Breaking News
Home / Special Story / ਸ਼੍ਰੋਮਣੀ ਕਮੇਟੀ ਆਪਣੇ ਤੌਰ ‘ਤੇ ਬੇਅਦਬੀ ਘਟਨਾ ਦੀ ਜਾਂਚ ਲਈ ਬਣਾਏਗੀ ਸਿੱਟ

ਸ਼੍ਰੋਮਣੀ ਕਮੇਟੀ ਆਪਣੇ ਤੌਰ ‘ਤੇ ਬੇਅਦਬੀ ਘਟਨਾ ਦੀ ਜਾਂਚ ਲਈ ਬਣਾਏਗੀ ਸਿੱਟ

ਹਰਿਮੰਦਰ ਸਾਹਿਬ ‘ਚ ਹੋਈ ਬੇਅਦਬੀ ਦੀ ਜਾਂਚ ਲਈ ਸਰਕਾਰ ਦੀ ਟੀਮ ‘ਤੇ ਭਰੋਸਾ ਨਹੀਂ : ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਹਰਿਮੰਦਰ ਸਾਹਿਬ ਵਿਚ ਬੇਅਦਬੀ ਦੀ ਵਾਪਰੀ ਘਟਨਾ ਬਾਰੇ ਭਾਵੇਂ ਸਰਕਾਰ ਵਲੋਂ ਸਿੱਟ ਦਾ ਗਠਨ ਕੀਤਾ ਗਿਆ ਹੈ ਪਰ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਤੌਰ ‘ਤੇ ਵੀ ਸਿੱਟ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਵੇਗੀ। ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਸ਼੍ਰੋਮਣੀ ਕਮੇਟੀ ਨੂੰ ਆਸ ਨਹੀਂ ਕਿ ਸਰਕਾਰ ਵਲੋਂ ਬਣਾਈ ਸਿੱਟ ਕਿਸੇ ਨਤੀਜੇ ‘ਤੇ ਪੁੱਜੇ ਕਿਉਂਕਿ ਇਸ ਤੋਂ ਪਹਿਲਾਂ ਵੀ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਬਣੀਆਂ ਜਾਂਚ ਟੀਮਾਂ ਵਲੋਂ ਖਾਨਾਪੂਰਤੀ ਤੋਂ ਇਲਾਵਾ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਆਰੋਪ ਲਾਇਆ ਕਿ ਕਿਸਾਨ ਸੰਘਰਸ਼ ਦੀ ਜਿੱਤ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਕਿਸੇ ਸਾਜਿਸ਼ ਤਹਿਤ ਕਰਵਾਈਆਂ ਜਾ ਰਹੀਆਂ ਹਨ।
ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਪਿਛਲੇ ਦਿਨੀਂ ਇਸ ਮਾਮਲੇ ਦੀ ਜਾਂਚ ਕਰਨ ਲਈ ਸਿੱਟ ਬਣਾਈ ਹੈ। ਉਨ੍ਹਾਂ ਕਿਹਾ ਕਿ ਸਿੱਟ ਦੇ ਫੈਸਲੇ ਤੋਂ ਬਾਅਦ ਉਕਤ ਮੁਲਜ਼ਮ ਨਾਲ ਸਬੰਧਤ ਵੀਡੀਓ ਨੂੰ ਜਨਤਕ ਕੀਤਾ ਜਾਵੇਗਾ ਕਿ ਟਾਸਕ ਫੋਰਸ ਵਲੋਂ ਉਸ ਨੂੰ ਕਿੰਨੀ ਵਾਰ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ। ਕਪੂਰਥਲਾ ਵਿਚ ਵੀ ਹੋਈ ਬੇਅਦਬੀ ਦੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਪੁਲਿਸ ਤੱਥਾਂ ਦੇ ਅਧਾਰ ‘ਤੇ ਕਾਰਵਾਈ ਕਰੇ।
ਐਡਵੋਕੇਟ ਧਾਮੀ ਨੇ ਖੁਲਾਸਾ ਕੀਤਾ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਬੇਅਦਬੀ ਦਾ ਯਤਨ ਕਰਨ ਵਾਲੇ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਕਰਮਚਾਰੀਆਂ ਵਲੋਂ ਦੋ-ਤਿੰਨ ਵਾਰ ਦਰਸ਼ਨੀ ਡਿਉਢੀ ਤੋਂ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ। ਇਕ ਵਾਰ ਟਾਸਕ ਫੋਰਸ ਨੇ ਉਸ ਕੋਲੋਂ ਪੁੱਛ-ਗਿੱਛ ਵੀ ਕੀਤੀ ਸੀ ਪਰ ਸ਼ਾਮ ਨੂੰ ਟਾਸਕ ਫੋਰਸ ਦੀ ਡਿਊਟੀ ਬਦਲਣ ਮਗਰੋਂ ਇਹ ਵਿਅਕਤੀ ਝਕਾਨੀ ਦੇ ਕੇ ਸੱਚਖੰਡ ਦੇ ਅੰਦਰ ਮੁੜ ਦਾਖ਼ਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਪਿੱਛੇ ਵੱਡੀ ਸਾਜਿਸ਼ ਹੈ ਤੇ ਜਿਸਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਉਸਨੂੰ ਕਮਾਂਡੋ ਟਰੇਨਿੰਗ ਦਿੱਤੀ ਗਈ ਲੱਗਦੀ ਹੈ। ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਘੋਖਣ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਲਈ ਆਪਣੀ ਵੱਖਰੀ ਜਾਂਚ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ, ਦੋ ਪੰਥਕ ਵਿਦਵਾਨ ਅਤੇ ਸਿੱਖ ਜਥੇਬੰਦੀਆਂ ਦੇ ਦੋ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ। ਇਹ ਜਾਂਚ ਕਮੇਟੀ ਪੁਲਿਸ ਨਾਲ ਵੀ ਤਾਲਮੇਲ ਕਰੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਦੇਖਣ ਤੋਂ ਪਤਾ ਲੱਗਾ ਕਿ ਇਹ ਸ਼ੱਕੀ ਵਿਅਕਤੀ 18 ਦਸੰਬਰ ਨੂੰ ਸਵੇਰੇ ਸਾਢੇ ਅੱਠ ਵਜੇ ਹੈਰੀਟੇਜ ਸਟਰੀਟ ਰਾਹੀਂ ਜੱਲ੍ਹਿਆਂਵਾਲਾ ਬਾਗ ਮਾਰਗ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਪੁੱਜਾ ਸੀ। ਉਸ ਨੇ ਘੰਟਾ ਘਰ ਦਰਵਾਜ਼ੇ ਰਾਹੀਂ ਦਾਖ਼ਲ ਹੋਣ ਦਾ ਯਤਨ ਕੀਤਾ ਸੀ ਪਰ ਉਥੇ ਤਾਇਨਾਤ ਸੇਵਾਦਾਰਾਂ ਨੇ ਸ਼ੱਕ ਕਾਰਨ ਉਸ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ।
ਰੋਕੇ ਜਾਣ ਤੋਂ ਬਾਅਦ ਇਹ ਵਿਅਕਤੀ ਸ੍ਰੀ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਚਲਾ ਗਿਆ ਸੀ ਅਤੇ ਸਵੇਰੇ 9.40 ਵਜੇ ਲੰਗਰ ਘਰ ਵਾਲੇ ਪਾਸਿਉਂ ਅੰਦਰ ਦਾਖ਼ਲ ਹੋਇਆ। ਉਸ ਨੇ ਲੰਗਰ ਘਰ ਵਿਚ ਲੰਗਰ ਛੱਕਿਆ ਅਤੇ ਚਾਹ ਵੀ ਪੀਤੀ ਸੀ। ਸਵੇਰੇ 10.19 ਵਜੇ ਉਹ ਪਰਿਕਰਮਾ ਵਿਚ ਆਇਆ ਅਤੇ 10.34 ਵਜੇ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੇਖਿਆ ਗਿਆ ਪਰ ਉਸ ਨੇ ਮੱਥਾ ਨਹੀਂ ਟੇਕਿਆ। ਉਹ ਹਰਿ ਕੀ ਪਉੜੀ ਵਲੋਂ ਦਾਖ਼ਲ ਹੋਇਆ ਅਤੇ ਵਾਪਸ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ ‘ਤੇ ਚਲਾ ਗਿਆ ਸੀ। ਲਗਪਗ ਇਕ ਘੰਟਾ ਉਹ ਉਪਰ ਹੀ ਰਿਹਾ ਅਤੇ ਮੌਕੇ ਦੀ ਭਾਲ ਜਾਂ ਰੈਕੀ ਕਰਦਾ ਰਿਹਾ। ਕਰੀਬ ਪੌਣੇ 12 ਵਜੇ ਉਹ ਬਾਹਰ ਨਿਕਲਿਆ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦਿਖਾਈ ਦਿੱਤਾ।
ਬੇਅਦਬੀ ਮਾਮਲਿਆਂ ‘ਚ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ: ਜਥੇਦਾਰ
ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਸਿੰਘਵੀ ਨੂੰ ਮੋੜਵਾਂ ਜਵਾਬ ਦਿੱਤਾ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਸਿੰਘਵੀ ਦੇ ਇਕ ਟਵੀਟ ਦਾ ਜਵਾਬ ਦਿੰਦਿਆਂ ਆਖਿਆ ਕਿ ਸਿੱਖ ਕੌਮ ਨੂੰ ਮਾਨਸਿਕ ਪ੍ਰੇਸ਼ਾਨੀ ਦੇਣ ਵਾਲੀਆਂ ਇਹ ਬੇਅਦਬੀ ਦੀਆਂ ਘਟਨਾਵਾਂ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਅਤੇ ਸਿੱਖਾਂ ਨੂੰ ਇਨਸਾਫ ਦੇਣ ਵਿੱਚ ਸਰਕਾਰਾਂ ਅਸਮਰੱਥ ਰਹੀਆਂ ਹਨ। ਕਾਂਗਰਸੀ ਆਗੂ ਨੇ ਆਖਿਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਮਾਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਜੁਆਬ ਵਿੱਚ ਜਥੇਦਾਰ ਨੇ ਆਖਿਆ ਕਿ 1947 ਤੋਂ ਬਾਅਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਸਿੱਖ ਮਰਿਆਦਾ, ਸਿੱਖ ਧਰਮ ਅਸਥਾਨ, ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ‘ਤੇ ਹਮਲੇ ਹੋ ਰਹੇ ਹਨ। ਸਰਕਾਰੀ ਸਰਪ੍ਰਸਤੀ ਹੇਠ ਇਨ੍ਹਾਂ ਹਮਲਾਵਰ ਦੋਖੀਆਂ ਨੂੰ ਸਜ਼ਾਵਾਂ ਦੇਣ ਦੀ ਥਾਂ ਪੁਸ਼ਤ ਪਨਾਹੀ ਕਰਕੇ ਬਚਾਉਣ ਦੀਆਂ ਕੋਸ਼ਿਸ਼ਾਂ ਨੇ ਸਿੱਖਾਂ ਨੂੰ ਮਾਨਸਿਕ ਪੀੜਾ ਦਿੱਤੀ ਹੈ। ਇਸ ਦੌਰਾਨ ਇਕ ਵੀਡਿਓ ਸੁਨੇਹੇ ਰਾਹੀਂ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਕਪੂਰਥਲਾ ਨੇੜੇ ਨਿਜ਼ਾਮਪੁਰ ਗੁਰਦੁਆਰੇ ਵਿੱਚ ਵਾਪਰੀਆਂ ਘਟਨਾਵਾਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅਜੋਕੀ ਸਥਿਤੀ ‘ਤੇ ਵਿਚਾਰ ਕਰਨ ਲਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ 25 ਦਸੰਬਰ ਨੂੰ ਕੀਤੀ ਜਾ ਰਹੀ ਹੈ।
ਐਸਜੀਪੀਸੀ ਨੇ ਗੁਰਧਾਮਾਂ ‘ਤੇ ਵਧਾਈ ਚੌਕਸੀ, ਤੈਨਾਤ ਮੁਲਾਜ਼ਮਾਂ ਦੀ ਗਿਣਤੀ ‘ਚ ਕੀਤਾ ਵਾਧਾ
ਪਟਿਆਲਾ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਵਿੱਚ ਵਾਪਰੀ ਘਟਨਾ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗੁਰਧਾਮਾਂ ‘ਤੇ ਚੌਕਸੀ ਵਧਾ ਦਿੱਤੀ ਹੈ। ਕਮੇਟੀ ਦੇ ਅੰਮ੍ਰਿਤਸਰ ਸਥਿਤ ਮੁੱਖ ਦਫਤਰ ਤੋਂ ਕਮੇਟੀ ਦੇ ਅਧਿਕਾਰ ਖੇਤਰ ਸਮੇਤ ਕਮੇਟੀ ਤੋਂ ਬਾਹਰਲੇ ਗੁਰਦੁਆਰਿਆਂ ‘ਤੇ ਵੀ ਚੌਕਸੀ ਯਕੀਨੀ ਬਣਾਉਣ ਲਈ ਜਾਰੀ ਹੋਏ ਆਦੇਸ਼ਾਂ ਤਹਿਤ ਗੁਰਦੁਆਰਾ ਮੈਨੇਜਰ ਅਤੇ ਹੋਰ ਅਮਲਾ ਫੈਲਾ ਹਰਕਤ ‘ਚ ਆ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਨੇ ਗੁਰਦੁਆਰਾ ਮੈਨੇਜਰਾਂ ਨੂੰ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚਲੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਰਾਬਤਾ ਸਾਧ ਕੇ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਪੰਜੋਲੀ, ਕਾਰਜਕਾਰੀ ਮੈਂਬਰ ਸੁਰਜੀਤ ਗੜ੍ਹੀ, ਸਤਵਿੰਦਰ ਟੌਹੜਾ ਤੇ ਜਸਮੇਰ ਲਾਛੜੂ ਨੇ ਬਹੁਤੇ ਤੱਥਾਂ ਦੀ ਪੁਸ਼ਟੀ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਿਆਂ ‘ਚ ਗੁਪਤ ਰੂਪ ‘ਚ ਸ਼੍ਰੋਮਣੀ ਕਮੇਟੀ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ ਤੇ ਪਹਿਲੀ ਤਾਇਨਾਤੀ ‘ਚ ਵਾਧਾ ਕੀਤਾ ਗਿਆ ਹੈ। ਇਸ ਕੜੀ ਵਜੋਂ ਹੁਣ ਹਰੇਕ ਪ੍ਰਕਾਸ਼ ਸਥਾਨ ਤੇ ਸਰੋਵਰਾਂ ‘ਤੇ ਵੀ ਹੁਣ ਚੌਵੀ ਘੰਟੇ ਮੁਲਾਜ਼ਮ ਤਾਇਨਾਤ ਰਹਿਣਗੇ। ਮੱਥਾ ਟੇਕਣ ਜਾਣ ਵਾਲ਼ੀ ਸੰਗਤ ਵਿਚਲੇ ਮਾੜੇ ਅਨਸਰਾਂ ‘ਤੇ ਤਿੱਖੀ ਨਿਗਾਹ ਰੱਖਣ ਲਈ ਕੁਝ ਥਾਈਂ ਡਰੋਨ ਖਰੀਦੇ ਜਾਣਗੇ।
ਹਰੇਕ ਗੁਰਦੁਆਰੇ ‘ਚ ਲੋੜ ਮੁਤਾਬਿਕ ਸੀਸੀਟੀਵੀ ਕੈਮਰੇ ਲਵਾਏ ਜਾਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪਟਿਆਲਾ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਨਾਭਾ ਅਤੇ ਮੀਤ ਮੈਨੇਜਰ ਕਰਨੈਲ ਵਿਰਕ ਨੇ ਦੱਸਿਆ ਕਿ ਦੂਖਨਿਵਾਰਨ ਸਾਹਿਬ ਵਿਖੇ ਪਹਿਲਾਂ ਹੀ 2/3 ਮੁਲਾਜ਼ਮ ਹਰ ਵਕਤ ਚੱਕਰ ਲਾਉਂਦੇ ਸਨ, ਹੁਣ ਇਹ ਗਿਣਤੀ 6/7 ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਕੈਮਰਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਵੀ ਕਮੇਟੀ ਦੇ ਆਦੇਸ਼ਾਂ ‘ਤੇ ਚੌਕਸੀ ਵਧਾਏ ਜਾਣ ਦੀ ਗੱਲ ਆਖੀ ਹੈ।
ਬਹਿਬਲ ਕਲਾਂ ਵਿਖੇ ਧਰਨੇ ‘ਚ ਪਹੁੰਚੇ ਨਵਜੋਤ ਸਿੱਧੂ
ਕਿਹਾ : ਸਿਸਟਮ ‘ਚੋਂ ਭਰੋਸਾ ਉੱਠਣ ਕਾਰਨ ਲੋਕ ਖੁਦ ਇਨਸਾਫ ਕਰਨ ਲੱਗੇ
ਜੈਤੋ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਚਾਨਕ ਬਹਿਬਲ ਕਲਾਂ ਧਰਨੇ ‘ਚ ਸ਼ਿਰਕਤ ਕੀਤੀ। ਉਹ ਕਰੀਬ ਇੱਕ ਘੰਟਾ ਇੱਥੇ ਰੁਕੇ ਅਤੇ ਧਰਨੇ ‘ਤੇ ਬੈਠੇ ਪੀੜਤ ਪਰਿਵਾਰਾਂ ਅਤੇ ਸਿੱਖ ਸ਼ਖ਼ਸੀਅਤਾਂ ਨੂੰ ਮਿਲੇ। ਗੱਲਬਾਤ ਦੇ ਚੱਲੇ ਖੁੱਲ੍ਹੇ ਦੌਰ ‘ਚ ਸਿੱਧੂ ਆਪਣੀ ਪਾਰਟੀ ਦੀ ਸਰਕਾਰ ‘ਤੇ ਵੀ ਤਿੱਖੀਆਂ ਟਿੱਪਣੀਆਂ ਕਰਨੋਂ ਨਾ ਖੁੰਝੇ। ਹਾਲ ‘ਚ ਹੀ ਵਾਪਰੀਆਂ ਬੇਅਦਬੀ ਦੀਆਂ ਦੋ ਘਟਨਾਵਾਂ ਦੇ ਪ੍ਰਸੰਗ ‘ਚ ਉਨ੍ਹਾਂ ਸਪੱਸ਼ਟ ਲਹਿਜ਼ੇ ‘ਚ ਕਿਹਾ ਕਿ ਸਿਸਟਮ ‘ਚੋਂ ਭਰੋਸਾ ਟੁੱਟਣ ਕਾਰਨ ਲੋਕ ਖ਼ੁਦ ਇਨਸਾਫ਼ ਕਰਨ ਲੱਗ ਪਏ ਹਨ। ਉਨ੍ਹਾਂ ਕਿਸੇ ਰਾਜਨੀਤਕ ਖੇਮੇ ਵੱਲ ਅਸਪੱਸ਼ਟ ਇਸ਼ਾਰਾ ਕਰਦਿਆਂ ਆਖਿਆ ਕਿ ਕੁਝ ਲੋਕ ਵੋਟਾਂ ਖ਼ਾਤਰ ਪਵਿੱਤਰ ਦੁੱਧ ‘ਚ ਖੱਟਾ ਪਾ ਕੇ ਪੰਜਾਬ ਦੇ ਅਮਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੁਚੇਤ ਪੰਜਾਬੀ ਇਸ ਨੂੰ ਸਫ਼ਲ ਨਹੀਂ ਹੋਣ ਦੇਣਗੇ।
ਪ੍ਰਾਪਤ ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਨੇ ਧਰਨੇ ‘ਤੇ ਬੈਠੀਆਂ ਸ਼ਖ਼ਸੀਅਤਾਂ ਨੂੰ ਕਿਹਾ, ‘ਪੰਜਾਬ, ਪੰਜਾਬੀਅਤ ਤੇ ਅਣਖ਼ ਦਾ ਮਸਲਾ ਹੋਣ ਕਰ ਕੇ ਹੀ ਉਹ ਇੱਥੇ ਸਮਰਥਨ ਲੈ ਕੇ ਆਏ ਹਨ। ਤੁਹਾਡੀ ਨਿਆਂ ਪ੍ਰਾਪਤੀ ਦੀ ਮੰਗ ਨਾਲ ਮੈਂ ਸਹਿਮਤ ਹਾਂ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ ਅਤੇ ਮੈਂ ਤੁਹਾਡੇ ਨਾਲ ਹਾਂ। ਮੈਨੂੰ ਕਿਸੇ ਨੇ ਨਹੀਂ ਭੇਜਿਆ ਅਤੇ ਮੈਂ ਮਨ ਦੀ ਆਵਾਜ਼ ਸੁਣ ਕੇ ਖ਼ੁਦ ਆਇਆ ਹਾਂ’। ਸਿੱਧੂ ਨੇ ਯਾਦ ਕੀਤਾ ਕਿ ਜਦੋਂ ਬਹਿਬਲ ਘਟਨਾ ਹੋਈ ਸੀ, ਉਦੋਂ ਰਾਹੁਲ ਗਾਂਧੀ ਇੱਥੇ ਆਏ ਸਨ ਅਤੇ ਉਨ੍ਹਾਂ ਆਖਿਆ ਸੀ ਕਿ ਦੋਸ਼ੀਆਂ ਨੂੰ ਸਜ਼ਾ ਯਕੀਨਨ ਮਿਲਣੀ ਚਾਹੀਦੀ ਹੈ। ਧਰਨਾਕਾਰੀਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਬਰਗਾੜੀ ਇਨਸਾਫ਼ ਮੋਰਚੇ ਦੀ ਫੇਰੀ ਮੌਕੇ ਦਾ ਵਾਅਦਾ ਨਵਜੋਤ ਸਿੱਧੂ ਨੂੰ ਚੇਤੇ ਕਰਾਉਂਦਿਆਂ ਦੱਸਿਆ ਕਿ ਉਨ੍ਹਾਂ ਨਿਆਂ ਦਾ ਭਰੋਸਾ ਦਿੱਤਾ ਸੀ ਪਰ ਹੁਣ ਤਾਂ ਤਿੰਨ ਮਹੀਨਿਆਂ ਤੋਂ ਰੰਧਾਵਾ ਉੱਪ ਮੁੱਖ ਮੰਤਰੀ ਹਨ ਪਰ ਨਿਆਂ ਨਹੀਂ ਦਿੱਤਾ ਜਾ ਰਿਹਾ। ਨਵਜੋਤ ਸਿੱਧੂ ਦਾ ਉੱਤਰ ਸੀ, ‘ਮੇਰੇ ਕੋਲ ਨਿਰਣਾ ਲੈਣ ਦੀ ਤਾਕਤ ਹੁੰਦੀ ਤਾਂ ਨਿਆਂ ਦੇਣ ‘ਚ ਇਕ ਦਿਨ ਨਾ ਪੈਣ ਦਿੰਦਾ’।
ਸਰਕਾਰ ਜੇਕਰ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੰਦੀ ਤਾਂ ਮੁੜ ਬੇਅਦਬੀ ਨਾ ਹੁੰਦੀ : ਭਗਵੰਤ ਮਾਨ
ਮੁਕੇਰੀਆਂ : ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜੇਕਰ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਤਾਂ ਸ੍ਰੀ ਹਰਿਮੰਦਰ ਸਾਹਿਬ ਤੇ ਕਪੂਰਥਲਾ ਵਿੱਚ ਬੇਅਦਬੀ ਦੀਆਂ ਘਟਨਾਵਾਂ ਮੁੜ ਨਾ ਵਾਪਰਦੀਆਂ। ਉਹ ਮੁਕੇਰੀਆਂ ਦੀ ਦੁਸਹਿਰਾ ਗਰਾਊਂਡ ਵਿੱਚ ਪਾਰਟੀ ਦੇ ਹਲਕਾ ਇੰਚਾਰਜ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਰੱਖੇ ਜਨਤਕ ਇਕੱਠ ਨੂੰ ਸੰਬੋਧਨ ਕਰਨ ਪੁੱਜੇ ਸਨ। ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਅੰਦਰ ਕੋਈ ਸਰਕਾਰ ਨਹੀਂ, ਸਗੋਂ ਲੋਕਾਂ ਦੇ ਫ਼ਤਵੇ ਦਾ ਮਜ਼ਾਕ ਉੱਡ ਰਿਹਾ ਹੈ। ਸੂਬੇ ਦੇ ਲੋਕ ਅਜ਼ਾਦੀ ਤੋਂ ਬਾਅਦ ਚੰਗੀ ਨੀਅਤ ਨਾਲ ਵੋਟ ਪਾ ਕੇ ਚੰਗੀ ਸਰਕਾਰ ਦੀ ਆਸ ਕਰ ਰਹੇ ਹਨ ਪਰ ਲੋਕਾਂ ਨੂੰ ਚੰਗੀ ਸਰਕਾਰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪਰਿਵਾਰ ‘ਤੇ ਸੰਕਟ ਦੇਖ ਕੇ ਧਰਮ ਦਾ ਪੱਤਾ ਖੇਡਿਆ ਹੈ ਅਤੇ ਪਰਿਵਾਰ ਨੂੰ ਬਚਾਉਣ ਲਈ ਪੰਜਾਬ ਨੂੰ ਤਬਾਹ ਕੀਤਾ ਹੈ।
ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਬਾਹਰ ਵੀ ਧਾਰਮਿਕ ਗ੍ਰੰਥਾਂ ਦੀ ‘ਬੇਅਦਬੀ’
ਪੁਲਿਸ ਨੇ ਮੁਲਜ਼ਮਾਂ ਦਾ ਜਲਦ ਪਤਾ ਲਗਾਉਣ ਦਾ ਦਿੱਤਾ ਭਰੋਸਾ
ਲੁਧਿਆਣਾ : ਪੰਜਾਬ ਬੇਅਦਬੀ ਦੀਆਂ ਘਟਨਾਵਾਂ ਦਾ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਕਿ ਸਨਅਤੀ ਸ਼ਹਿਰ ਲੁਧਿਆਣਾ ‘ਚ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸੇ ਨੇ ਧਾਰਮਿਕ ਗ੍ਰੰਥਾਂ ਦੀ ਕਥਿਤ ਤੌਰ ‘ਤੇ ਬੇਅਦਬੀ ਕਰ ਦਿੱਤੀ।ਭਗਵਦ ਗੀਤਾ ਦੇ ਨਾਲ-ਨਾਲ ਵੱਖ-ਵੱਖ ਗ੍ਰੰਥਾਂ ਦੇ ਪੰਨੇ ਅਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਪਿੱਪਲ ਦੇ ਦਰਖਤ ਕੋਲ ਖਿੰਡਰੀਆਂ ਹੋਈਆਂ ਮਿਲੀਆਂ। ਇਸ ਦੀ ਜਾਣਕਾਰੀ ਜਦੋਂ ਸ਼ਿਵ ਸੈਨਾ ਦੇ ਆਗੂਆਂ ਨੂੰ ਮਿਲੀ ਤਾਂ ਉਹ ਰੋਸ ਜਤਾਉਣ ਲਈ ਮੌਕੇ ‘ਤੇ ਪਹੁੰਚ ਗਏ।
ਸੂਚਨਾ ਮਿਲਦੇ ਹੀ ਏਸੀਪੀ ਹਰੀਸ਼ ਬਹਿਲ ਵੀ ਮੌਕੇ ‘ਤੇ ਪਹੁੰਚੇ ਅਤੇ ਹਿੰਦੂ ਆਗੂਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾਇਆ ਜਾਵੇਗਾ।
ਸ਼ਿਵ ਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਉਥੋਂ ਧਾਰਮਿਕ ਗ੍ਰੰਥ ਸ਼ਰਧਾ ਸਹਿਤ ਚੁੱਕ ਲਏ। ਰਾਜੀਵ ਟੰਡਨ ਨੇ ਦੱਸਿਆ ਕਿ ਪੰਜਾਬ ‘ਚ ਹਾਈ ਅਲਰਟ ਹੈ ਪਰ ਇਸ ਦੇ ਬਾਵਜੂਦ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਇੰਨੀ ਵੱਡੀ ਵਾਰਦਾਤ ਹੋ ਗਈ ਅਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ।
ਉਨ੍ਹਾਂ ਕਿਹਾ ਕਿ ਹਿੰਦੂਆਂ ਨਾਲ ਸੂਬੇ ‘ਚ ਪਹਿਲਾਂ ਹੀ ਮਤਰੇਇਆਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਏਸੀਪੀ ਸਿਵਲ ਲਾਈਨ ਹਰੀਸ਼ ਬਹਿਲ ਨੇ ਦੱਸਿਆ ਕਿ ਹਾਲੇ ਤੱਕ ਦੀ ਜਾਂਚ ‘ਚ ਇਹੋ ਸਾਹਮਣੇ ਆਇਆ ਹੈ ਕਿ ਜਿਹੜੇ ਗ੍ਰੰਥ ਦੇ ਵਰਕੇ ਮਿਲੇ ਹਨ, ਉਹ ਕਾਫ਼ੀ ਪੁਰਾਣੇ ਹਨ।
ਗ੍ਰੰਥਾਂ ਨੂੰ ਉਹ ਵਿਅਕਤੀ ਪਿੱਪਲ ਦੇ ਸਾਹਮਣੇ ਰੱਖ ਗਿਆ, ਜੋ ਉਸ ਨੂੰ ਦੇਵਤਾ ਮੰਨਦਾ ਹੈ ਪਰ ਜਿਸ ਨੇ ਵੀ ਅਜਿਹਾ ਕੀਤਾ ਹੈ, ਉਹ ਗਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਬੇਅਦਬੀ ਕਰਨ ਵਾਲਿਆਂ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਖਿਲਾਫ਼ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਸੁਖਜਿੰਦਰ ਰੰਧਾਵਾ ਨੇ ਬੇਅਦਬੀ ਮਾਮਲਿਆਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ
ਚੰਡੀਗੜ੍ਹ/ਬਿਊਰੋ ਨਿਊਜ਼ : ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਜਾਵੇ। ਰੰਧਾਵਾ ਨੇ ਲਿਖਿਆ ਕਿ ਪੰਜਾਬ ਵਿੱਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਵੱਲੋਂ ਇੱਕ ਜੀਵਤ ਗੁਰੂ ਮੰਨਿਆ ਜਾਂਦਾ ਹੈ, ਨਾ ਕਿ ਕੋਈ ਵਸਤੂ। ਸਿੱਖ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਲਿਖਿਆ ਹੈ ਕਿ ਭਾਰਤੀ ਦੰਡਾਵਲੀ-1860 ਦੀ ਧਾਰਾ 295 ਅਤੇ 295-ਏ ਦੀਆਂ ਮੌਜੂਦਾ ਧਾਰਾਵਾਂ ਜਿਸ ਵਿਚ ਤਿੰਨ ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ, ਇਸ ਸਥਿਤੀ ਨਾਲ ਨਜਿੱਠਣ ਲਈ ਕਾਫ਼ੀ ਨਹੀਂ ਹਨ। ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਪੱਤਰ ਵਿੱਚ ਅੱਗੇ ਲਿਖਿਆ ਹੈ ਕਿ ਪੰਜਾਬ ਵਿਧਾਨ ਸਭਾ ਨੇ ਇੰਡੀਅਨ ਪੀਨਲ ਕੋਡ (ਪੰਜਾਬ ਸੋਧ) ਬਿੱਲ, 2018 ਅਤੇ ਦਿ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ (ਪੰਜਾਬ ਸੋਧ) ਬਿੱਲ 2018 ਪਾਸ ਕੀਤਾ, ਜਿਸ ਵਿਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀਮਦ ਭਾਗਵਤ ਗੀਤਾ, ਪਵਿੱਤਰ ਕੁਰਾਨ ਅਤੇ ਪਵਿੱਤਰ ਬਾਈਬਲ ਦੀ ਬੇਅਦਬੀ, ਕਿਸੇ ਨੂੰ ਠੇਸ ਜਾਂ ਨੁਕਸਾਨ ਪਹੁੰਚਾਉਣ ਵਾਲੇ ਲਈ ਉਮਰ ਕੈਦ ਤੱਕ ਦੀ ਵਿਵਸਥਾ ਕੀਤੀ ਗਈ ਹੈ।
ਬੇਅਦਬੀ ਮਾਮਲਿਆਂ ‘ਚ ਪੰਜਾਬ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ
ਰਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਵੱਡਾ ਖਤਰਾ : ਹਰਪਾਲ ਚੀਮਾ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਕਾਫੀ ਸਮਾਂ ਪਹਿਲਾਂ ਤੋਂ ਵਾਪਰ ਰਹੀਆਂ ਹਨ। ਹਰਪਾਲ ਚੀਮਾ ਨੇ ਕਿਹਾ ਕਿ ਸਾਲ 2015 ਵਿਚ ਪੰਜਾਬ ‘ਚ ਵੱਡੀ ਸਿਆਸੀ ਸਾਜਿਸ਼ ਦੇ ਅਧੀਨ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਇਸ ਤੋਂ ਬਾਅਦ ਪੰਜਾਬ ਵਿਚ ਕਰੀਬ ਡੇਢ ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਪਰ ਇਕ ਵੀ ਦੋਸ਼ੀ ਫੜਿਆ ਨਹੀਂ ਗਿਆ।
‘ਆਪ’ ਆਗੂ ਹਰਪਾਲ ਚੀਮਾ ਨੇ ਕਿਹਾ ਕਿ 2017 ਵਿਚ ਕਾਂਗਰਸ ਦੀ ਸਰਕਾਰ ਬਣੀ ਅਤੇ ਲੋਕਾਂ ਨਾਲ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ 5 ਸਾਲਾਂ ਬਾਅਦ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਅਜਿਹੀਆਂ ਹੋਰ ਘਟਨਾਵਾਂ ਚੋਣਾਂ ਨੇੜੇ ਸਿਰਫ ਇਸ ਲਈ ਹੁੰਦੀਆਂ ਹਨ ਕਿ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਲਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਅੱਜ ਰਵਾਇਤੀ ਪਾਰਟੀਆਂ ਕੋਲੋਂ ਪੰਜਾਬ ਨੂੰ ਵੱਡਾ ਖਤਰਾ ਖੜ੍ਹਾ ਹੋ ਗਿਆ ਹੈ ਅਤੇ ਪੰਜਾਬ ਨੂੰ ਵੰਡਣ ਦਾ ਕੰਮ ਰਵਾਇਤੀ ਪਾਰਟੀਆਂ ਵਲੋਂ ਕੀਤਾ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਲ ਕੀਤੀ ਜਾ ਸਕੇ। ਹਰਪਾਲ ਚੀਮਾ ਨੇ ਪੰਜਾਬ ਦੇ ਲੋਕਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਹੋਣ ਦੀ ਲੋੜ ਹੈ।

 

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …