8.1 C
Toronto
Thursday, October 16, 2025
spot_img
Homeਦੁਨੀਆਟਰੰਪ ਨੇ H-1B ਵੀਜ਼ਾ 'ਚ ਸਖਤੀ ਦਾ ਫੈਸਲਾ ਟਾਲਿਆ

ਟਰੰਪ ਨੇ H-1B ਵੀਜ਼ਾ ‘ਚ ਸਖਤੀ ਦਾ ਫੈਸਲਾ ਟਾਲਿਆ


ਨੌਕਰੀਆਂ ਬਾਰੇ ਭਾਰਤੀ ਤੇ ਚੀਨੀ ਪੇਸ਼ੇਵਰਾਂ ‘ਤੇ ਹਮਲੇ ਦੇ ਆਪਣੇ ਰੁਖ਼ ਵਿਚ ਟਰੰਪ ਨੇ ਕੀਤਾ ਬਦਲਾਅ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਆਲਟੀ ‘ਤੇ ਅਧਾਰਿਤ ਇਮੀਗ੍ਰੇਸ਼ਨ ਨੀਤੀ ਬਣਾਉਣ ਦਾ ਪ੍ਰਸਤਾਵ ਸੰਸਦ ਨੂੰ ਭੇਜਿਆ ਹੈ। ਇਸ ਪ੍ਰਸਤਾਵ ਵਿਚ ਭਾਰਤ ਦੇ ਹੱਕ ‘ਚ ਇਹ ਗੱਲ ਹੈ ਕਿ ਐੱਚ-1ਬੀ ਵੀਜ਼ਾ ਨੂੰ ਲੈ ਕੇ ਕੋਈ ਸਖ਼ਤ ਸ਼ਰਤ ਲਗਾਉਣ ਦੀ ਗੱਲ ਨਹੀਂ ਹੈ। ਇਸ ਵੀਜ਼ਾ ‘ਤੇ ਹੀ ਆਈਟੀ ਨਾਲ ਜੁੜੇ ਭਾਰਤੀ ਪੇਸ਼ੇਵਰ ਅਮਰੀਕਾ ਜਾਂਦੇ ਹਨ ਤੇ ਉੱਥੇ ਨੌਕਰੀ ਕਰਦੇ ਹਨ। ਹਾਂ, ਗਰੀਨ ਕਾਰਡ ਨੂੰ ਲੈ ਕੇ ਟਰੰਪ ਨੇ ਆਪਣਾ ਸਖ਼ਤ ਰਵੱਈਆ ਕਾਇਮ ਰੱਖਿਆ ਹੈ।
ਨੌਕਰੀਆਂ ਨੂੰ ਲੈ ਕੇ ਭਾਰਤੀ ਤੇ ਚੀਨੀ ਪੇਸ਼ੇਵਰਾਂ ‘ਤੇ ਹਮਲੇ ਦੇ ਆਪਣੇ ਰੁਖ਼ ਵਿਚ ਟਰੰਪ ਨੇ ਬਦਲਾਅ ਕੀਤਾ ਹੈ। ਰਾਸ਼ਟਰਪਤੀ ਚੋਣਾਂ ਦੌਰਾਨ ਅਮਰੀਕੀ ਲੋਕਾਂ ਦੀ ਨੌਕਰੀ ‘ਤੇ ਕਬਜ਼ਾ ਕਰਨ ਵਾਲੇ ਵਿਦੇਸ਼ੀਆਂ ਦੀ ਆਮਦ ਸੀਮਤ ਕਰਨ ਲਈ ਟਰੰਪ ਨੇ ਐੱਚ-1ਬੀ ਵੀਜ਼ਾ ਦੀ ਗਿਣਤੀ ਸੀਮਤ ਕਰਨ ਦਾ ਐਲਾਨ ਕੀਤਾ ਸੀ। ਜਾਹਿਰ ਹੈ ਕਿ ਇਸ ਦਾ ਸਭ ਤੋਂ ਜ਼ਿਆਦਾ ਅਸਰ ਭਾਰਤੀਆਂ ‘ਤੇ ਪੈਣਾ ਸੀ ਜੋ ਅਮਰੀਕਾ ਵਿਚ ਆਈਟੀ, ਮੈਡੀਕਲ ਤੇ ਆਰਥਿਕ ਸੇਵਾਵਾਂ ਨਾਲ ਜੁੜੀਆਂ ਨੌਕਰੀਆਂ ਦੇ ਦਾਅਵੇਦਾਰ ਹੁੰਦੇ ਹਨ। ਐਤਵਾਰ ਨੂੰ ਵ੍ਹਾਈਟ ਹਾਊਸ ਤੋਂ ਸੰਸਦ ਨੂੰ ਭੇਜੇ ਗਏ ਪ੍ਰਸਤਾਵ ਵਿਚ ਐੱਚ-1ਬੀ ਵੀਜ਼ਾ ‘ਚ ਕਟੌਤੀ ਜਾਂ ਉਸ ਨੂੰ ਲੈ ਕੇ ਕੋਈ ਸਖ਼ਤ ਸ਼ਰਤ ਲਗਾਉਣ ਦਾ ਬਿੰਦੂ ਨਹੀਂ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਕੁਆਲਟੀ ਅਧਾਰਿਤ ਇਮੀਗ੍ਰੇਸ਼ਨ ਨੀਤੀ ਨਾਲ ਵੀ ਖ਼ਾਸ ਤੌਰ ‘ਤੇ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਫਾਇਦਾ ਹੋਵੇਗਾ। ਉੱਚ ਅਹੁਦਿਆਂ ਲਈ ਉਨ੍ਹਾਂ ਨੂੰ ਅਮਰੀਕੀ ਵੀਜ਼ਾ ਮਿਲਣ ਵਿਚ ਆਸਾਨੀ ਹੋਵੇਗੀ। ਪਰ ਗਰੀਨ ਕਾਰਡ ਸਿਸਟਮ ਵਿਚ ਸੁਧਾਰ ਦਾ ਪ੍ਰਸਤਾਵ ਹੈ। ਸੰਸਦ ਵਿਚ ਜੇਕਰ ਪ੍ਰਸਤਾਵ ਪਾਸ ਹੋ ਗਿਆ ਤਾਂ ਅਮਰੀਕਾ ਵਿਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਗਰੀਨ ਕਾਰਡ ਮਿਲਣਾ ਮੁਸ਼ਕਿਲ ਹੋ ਜਾਵੇਗਾ।
ਗਰੀਨ ਕਾਰਡ ਉਹ ਵਿਵਸਥਾ ਹੈ ਜਿਸ ‘ਚ ਕੁਝ ਸਾਲ ਰਹਿਣ ਉਪਰੰਤ ਵਿਅਕਤੀ ਨੂੰ ਸ਼ਰਤਾਂ ਨਾਲ ਅਮਰੀਕਾ ‘ਚ ਪੱਕੇ ਤੌਰ ‘ਤੇ ਰਹਿਣ ਦੀ ਸਹੂਲਤ ਮਿਲ ਜਾਂਦੀ ਹੈ। ਸੂਤਰਾਂ ਮੁਤਾਬਿਕ ਪ੍ਰਸਤਾਵ ਵਿਚ ਰਿਸ਼ਤੇਦਾਰਾਂ ਨੂੰ ਆਪਣੇ ਆਪ ਗਰੀਨ ਕਾਰਡ ਮਿਲਣ ਦੀ ਸ਼ਰਤ ਸਖ਼ਤ ਕੀਤੀ ਗਈ ਹੈ। ਇਸ ਨਾਲ ਪੇਸ਼ੇਵਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਪੱਕੇ ਤੌਰ ‘ਤੇ ਨਾਲ ਰੱਖਣ ਵਿਚ ਮੁਸ਼ਕਿਲ ਪੇਸ਼ ਆਵੇਗੀ। ਪ੍ਰਸਤਾਵ ਵਿਚ ਛੋਟੀਆਂ ਨੌਕਰੀਆਂ ਲਈ ਵਿਦੇਸ਼ੀ ਲੋਕਾਂ ਨੂੰ ਮੌਕਾ ਦੇਣ ਨਾਲ ਅਮਰੀਕੀ ਹਿੱਤਾਂ ‘ਤੇ ਅਸਰ ਪੈਣ ਦੀ ਗੱਲ ਕਹੀ ਗਈ ਹੈ। ਕਿਹਾ ਗਿਆ ਹੈ ਕਿ ਇਨ੍ਹਾਂ ਨੌਕਰੀਆਂ ‘ਤੇ ਵਿਦੇਸ਼ੀ ਘੱਟ ਤਨਖ਼ਾਹ ‘ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਜਿਸ ਨਾਲ ਅਮਰੀਕੀ ਲੋਕਾਂ ਦੇ ਹਿੱਤ ਪ੍ਰਭਾਵਿਤ ਹੁੰਦੇ ਹਨ। ਅਜਿਹੇ ਵਿਚ ਅਮਰੀਕੀ ਲੋਕਾਂ ਨੂੰ ਨੌਕਰੀ ਮਿਲਦੀ ਨਹੀਂ ਹੈ ਤੇ ਜੇਕਰ ਮਿਲਦੀ ਹੈ ਤਾਂ ਉਨ੍ਹਾਂ ਨੂੰ ਵੀ ਘੱਟ ਤਨਖ਼ਾਹ ਮਿਲਦੀ ਹੈ। ਨਾਜਾਇਜ਼ ਇਮੀਗ੍ਰੇਸ਼ਨ ਦੇ ਸਵਾਲ ‘ਤੇ ਟਰੰਪ ਦਾ ਰਵੱਈਆ ਸਖ਼ਤ ਹੈ ਤੇ ਉਨ੍ਹਾਂ ਨੇ ਮੈਕਸੀਕੋ ਸਰਹੱਦ ‘ਤੇ ਦੀਵਾਰ ਬਣਾਉਣ ਦੀ ਮੁੜ ਤੋਂ ਚਰਚਾ ਕੀਤੀ ਹੈ।

 

 

RELATED ARTICLES
POPULAR POSTS