀਏ ਦਾ 10 ਲੱਖ ਹੈ।
ਖ਼ੁਦਕੁਸ਼ੀ ਮਗਰੋਂ ਦੁੱਖ ਵੰਡਾਉਣ ਆਏ ਸਿਆਸੀ ਲੋਕਾਂ ਨੇ ਕਰਜ਼ਾ ਮੁਆਫ਼ੀ ਦੇ ਬਥੇਰੇ ਵਾਅਦੇ ਕੀਤੇ ਪਰ ਕੋਈ ਵਫ਼ਾ ਨਾ ਹੋਇਆ। ਮ੍ਰਿਤਕ ਦੀ ਪਤਨੀ ਤੇ ਪੁੱਤਰ ਨੇ ਨੋਟਿਸ ਦਿਖਾਉਂਦਿਆਂ ਦੱਸਿਆ ਕਿ ਕੱਲ੍ਹ ਹੀ ਬੈਂਕ ਵਾਲੇ ਘਰ ਆਏ ਸਨ। ਉਹ ਧਮਕਾਉਂਦੇ ਵੀ ਹਨ ਤੇ ਆਖਦੇ ਸਨ ਕਿ ਕਰਜ਼ੇ ‘ਤੇ 16 ਫ਼ੀਸਦੀ ਵਿਆਜ ਪੈ ਰਿਹਾ ਹੈ। ਇੱਕ ਬੈਂਕ ਨੇ ਤਾਂ ਕੇਸ ਵੀ ਕਰ ਦਿੱਤਾ ਹੈ। ਮ੍ਰਿਤਕ ਦੀ ਪਤਨੀ ਅਤੇ ਸਕੂਲ ਪੜ੍ਹਦੇ ਪੁੱਤਰ ਦੇ ਹਾਸਿਆਂ ਨੂੰ ਪਿਤਾ ਦੀ ਮੌਤ ਦੇ ਦੁੱਖ ਤੇ ਕਰਜ਼ੇ ਦੀ ਭਾਰੀ ਪੰਡ ਨੇ ਘੇਰ ਲਿਆ ਹੈ। ਭਾਵੇਂ ਪਰਿਵਾਰ ਦੁੱਧ ਵੇਚ ਕੇ ਗੁਜ਼ਾਰਾ ਕਰ ਰਿਹਾ ਹੈ ਪਰ ਕਰਜ਼ੇ ਦੇ ਨੋਟਿਸਾਂ ਤੇ ਅਦਾਲਤੀ ਕੇਸਾਂ ਦੇ ਸਹਿਮ ਨੇ ਡਰਾ ਰੱਖਿਆ ਹੈ। ਪਿੰਡ ਕੌਹਰੀਆਂ ਦੇ ਸਵਾ ਦੋ ਏਕੜ ਦੇ ਮਾਲਕ ਸਤਵਿੰਦਰ ਸਿੰਘ (28) ਦੀਆਂ ਖ਼ੁਸ਼ੀਆਂ ਵੀ ਕਰਜ਼ੇ ਦੇ ਬੋਝ ਹੇਠ ਉਸ ਸਮੇਂ ਦਮ ਤੋੜ ਗਈਆਂ ਜਦੋਂ ਉਸ ਦੇ ਵਿਆਹ ਨੂੰ ਅਜੇ ਤਿੰਨ ਮਹੀਨੇ ਹੋਏ ਸਨ। ਤਿੰਨ ਲੱਖ ਦੇ ਕਰਜ਼ੇ ਤੇ ਉਪਰੋਂ ਵਿਆਹ ਦੇ ਖ਼ਰਚੇ ਕਾਰਨ ਮਾਨਸਿਕ ਪ੍ਰੇਸ਼ਾਨ ਸਤਵਿੰਦਰ ਨੇ ਸਾਲ 2013 ਵਿਚ ਸਪਰੇਅ ਪੀ ਕੇ ਜਾਨ ਦੇ ਦਿੱਤੀ ਸੀ। ਉਸ ਦੀ ਸੱਜ ਵਿਆਹੀ ਪਤਨੀ ਵਾਪਸ ਪੇਕੇ ਪਰਤਣ ਲਈ ਮਜਬੂਰ ਹੋਈ ਸੀ। ਪੁੱਤ ਦੀ ਮੌਤ ਤੇ ਨੂੰਹ ਨਾਲ ਟੁੱਟੇ ਰਿਸ਼ਤੇ ਦੇ ਦੁੱਖ ਨੇ ਮਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉੱਪਰੋਂ ਬੈਂਕ ਵਾਲੇ ਕਰਜ਼ੇ ਦੀ ਵਸੂਲੀ ਲਈ ਨੋਟਿਸ ਲੈ ਕੇ ਘਰ ਗੇੜੇ ਮਾਰਦੇ ਹਨ। ਛੋਟਾ ਪੁੱਤ ਅਪਾਹਜ ਹੈ ਤੇ ਘਰ ਕਮਾਉਣ ਵਾਲਾ ਕੋਈ ਨਹੀਂ। ਨਾ ਕਰਜ਼ਾ ਮੁਆਫ਼ ਹੋਇਆ ਤੇ ਨਾ ਕੋਈ ਮੁਆਵਜ਼ਾ ਹੀ ਮਿਲਿਆ।
ਕਰਜ਼ਈ ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟਾਂ ਖਿਲਾਫ ਨਿੱਤਰੀਆਂ ਕਿਸਾਨ ਜਥੇਬੰਦੀਆਂ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਦਾਅਵਿਆਂ ਦੇ ਚੱਲਦਿਆਂ ਕਰਜ਼ਾ ਵਸੂਲੀ ਲਈ ਕਿਸਾਨਾਂ ਦੇ ਗ੍ਰਿਫ਼ਤਾਰੀ ਵਾਰੰਟ ਕੱਢਣ ਅਤੇ ਸਖ਼ਤੀ ਕਰਨ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੀ ਮੈਦਾਨ ਵਿੱਚ ਨਿੱਤਰ ਆਈਆਂ ਹਨ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਰੱਜ ਕੇ ਝੂਠ ਬੋਲਦਿਆਂ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਲਈ। ਉਨ੍ਹਾਂ ਨੇ ਕਿਸਾਨਾਂ ਨੂੰ ਚੋਣਾਂ ਸਮੇਂ ‘ਕਰਜ਼ਾ ਕੁਰਕੀ ਖ਼ਤਮ-ਫਸਲ ਦੀ ਪੂਰੀ ਰਕਮ’ ਦਾ ਨਾਅਰਾ ਦਿੰਦਿਆਂ ਕਈ ਸਬਜ਼ਬਾਗ ਦਿਖਾਏ ਸਨ। ਸਹਿਕਾਰੀ ਅਤੇ ਸਰਕਾਰੀ ਬੈਂਕਾਂ ਅਤੇ ਆੜ੍ਹਤੀਆਂ ਦਾ ਪੂਰਾ ਕਰਜ਼ਾ ਸਰਕਾਰ ਵੱਲੋਂ ਅਦਾ ਕਰਨ, ਕਿਸੇ ਵੀ ਕਿਸਾਨ ਦੀ ਕਰਜ਼ੇ ਕਾਰਨ ਗ੍ਰਿਫ਼ਤਾਰੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੁਰਕੀ ਹੋਣ ਦਾ ਦੇਣ ਦਾ ਐਲਾਨ ਕੀਤਾ ਸੀ।
ਕਾਂਗਰਸ ਨੇ ਵੱਡੇ-ਵੱਡੇ ਸੋਸ਼ਿਆਂ ਨਾਲ ਸਰਕਾਰ ਤਾਂ ਬਣਾ ਲਈ, ਪਰ ਕਿਸਾਨਾਂ ਨੂੰ ਹਾਸਲ ਕੁਝ ਨਹੀਂ ਹੋਇਆ। 4700 ਕਰੋੜ ਦਾ ਕੁੱਲ ਕਰਜ਼ਾ ਮੁਆਫ਼ ਹੋਇਆ ਪਰ ਕਰਜ਼ਾ ਮੁਆਫ਼ੀ ਦੀ ਆਸ ਵਿੱਚ ਡਿਫਾਲਟਰ ਹੋਏ ਕਿਸਾਨਾਂ ਨੂੰ ਇਸ ਤੋਂ ਵੱਧ ਵਿਆਜ ਪੈ ਗਿਆ। ਹਾਲਤ ਇਹ ਹੈ ਕਿ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋ ਰਹੀਆਂ ਹਨ ਅਤੇ ਕੁਰਕੀ ਵੀ। ਰਾਜੇਵਾਲ ਨੇ ਕਿਹਾ ਕਿ ਇਸ ਸਾਲ ਪੰਜਾਬ ਵਿੱਚ ਹੁਣ ਤੱਕ ਸਿਰਫ 150 ਲੱਖ ਟਨ ਝੋਨਾ ਮੰਡੀਆਂ ਵਿੱਚ ਆਇਆ ਹੈ ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ ਰਕਬਾ ਝੋਨੇ ਹੇਠੋਂ ਘਟਿਆ ਅਤੇ ਹੜ੍ਹਾਂ ਨੇ ਵੀ ਬਰਬਾਦੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਮੰਡੀਆਂ ਵਿੱਚ ਵਿਕਣ ਆਏ ਝੋਨੇ ਦੀਆਂ ਰਿਪੋਰਟਾਂ ਮੁਤਾਬਕ ਝੋਨੇ ਦਾ ਝਾੜ ਘਟਣ ਨਾਲ ਇਸ ਸਾਲ ਕਿਸਾਨਾਂ ਨੂੰ 5 ਹਜ਼ਾਰ ਕਰੋੜ ਦਾ ਵਿੱਤੀ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਖਰੀਦ ਵਿੱਚੋਂ ਸਰਕਾਰੀ ਏਜੰਸੀ ਸੀ.ਸੀ.ਆਈ. ਭੱਜ ਗਈ। ਕਿਸਾਨਾਂ ਨੂੰ ਭਾਅ ਘਟਣ ਨਾਲ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦਾ ਘਾਟਾ ਪੈ ਰਿਹਾ ਹੈ।
ਕਿਸਾਨ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਕੇਂਦਰ ਸਰਕਾਰ ਦੀ ਹਾਂ ਵਿੱਚ ਹਾਂ ਮਿਲਾ ਕੇ ਅਗਲੀਆਂ ਫਸਲਾਂ ਦੀ ਸਰਕਾਰੀ ਖਰੀਦ ਤੋਂ ਭੱਜਣ ਵਿੱਚ ਪੂਰਾ ਯੋਗਦਾਨ ਪਾ ਰਹੀ ਹੈ। ਪੰਜਾਬ ਦਾ ਮੰਡੀਕਰਨ ਕਾਨੂੰਨ ਸੋਧ ਕਰਕੇ ਮੌਜੂਦਾ ਮੰਡੀ ਦਾ ਢਾਂਚਾ ਖ਼ਤਮ ਕਰਨ ਦੀ ਤਿਆਰੀ ਹੋ ਗਈ ਹੈ। ਕਿਸਾਨਾਂ ਨੂੰ ਉਲਝਾਈ ਰੱਖਣ ਲਈ ਪਰਾਲੀ ਸਾੜਨ ਦੇ ਬਹਾਨੇ ਹਜ਼ਾਰਾਂ ਕਿਸਾਨਾਂ ਵਿਰੁੱਧ ਪਰਚੇ ਦਰਜ ਹੋ ਚੁੱਕੇ ਹਨ ਅਤੇ ਕਰੋੜਾਂ ਰੁਪਏ ਜੁਰਮਾਨਾ ਕਰ ਦਿੱਤਾ ਗਿਆ ਹੈ। ਅਸਲੀਅਤ ਇਹ ਹੈ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਫ਼ੈਸਲੇ ਅਨੁਸਾਰ ਸਰਕਾਰ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਮਸ਼ੀਨਰੀ ਮੁਹੱਈਆ ਕਰਵਾਉਣ ਤੋਂ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਉਲਟਾ ਸਬਸਿਡੀ ‘ਤੇ ਮਸ਼ੀਨਾਂ ਦੇਣ ਦੀ ਆੜ ਵਿੱਚ ਅਫਸਰਸ਼ਾਹੀ ਆਪਣਾ ਕਮਿਸ਼ਨ ਬਣਾ ਕੇ ਮਾਲਾਮਾਲ ਹੋ ਗਈ ਹੈ। ਦੂਜੇ ਪਾਸੇ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਸੌ ਰੁਪਏ ਪ੍ਰਤੀ ਕੁਇੰਟਲ ਦੇਣ ਦੀਆਂ ਹਦਾਇਤਾਂ ਨੂੰ ਠਿੱਬੀ ਲਾਉਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦੇ ਢਾਈ ਸਾਲਾਂ ਅੰਦਰ 1330 ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਹਕੀਕੀ ਤੌਰ ‘ਤੇ ਇਹ ਖੁਦਕੁਸ਼ੀਆਂ ਨਹੀਂ ਸਗੋਂ ਪ੍ਰੇਰਿਤ ਕਤਲ ਹੀ ਹਨ।
ਕਰਜ਼ਾ ਅਦਾਇਗੀ ਲਈ ਆਏ ਨੋਟਿਸਾਂ ਨੇ ਕਿਸਾਨਾਂ ਦੇ ਸਾਹ ਸੂਤੇ
ਤਰਨਤਾਰਨ : ਤਰਨਤਾਰਨ ਦੇ ਪਿੰਡ ਖਹਿਰਾ (ਡਾਲੇਕੇ) ਦੀ 55 ਕੁ ਸਾਲਾ ਵਿਧਵਾ ਕਸ਼ਮੀਰ ਕੌਰ ਦੇ ਘਰ ਕੁਝ ਦਿਨ ਪਹਿਲਾਂ ਕਰਜ਼ੇ ਦੀ ਅਦਾਇਗੀ ਨਾ ਕਰਨ ‘ਤੇ ਆਏ ਨੋਟਿਸ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਾਹ ਸੂਤ ਕੇ ਰੱਖ ਦਿੱਤੇ। ਪਰਿਵਾਰ ਅਜੇ ਉਹ ਦਿਨ ਨਹੀਂ ਸੀ ਭੁਲਾ ਸਕਿਆ ਜਦੋਂ ਕਰੀਬ ਦੋ ਸਾਲ ਪਹਿਲਾਂ ਕਸ਼ਮੀਰ ਕੌਰ ਦੇ ਪਤੀ ਸਰਮੈਲ ਸਿੰਘ ਦੇ ਨਾਂ ਕਰਜ਼ੇ ਦਾ ਨੋਟਿਸ ਆਇਆ ਸੀ ਜਿਸ ਦਾ ਉਸ ਦੇ ਦਿਲ ਨੂੰ ਅਜਿਹਾ ਸਦਮਾ ਲੱਗਾ ਕਿ ਉਹ ਦੁਨੀਆਂ ਤੋਂ ਹੀ ਰੁਖ਼ਸਤ ਹੋ ਗਿਆ। ਕੁਝ ਦਿਨ ਪਹਿਲਾਂ ਵਿਧਵਾ ਕਸ਼ਮੀਰ ਕੌਰ ਆਪਣੀ ਵੱਡੀ ਲੜਕੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਸੀ ਤਾਂ ਪਰਿਵਾਰ ਨੂੰ ਕਰਜ਼ੇ ਦੀ ਅਦਾਇਗੀ ਨਾ ਕਰਨ ‘ਤੇ ਕਾਰਵਾਈ ਕੀਤੇ ਜਾਣ ਦੀ ਚਿਤਾਵਨੀ ਵਾਲਾ ਨੋਟਿਸ ਫਿਰ ਮਿਲ ਗਿਆ।
ਸਰਮੈਲ ਸਿੰਘ ਦੀ ਮੌਤ ਉਪਰੰਤ ਪੌਣੇ ਤਿੰਨ ਏਕੜ ਜ਼ਮੀਨ ਨਾਲ ਦੋ ਲੜਕੀਆਂ ਵਾਲੇ ਪਰਿਵਾਰ ਦੀ ਪਾਲਣਾ ਕਰ ਰਹੀ ਕਸ਼ਮੀਰ ਕੌਰ ਨੇ ਦੱਸਿਆ ਕਿ ਉਹ ਵੱਡੀ ਦੇ ਲੜਕੀ ਦੇ ਵਿਆਹ ਦੀਆਂ ਤਿਆਰੀਆਂ ਤਾਂ ਕਰ ਰਹੀ ਹੈ ਪਰ ਕਰਜ਼ਾ ਉਸ ਦੇ ਪਤੀ ਦੀ ਜਾਨ ਲੈ ਕੇ ਵੀ ਪਰਿਵਾਰ ਦਾ ਖਹਿੜਾ ਨਹੀਂ ਛੱਡ ਰਿਹਾ। ਸਰਮੈਲ ਸਿੰਘ ਤੇ ਉਸ ਦੇ ਭਰਾ ਸੁਖਵਿੰਦਰ ਸਿੰਘ ਨੇ ਇਕੱਠਿਆਂ ਹੀ ਇੱਕ ਮਈ, 2009 ਨੂੰ ਇਕ-ਇਕ ਲੱਖ ਰੁਪਏ ਦਾ ਕਰਜ਼ਾ ਤਰਨ ਤਾਰਨ ਦੇ ਸੈਂਟਰਲ ਸਹਿਕਾਰੀ ਬੈਂਕ ਕੋਲੋਂ ਲਿਆ ਸੀ। ਕਸ਼ਮੀਰ ਕੌਰ ਨੇ ਬੈਂਕ ਵੱਲੋਂ ਜਾਰੀ ਕੀਤੀ ਕਾਪੀ ਦੇ ਹਵਾਲੇ ਨਾਲ ਦੱਸਿਆ ਕਿ ਬੈਂਕ ਨੇ ਇਕ ਲੱਖ ਰੁਪਏ ਦੀ ਥਾਂ ‘ਤੇ 90,000 ਰੁਪਏ ਹੀ ਦਿੱਤੇ ਸਨ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਕਈ ਕਿਸ਼ਤਾਂ ਅਦਾ ਕੀਤੀਆਂ ਸਨ ਪਰ ਫਿਰ ਵੀ ਬੈਂਕ ਨੇ ਉਸ ਦੇ ਪਤੀ ਦੇ ਨਾਂ ਜਾਰੀ ਕੀਤੇ ਇੱਕ ਰਜਿਸਟਰਡ ਪੱਤਰ ਰਾਹੀਂ ਇਸ ਸਾਲ ਮਾਰਚ ਮਹੀਨੇ ਤੱਕ 2,28,097 ਰੁਪਏ ਦੀ ਵਿਆਜ ਸਣੇ ਅਦਾਇਗੀ ਕੀਤੇ ਜਾਣ ਦਾ ਨੋਟਿਸ ਜਾਰੀ ਕੀਤਾ ਹੈ। ਉਸ ਨੇ ਕਿਹਾ ਕਿ ਪੌਣੇ ਤਿੰਨ ਏਕੜ ਦੀ ਖੇਤੀ ਨਾਲ ਤਾਂ ਪਰਿਵਾਰ ਦੀ ਰੋਟੀ ਆਦਿ ਦਾ ਖਰਚ ਵੀ ਨਹੀਂ ਚਲਾਇਆ ਜਾ ਰਿਹਾ ਤਾਂ ਅਜਿਹੇ ਹਾਲਾਤ ‘ਚ ਉਹ ਕਰਜ਼ੇ ਦੀ ਅਦਾਇਗੀ ਕਿਵੇਂ ਕਰੇਗੀ। ਬੈਂਕ ਵੱਲੋਂ ਉਸ ਦੇ ਦਿਓਰ ਸੁਖਵਿੰਦਰ ਸਿੰਘ ਨੂੰ ਵੀ ਅਜਿਹਾ ਨੋਟਿਸ ਭੇਜਿਆ ਗਿਆ ਹੈ।
ਇਸ ਦੇ ਨਾਲ ਹੀ ਜ਼ਿਲ੍ਹੇ ਦੇ ਪਿੰਡ ਕੋਟ ਮੁਹੰਮਦ ਖਾਂ ਦੇ ਕਿਸਾਨ ਹਰਦੇਵ ਸਿੰਘ ਨੂੰ ਵੀ ‘ਤਰਨ ਤਾਰਨ ਸੈਂਟਰਲ ਸਹਿਕਾਰੀ ਬੈਂਕ’ ਵੱਲੋਂ ਕਰਜ਼ੇ ਦੀ ਅਦਾਇਗੀ ਨਾ ਕਰਨ ‘ਤੇ ਕਾਰਵਾਈ ਲਈ ਚਿਤਾਵਨੀ ਨੋਟਿਸ ਭੇਜਿਆ ਗਿਆ ਹੈ। ਢਾਈ ਏਕੜ ਤੋਂ ਵੀ ਘੱਟ ਜ਼ਮੀਨ ਦੇ ਮਾਲਕ ਕਿਸਾਨ ਹਰਦੇਵ ਸਿੰਘ ਨੇ ਬੈਂਕ ਕੋਲੋਂ ਮਾਰਚ 2014 ‘ਚ ਆਪਣੀ ਜ਼ਮੀਨ ਗਹਿਣੇ ਰੱਖ ਕੇ ਕਰੀਬ ਇੱਕ ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਬੈਂਕ ਵੱਲੋਂ 20 ਸਤੰਬਰ 2019 ਨੂੰ ਭੇਜੇ ਨੋਟਿਸ ਵਿੱਚ 2.70 ਲੱਖ ਰੁਪਏ ਅਦਾ ਕਰਨ ਦਾ ਨੋਟਿਸ ਭੇਜਿਆ ਗਿਆ ਤੇ ਰਕਮ ਅਦਾ ਨਾ ਕੀਤੇ ਜਾਣ ‘ਤੇ ਉਸ ਨੂੰ ਵਾਧੂ ਵਿਆਜ ਭਰਨ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਉਹ ਕੁਝ ਚਿਰ ਤੱਕ ਕਰਜ਼ੇ ਦੀਆਂ ਕਿਸ਼ਤਾਂ ਭਰਦਾ ਰਿਹਾ ਪਰ ਇਸ ਦੌਰਾਨ ਉਸ ਦੀ ਮਾਤਾ ਬਿਮਾਰ ਹੋ ਗਈ ਤੇ ਉਸ ਨੂੰ ਇੱਕ ਕਨਾਲ ਜ਼ਮੀਨ ਵੇਚਣ ਲਈ ਵੀ ਮਜਬੂਰ ਹੋਣਾ ਪਿਆ। ਇਸ ਦੇ ਨਾਲ ਹੀ ਉਸਦੇ ਤਿੰਨ ਦੁਧਾਰੂ ਪਸ਼ੂ ਮਰ ਗਏ। ਇਨ੍ਹਾਂ ਪੰਜ ਸਾਲਾਂ ਦੌਰਾਨ ਤਿੰਨ ਵਾਰ ਤਾਂ ਉਸ ਦੀ ਜਿਣਸ ਵੀ ਨਾਸ਼ ਹੋ ਜਾਂਦੀ ਰਹੀ ਹੈ। ਹਰਦੇਵ ਆਪਣੀਆਂ ਦੋ ਵੱਡੀਆਂ ਲੜਕੀਆਂ ਨੂੰ ਦਸਵੀਂ ਤੋਂ ਪੜ੍ਹਾ ਵੀ ਨਹੀਂ ਦਿਵਾ ਸਕਿਆ।
ਕਰਜ਼ਾ ਦੇਣ ਮੌਕੇ ਬੈਂਕ ਵਾਲਿਆਂ ਨੇ ਖ਼ੁਦ ਹੀ ਜਾਰੀ ਕੀਤੀ ਚੈੱਕ ਬੁੱਕ ਦੇ ਜਿਸ ਇਕ ਖਾਲੀ ਚੈੱਕ ‘ਤੇ ਉਸ ਦੇ ਦਸਤਖ਼ਤ ਕਰਵਾਏ ਸਨ, ਦੇ ਆਧਾਰ ‘ਤੇ ਬੈਂਕ ਵਾਲਿਆਂ ਨੇ ਉਸ ਦੇ ਅਦਾਲਤ ਵੱਲੋਂ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰਵਾ ਦਿੱਤੇ ਸਨ। ਛੇ ਮਹੀਨੇ ਪਹਿਲਾਂ ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਆਈ ਤਾਂ ਪ੍ਰੇਸ਼ਾਨੀ ਦੀ ਹਾਲਤ ਵਿਚ ਉਸ ਨੇ ਖ਼ੁਦਕੁਸ਼ੀ ਕਰਨ ਦਾ ਵੀ ਯਤਨ ਕੀਤਾ ਸੀ। ਜ਼ਿਲ੍ਹੇ ਦੇ ਪਿੰਡ ਢੋਟੀਆਂ ਦਾ ਇਕ ਛੋਟਾ ਕਿਸਾਨ ਤਰਸੇਮ ਸਿੰਘ ਪੁੱਤਰ ਬਖਸ਼ੀਸ਼ ਸਿੰਘ ਬੈਂਕ ਤੋਂ ਲਏ 20,000 ਰੁਪਏ ਦੀ ਕਰਜ਼ੇ ਦੇ ਅਦਾਇਗੀ ਨਾ ਕੀਤੇ ਜਾਣ ਕਰਕੇ ਆਏ ਨੋਟਿਸ ਤੋਂ ਪ੍ਰੇਸ਼ਾਨ ਹੈ।

Check Also

ਪੰਜਾਬ ਦੀ ਧਰਤੀ ‘ਤੇ ਨਵੀਂ ਪੀੜ੍ਹੀ ਦਾ ਜੀਅ ਲੱਗਣੋਂ ਹਟਿਆ

ਗੰਭੀਰ ਜਲਵਾਯੂ ਸੰਕਟ ਵੱਲ ਵਧ ਰਹੇ ਪੰਜਾਬ ਨੇ ਨਹੀਂ ਕੱਟਿਆ ਮੋੜ ਹਮੀਰ ਸਿੰਘ ਪੰਜ ਦਰਿਆਵਾਂ …