Breaking News
Home / ਦੁਨੀਆ / ਗੁਰਦੁਆਰਿਆਂ ਦੀ ਨਵੇਂ ਸਿਰਿਓਂ ਗਿਣਤੀ ਕਰਵਾਏ ਪਾਕਿ ਸਰਕਾਰ

ਗੁਰਦੁਆਰਿਆਂ ਦੀ ਨਵੇਂ ਸਿਰਿਓਂ ਗਿਣਤੀ ਕਰਵਾਏ ਪਾਕਿ ਸਰਕਾਰ

1947 ਤੋਂ ਪਹਿਲਾਂ ਤੇ ਬਾਅਦ ‘ਚ ਬਣੇ ਗੁਰਦੁਆਰਿਆਂ ਦੀ ਤੁਰੰਤ ਗਿਣਤੀ ਹੋਵੇ : ਬੀਬੀ ਜਗੀਰ ਕੌਰ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ – ਗੁੰਮਰਾਹ ਕਰ ਰਿਹੈ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ
ਨਵੀਂ ਦਿੱਲੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਗਿਣਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਦੇਸ਼ ਵਿਚ ਉਨ੍ਹਾਂ ਦੀ ਸਹੀ ਗਿਣਤੀ ਜਾਨਣ ਲਈ ਨਵੇਂ ਸਿਰਿਓਂ ਗਿਣਤੀ ਕਰਾਉਣ ਦੀ ਵੱਡੀ ਮੰਗ ਕੀਤੀ ਹੈ। ਐਸਜੀਪੀਸੀ ਦੁਨੀਆ ਵਿਚ ਸਿੱਖਾਂ ਦੀ ਅਗਵਾਈ ਕਰਨ ਵਾਲੀ ਸਭ ਤੋਂ ਵੱਡੀ ਸੰਸਥਾ ਹੈ। ਕਮੇਟੀ ਨੇ ਪਾਕਿਸਤਾਨ ਦੀ ਸਰਕਾਰ ਨੂੂੰ ਕਿਹਾ ਕਿ ਉਹ ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵਲੋਂ ਪੈਦਾ ਕੀਤੇ ਗਏ ਭੁਲੇਖੇ ਨੂੰ ਦੂਰ ਕਰਨ ਲਈ ਦੇਸ਼ ਵਿਚ ਗੁਰਦੁਆਰਿਆਂ ਦੀ ਗਿਣਤੀ ਕਰਵਾਏ।
ਪਾਕਿਸਤਾਨ ‘ਚ ਗੁਰਦੁਆਰਿਆਂ ਦੀ ਗਿਣਤੀ ਨੂੰ ਲੈ ਕੇ ਦੱਸੇ ਜਾ ਰਹੇ ਵੱਖ-ਵੱਖ ਅੰਕੜਿਆਂ ਨੂੰ ਲੈ ਕੇ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਤਿਹਾਸਕ ਗੁਰਦੁਆਰਿਆਂ ਸਮੇਤ 1947 ਵਿਚ ਹੋਈ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਅਤੇ ਬਾਅਦ ਵਿਚ ਬਣੇ ਗੁਰਦੁਆਰਿਆਂ ਦੀ ਤੁਰੰਤ ਨਵੇਂ ਸਿਰਿਓਂ ਗਿਣਤੀ ਕਰਵਾਏ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਵੇਖ ਰਹੇ ਹਾਂ ਕਿ ਪਾਕਿਸਤਾਨ ਵਿਚ ਲਗਭਗ 250 ਗੁਰਦੁਆਰੇ ਹਨ, ਪਰ ਉਥੋਂ ਦੀਆਂ ਸੰਸਥਾਵਾਂ ਵਲੋਂ ਮਿਲ ਰਹੇ ਵੱਖ-ਵੱਖ ਅੰਕੜੇ ਚਿੰਤਾਜਨਕ ਹਨ। ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਅਤੇ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਵੱਖ-ਵੱਖ ਅੰਕੜਿਆਂ ਨੂੰ ਵੇਖਦੇ ਹੋਏ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਨੇ ਈਟੀਬੀਪੀ ‘ਤੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਪਾਕਿਸਤਾਨ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜ ਸਾਹਿਬ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਗੁਰਦੁਆਰਾ ਰੋਹੜੀ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਰਗੇ 6 ਇਤਿਹਾਸਕ ਗੁਰਦੁਆਰਿਆਂ ਵਿਚ ਮੱਥਾ ਟੇਕਣ ਲਈ ਤੀਰਥ ਯਾਤਰਾ ਵੀਜ਼ਾ ਦਿੰਦਾ ਹੈ।
ਤਹਿਰੀਕ-ਏ-ਇਨਸਾਫ ਦਾ ਦਾਅਵਾ : ਪਾਕਿਸਤਾਨ ‘ਚ 588 ਗੁਰਦੁਆਰੇ
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਐਮਐਨਏ ਵਾਂਕਵਾਨੀ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਿਚ 588 ਗੁਰਦੁਆਰੇ ਹਨ। ਉਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਈਟੀਬੀਪੀ ਜਾਣ ਬੁੱਝ ਕੇ ਸਹੀ ਅੰਕੜੇ ਲੁਕਾ ਰਿਹਾ ਹੈ ਅਤੇ ਭੂ-ਮਾਫੀਆ ਦੀ ਹਮਾਇਤ ਕਰ ਰਿਹਾ ਹੈ।
ਇਤਿਹਾਸਕਾਰ ਦਾ ਦਾਅਵਾ : 135 ਇਤਿਹਾਸਕ ਗੁਰਦੁਆਰੇ, ਕੁੱਲ 300 ਤੋਂ ਜ਼ਿਆਦਾ : ‘ਹਿਸਟਾਰੀਅਲ ਸਿੱਖ ਸ਼੍ਰਾਈਣਸ ਇਨ ਪਾਕਿਸਤਾਨ’ ਨਾਂ ਦੀ ਕਿਤਾਬ ਲਿਖਣ ਵਾਲੇ ਲਾਹੌਰ ਦੇ ਇਤਿਹਾਸਕਾਰ ਇਕਬਾਲ ਕੈਸਰ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਵਿਚ 135 ਇਤਿਹਾਸਕ ਗੁਰਦੁਆਰੇ ਸਨ, ਜਿਨ੍ਹਾਂ ਦਾ ਸਿੱਧਾ ਸਬੰਧ ਸਿੱਖ ਗੁਰੂ ਸਾਹਿਬਾਨਾਂ ਨਾਲ ਹੈ, ਜਦਕਿ ਗੁਰਦੁਆਰਿਆਂ ਦੀ ਕੁੱਲ ਗਿਣਤੀ 300 ਤੋਂ ਜ਼ਿਆਦਾ ਹੈ।
ਕਿੰਨੇ ਗੁਰਦੁਆਰੇ : ਤਿੰਨ ਦਾਅਵੇ
ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦਾ ਦਾਅਵਾ : 105 ਗੁਰਦੁਆਰੇ ਸਨ, 18 ਹੀ ਖੁੱਲ੍ਹੇ: ਪਾਕਿਸਤਾਨ ਦੀ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਮੀਡੀਆ ਵਿਚ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਵਿਚ 105 ਗੁਰਦੁਆਰੇ ਸਨ, ਜਿਨ੍ਹਾਂ ਵਿਚੋਂ 18 ਹੀ ਖੁੱਲ੍ਹੇ ਹਨ ਅਤੇ ਬਾਕੀ ਗੁਰਦੁਆਰੇ ਕਈ ਕਾਰਨਾਂ ਕਰਕੇ ਬੰਦ ਹਨ। ਈਟੀਪੀਬੀ ਦੇ ਕੁਝ ਅਧਿਕਾਰੀਆਂ ਨੇ ਕੁਝ ਲੋਕਾਂ ਨਾਲ ਮਿਲੀਭੁਗਤ ਕਰਕੇ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ‘ਤੇ ਗੈਰਕਾਨੂੰਨੀ ਕਬਜ਼ਾ ਕਰ ਲਿਆ ਹੈ ਅਤੇ ਇਹ ਮਾਮਲੇ ਕੋਰਟ ਵਿਚ ਲਟਕ ਰਹੇ ਹਨ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …