Breaking News
Home / Special Story / ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼-ਵਰ੍ਹੇ ਨੂੰ ਸਮਰਪਿਤ

ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼-ਵਰ੍ਹੇ ਨੂੰ ਸਮਰਪਿਤ

ਗੁਰੂ ਤੇਗ਼ ਬਹਾਦਰ: ਇਕ ਪੁਸਤਕਾਵਲ਼ੀ ਇਕ ਸ਼ਲਾਘਾਯੋਗ ਉਪਰਾਲਾ
ਡਾ. ਸੁਖਦੇਵ ਸਿੰਘ ਝੰਡ
(647-567-9128)
24 ਨਵੰਬਰ 1675 ਈ. ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਹੋਈ ਸ਼ਹੀਦੀ ਅਦੁੱਤੀ ਅਤੇ ਵਿਲੱਖਣ ਹੈ। ਦਿੱਲੀ ਵਿਚ ਸ਼ਹੀਦੀ ਦੇ ਕੇ ਉਹ ਨਾ ਕੇਵਲ ਭਾਰਤ ਵਿਚ ਹਿੰਦੂ ਧਰਮ ਦੇ ਰਖਵਾਲੇ ਹੀ ਬਣੇ, ਸਗੋਂ ਉਹ ਸੰਸਾਰ-ਭਰ ਵਿਚ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਵੀ ਕਹਾਏ। ਭਾਰਤ ਦਾ ਉਸ ਸਮੇਂ ਦਾ ਸ਼ਾਸਕ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਹਿੰਦੂਆਂ ਉੱਪਰ ਅਤਿਅੰਤ ਜ਼ੁਲਮ ਕਰਕੇ ਉਨ੍ਹਾਂ ਨੂੰ ਇਸਲਾਮ ਧਰਮ ਅਪਨਾਉਣ ਲਈ ਮਜਬੂਰ ਕਰ ਰਿਹਾ ਸੀ। ਧੱਕੇ ਨਾਲ ਉਨ੍ਹਾਂ ਦੇ ਜਨੇਊ ਉਤਾਰੇ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਇਸ ਦੇ ਵਿਰੁੱਧ ਆਵਾਜ਼ ਉਠਾਉਣ ਲਈ ਪੰਡਤ ਕਿਰਪਾ ਰਾਮ ਦੀ ਅਗਵਾਈ ਵਿਚ ਕਸ਼ਮੀਰੀ ਪੰਡਤਾਂ ਦਾ ਇਕ ਵਫ਼ਦ ਅਨੰਦਪੁਰ ਸਾਹਿਬ ਪਹੁੰਚਿਆ ਅਤੇ ਉਸ ਦੇ ਵੱਲੋਂ ਗੁਰੂ ਤੇਗ਼ ਬਹਾਦਰ ਜੀ ਕੋਲ ਮਦਦ ਦੀ ਪੁਕਾਰ ਕੀਤੀ ਗਈ। ਗੁਰੂ ਜੀ ਵੱਲੋਂ ਜਦੋਂ ਇਸ ਮਸਲੇ ਦਾ ਹੱਲ ਕਿਸੇ ਮਹਾਂ-ਪੁਰਖ਼ ਦੀ ਕੁਰਬਾਨੀ ਦੱਸਿਆ ਗਿਆ ਤਾਂ ਨੌਂ ਸਾਲ ਦੀ ਉਮਰ ਦੇ ਬਾਲਕ ਗੋਬਿੰਦ ਰਾਏ ਨੇ ਕਿਹਾ ਸੀ, ”ਪਿਤਾ ਜੀ, ਤੁਹਾਡੇ ਨਾਲੋਂ ਵੱਡਾ ਮਹਾਂ-ਪੁਰਖ਼ ਹੋਰ ਕੌਣ ਹੋ ਸਕਦਾ ਹੈ?”
ਦਿੱਲੀ ਵਿਚ ਗੁਰੂ ਤੇਗ਼ ਬਹਾਦਰ ਜੀ ਨੂੰ ਆਪਣੇ ਦ੍ਰਿੜ੍ਹ ਇਰਾਦੇ ਤੋਂ ਡੇਗਣ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੇ ਸਾਥੀਆਂ ਵਿਚ ਸ਼ਾਮਲ ਦੋ ਸਕੇ ਭਰਾਵਾਂ ਵਿੱਚੋਂ ਭਾਈ ਮਤੀ ਦਾਸ ਨੂੰ ਆਰੇ ਨਾਲ਼ ਚੀਰਿਆ ਗਿਆ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਬੰਨ੍ਹ ਕੇ ਸਾੜਿਆ ਗਿਆ। ਤੀਸਰੇ ਸਾਥੀ ਭਾਈ ਦਿਆਲਾ ਜੀ ਨੂੰ ਉੱਬਲਦੀ ਦੇਗ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ। ਇਹ ਸੱਭ ਅੱਖੀਂ ਵੇਖ ਕੇ ਵੀ ਗੁਰੂ ਜੀ ਹਿਮਾਲੀਆ ਪਰਬਤ ਵਾਂਗ ਅਡੋਲ ਅਤੇ ਅਡਿੱਗ ਰਹੇ। ਅਖ਼ੀਰ, ਜਦੋਂ ਔਰੰਗਜ਼ੇਬ ਦੇ ਹੁਕਮ ਅਨੁਸਾਰ ਮੌਕੇ ਦੇ ਕਾਜ਼ੀ ਵੱਲੋਂ ਲਗਾਈਆਂ ਗਈਆਂ ਦੋ ਸ਼ਰਤਾਂ ਕਰਾਮਾਤ ਵਿਖਾਉਣ ਅਤੇ ਮੁਸਲਿਮ ਧਰਮ ਅਪਨਾਉਣ ਨੂੰ ਗੁਰੂ ਜੀ ਵੱਲੋਂ ਮੁੱਢੋਂ ਨਕਾਰ ਦਿੱਤਾ ਗਿਆ ਤਾਂ ਇਸ ਦੀ ਸਜ਼ਾ ਵਜੋਂ ਤਲਵਾਰ ਨਾਲ ਉਨ੍ਹਾਂ ਦਾ ਸੀਸ ਕਲਮ ਕਰ ਦਿੱਤਾ ਗਿਆ। ਇਤਿਹਾਸ ਵਿਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਅਦੁੱਤੀ ਹੈ ਜਿਸ ਵਿਚ ਦਿੱਲੀ ਵਿਚ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਧੜ ਅਤੇ ਸੀਸ ਦਾ ਸਸਕਾਰ ਦੋ ਵੱਖ-ਵੱਖ ਥਾਵਾਂ ਦਿੱਲੀ ਤੇ ਅਨੰਦਪੁਰ ਸਾਹਿਬ ਵਿਚ ਹੋਇਆ। ਦਿੱਲੀ ਵਿਚ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕੀਤਾ ਅਤੇ ਉਨ੍ਹਾਂ ਦਾ ਸੀਸ ਬਾਬਾ ਜੀਵਨ ਸਿੰਘ ਰੰਘਰੇਟਾ ਅਨੰਦਪੁਰ ਸਾਹਿਬ ਲਿਆਉਣ ਵਿਚ ਸਫ਼ਲ ਹੋਏ ਜਿੱਥੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਸ ਦਾ ਸਸਕਾਰ ਕੀਤਾ ਗਿਆ। ਆਪਣੀ ਸ਼ਹਾਦਤ ਦੇ ਕੇ ਉਹ ਨਾ ਕੇਵਲ ઑਹਿੰਦ ਦੀ ਚਾਦਰ਼ ਹੀ ਬਣੇ, ਸਗੋਂ ਸਾਰੇ ਸੰਸਾਰ ਵਿਚ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ।
ਪੰਜਾਬੀ ਵਿਚ ਪੁਸਤਕ-ਸੂਚੀਆਂ ਬਨਾਉਣ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਅਤੇ ਇਹ ਵੀਹਵੀ ਸਦੀ ਤੀਸਰੇ ਦਹਾਕੇ ਵਿਚ ਹੀ ਆਰੰਭ ਹੋਇਆ ਜਦੋਂ ਪ੍ਰੋ. ਗੰਡਾ ਸਿੰਘ ਨੇ ਪੰਜਾਬੀ ਵਿਚ ਪਹਿਲੀ ਪੁਸਤਕ-ਸੂਚੀ 1935 ਵਿਚ ਤਿਆਰ ਕੀਤੀ। ਇਹ ਲੇਖ-ਨੁਮਾ ਪੁਸਤਕ-ਸੂਚੀ ਜਿਸ ਵਿਚ ਸਿੱਖ ਇਤਿਹਾਸ ਬਾਰੇ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿਚ ਲਿਖੀਆਂ ਗਈਆਂ ਪੁਸਤਕਾਂ ਸ਼ਾਮਲ ਸਨ ਅਤੇ ਇਹ ਚੀਫ਼ ਖਾਲਸਾ ਦੀਵਾਨ, ਅੰਮ੍ਰਿਤਸਰ ਵੱਲੋਂ ਤਿਆਰ ਕਰਵਾਈ ਗਈ। ਫਿਰ 1953 ਵਿਚ ਇਕ ਵੱਡ-ਆਕਾਰੀ ਪੁਸਤਕ-ਸੂਚੀ ਸ਼ਮਸ਼ੇਰ ਸਿੰਘ ਅਸ਼ੋਕ ਵੱਲੋਂ ਤਿਆਰ ਕੀਤੀ ਗਈ ਜੋ ਭਾਸ਼ਾ ਵਿਭਾਗ, ਪਟਿਆਲਾ ਵੱਲੋਂ 1953 ਵਿਚ ਪ੍ਰਕਾਸ਼ਿਤ ਕੀਤੀ ਗਈ।
ਸੈਂਟਰਲ ਰੈਫ਼ਰੈਂਸ ਲਾਇਬ੍ਰੇਰੀ, ਪਟਿਆਲਾ ਨੂੰ ਪੰਜਾਬੀ ਵਿਚ ਛਪੀਆਂ ਪੁਸਤਕਾਂ ਦੀ ਸੂਚੀ ਬਨਾਉਣ ਦਾ ਕਾਰਜ ਸੌਂਪਿਆ ਗਿਆ ਤਾਂ ਜੋ ਇਹ ઑਇੰਡੀਅਨ ਨੈਸ਼ਨਲ ਬਿਬਲਿਓਗ੍ਰਾਫ਼ੀ਼ ਵਿਚ ਸ਼ਾਮਲ ਕੀਤੀ ਸਕੇ, ਪਰ ਤਕਨੀਕੀ ਅਤੇ ਹੋਰ ਕਈ ਕਾਰਨਾਂ ਕਰਕੇ ਇਹ ਵੱਡਾ ਪ੍ਰਾਜੈੱਕਟ ਸਿਰੇ ਨਾ ਚੜ੍ਹ ਸਕਿਆ।
1971 ਵਿਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਵਿਚ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਦੀ ਵਿਸ਼ੇ-ਸੂਚੀ (Subject Bibliography) ਤਿਆਰ ਕਰਵਾਈ ਗਈ। ਇਸ ਤੋਂ ਬਾਅਦ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰਕਾਸ਼ਨ ਵਿਭਾਗਾਂ, ਲਾਇਬ੍ਰੇਰੀਆਂ, ਪ੍ਰਕਾਸ਼ਕਾਂ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਕਈ ਪੁਸਤਕ-ਸੂਚੀਆਂ ਛਪਵਾਈਆਂ ਗਈਆਂ ਹਨ ਜਿਨ੍ਹਾਂ ਦੀ ਲਿਸਟ ਕਾਫ਼ੀ ਲੰਮੇਰੀ ਹੈ ਅਤੇ ਇਸ ਸੰਖੇਪ ਆਰਟੀਕਲ ਵਿਚ ਇਸ ਦਾ ਜ਼ਿਕਰ ਸੰਭਵ ਨਹੀਂ ਹੈ।
1 ਅਪ੍ਰੈਲ 1621 ਨੂੰ ਗੁਰੂ ਤੇਗ਼ ਬਹਾਦਰ ਜੀ ਇਸ ਦੁਨੀਆਂ ਵਿਚ ਆਏ ਅਤੇ ਸਾਲ 2021 ਵਿਚ ਉਨ੍ਹਾਂ ਦਾ 400 ਸਾਲਾ ਪ੍ਰਕਾਸ਼-ਦਿਵਸ ਕੇਵਲ ਭਾਰਤ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਮਨਾਇਆ ਜਾ ਰਿਹਾ ਹੈ। ઑਹਿੰਦ ਦੀ ਚਾਦਰ਼ ਬਣੇ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਨੂੰ ਨਤਮਸਤਕ ਹੁੰਦਿਆਂ ਹੋਇਆਂ ਇਨ੍ਹਾਂ ਸਮਾਗ਼ਮਾਂ ਵਿਚ ਅਤੇ ਪ੍ਰੋਗਰਾਮਾਂ ਵਿਚ ਆਪਣਾ ਯੋਗਦਾਨ ਪਾਉਂਦਿਆਂ ਹੋਇਆਂ ਡਾ. ਰਵੀ ਰਵਿੰਦਰ, ਡਾ. ਸੁਖਦੇਵ ਸਿੰਘ ਤੇ ਡਾ. ਹਰੀਸ਼ ਚੰਦਰ ਨੇ ਉਨ੍ਹਾਂ ਦੇ ਜੀਵਨ, ਉਨ੍ਹਾਂ ਦੁਆਰਾ ਰਚੀ ਹੋਈ ਬਾਣੀ ਅਤੇ ਅਦੁੱਤੀ ਸ਼ਹਾਦਤ ਨਾਲ ਸਬੰਧਿਤ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿਚ ਛਪੀਆਂ ਪੁਸਤਕਾਂ ਦੀ ਵਿਸਤ੍ਰਿਤ ਪੁਸਤਕ-ਸੂਚੀ ਤਿਆਰ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਪੰਜ ਸੌ ਤੋਂ ਵਧੀਕ ਪੁਸਤਕਾਂ ਬਾਰੇ ਜਾਣਕਾਰੀ ਦਰਜ ਕੀਤੀ ਜਿਨ੍ਹਾਂ ਵਿੱਚੋਂ ਸੱਭ ਤੋਂ ਵੱਧ 306 ਪੰਜਾਬੀ ਵਿਚ, 180 ਅੰਗਰੇਜ਼ੀ ਵਿਚ ਅਤੇ 25 ਹਿੰਦੀ ਵਿਚ ਹਨ। ਇਨ੍ਹਾਂ ਪੁਸਤਕਾਂ ਦੀ ਗਿਣਤੀ ਅਨੁਸਾਰ 100 ਪੰਨਿਆਂ ਵਿਚ ਫ਼ੈਲੀ ਇਸ ਪੁਸਤਕਾਵਲੀ ਵਿਚ ਪੰਜਾਬੀ ਪੁਸਤਕਾਂ ਲਈ 34, ਅੰਗਰੇਜ਼ੀ ਦੀਆਂ ਲਈ 23 ਅਤੇ ਹਿੰਦੀ ਦੀਆਂ ਪੁਸਤਕਾਂ ਨੂੰ 3 ਪੰਨੇ ਦਿੱਤੇ ਗਏ ਹਨ।
ਪਾਠਕਾਂ ਦੀ ਸਹੂਲਤ ਲਈ ਤਿੰਨਾਂ ਭਾਸਾਵਾਂ ਵਿਚ ਛਪੀਆਂ ਇਨ੍ਹਾਂ ਪੁਸਤਕਾਂ ਬਾਰੇ ਜਾਣਕਾਰੀ ਇਸ ਪੁਸਤਕਾਵਲੀ ਵਿੱਚੋਂ ਲੱਭਣ ਲਈ ਇਨ੍ਹਾਂ ਦੇ ਲੇਖਕਾਂ ਅਤੇ ਸਿਰਲੇਖਾਂ ਦੀਆਂ ਵਿਸਤ੍ਰਿਤ ਅਨੁਕ੍ਰਮਿਕਾਵਾਂ (Author Index and Title Index) ਦਿੱਤੀਆਂ ਗਈਆਂ ਹਨ ਜੋ ਪੰਨਾਂ 67 ਤੋਂ 100 ਤੀਕ ਚੱਲਦੀਆਂ ਹਨ। ਇਹ ਅਨੁਕ੍ਰਮਿਕਾਵਾਂ ਅਜਿਹੀਆਂ ਖੋਜ-ਸਰੋਤ ਪੁਸਤਕਾਵਲੀਆਂ ਦੀ ਵਿਸ਼ੇਸਤਾਂ ਹੁੰਦੀਆਂ ਹਨ। ਪੁਸਤਕਾਵਲੀ ਦੇ ਆਰੰਭ ਵਿਚ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਜਗਬੀਰ ਸਿੰਘ ਅਤੇ ਮਨਮੋਹਨ ਵੱਲੋਂ ਲਿਖੇ ਗਏ ਮੁੱਖ-ਬੰਦ ਇਸ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ। ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ ਛਾਪੀ ਗਈ ਇਸ ਖ਼ੂਬਸੂਰਤ ਪੁਸਤਕਾਵਲੀ ਨੂੰ ਪੁਸਤਕ-ਜਗਤ ਵਿਚ ਪ੍ਰਵੇਸ਼ ਕਰਨ ਲਈ ਨਿੱਘੀ ઑਜੀ-ਆਇਆਂ਼।
ਇਸ ਪੁਸਤਕਾਵਲੀ ਨੂੰ ਤਿਆਰ ਕਰਨ ਦਾ ਉਦੇਸ਼ ਇਸ ਦੇ ਸੰਗ੍ਰਿਹ-ਕਰਤਾਵਾਂ ਵੱਲੋਂ ”ਗੁਰੂ ਤੇਗ਼ ਬਹਾਦਰ ਜੀ ਨਾਲ ਸਬੰਧਿਤ ਪੁਸਤਕਾਂ ਬਾਰੇ ਪਾਠਕਾਂ ਨੂੰ ਵਿਉਂਤਬੰਧਕ ਢੰਗ ਨਾਲ ਜਾਣਕਾਰੀ ਦੇਣਾ ਹੈ ਜੋ ਵੱਖ-ਵੱਖ ਲਾਇਬ੍ਰੇਰੀਆਂ ਵਿਚ ਮੌਜੂਦ ਹਨ” ਅਤੇ ਮੇਰੀ ਜਾਚੇ ਇਸ ਵਿਚ ਉਹ ਕਾਫ਼ੀ ਹੱਦ ਤੀਕ ਸਫ਼ਲ ਹੋਏ ਹਨ। ਇਸ ਦੇ ਨਾਲ਼ ਹੀ ਇਸ ਪੁਸਤਕਾਵਲੀ ਨੂੰ ਤਿਆਰ ਕਰਨ ਵਾਲੇ ਤਿੰਨਾਂ ਵਿਦਵਾਨਾਂ ਬਾਰੇ ਜਾਣਕਾਰੀ ਸਾਂਝੀ ਕਰਨੀ ਵੀ ਅਤੀ ਜ਼ਰੂਰੀ ਹੈ।
ਡਾ. ਰਵੀ ਰਵਿੰਦਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਹਨ ਅਤੇ ਡਾ. ਸੁਖਦੇਵ ਸਿੰਘ ਤੇ ਡਾ. ਹਰੀਸ਼ ਚੰਦਰ ਕ੍ਰਮਵਾਰ ਹਿਮਾਚਲ ਯੂਨੀਵਰਸਿਟੀ, ਸ਼ਿਮਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਲਾਇਬ੍ਰੇਰੀ ਐਂਡ ਇਨਫ਼ਰਮੇਸ਼ਨ ਸਾਇੰਸ ਵਿਭਾਗਾਂ ਵਿਖੇ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਬਾਖ਼ੂਬੀ ਸੇਵਾਵਾਂ ਨਿਭਾਅ ਰਹੇ ਹਨ। ਡਾ. ਸੁਖਦੇਵ ਸਿੰਘ ਤੇ ਡਾ. ਹਰੀਸ਼ ਚੰਦਰ ਨੇ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550ઑਵੇਂ ਪ੍ਰਕਾਸ਼-ਵਰ੍ਹੇ ਉਨ੍ਹਾਂ ਨਾਲ ਸਬੰਧਿਤ ਪੁਸਤਕਾਂ ਦੀ ઑਵੈੱਬਲਿਓਗ੍ਰਾਫ਼ੀ਼ (2018) ਅਤੇ ઑਪੰਜਾਬੀ ਪੁਸਤਕ ਕੋਸ਼਼ (2019) ਪ੍ਰਕਾਸ਼ਿਤ ਕਰਕੇ ਬਹੁਤ ਖ਼ੂਬਸੂਰਤ ਕੰਮ ਕੀਤਾ ਹੈ। ਹੱਥਲੀ ਪੁਸਤਕਾਵਲੀ ਲਿਆਉਣ ਦਾ ਇਹ ਉਨ੍ਹਾਂ ਤਿੰਨਾਂ ਦਾ ਸ਼ਲਾਘਾਯੋਗ ਉਪਰਾਲਾ ਹੈ।
ਮੈਂ ਇਨ੍ਹਾਂ ਤਿੰਨਾਂ ਵਿਦਵਾਨਾਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਅੱਗੋਂ ਵੀ ਅਜਿਹੇ ਸਾਰਥਿਕ ਕਾਰਜ ਕਰਦੇ ਰਹਿਣਗੇ।
ੲੲੲ

 

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …