Breaking News
Home / Special Story / ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਦੀਵਾਲੀ

ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਦੀਵਾਲੀ


ਤਲਵਿੰਦਰ ਸਿੰਘ ਬੁੱਟਰ
ਦੀਵਾਲੀ ਭਾਰਤੀਆਂ, ਖ਼ਾਸ ਕਰਕੇ ਹਿੰਦੂ ਅਤੇ ਸਿੱਖਾਂ ਦਾ ਧਾਰਮਿਕ ਤਿਓਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦਾ ਸਬੰਧ ਧਾਰਮਿਕ ਤੌਰ ‘ਤੇ ਜੈਨ ਅਤੇ ਬੁੱਧ ਧਰਮ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਕਈ ਹੋਰ ਏਸ਼ੀਆਈ ਦੇਸ਼ਾਂ ਵਿਚ ਵੀ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅੱਜ ਦੁਨੀਆਂ ਦੇ 250 ਦੇ ਕਰੀਬ ਦੇਸ਼ਾਂ ਵਿਚ ਵੱਸ ਚੁੱਕੇ ਏਸ਼ੀਆਈ ਮੂਲ ਦੇ ਲੋਕਾਂ ਕਾਰਨ ਦੀਵਾਲੀ ਦੁਨੀਆਂ ਭਰ ਵਿਚ ਮਨਾਇਆ ਜਾਣ ਵਾਲਾ ਆਲਮੀ ਸਦਭਾਵਨਾ ਦਾ ਤਿਓਹਾਰ ਬਣ ਚੁੱਕਾ ਹੈ।
ਭਾਰਤੀ ਸੱਭਿਅਤਾ ਦਾ ਇਤਿਹਾਸ ਫ਼ਰੋਲਣ ‘ਤੇ ਪਤਾ ਲੱਗਦਾ ਹੈ ਕਿ ਦੀਵਾਲੀ ਦਾ ਮੁੱਢਲਾ ਸਬੰਧ ਖੇਤੀ ਪ੍ਰਧਾਨ ਭਾਰਤ ਵਿਚ ਫ਼ਸਲੀ ਮੌਸਮ ਦੇ ਨਾਲ ਜੁੜਿਆ ਹੈ। ਸਾਉਣੀ ਦੀ ਫ਼ਸਲ ਆਉਣ ਦੀ ਖੁਸ਼ੀ ਦੇ ਸ਼ੁਕਰਾਨੇ ਅਤੇ ਅਗਲੀ ਹਾੜੀ ਦੀ ਫ਼ਸਲ ਚੰਗੀ ਹੋਣ ਲਈ ਪ੍ਰਾਰਥਨਾ ਵਜੋਂ ‘ਦੀਵਾਲੀ’ ਹੋਂਦ ਵਿਚ ਆਈ ਸੀ।
ਹਿੰਦੂ ਧਰਮ ਵਿਚ ਦੀਵਾਲੀ ਦੀ ਸ਼ੁਰੂਆਤ ‘ਲੱਛਮੀ ਪ੍ਰਗਟ ਦਿਵਸ’ ਵਜੋਂ ਹੋਈ। ਇਕ ਪ੍ਰਾਚੀਨ ਕਥਾ ਅਨੁਸਾਰ, ਇਸ ਦਿਨ ਦੇਵਤਿਆਂ ਵਲੋਂ ਦੁੱਧ ਦੇ ਸਮੁੰਦਰ ਕ੍ਰਿਸ਼ਨਾ ਸਾਗਰ ਵਿਚੋਂ ‘ਸਮੁੰਦਰ ਮੰਥਨ’ ਦੌਰਾਨ ਧਨ-ਦੌਲਤਾਂ ਦੀ ਦੇਵੀ ‘ਲੱਛਮੀ’ ਪ੍ਰਗਟ ਹੋਈ ਸੀ। ਦੂਜੀ ਪ੍ਰਾਚੀਨ ਕਥਾ ਅਨੁਸਾਰ, ਵਿਸ਼ਨੂੰ ਦੇ ‘ਬਾਵਨ ਅਵਤਾਰ’ (ਮੱਧਰਾ ਅਵਤਾਰ) ਨੇ ਰਾਖ਼ਸ਼ ਰਾਜਾ ਬਲੀ ਤੋਂ ਵਰ ਲੈ ਕੇ ਉਸ ਨੂੰ ਹੀ ਮਾਰ-ਮੁਕਾਇਆ ਸੀ। ਇਸ ਦਿਨ ਵਿਸ਼ਨੂੰ ਜੀ ਨੇ ਆਪਣੇ ਬੈਕੁੰਠ ਧਾਮ ‘ਚ ਵਾਪਸ ਆ ਕੇ ‘ਲੱਛਮੀ ਪੂਜਾ’ ਕੀਤੀ ਸੀ। ਦੁਆਪਰ ਯੁੱਗ ਵਿਚ ਸ੍ਰੀ ਕ੍ਰਿਸ਼ਨ ਅਤੇ ਉਨ੍ਹਾਂ ਦੀ ਪਤਨੀ ਸੱਤਿਆਭਾਮਾ ਵਲੋਂ ‘ਨਰਕਾਸੁਰਾ’ ਰਾਖ਼ਸ਼ ਨੂੰ ਮਾਰ-ਮੁਕਾਉਣ ਦੀ ਯਾਦ ‘ਚ ‘ਨਰਕਾ ਚਤੁਰਦਸ਼ੀ’ ਵੀ ਦੀਵਾਲੀ ਵਾਲੇ ਦਿਨ ਹੀ ਮਨਾਈ ਜਾਂਦੀ ਹੈ।
ਹਿੰਦੂ ਪੁਰਾਤਨ ਪ੍ਰੰਪਰਾਵਾਂ ਅਨੁਸਾਰ ਭਾਰਤ ਦੇ ਕਈ ਸੂਬਿਆਂ ‘ਚ ‘ਦੀਵਾਲੀ’ ਦੇ ਰੀਤੀ-ਰਿਵਾਜ਼ ਲਗਾਤਾਰ ਪੰਜ ਦਿਨ ਚੱਲਦੇ ਹਨ। ਪਹਿਲਾ ਦਿਨ ਵਪਾਰੀ ਵਰਗ ਦੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਨਾਲ, ਦੂਜੇ ਦਿਨ ‘ਨਰਕਾ ਚਤੁਰਦਸ਼ੀ’, ਤੀਜੇ, ਮੱਸਿਆ ਵਾਲੇ ਦਿਨ ‘ਲੱਛਮੀ ਪੂਜਾ’ ਅਤੇ ਚੌਥੇ ਦਿਨ ਵਿਸ਼ਨੂੰ ਜੀ ਦੇ ‘ਮੱਧਰਾ ਅਵਤਾਰ’ ਵਲੋਂ ਰਾਖ਼ਸ਼ ਰਾਜਾ ਬਲੀ ਨੂੰ ਮਾਰਨ ਦੀ ਯਾਦ ‘ਚ ਅਤੇ ਪੰਜਵੇਂ ਦਿਨ ਭੈਣ-ਭਰਾਵਾਂ ਦੇ ਪਿਆਰ ਦਾ ਪ੍ਰਤੀਕ ‘ਭਾਈ ਦੂਜ’ ਮਨਾਇਆ ਜਾਂਦਾ ਹੈ।
ਸੰਨ 1619 ਨੂੰ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਗ਼ਲ ਹਾਕਮ ਜਹਾਂਗੀਰ ਦੀ ਕੈਦ ਵਿਚੋਂ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮ੍ਰਿਤਸਰ ਪਰਤੇ ਸਨ। ਇਸੇ ਖੁਸ਼ੀ ‘ਚ ਬਾਬਾ ਬੁੱਢਾ ਜੀ ਅਤੇ ‘ਗੁਰੂ ਮਾਤਾ’ ਗੰਗਾ ਜੀ ਨੇ ਘਿਓ ਦੇ ਦੀਵੇ ਜਗਾ ਕੇ ਦੀਪਮਾਲਾ ਕੀਤੀ ਸੀ।
ਜੈਨ ਧਰਮ ਵਿਚ ਵੀ ਦੀਵਾਲੀ ਦੀ ਬਹੁਤ ਵੱਡੀ ਮਹੱਤਤਾ ਹੈ। ਜੈਨੀਆਂ ਦੇ ਅਖੀਰਲੇ ਤੀਰਥਾਂਕਰ ਮਹਾਵੀਰ ਜੈਨ ਨੇ ਪਾਵਾਪੁਰੀ ਦੇ ਸਥਾਨ ‘ਤੇ 15 ਅਕਤੂਬਰ, 527 ਈਸਵੀ ਪੂਰਵ ਨੂੰ ‘ਕੱਤਕ ਦੀ ਚੌਂਦਵੀ’ ਮੌਕੇ ਨਿਰਵਾਣ ਅਤੇ ਮੋਖ (ਮੁਕਤੀ) ਪ੍ਰਾਪਤ ਕੀਤਾ ਸੀ। ਪ੍ਰੰਪਰਾ ਅਨੁਸਾਰ ਮਹਾਂਵੀਰ ਜੀ ਦੇ ਉਤਰਾਧਿਕਾਰੀ ਗੌਤਮ ਸਵਾਮੀ ਨੇ ਵੀ ਇਸੇ ਦਿਨ ਹੀ ਗਿਆਨ ਹਾਸਲ ਕੀਤਾ ਸੀ। ਬੁੱਧ ਧਰਮ ‘ਚ ਵੀ ਦੀਵਾਲੀ ਸਮਰਾਟ ਅਸ਼ੋਕ ਵਲੋਂ ਬੁੱਧ ਧਰਮ ਧਾਰਨ ਕਰਨ ਦੇ ਦਿਵਸ ਵਜੋਂ ਮਨਾਈ ਜਾਂਦੀ ਹੈ। ਇਸ ਦਿਨ ‘ਨੇਵਾਰਸ ਕਬੀਲੇ’ ਦੇ ਬੋਧੀ ‘ਅਸ਼ੋਕ ਵਿਜੇ ਦਸ਼ਮੀ’ ਮਨਾਉਂਦੇ ਅਤੇ ਉਨ੍ਹਾਂ ਦੇ ਮੰਦਰਾਂ ਤੇ ਮੱਠਾਂ ਨੂੰ ਸਜਾ ਕੇ ਸ਼ਰਧਾ ਨਾਲ ਬੁੱਧ ਦੀ ਅਰਾਧਨਾ ਕਰਦੇ ਹਨ। ਭਾਰਤ ਸਮੇਤ ਕਈ ਦੇਸ਼ਾਂ ਵਿਚ ਮਸ਼ੀਨੀ ਕੰਮ ਕਰਨ ਵਾਲੇ ਵਰਗ ਦੀਵਾਲੀ ਤੋਂ ਅਗਲੇ ਦਿਨ ਔਜ਼ਾਰਾਂ ਦੇ ਦੇਵਤੇ ‘ਵਿਸ਼ਵਕਰਮਾ’ ਦੀ ਪੂਜਾ ਕਰਦੇ ਹਨ। ਨੇਪਾਲ ਵਿਚ ਦੀਵਾਲੀ ਅਕਤੂਬਰ-ਨਵੰਬਰ ਮਹੀਨੇ ਦੌਰਾਨ ਲਗਾਤਾਰ ਪੰਜ ਦਿਨ ‘ਤੀਹਾਰ’ ਅਤੇ ‘ਸਵਾਂਤੀ’ ਦੇ ਰੂਪ ‘ਚ ਮਨਾਉਂਦੇ ਹਨ। ਪਹਿਲੇ ਦਿਨ ‘ਕਾਗ ਤੀਹਾਰ’ ਵਜੋਂ ਕਾਵਾਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਹੈ। ਦੂਜੇ ਦਿਨ ‘ਕੂਕਰ ਤੀਹਾਰ’ ਵਜੋਂ ਕੁੱਤਿਆਂ ਨੂੰ ਵਫ਼ਾਦਾਰੀ ਲਈ ਭੋਜਨ ਦਿੱਤਾ ਜਾਂਦਾ ਹੈ। ਤੀਜੇ ਦਿਨ ਵਿੱਤੀ ਵਰ੍ਹੇ ਦਾ ਲੈਣ-ਦੇਣ ਮੁਕਾ ਕੇ ‘ਲੱਛਮੀ ਪੂਜਾ’ ਕੀਤੀ ਜਾਂਦੀ। ਚੌਥਾ ਦਿਨ ਵਿੱਤੀ ਸਾਲ ਦਾ ਨਵਾਂ ਦਿਨ ਮੰਨਦਿਆਂ ਸੱਭਿਆਚਾਰਕ ਜਲੂਸ ਅਤੇ ਹੋਰ ਸਮਾਰੋਹ ਕੀਤੇ ਜਾਂਦੇ। ‘ਨੇਵਾਰਸ ਕਬੀਲੇ’ ਦੇ ਲੋਕਾਂ ਵਲੋਂ ਸਾਲ ਭਰ ਲਈ ਸਰੀਰਕ ਤੰਦਰੁਸਤੀ ਲਈ ‘ਮਹਾਂ ਪੂਜਾ’ ਕੀਤੀ ਜਾਂਦੀ। ਪੰਜਵੇਂ ਅਤੇ ਅੰਤਮ ਦਿਨ ‘ਭਾਈ ਟਿੱਕਾ’ ਹੁੰਦਾ ਹੈ ਜਦੋਂ ਭੈਣ-ਭਰਾ ਇਕੱਠੇ ਹੁੰਦੇ ਅਤੇ ਇਕ-ਦੂਜੇ ਨੂੰ ਤੋਹਫ਼ੇ ਦਿੰਦੇ। ਨੇਪਾਲ ਦੇ ਲੋਕ ਦੀਵਾਲੀ ਮੌਕੇ ਇਕ ਵਿਸ਼ੇਸ਼ ‘ਸਮੂਹ ਗੀਤ’ ਗਾਉਂਦੇ ਅਤੇ ਖ਼ਾਸ ਕਿਸਮ ਦਾ ਨਾਚ ਕਰਦੇ ਭਾਈਚਾਰੇ ਦੇ ਘਰਾਂ ਵਿਚ ਜਾਂਦੇ ਹਨ। ਪਰਿਵਾਰ ਦਾ ਮੁਖੀ ਉਨ੍ਹਾਂ ਨੂੰ ਆਸ਼ੀਰਵਾਦ ਦੇ ਰੂਪ ਵਿਚ ਚਾਵਲ, ਅਨਾਜ ਅਤੇ ਫ਼ਲ ਦਿੰਦਾ ਹੈ। ਤਿਓਹਾਰ ਤੋਂ ਬਾਅਦ ਇਕੱਠੇ ਕੀਤੇ ਸਾਮਾਨ ਅਤੇ ਪੈਸੇ ਦਾ ਕੁਝ ਹਿੱਸਾ ਸਮਾਜ ਸੇਵਾ ਦੇ ਕੰਮਾਂ ਵਿਚ ਖਰਚ ਕੀਤਾ ਜਾਂਦਾ ਅਤੇ ਬਾਕੀ ਅਨਾਜ ਅਤੇ ਪੈਸੇ ਨਾਲ ਮਨਪ੍ਰਚਾਵੇ ਦੀ ਯਾਤਰਾ ਕੀਤੀ ਜਾਂਦੀ ਹੈ।
ਸ੍ਰੀਲੰਕਾ ਵਿਚ ਖ਼ਾਸ ਕਰਕੇ ਤਾਮਿਲ ਭਾਈਚਾਰੇ ਵਲੋਂ ਇਹ ਤਿਓਹਾਰ ‘ਦੀਪਾਵਲੀ’ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਨਵੇਂ ਕੱਪੜੇ ਪਾਉਣੇ, ਪਟਾਕੇ ਚਲਾਉਣੇ, ਖੰਡ ਦੇ ਖਿਡੌਣੇ ਬਣਾ ਕੇ ਖਾਣੇ ਅਤੇ ਹਿੰਦੂ ਭਾਈਚਾਰੇ ਵਲੋਂ ਤੇਲ ਦੇ ਦੀਵੇ ਜਗਾ ਕੇ ‘ਲੱਛਮੀ ਪੂਜਾ’ ਕਰਨ ਦਾ ਉਥੇ ਵੀ ਭਾਰਤ ਵਾਂਗ ਹੀ ਰਿਵਾਜ਼ ਹੈ। ਮਲੇਸ਼ੀਆ ਵਿਚ ਦੀਵਾਲੀ ‘ਹਰੀ ਦੀਪਾਵਲੀ’ ਦੇ ਤੌਰ ‘ਤੇ ਹਿੰਦੂ ਸੂਰਜੀ ਕੈਲੰਡਰ ਦੇ ਸੱਤਵੇਂ ਮਹੀਨੇ ਮਨਾਈ ਜਾਂਦੀ ਹੈ। ਇਸ ਦਿਨ ਪੂਰੇ ਮਲੇਸ਼ੀਆ ਵਿਚ ਜਨਤਕ ਛੁੱਟੀ ਹੁੰਦੀ ਹੈ। ਮਲੇਸ਼ੀਆਈ ਤਾਮਿਲ ਵੱਖ-ਵੱਖ ਧਰਮਾਂ ਦੇ ਮਲੇਸ਼ੀਆਈਆਂ ਨੂੰ ਆਪਣੇ ਘਰਾਂ ‘ਚ ਸ਼ਾਨਦਾਰ ਭੋਜਨ ਲਈ ਦਾਅਵਤ ਦਿੰਦੇ ਹਨ। ਇਹ ਦਿਨ ਮਲੇਸ਼ੀਆ ਵਿਚ ਸਦਭਾਵਨਾ, ਮਿੱਤਰਤਾ ਅਤੇ ਆਪਸੀ ਪਿਆਰ ਦੇ ਪ੍ਰਗਟਾਵੇ ਦਾ ਦਿਨ ਮੰਨਿਆ ਜਾਂਦਾ ਹੈ।
ਸਿੰਗਾਪੁਰ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਹੁੰਦੀ ਹੈ। ਉਥੇ ਇਹ ਤਿਓਹਾਰ ਘੱਟ-ਗਿਣਤੀ ਭਾਰਤੀ ‘ਤਾਮਿਲ ਭਾਈਚਾਰੇ’ ਵਲੋਂ ਮਨਾਇਆ ਜਾਂਦਾ ਹੈ। ਇਸ ਦਿਨ ਰੌਸ਼ਨੀਆਂ ਜਗਾਈਆਂ ਜਾਂਦੀਆਂ, ਪ੍ਰਦਰਸ਼ਨੀਆਂ, ਜਲੂਸ ਅਤੇ ਸੰਗੀਤਕ ਸਮਾਰੋਹ ਕਰਵਾਏ ਜਾਂਦੇ। ‘ਹਿੰਦੂ ਪ੍ਰਬੰਧਕੀ ਬੋਰਡ ਆਫ਼ ਸਿੰਗਾਪੁਰ’ ਵਲੋਂ ਉਥੋਂ ਦੀ ਸਰਕਾਰ ਦੇ ਸਹਿਯੋਗ ਨਾਲ ਕਈ ਰਵਾਇਤੀ ਤੇ ਸੱਭਿਆਚਾਰਕ ਸਮਾਰੋਹ ਕਰਵਾਏ ਜਾਂਦੇ ਹਨ। ‘ਤ੍ਰੀਨੀਦਾਦ ਅਤੇ ਟੋਬੈਗੋ’ ਦੇ ਟਾਪੂਆਂ ਦੇ ਭਾਈਚਾਰੇ ਰਲ-ਮਿਲ ਕੇ ਦੀਵਾਲੀ ਮਨਾਉਂਦੇ ਹਨ। ਉਚੇਚੇ ਜਸ਼ਨ ਮਨਾਉਣ ਲਈ ਰੌਸ਼ਨੀਆਂ ਨਾਲ ਭਰਪੂਰ ਇਕ ਪਿੰਡ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ‘ਦੀਵਾਲੀ ਨਗਰ’ ਆਖਿਆ ਜਾਂਦਾ ਹੈ। ਹਿੰਦੂ ਧਾਰਮਿਕ ਜਥੇਬੰਦੀਆਂ ਵਲੋਂ ਇਥੇ ਖ਼ਾਸ ਤੌਰ ‘ਤੇ ਪੂਰਬੀ ਭਾਰਤੀਆਂ ਦੇ ਸੱਭਿਆਚਾਰਕ ਵੰਨਗੀਆਂ ਨਾਲ ਜੁੜੇ ਲੋਕ-ਨਾਚ ਅਤੇ ਨਾਟਕ ਖੇਡੇ ਜਾਂਦੇ। ਭਾਰਤੀ ਸੱਭਿਆਚਾਰ ਨਾਲ ਜੁੜੀਆਂ ਸੰਸਥਾਵਾਂ ਵਲੋਂ ਰਾਤ ਨੂੰ ਲੱਛਮੀ ਪੂਜਾ ਅਤੇ ਦੀਪਮਾਲਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ‘ਦੀਵਾਲੀ ਨਗਰ’ ਵਿਚ ਭਾਰਤੀ ਅਤੇ ਗੈਰ-ਭਾਰਤੀ ਸ਼ਾਕਾਹਾਰੀ ਵਿਅੰਜਨਾਂ ਦਾ ਭਰਪੂਰ ਸਵਾਦ ਚੱਖਣ ਨੂੰ ਮਿਲਦਾ ਹੈ। ਇਹ ਤਿਓਹਾਰ ਦਿਲਖਿੱਚਵੀਂ ਆਤਿਸ਼ਬਾਜ਼ੀ ਨਾਲ ਸਮਾਪਤ ਹੁੰਦਾ ਹੈ। ਬਰਤਾਨੀਆ ਵਿਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਭਾਰੀ ਉਤਸ਼ਾਹ ਨਾਲ ਦੀਵਾਲੀ ਦੇ ਜਸ਼ਨ ਮਨਾਉਂਦੇ ਹਨ। ਲੋਕ ਘਰਾਂ ਦੀ ਸਫ਼ਾਈ ਕਰਦੇ ਹਨ। ਦੀਵੇ ਤੇ ਮੋਮਬੱਤੀਆਂ ਨਾਲ ਦੀਪਮਾਲਾ ਕਰਦੇ ਹਨ। ਲੋਕ ਆਪਸ ਵਿਚ ਲੱਡੂ ਅਤੇ ਬਰਫ਼ੀ ਵੰਡਦੇ ਹਨ। ਇਹ ਮੌਕਾ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਆਪਸ ਵਿਚ ਮਿਲਵਰਤਣ ਵਧਾਉਣ ਅਤੇ ਅੰਤਰ-ਧਰਮ ਸਦਭਾਵਨਾ ਕਾਇਮ ਕਰਨ ਦੀ ਮਦਦ ਕਰਦਾ ਹੈ। ਬਰਤਾਨੀਆ ਵਿਚ ਹੁਣ ਗੈਰ-ਭਾਰਤੀ ਲੋਕਾਂ ਲਈ ਵੀ ਦੀਵਾਲੀ ਮਨਭਾਉਂਦਾ ਤਿਓਹਾਰ ਬਣਦਾ ਜਾ ਰਿਹਾ ਹੈ। ਭਾਰਤ ਤੋਂ ਬਾਹਰ ਹੋਣ ਵਾਲੇ ਵੱਡੇ ਦੀਵਾਲੀ ਜਸ਼ਨਾਂ ਵਿਚੋਂ ਇਕ ਵੱਡਾ ਸਮਾਰੋਹ ‘ਲੀਸੇਸਟਰ’ ਵਿਚ ਹੁੰਦਾ ਹੈ। ਬਰਤਾਨਵੀ ਮੂਲ ਦੇ ਲੋਕਾਂ ਵਲੋਂ ਵੀ ਦੀਵਾਲੀ ਵਰਗਾ ਇਕ ਰਵਾਇਤੀ ਤਿਓਹਾਰ ‘ਬ੍ਰਿਟਿਸ਼ ਬੌਨਫ਼ਾਇਰ ਨਾਈਟ’ 5 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸੇ ਕਰਕੇ ਲੰਦਨ ਦੇ ਪੂਰਬੀ ਹਿੱਸੇ ਵੱਲ ਦੀਵਾਲੀ ਸਾਂਝਾ ਤਿਓਹਾਰ ਹੈ, ਜਿਥੇ ਭਾਰਤੀ ਮੂਲ ਅਤੇ ਬਰਤਾਨਵੀ ਮੂਲ ਦੇ ਲੋਕ ਆਪੋ-ਆਪਣੀਆਂ ਰਵਾਇਤਾਂ ਨੂੰ ਯਾਦ ਕਰਦਿਆਂ ਇਕੱਠੇ ਆਤਿਸ਼ਬਾਜ਼ੀ ਕਰਦੇ ਹਨ। ਸੰਯੁਕਤ ਰਾਸ਼ਟਰ ਅਮਰੀਕਾ ਵਿਚ ਦੀਵਾਲੀ ਸਾਲ ਦੇ ਅਖ਼ੀਰ ‘ਚ ਮਨਾਇਆ ਜਾਣ ਵਾਲਾ ਮਹੱਤਵਪੂਰਨ ਤਿਓਹਾਰ ਬਣ ਚੁੱਕਾ ਹੈ। ਸਾਲ 2003 ਵਿਚ ਪਹਿਲੀ ਵਾਰ ਦੀਵਾਲੀ ਅਮਰੀਕਾ ਦੇ ਵਾੲ੍ਹੀਟ ਹਾਊਸ ਵਿਚ ਮਨਾਈ ਗਈ ਅਤੇ ਸਾਲ 2007 ਵਿਚ ਸੰਯੁਕਤ ਰਾਜ ਅਮਰੀਕਾ ਕਾਂਗਰਸ ਵਲੋਂ ਦੀਵਾਲੀ ਨੂੰ ਅਧਿਕਾਰਤ ਮਾਨਤਾ ਦੇ ਦਿੱਤੀ ਗਈ। ਸਾਲ 2009 ਦੌਰਾਨ ਵਾੲ੍ਹੀਟ ਹਾਊਸ ਵਿਚ ਦੀਵਾਲੀ ਜਸ਼ਨਾਂ ਦੌਰਾਨ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹੋਏ। ਇਸੇ ਸਾਲ ਅਮਰੀਕਾ ਵਿਚਲੇ ਦੁਨੀਆਂ ਦੇ ਸਭ ਤੋਂ ਵੱਡੇ ਕਾਓਬਾਏ ਸਟੇਡੀਅਮ, ਟੈਕਸਾਸ ਵਿਚ ਦੀਵਾਲੀ ਮੌਕੇ ਇਕ ਲੱਖ ਲੋਕਾਂ ਦਾ ਰਿਕਾਰਡਤੋੜ ਇਕੱਠ ਹੋਇਆ ਸੀ। ਸੇਨ ਐਂਟੋਨੀਓ ਸ਼ਹਿਰ ਅਮਰੀਕਾ ਦਾ ਪਹਿਲਾ ਅਜਿਹਾ ਸ਼ਹਿਰ ਹੈ, ਜਿਥੇ ਸਾਲ 2009 ਦੌਰਾਨ 5 ਹਜ਼ਾਰ ਲੋਕਾਂ ਦੇ ਇਕੱਠ ਦੌਰਾਨ ਦੀਵਾਲੀ ਜਸ਼ਨ ਮਨਾਉਣ ਅਤੇ ਆਤਿਸ਼ਬਾਜ਼ੀ ਕਰਨ ਦੀ ਅਧਿਕਾਰਤ ਤੌਰ ‘ਤੇ ਆਗਿਆ ਦਿੱਤੀ ਗਈ ਸੀ। ਕੈਨੇਡਾ ਵਿਚ ਭਾਵੇਂ ਜਨਤਕ ਤੌਰ ‘ਤੇ ਪਟਾਕੇ ਚਲਾਉਣ ‘ਤੇ ਪਾਬੰਦੀ ਹੈ, ਪਰ ਭਾਰਤੀ ਭਾਈਚਾਰੇ ਬੜੇ ਜ਼ੋਸ਼ੋ-ਖਰੋਸ਼ ਨਾਲ ਦੀਵਾਲੀ ਮਨਾਉਂਦੇ ਹਨ। ਟੋਰਾਂਟੋ ਅਤੇ ਵੈਨਕੂਵਰ ਖੇਤਰ ਵਿਚ ਪੰਜਾਬੀ ਅਤੇ ਹਿੰਦੂ ਮੂਲ ਦੇ ਲੋਕ ਖਾਣ-ਪੀਣ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਦੀਵਾਲੀ ਦੇ ਜਸ਼ਨ ਮਨਾਉਂਦੇ ਹਨ।
ਆਸਟਰੇਲੀਆ ਵਿਚ ਦੀਵਾਲੀ ਦਾ ਤਿਓਹਾਰ ਭਾਰਤੀ ਮੂਲ ਦੇ ਲੋਕਾਂ ਅਤੇ ਮੈਲਬਰਨ ਦੇ ਸਥਾਨਕ ਲੋਕਾਂ ਵਲੋਂ ਜਨਤਕ ਤਿਓਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਮੈਲਬਰਨ ਵਿਚ ‘ਦ ਆਸਟਰੇਲੀਅਨ ਇੰਡੀਅਨ ਇਨੋਵੇਸ਼ਨਜ਼ ਇਨਕਾਰਪੋਰੇਟਡ’ ਨਾਂ ਦੀ ਜਥੇਬੰਦੀ ਨੇ 13 ਅਕਤੂਬਰ, 2002 ਨੂੰ ਪਹਿਲਾ ਵੱਡਾ ਦੀਵਾਲੀ ਮੇਲਾ ਸੈਨਡੋਨ ਰੇਸਕੋਰਸ ਵਿਚ ਕਰਵਾਇਆ। ਦਸ ਘੰਟੇ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਭਾਰਤੀ ਸੱਭਿਆਚਾਰ, ਖਾਣ-ਪੀਣ ਅਤੇ ਰਵਾਇਤੀ ਵਸਤਾਂ ਨਾਲ ਸਬੰਧਤ ਸਟਾਲ ਲਗਾਏ ਜਾਂਦੇ ਅਤੇ 8 ਘੰਟੇ ਲਗਾਤਾਰ ਮਨੋਰੰਜਕ ਪ੍ਰੋਗਰਾਮ ਚੱਲਦੇ ਹਨ। ਮਨਪ੍ਰਚਾਵੇ ਲਈ ਖੇਡਾਂ ਅਤੇ ਸਰਕਸਾਂ ਵੀ ਲਗਾਈਆਂ ਜਾਂਦੀਆਂ ਹਨ। ਨਿਊਜ਼ੀਲੈਂਡ ਵਿਚ ਦੀਵਾਲੀ ਦਾ ਤਿਓਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਉਥੇ ਦੀਵਾਲੀ ਮੇਲਿਆਂ ਦਾ ਪ੍ਰਬੰਧ ਦੱਖਣੀ ਏਸ਼ੀਆਈ ਪਰਵਾਸੀ ਸੱਭਿਆਚਾਰਕ ਸਮੂਹਾਂ ਵਲੋਂ ਕੀਤਾ ਜਾਂਦਾ ਹੈ। ਦੀਵਾਲੀ ਦੇ ਮੁੱਖ ਸਮਾਰੋਹ ਆਕਲੈਂਡ ਅਤੇ ਵੇਲਿੰਗਟਨ ਵਿਚ ਮਨਾਏ ਜਾਂਦੇ ਹਨ, ਜਿਥੇ ਦੂਜੇ ਸੂਬਿਆਂ ਤੋਂ ਵੀ ਭਾਰਤੀ ਲੋਕ ਇਕੱਠੇ ਹੋ ਕੇ ਦੀਵਾਲੀ ਦੇ ਜਸ਼ਨਾਂ ਵਿਚ ਹਿੱਸਾ ਲੈਂਦੇ ਹਨ। ਸਾਲ 2003 ਵਿਚ ਨਿਊਜ਼ੀਲੈਂਡ ਦੀ ਪਾਰਲੀਮੈਂਟ ਨੇ ਦੀਵਾਲੀ ਜਸ਼ਨ ਮਨਾ ਕੇ ਇਸ ਤਿਓਹਾਰ ਨੂੰ ਮਾਨਤਾ ਦੇ ਦਿੱਤੀ। ਇਸ ਤੋਂ ਇਲਾਵਾ ਮੀਆਂਮਾਰ, ਥਾਈਲੈਂਡ, ਇੰਡੋਨੇਸ਼ੀਆ, ਫ਼ਿਜੀ, ਮਾਰੀਸ਼ਸ਼, ਕੀਨੀਆ, ਤਨਜਾਨੀਆ, ਦੱਖਣੀ ਅਫ਼ਰੀਕਾ, ਗੁਇਆਨਾ ਅਤੇ ਸੂਰੀਨਾਮ ਆਦਿ ਵਿਚ ਵੀ ਦੀਵਾਲੀ ਜਨਤਕ ਤਿਓਹਾਰ ਵਜੋਂ ਮਨਾਈ ਜਾਂਦੀ ਹੈ। ਕਈ ਯੂਰਪੀਨ, ਅਰਬੀ ਅਤੇ ਹੋਰ ਦੇਸ਼ਾਂ ਵਿਚ ਦੀਵਾਲੀ ਉਥੇ ਵੱਸੇ ਏਸ਼ੀਆਈ ਮੂਲ ਦੇ ਲੋਕਾਂ ਵਲੋਂ ਆਪਣੇ ਘਰਾਂ ਦੀ ਚਾਰਦੀਵਾਰੀ ਅੰਦਰ ਹੀ ਬਿਨ੍ਹਾਂ ਦੀਵੇ ਜਗਾਏ ਅਤੇ ਪਟਾਕੇ ਚਲਾਉਣ ਤੋਂ ਮਨਾਉਣੀ ਪੈਂਦੀ ਹੈ।
ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਦੀਵਾਲੀ ਦਾ ਤਿਓਹਾਰ ਕਾਫ਼ੀ ਬੰਦਿਸ਼ਾਂ ਵਿਚ ਰਹਿ ਕੇ ਮਨਾਉਣਾ ਪੈਂਦਾ ਹੈ। ਕੱਟੜ੍ਹ ਇਸਲਾਮੀ ਜਥੇਬੰਦੀਆਂ ਦੇ ਵਿਰੋਧ ਕਾਰਨ ਦੀਵਾਲੀ ਪਾਕਿ ਦੇ ਚੋਣਵੇਂ ਸ਼ਹਿਰਾਂ ਵਿਚ ਮੰਦਰਾਂ ਦੇ ਅੰਦਰ ਹੀ ਸਰਕਾਰੀ ਸੁਰੱਖਿਆ ਪ੍ਰਬੰਧਾਂ ਅਧੀਨ ਮਨਾਈ ਜਾਂਦੀ ਹੈ। ਪਾਕਿਸਤਾਨ ਵਿਚ ਦੀਵਾਲੀ ਦਾ ਸਭ ਤੋਂ ਵੱਡਾ ਦੇਖਣਯੋਗ ਸਮਾਰੋਹ ਕਰਾਚੀ ਦੇ ਸਵਾਮੀ ਨਾਰਾਇਣ ਮੰਦਰ ਵਿਚ ਹੁੰਦਾ ਹੈ, ਜਿਥੇ ਗੁਜਰਾਤੀ ਲੋਕ-ਨਾਚ ‘ਗਰਬਾ’ ਦੀ ਪੇਸ਼ਕਾਰੀ ਹੁੰਦੀ ਅਤੇ ਇਸ ਵਿਚ ਮੁਸਲਮਾਨ ਮੁੰਡੇ-ਕੁੜੀਆਂ ਵੀ ਸ਼ਾਮਲ ਹੁੰਦੇ ਹਨ। ਪਾਕਿਸਤਾਨ ਵਿਚ ਸਿੱਖਾਂ ਵਲੋਂ ਦੀਵਾਲੀ ਮੌਕੇ ਕੋਈ ਖ਼ਾਸ ਸਮਾਰੋਹ ਨਹੀਂ ਕੀਤੇ ਜਾਂਦੇ।
ਆਓ ਉਥੇ ਵੀ ਜਗਾਈਏ ਇਕ ਦੀਪ ਜਿੱਥੇ ਹਨੇਰਾ ਹੈ
ਲਕਸ਼ਮੀ ਕਾਂਤਾ ਚਾਵਲਾ
ਹਨੇਰਿਆ ‘ਤੇ ਰੌਸ਼ਨੀ ਦੀ ਜਿੱਤ ਦਾ ਨਿਸ਼ਾਨ ਹਨ ਇਹ ਦੀਵੇ। ਭਾਰਤ ਵਿੱਚ ਦੀਵਾਲੀ ਦਾ ਤਿਉਹਾਰ ਭਗਵਾਨ ਸ੍ਰੀ ਰਾਮਚੰਦਰ ਜੀ ਦੁਆਰਾ ਰਾਵਣ ਦੇ ਰਾਖਸ਼ਿਸ਼ ਰਾਜ ਨੂੰ ਖ਼ਤਮ ਕਰਨ ਤੋਂ ਬਾਅਦ ਅਯੁੱਧਿਆ ਵਾਪਸ ਆ ਕੇ ਸਿੰਘਾਸਨ ‘ਤੇ ਬਿਰਾਜਮਾਨ ਹੋ ਕੇ ਰਾਮ ਰਾਜ ਲਾਉਣ ਦਾ ਤਿਉਹਾਰ ਹੈ। ਇਹ ਦੀਵੇ ਹੁਣ ਸਿਰਫ਼ ਭਾਰਤ ਵਿੱਚ ਨਹੀਂ, ਜਿੱਥੇ ਕਿੱਥੇ ਸੰਸਾਰ ਵਿੱਚ ਭਾਰਤੀ ਸਮਾਜ ਦਾ ਇੱਕ ਵੀ ਮੈਂਬਰ ਰਹਿੰਦਾ ਹੈ, ਉਸ ਦੇ ਵਿਹੜੇ ਅਤੇ ਖਿੜਕੀ ‘ਤੇ ਚਮਕਦੇ ਜ਼ਰੂਰ ਦਿਖਾਈ ਦਿੰਦੇ ਹਨ। ਹੁਣ ਤਾਂ ਸੰਸਾਰ ਦੇ 250 ਤੋਂ ਜ਼ਿਆਦਾ ਦੇਸ਼ਾਂ ਵਿੱਚ ਦੀਵਾਲੀ ਦੇ ਦੀਵਿਆਂ ਦੀ ਰੌਸ਼ਨੀ ਦਿਖਾਈ ਦਿੰਦੀ ਹੈ ਅਤੇ ਵਿਦੇਸ਼ੀ ਲੋਕ ਵੀ ਇਸ ਮੌਕੇ ‘ਤੇ ਇਕ-ਦੂਸਰੇ ਨੂੰ ਵਧਾਈ ਦਿੰਦੇ ਹਨ ਅਤੇ ਮਠਿਆਈਆਂ ਖਿਲਾਉਂਦੇ ਹਨ। ਇਕ ਵਾਰੀ ਤਾਂ ਬ੍ਰਿਟੇਨ ਦੀ ਸੰਸਦ ਵਿੱਚ ਦੀਵਾਲੀ ਮਨਾਈ ਗਈ ਸੀ ਅਤੇ ਹਾਊਸ ਆਫ਼ ਕਾਮਨਜ਼ ਦੇ ਇਕ ਕੋਨੇ ਵਿੱਚ ਭਗਵਾਨ ਸ੍ਰੀ ਰਾਮਚੰਦਰ ਜੀ ਦੀ ਮੂਰਤੀ ਰੱਖੀ ਗਈ ਸੀ ਅਤੇ ਸਾਰੀ ਥਾਂ ਰੰਗੋਲੀ ਅਤੇ ਦੀਵਿਆਂ ਦੇ ਨਾਲ਼ ਸਜ ਗਈ। ਅਸਲੀਅਤ ਵਿੱਚ ਇੰਗਲੈਂਡ ਦੀ ਸੰਸਦ ਵਿੱਚ ਇਹ ਤਿਉਹਾਰ ਮਨਾ ਕੇ ਭਾਰਤੀਆਂ ਦੇ ਸਭਿਆਚਾਰਕ ਅਸਤਿਤਵ ਅਤੇ ਬ੍ਰਿਟੇਨ ਦੇ ਵਿਕਾਸ ਵਿੱਚ ਭਾਰਤੀਆਂ ਦੇ ਯੋਗਦਾਨ ਨੂੰ ਮਾਨਤਾ ਪ੍ਰਦਾਨ ਕੀਤੀ ਗਈ ਸੀ, ਜਿਹੜੀ ਅਜੇ ਵੀ ਜਾਰੀ ਹੈ। ਅਮਰੀਕਾ, ਕੈਨੇਡਾ, ਇਟਲੀ ਆਦਿ ਦੇਸ਼ਾਂ ਵਿੱਚ ਵੀ ਭਾਰਤੀ ਸਮਾਜ ਉਜਾਗਰ ਹੋ ਰਿਹਾ ਹੈ। ਉੱਥੇ ਦੇ ਸਾਸ਼ਕ ਅਤੇ ਜਨਪ੍ਰਤੀਨਿਧੀ ਸਾਡੇ ਤਿਉਹਾਰਾਂ ਨੂੰ ਮਾਨਤਾ ਵੀ ਦਿੰਦੇ ਹਨ ਅਤੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਵੀ ਆਪਣੇ ਰਾਜਨੀਤਕ ਭਵਿੱਖ ਨੂੰ ਸੁਰੱਖਿਅਤ ਮੰਨਦੇ ਹਨ। ਦੀਵਾਲੀ ਮਨਾਉਣ ਦੇ ਤਰੀਕੇ ਦੋ ਤਬਕਿਆਂ ਵਿੱਚ ਵੱਖਰੇ-ਵੱਖਰੇ ਹੋ ਸਕਦੇ ਹਨ, ਪਰ ਇਹ ਸੱਚ ਹੈ ਕਿ ਦੀਵਾਲੀ ਭਾਰਤ ਅਤੇ ਭਾਰਤੀਆਂ ਦੀ ਹੈ। ਵਿਦੇਸ਼ਾਂ ਵਿੱਚ ਰਹਿ ਰਹੇ ਅਣਗਿਣਤ ਭਾਰਤ ਵਾਸੀਆਂ ਵਿੱਚ ਕੁਝ ਸ੍ਰੀ ਰਾਮਚੰਦਰ ਜੀ ਦੀ ਅਯੁੱਧਿਆ ਵਾਪਸੀ ਦੀ ਯਾਦ ਵਿੱਚ ਦਿਵਾਲੀ ਮਨਾਉਂਦੇ ਹਨ ਅਤੇ ਕੁਝ ਭਾਰਤੀ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਯਾਦ ਕਰਕੇ ਦੀਪ ਜਗਾਉਂਦੇ, ਮਠਿਆਈਆਂ ਵੰਡਦੇ ਅਤੇ ਖਾਂਦੇ ਹਨ। ਸਵਾਮੀ ਦਿਆਨੰਦ ਜੀ ਅਤੇ ਸਵਾਮੀ ਰਾਮਤੀਰਥ ਜੀ ਦੀ ਯਾਦ ਵੀ ਦੀਵਾਲੀ ਨਾਲ਼ ਜੁੜੀ ਹੈ। ਸਾਡੇ ਦੇਸ਼ ਵਿੱਚ ਗਰੀਬ ਅਮੀਰ ਜ਼ੋਰ-ਸ਼ੋਰ ਅਤੇ ਉਤਸ਼ਾਹ ਨਾਲ਼ ਦੀਵਾਲੀ ਮਨਾਉਂਦੇ ਹਨ। ਫ਼ਰਕ ਏਨਾ ਹੈ ਕਿ ਗਰੀਬ ਦਾ ਘਰ ਦੋ-ਚਾਰ ਦੀਵਿਆਂ ਅਤੇ ਬਲਬਾਂ ਨਾਲ਼ ਰੌਸ਼ਨ ਹੋਵੇਗਾ ਪਰ ਅਮੀਰਾਂ ਦੇ ਘਰ ਲੱਛਮੀ ਪੂਜਨ ਲਈ ਕਈ ਦਿਨ ਪਹਿਲਾਂ ਕਈ ਦਿਨ ਪਹਿਲਾਂ ਹੀ ਜਗਮਗਾਉਣ ਲੱਗ ਜਾਂਦੇ ਹਨ। ਅਮਾਵਸਿਆ ਨੂੰ ਪੂਨਮ ਬਣਾਉਣ ਦਾ ਪੂਰਾ ਯਤਨ ਹੁੰਦਾ ਹੈ। ਇਸ ਦਿਨ ਪਟਾਖੇ ਚਲਾਉਣ ਅਤੇ ਪ੍ਰਦੂਸ਼ਣ ਫੈਲਾਉਣ ਲਈ ਅਰਬਾਂ ਰੁਪਏ ਖ਼ਰਚ ਕਰ ਦਿੱਤੇ ਜਾਂਦੇ ਹਨ। ਭਾਰਤ ਦੇ ਲਗਭਗ 115 ਕਰੋੜ ਲੋਕ ਜੇ ਇਕ ਰੁਪਇਆ ਪ੍ਰਤੀ ਆਦਮੀ ਦੇ ਹਿਸਾਬ ਨਾਲ਼ ਵੀ ਪਟਾਖੇ ਚਲਾਵੇ ਤਾਂ ਵੀ ਇੱਕ ਅਰਬ ਤੋਂ ਜ਼ਿਆਦਾ ਰੁਪਏ ਖ਼ਰਚ ਹੋ ਜਾਂਦੇ ਹਨ। ਜਦਕਿ ਖ਼ਰਚ ਅਰਬਾਂ ਵਿੱਚ ਹੁੰਦਾ ਹੈ ਦੂਸਰੇ ਖ਼ਰਚਿਆਂ ਦਾ ਅੰਦਾਜ਼ਾ ਲਗਾਉਣਾ ਬੜਾ ਹੀ ਮੁਸ਼ਕਲ ਹੈ। ਲੱਛਮੀ ਦੀ ਪੂਜਾ ਕਰਨ ਵਾਸਤੇ ਧਨ ਨਹੀਂ ਚਾਹੀਦਾ , ਗਨੇਸ਼ ਜੀ ਦੀ ਪੂਜਾ ਵੀ ਥੋੜ੍ਹੇ ਜਿਹੜੇ ਗੁੜ-ਚੌਲ ਨਾਲ ਹੋ ਸਕਦੀ ਹੈ, ਪਰ ਵੱਡੇ-ਵੱਡੇ ਵਪਾਰੀ ਅਤੇ ਬਿਜ਼ਨਸਮੈਨ ਨੌਂ ਗ੍ਰਹਿਆਂ ਦੀ ਨਹੀਂ ਬਲਕਿ ਇਕ ਹਜ਼ਾਰ ਨੌ ਗ੍ਰਹਿਆਂ ਦੀ ਪੂਜਾ ਕਰਦੇ ਹਨ। ਉਹਨਾਂ ਨੂੰ ਹਰ ਵਿਭਾਗ ਦੇ ਉਸ ਅਧਿਕਾਰੀ ਦੀ ਪੂਜਾ ਕਰਨੀ ਪੈਂਦੀ ਹੈ, ਜਿਸ ਦੇ ਕੋਲੋਂ ਉਹਨਾਂ ਨੂੰ ਬਿਜ਼ਨਸ ਲਈ ਕੁਝ ਚਾਹੀਦਾ ਹੈ। ਭਾਵੇਂ ਇਹ ਪਾਉਣਾ ਉਹਨਾਂ ਦਾ ਅਧਿਕਾਰ ਵੀ ਹੋਵੇ ਅਤੇ ਰਾਸ਼ਟਰ ਹਿੱਤ ਵਿੱਚ ਵੀ। ਅੱਜ ਇੱਕ ਜਾਗਰੂਕ ਰਾਸ਼ਟਰ ਭਗਤ ਨਾਗਰਿਕ ਦੇ ਨਾਤੇ ਦੀਵਾਲੀ ਦੀਆਂ ਤਿਆਰੀਆਂ ਦੇ ਨਾਲ਼ ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਦੇਸ਼ ਵਿੱਚ ਸੈਂਕੜੇ ਘਰ ਇਸ ਤਰ੍ਹਾਂ ਦੇ ਹਨ ਜਿੱਥੇ ਗਰੀਬੀ, ਸ਼ੋਸ਼ਣ ਅਤੇ ਮਜਬੂਰੀ ਦਾ ਗੂੜ੍ਹਾ ਹਨੇਰਾ ਹੈ। ਉਹਨਾਂ ਘਰਾਂ ਵਿੱਚ ਵੀ ਅਸੀਂ ਦੀਵੇ ਜਗਾਉਣੇ ਹਨ। ਦੇਸ਼ ਦੇ ਦਸ ਕਰੋੜ ਤੋਂ ਜ਼ਿਆਦਾ ਜਿਹਨਾਂ ਬੱਚਿਆਂ ਦੀ ਅੱਖ ਵਿੱਚ ਭਵਿੱਖ ਦਾ ਕੋਈ ਸੁਪਨਾ ਨਹੀਂ, ਵਰਤਮਾਨ ਵਿੱਚ ਜਿਉਣ ਵਾਸਤੇ ਕੋਈ ਰਸਤਾ ਨਹੀਂ, ਉਹਨਾਂ ਦੇ ਮਨ ਮੰਦਰ ਨੂੰ ਰੌਸ਼ਨੀ ਦੇਣ ਵਾਸਤੇ ਇਕ-ਇਕ ਦੀਵਾ ਜਗਾਉਣ ਦਾ ਸੰਕਲਪ ਤਾਂ ਉਹਨਾਂ ਭਾਰਤੀਆਂ ਨੇ ਲੈਣਾ ਹੈ ਜਿਹੜੇ ਪੜ੍ਹੇ-ਲਿਖੇ ਹਨ। ਆਪਣੇ ਦੇਸ਼ ਦੇ ਜਿਹੜੇ ਲੱਖਾਂ ਬੱਚੇ ਸੂਰਜ ਨਿਕਲਣ ਤੋਂ ਪਹਿਲਾਂ ਰੋਟੀ ਕਮਾਉਣ ਲਈ ਭਾਰੀ ਭਾਰ ਆਪਣੇ ਨਰਮ ਮੋਢਿਆਂ ‘ਤੇ ਚੁੱਕ ਕੇ ਘਰ ਤੋਂ ਨਿਕਲਦੇ ਹਨ। ਉਹਨਾਂ ਬੱਚਿਆਂ ਦੀਆਂ ਅੱਖਾਂ ਵਿੱਚ ਵੀ ਗੌਰ ਨਾਲ ਦੇਖੀਏ ਤਾਂ ਕੋਈ ਇੱਛਾ ਵੀ ਦਿਖਾਈ ਨਹੀਂ ਦੇਵੀਗੀ। ਕਿਸੇ ਵੱਡੀ ਮਾਰਕੀਟ ਵਿੱਚ ਇਕ ਜਗ੍ਹਾ ਕੂੜੇ ਦੇ ਢੇਰ ‘ਤੇ ਜੇ ਕੁਝ ਲਿਫਾਫੇ ਅਤੇ ਕਾਗਜ਼ ਜ਼ਿਆਦਾ ਮਿਲਣ ਜਾਣ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਜ਼ਿਆਦਾ ਵਧ ਜਾਂਦੀ ਹੈ। ਇਕ ਅੱਧਾ ਕਿਲੋ ਰੱਦੀ ਜੇ ਢੇਰ ਤੋਂ ਮਿਲ ਜਾਵੇ ਤਾਂ ਸਮਝੋ ਹੋ ਗਈ ਉਹਨਾਂ ਦੀ ਦੀਵਾਲੀ। ਕੁਝ ਸਾਲ ਪਹਿਲਾਂ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਬੱਚਿਆਂ ਤੋਂ ਮਜ਼ਦੂਰੀ ਨਾ ਕਰਵਾਉਣ ਦਾ ਕਾਨੂੰਨ ਲਾਗੂ ਕੀਤਾ। ਪਹਿਲੀ ਨਜ਼ਰ ਨਾਲ਼ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਹ ਕਾਨੂੰਨ ਮਨੁੱਖੀ ਭਾਵਨਾ ਨਾਲ਼ ਪ੍ਰਭਾਵਿਤ ਹੈ, ਪਰ ਇਸ ਦੇ ਨਾਲ਼ ਉਹਨਾਂ ਬੱਚਿਆਂ ਦੀ ਰੋਜ਼ੀ-ਰੋਟੀ ਦਾ ਕੋਈ ਪ੍ਰਬੰਧ ਕਈ ਸਾਲ ਗੁਜ਼ਰ ਜਾਣ ਦੇ ਬਾਅਦ ਵੀ ਨਹੀਂ ਹੋ ਸਕਿਆ, ਜਿਹੜੇ ਕੂੜੇ ਵਿੱਚ ਕੀੜਿਆਂ ਦੀ ਤਰ੍ਹਾਂ ਰੋਟੀ ਲੱਭਦੇ ਹਨ। ਮਜ਼ਦੂਰੀ ਕਰਨਾ ਅਤੇ ਕਰਵਾਉਣਾ ਅਪਰਾਧ ਹੋ ਜਾਣ ਨਾਲ਼ ਉਹਨਾਂ ਦੀ ਗਿਣਤੀ ਵਧ ਗਈ ਹੈ, ਜਿਹੜੇ ਆਪਣੀ ਹਰ ਸਵੇਰ ਕੂੜੇ ਦੇ ਢੇਰਾਂ ‘ਤੇ ਹੀ ਬਿਤਾਉਂਦੇ ਹਨ। ਬਾਲ ਮਜ਼ਦੂਰੀ ਦੇ ਸਹਾਰੇ , ਜਿਹਨਾਂ ਘਰਾਂ ਵਿੱਚ ਚੁੱਲ੍ਹਾ ਗਰਮ ਹੋਣ ਦੀ ਆਸ ਰਹਿੰਦੀ ਸੀ, ਉੱਥੇ ਵੀ ਕੁਝ ਦਿਨ ਬੇਕਾਰੀ ਦਾ ਠੰਡਾਪਣ ਫੈਲਿਆ। ਪਰ ਫਿਰ ਕਾਨੂੰਨ ਕਾਗਜ਼ਾਂ ਵਿਚ ਬੰਦ ਹੋ ਗਿਆ ਅਤੇ ਬੱਚੇ ਸਵੇਰੇ ਅੱਖਾਂ ਮਲਦੇ ਹੋਏ ਚਾਹ ਦੀਆਂ ਦੁਕਾਨਾਂ , ਸੜਕਾਂ ਤੇ ਢਾਬਿਆਂ ਉੱਤੇ ਪਹੁੰਚ ਗਏ। ਜਿੱਥੇ ਉਹਨਾਂ ਨੂੰ ਭੁੱਖੇ ਢਿੱਡ ਕੰਮ ਕਰਨ ਤੋਂ ਬਾਅਦ ਰੋਟੀ ਤਾਂ ਮਿਲ ਜਾਂਦੀ ਹੈ। ਇਹ ਬੱਚੇ ਆਪਣੀ ਅਤੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਭਾਰ ਢੋਣ ਲਈ ਛੋਟੀ ਉਮਰ ਵਿੱਚ ਹੀ ਘਰੋਂ ਦੌੜ ਜਾਂਦੇ ਹਨ ਜਾਂ ਦੌੜਾ ਦਿੱਤੇ ਜਾਂਦੇ ਹਨ। ਪੜ੍ਹਾਈ ਉਹਨਾਂ ਦੇ ਭਾਗਾਂ ਵਿੱਚ ਹੈ ਹੀ ਨਹੀਂ ਅਤੇ ਬਾਲ ਮਜ਼ਦੂਰੀ ਕਾਨੂੰਨ ਇਹਨਾਂ ਦੀਆਂ ਮੁਸੀਬਤਾਂ ਨੂੰ ਵਧਾਉਂਦੇ ਹਨ। ਇਹ ਕੰਮ ਕਰਦੇ ਹਨ ਪਰ ਕਰਮਚਾਰੀ ਨਹੀਂ ਮੰਨੇ ਜਾਂਦੇ। ਕੁਝ ਇਸ ਤਰ੍ਹਾਂ ਬੱਚੇ ਵੀ ਹਨ, ਜਿਹਨਾਂ ਨੇ ਪੰਜਾਬ, ਜੰਮੂ-ਕਸ਼ਮੀਰ, ਮਨੀਪੁਰ, ਆਂਧਰਾ ਪ੍ਰਦੇਸ਼ ਅਤੇ ਨਾਗਾਲੈਂਡ ਵਿੱਚ ਖਾੜਕੂਆਂ ਦੇ ਬੰਬ ਧਮਾਕਿਆਂ ਦੇ ਡਰ ਨਾਲ਼ ਜੀਵਨ ਬਿਤਾਇਆ। ਮਹਾਂਰਾਸ਼ਟਰ ਵਿੱਚ ਵੀ ਸੈਂਕੜੇ ਬੱਚਿਆਂ ਦੇ ਮਾਤਾ-ਪਿਤਾ ਖਾੜਕੂਆਂ ਦਾ ਸ਼ਿਕਾਰ ਹੋਏ ਅਤੇ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਕਾਮਯਾਬੀ ਦੇ ਸੁਪਨੇ ਟੁੱਟ ਗਏ। ਪਰਿਵਾਰ ਦੀ ਰੋਜ਼ੀ ਰੋਟੀ ਹੀ ਇਹਨਾਂ ਦਾ ਮਕਸਦ ਬਣ ਗਿਆ।
ਅੱਜ ਇਹ ਸੰਕਲਪ ਲੈਣ ਦੀ ਲੋੜ ਹੈ ਕਿ ਇਹਨਾਂ ਬੱਚਿਆਂ ਵਿੱਚੋਂ ਕਿਸੇ ਇਕ ਦੀ ਜ਼ਿੰਦਗੀ ਰੌਸ਼ਨ ਕੀਤੀ ਜਾਵੇ। ਅਮੀਰ ਪਰਿਵਾਰ, ਆਪਣੇ ਇਕ-ਦੋ ਬੱਚਿਆਂ ਦੇ ਨਾਲ਼ ਕਿਸੇ ਤੀਸਰੇ ਹੋਰ ਬੱਚੇ ਨੂੰ ਰੋਟੀ ਅਤੇ ਪੜ੍ਹਾਉਣ ਦਾ ਕੰਮ ਆਸਾਨੀ ਨਾਲ਼ ਕਰ ਸਕਦਾ ਹੈ। ਪ੍ਰਾਈਵੇਟ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਵੱਡੇ-ਵੱਡੇ ਮਹਿੰਗੇ ਸਿੱਖਿਆ ਅਦਾਰੇ ਪੰਜ ਪ੍ਰਤੀਸ਼ਤ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣਗੇ ਤਾਂ ਅਨਪੜ੍ਹਤਾ ਦੇ ਭਾਰ ਥੱਲੇ ਦਬੇ ਦੇਸ਼ ਨੂੰ ਰਾਹਤ ਮਿਲ ਸਕਦੀ ਹੈ। ਦੀਵਾਲੀ ਮਨਾਈ ਜਾ ਸਕਦੀ ਹੈ। ਅਮੀਰ ਪਰਿਵਾਰ ਸਿਰਫ਼ ਇਕ-ਇਕ ਦੀਵਾ ਹੀ ਉਹਨਾਂ ਘਰਾਂ ਵਿੱਚ ਜਗਾ ਦੇਣ, ਜਿਨ੍ਹਾਂ ਘਰਾਂ ਵਿੱਚ ਹਨੇਰਾ ਹੈ, ਤਾਂ ਸਾਰੇ ਦੀਵਿਆਂ ਦੀ ਰੌਸ਼ਨੀ ਨਾਲ਼ ਪੂੁਰਾ ਦੇਸ਼ ਦੀਵਿਆਂ ਦੀ ਤਰ੍ਹਾਂ ਰੌਸ਼ਨ ਹੋ ਜਾਵੇਗਾ ਅਤੇ ਅਸਲੀ ਦੀਵਾਲੀ ਬਣ ਜਾਵੇਗੀ। ਇੰਜ ਨਿਰਾਸ਼ ਅੱਖਾਂ ਵਿੱਚ ਵੀ ਆਸ਼ਾ ਦੀ ਜਯੋਤੀ ਜਾਗੇਗੀ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …