Breaking News
Home / ਕੈਨੇਡਾ / 2017 ਸਕੋਸ਼ੀਆ ਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ ਦੌੜ 22 ਅਕਤੂਬਰ ਨੂੰ

2017 ਸਕੋਸ਼ੀਆ ਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ ਦੌੜ 22 ਅਕਤੂਬਰ ਨੂੰ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਟੋਰਾਂਟੋ ਵਿਚ ਹਰ ਸਾਲ ਹੋਣ ਵਾਲੀ ਮਿਆਰੀ ਮੈਰਾਥਨ ਦੌੜ ‘ਸਕੋਸ਼ੀਆ ਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ’ ਇਸ ਵਾਰ 22 ਅਕਤੂਬਰ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਲੰਮੀ ਦੌੜ ਵਿਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਦੌੜਨ ਦੇ ਸ਼ੌਕੀਨ ‘ਫੁੱਲ-ਮੈਰਾਥਨ’ (42 ਕਿਲੋਮੀਟਰ) ਅਤੇ ਹਾਫ਼ ਮੈਰਾਥਨ (21 ਕਿਲੋਮੀਟਰ) ਵਿਚ ਭਾਗ ਲੈਂਦੇ ਹਨ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ 5 ਕਿਲੋਮੀਟਰ ਸ਼ੁਗ਼ਲੀਆ ਦੌੜਨ ਵਾਲੇ ਵੀ ਹੁੰਦੇ ਹਨ। ਪਿਛਲੇ ਸਾਲ ਇਸ ਮੈਰਾਥਨ ਦੌੜ ਵਿਚ 36,000 ਲੋਕ ਸ਼ਾਮਲ ਹੋਏ ਸਨ ਅਤੇ ਇਸ ਵਾਰ ਇਸ ਤੋਂ ਵੀ ਵਧੇਰੇ ਲੋਕਾਂ ਵੱਲੋਂ ਇਸ ਵਿਚ ਹਿੱਸਾ ਲੈਣ ਦੀ ਆਸ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਮੈਰਾਥਨ ਦੌੜ ਕੈਨੇਡਾ ਦੇ ਸ਼ਹਿਰਾਂ ਟੋਰਾਂਟੋ ਤੇ ਔਟਵਾ ਤੋਂ ਇਲਾਵਾ ਅਮਰੀਕਾ ਦੇ ਸ਼ਹਿਰਾਂ ਬੋਸਟਨ, ਨਿਊਯੌਰਕ ਅਤੇ ਸ਼ਿਕਾਗੋ ਵਿਚ ਵੀ ਕਰਵਾਈ ਜਾਂਦੀ ਹੈ ਅਤੇ ਹਰੇਕ ਥਾਂ ‘ਤੇ ਹਜ਼ਾਰਾਂ ਹੀ ਲੋਕ ਇਸ ਵਿਚ ਹਿੱਸਾ ਲੈਂਦੇ ਹਨ।
‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰਜ਼ ਕਲੱਬ’ ਦੇ ਮੈਂਬਰ ਹਰ ਸਾਲ ਇਸ ਵਿਚ ਸਰਗ਼ਰਮੀ ਹਿੱਸਾ ਲੈਂਦੇ ਹਨ ਅਤੇ ਇਸ ਵਾਰ ਵੀ ਉਹ ਇਸ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਇਸ ਦੇ ਬਾਰੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਸ ਕਲੱਬ ਦੀ ‘ਰੂਹੇ-ਰਵਾਂ’ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਦੇ 50 ਮੈਂਬਰਾਂ ਦੀ ਰਜਿਸਟ੍ਰੇਸ਼ਨ ਇਸ ਨਾਮੀ ਦੌੜ ਲਈ ਹੋ ਚੁੱਕੀ ਹੈ ਜੋ ਵੱਡੀ ਡੀਲੱਕਸ ਬੱਸ ਰਾਹੀਂ ਡਾਊਨ ਟਾਊਨ ਵਿਚ ਇਸ ਦੌੜ ਦੇ ਸ਼ੁਰੂ ਹੋਣ ਵਾਲੀ ਜਗ੍ਹਾ ਯੂਨੀਵਰਸਿਟੀ ਐਵੀਨਿਊ ਅਤੇ ਡੰਡਾਸ ‘ਤੇ ਸਵੇਰੇ 7.30 ਵਜੇ ਪਹੁੰਚ ਜਾਣਗੇ। ਇਸ ਤੋਂ ਇਲਾਵਾ ਇਸ ਦੇ ਕੁਝ ਮੈਂਬਰ ਉੱਥੇ ਸਿੱਧੇ ਵੀ ਪਹੁੰਚਣਗੇ। ਉਨ੍ਹਾਂ ਆਪਣੀ ਕਲੱਬ ਦੇ ਮੈਂਬਰਾਂ ਨੂੰ ਪਹਿਲਾਂ ਹੀ ਸਵੇਰੇ 6.00 ਵਜੇ ਏਅਰਪੋਰਟ ਰੋਡ ਤੇ ਬੋਵੇਰਡ ਡਰਾਈਵ ਇੰਟਰਸੈੱਕਸ਼ਨ ਸਥਿਤ ‘ਟਿਮ ਹੌਲਟਨ’ ਵਿਖੇ ਪਹੁੰਚਣ ਦੀ ਸਖ਼ਤ ਤਾਕੀਦ ਕੀਤੀ ਹੈ ਅਤੇ ਸਮੇਂ ਸਿਰ ਨਾ ਪਹੁੰਚਣ ਵਾਲਿਆਂ ਨੂੰ ਆਪਣੇ ਸਾਧਨਾਂ ਰਾਹੀਂ ਸਿੱਧੇ ਡਾਊਨ ਟਾਊਨ ਟੋਰਾਂਟੋ ਪਹੁੰਚਣ ਲਈ ਵੀ ਕਹਿ ਛੱਡਿਆ ਹੈ।
ਇਸ ਰੌਣਕ-ਮੇਲੇ ਨੂੰ ਵੇਖਣ ਦੇ ਚਾਹਵਾਨ ਜੋ ਜੀ.ਟੀ.ਏ ਦੀ ਇਸ ਮਿਆਰੀ ਦੌੜ ਦੇ ਮਨਮੋਹਕ ਦ੍ਰਿਸ਼ ਅੱਖੀਂ ਵੇਖਣੇ ਚਾਹੁੰਦੇ ਹਨ, ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਇਹ ‘ਮੈਰਾਥਨ’ ਅਤੇ ‘ਹਾਫ਼ ਮੈਰਾਥਨ’ ਦੌੜਾਂ ਇਕੱਠੀਆਂ ਹੀ ਯੂਨੀਵਰਸਿਟੀ ਐਵੀਨਿਊ ਤੋਂ ਕੁਈਨ ਸਟਰੀਟ ਨੌਰਥ ਤੋਂ ਸਵੇਰੇ 8.45 ਵਜੇ ਸ਼ੁਰੂ ਹੋਵੇਗੀ ਅਤੇ 42 ਕਿਲੋਮੀਟਰ ਦੌੜਨ ਵਾਲੇ ਬਲੂਰ, ਬਾਥਹਰੱਸਟ, ਫ਼ੋਰਟਯੌਰਕ ਤੇ ਲੇਕਸ਼ੋਰ ਤੋਂ ਹੁੰਦੇ ਹੋਈ ਵਿੰਡਮੀਅਰ ਤੋਂ ਯੂ-ਟੱਰਨ ਲੈਣਗੇ ਅਤੇ ਵਾਪਸ ਡਾਊਨ ਟਾਊਨ ਦੇ ਸੈਂਟਰ ਵਿਚ ਬੇਅ ਤੇ ਕੁਈਨ ਸਟਰੀਟ ਸਥਿਤ ਸਿਟੀ ਹਾਲ ਦੇ ਸਾਹਮਣੇ ਫ਼ਿਨਿਸ਼-ਪੁਆਇੰਟ ‘ਤੇ ਪਹੁੰਚਣਗੇ। ਇੰਜ ਹੀ, 21 ਕਿਲੋਮੀਟਰ ਵਾਲੀ ਹਾਫ਼ ਮੈਰਾਥਨ ਦੌੜਨ ਦਾ ਰੂਟ ਕੁਝ ਵੱਖਰਾ ਹੋਵੇਗਾ। ਇਸ ਵਿਚ ਦੌੜਨ ਵਾਲੇ ‘ਬੇਅ’ ਤੋਂ ਖੱਬੇ ਮੁੜ ਕੇ ਅੱਗੇ ਜਾ ਕੇ ‘ਡੌਨ ਰਿਵਰ’ ਤੋਂ ਯੂ-ਟੱਰਨ ਲੈਣਗੇ ਅਤੇ ‘ਫ਼ਿਨਿਸ਼-ਪੁਆਇੰਟ’ ਇਨ੍ਹਾਂ ਦਾ ਵੀ ਓਹੀ, ਭਾਵ ਇਹ ਸਿਟੀ ਹਾਲ ਦੇ ਸਾਹਮਣੇ ਹੀ ਹੋਵੇਗਾ। ਪੰਜ ਕਿਲੋਮੀਟਰ ਦੌੜਨ ਅਤੇ ਵਾਕ ਕਰਨ ਵਾਲਿਆਂ ਨੂੰ ਸਵੇਰੇ 8.00 ਵਜੇ ਤੋਰਿਆ ਜਾਵੇਗਾ ਅਤੇ ਉਨ੍ਹਾਂ ਦਾ ਰੂਟ ਵੱਖਰਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …