Breaking News
Home / ਦੁਨੀਆ / ਸਿੱਖ ਪਰਿਵਾਰ ਦੀ ਹੱਤਿਆ ਕਰਨ ਵਾਲੇ ‘ਤੇ ਚਾਰ ਹੋਰ ਦੋਸ਼ ਆਇਦ

ਸਿੱਖ ਪਰਿਵਾਰ ਦੀ ਹੱਤਿਆ ਕਰਨ ਵਾਲੇ ‘ਤੇ ਚਾਰ ਹੋਰ ਦੋਸ਼ ਆਇਦ

ਕੈਲੀਫੋਰਨੀਆ/ਬਿਊਰੋ ਨਿਊਜ਼ : ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਚਾਰ ਜੀਆਂ, ਜਿਨ੍ਹਾਂ ਵਿੱਚ ਅੱਠ ਮਹੀਨਿਆਂ ਦੀ ਬੱਚੀ ਵੀ ਸ਼ਾਮਲ ਹੈ, ਨੂੰ ਅਗਵਾ ਤੇ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਖਿਲਾਫ਼ ਪਹਿਲਾ ਦਰਜ ਕਤਲ ਦੇ ਚਾਰ ਦੋਸ਼ ਆਇਦ ਕੀਤੇ ਗਏ ਹਨ। ਉਧਰ ਪੀੜਤ ਸਿੱਖ ਪਰਿਵਾਰ ਦੇ ਸਕੇ ਸਬੰਧੀਆਂ ਤੇ ਦੋਸਤਾਂ ਮਿੱਤਰਾਂ ਨੇ ਪਰਿਵਾਰ ਦੀ ਮਦਦ ਲਈ 3 ਲੱਖ ਡਾਲਰ ਦੀ ਰਾਸ਼ੀ ਇਕੱਤਰ ਕੀਤੀ ਹੈ। ਮੁਲਜ਼ਮ ਜੀਸਸ ਸਲਗਾਡੋ, ਜੋ ਪੀੜਤ ਸਿੱਖ ਪਰਿਵਾਰ ਦੀ ਟਰੱਕ ਕੰਪਨੀ ‘ਚ ਸਾਬਕਾ ਮੁਲਾਜ਼ਮ ਸੀ, ਨੇ ਪਿਛਲੇ ਹਫ਼ਤੇ ਇਸ ਪਰਿਵਾਰ ਦੇ ਚਾਰ ਮੈਂਬਰਾਂ- ਅੱਠ ਮਹੀਨਿਆਂ ਦੀ ਬੱਚੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ(27), ਪਿਤਾ ਜਸਦੀਪ ਸਿੰਘ (36) ਤੇ ਤਾਇਆ ਅਮਨਦੀਪ ਸਿੰਘ (39) ਨੂੰ ਪਹਿਲਾਂ ਅਗਵਾ ਕੀਤਾ ਤੇ ਮਗਰੋਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਕੈਲੀਫੋਰਨੀਆ ਪੁਲਿਸ ਨੇ ਸਲਗਾਡੋ ਨੂੰ 6 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਲਾਸ ਏਂਜਲਸ ਟਾਈਮਜ਼ ਨੇ ਇਸਤਗਾਸਾ ਧਿਰ ਦੇ ਵਕੀਲਾਂ ਦੇ ਹਵਾਲੇ ਨਾਲ ਕਿਹਾ ਕਿ ਮੁਲਜ਼ਮ ਸਲਗਾਡੋ ਖਿਲਾਫ਼ ਪਹਿਲਾ ਦਰਜਾ ਕਤਲ ਦੇ ਚਾਰ ਦੋਸ਼ (ਹਰੇਕ ਮੌਤ ਲਈ ਇਕ ਇਕ) ਆਇਦ ਕੀਤੇ ਗਏ ਹਨ। ਮਰਸਿਡ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਉਹ ਇਹ ਇਸ ਸਾਲ ਕੋਈ ਫੈਸਲਾ ਨਹੀਂ ਲੈਣਗੇ ਕਿ ਸਲਗਾਡੋ (48) ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦੀ ਪੈਰਵੀ ਕੀਤੀ ਜਾਵੇ ਜਾਂ ਨਹੀਂ। ਉਧਰ ਜ਼ਿਲ੍ਹਾ ਅਟਾਰਨੀ ਕਿੰਬਰਲੇ ਲੂਇਸ ਨੇ ਸਲਗਾਡੋ ‘ਤੇ ਲਾਏ ਦੋਸ਼ਾਂ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਸਲਗਾਡੋ ‘ਤੇ ਦੋਸ਼ ਸੋਮਵਾਰ ਨੂੰ ਲਾਏ ਗਏ ਸਨ। ਮੁਲਜ਼ਮ ‘ਤੇ ਜਸਦੀਪ, ਉਸ ਦੀ ਪਤਨੀ ਜਸਲੀਨ, ਉਨ੍ਹਾਂ ਦੀ ਧੀ ਤੇ ਸਿੰਘ ਦੇ ਭਰਾ ਅਮਨਦੀਪ ਦੀ ਹੱਤਿਆ ਦਾ ਦੋਸ਼ ਹੈ। ਪੁਲਿਸ ਨੂੰ 3 ਅਕਤੂਬਰ ਨੂੰ ਵਿੰਟਨ ਕਸਬੇ ‘ਚੋਂ ਅਮਨਦੀਪ ਦਾ ਟਰੱਕ ਮਿਲਿਆ ਸੀ, ਜਿਸ ਨੂੰ ਅੱਗ ਲੱਗੀ ਹੋਈ ਸੀ। ਇਸ ਮਗਰੋਂ ਕੈਲੀਫੋਰਨੀਆ ਪੁਲਿਸ ਨੇ ਸਿੱਖ ਪਰਿਵਾਰ ਦੀ ਗੁੰਮਸ਼ੁਦਗੀ ਦੀ ਜਾਂਚ ਆਰੰਭੀ ਸੀ। ਪਰਿਵਾਰ ਨੂੰ ਜਦੋਂ ਅਮਨਦੀਪ, ਉਸ ਦੇ ਭਰਾ-ਭਰਜਾਈ ਤੇ ਉਨ੍ਹਾਂ ਦੀ ਬੱਚੀ ਨਾ ਲੱਭੀ ਤਾਂ ਉਨ੍ਹਾਂ ਪੁਲਿਸ ਕੋਲ ਪਰਿਵਾਰ ਦੀ ਗੁੰਮਸ਼ੁਦਗੀ ਰਿਪੋਰਟ ਲਿਖਾ ਦਿੱਤੀ। ਜਾਂਚ ਦੌਰਾਨ ਮਰਸਿਡ ਕਾਊਂਟੀ ਸ਼ੈਰਿਫ਼ ਦਫ਼ਤਰ ਨੂੰ ਸਿੱਖ ਪਰਿਵਾਰ ਦੇ ਟਰੱਕਾਂ ਦੇ ਕਾਰੋਬਾਰ ‘ਯੂਨੀਸਨ ਟਰੱਕਿੰਗ’ ਤੋਂ ਵੀਡੀਓ ਮਿਲੀ ਸੀ, ਜਿਸ ਵਿੱਚ ਮਸ਼ਕੂਕ ਬੰਦੂਕ ਦੀ ਨੋਕ ‘ਤੇ ਪਰਿਵਾਰ ਨੂੰ ਅਗਵਾ ਕਰਦਾ ਨਜ਼ਰ ਆ ਰਿਹਾ ਸੀ। ਮੁਲਜ਼ਮ ਸਲਗਾਡੋ, ਜਿਸ ਨੇ ਪਿਛਲੇ ਦਿਨੀਂ ਖ਼ੁਦਕੁਸ਼ੀ ਕੀਤੀ ਸੀ, ਨੂੰ ਦੋ ਦਿਨ ਹਸਪਤਾਲ ਵਿੱਚ ਰੱਖਣ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਸੀ। ਸਲਗਾਡੋ, ਸਾਲ 2005 ਵਿਚ ਇਕ ਹੋਰ ਪਰਿਵਾਰ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰਨ ਤੇ ਲੁੱਟਣ ਦੇ ਦੋਸ਼ ਵਿੱਚ ਦਸ ਸਾਲ ਦੀ ਸਜ਼ਾ ਕੱਟ ਚੁੱਕਾ ਹੈ। ਇਸ ਦੌਰਾਨ ਕੈਲੀਫੋਰਨੀਆ ਵਿੱਚ ਪੀੜਤ ਸਿੱਖ ਪਰਿਵਾਰ ਦੀ ਮਦਦ ਲਈ 3 ਲੱਖ ਅਮਰੀਕੀ ਡਾਲਰ ਦੀ ਰਾਸ਼ੀ ਇਕੱਤਰ ਕੀਤੀ ਗਈ ਹੈ। ਅਮਨਦੀਪ ਕੌਰ ਦੀ ਵਿਧਵਾ ਜਸਪ੍ਰੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਤੇ ਦਿਓਰ ਪਿਛਲੇ 18 ਸਾਲਾਂ ਤੋਂ ਅਮਰੀਕਾ ਵਿਚ ਸਨ। ਉਹ ਨਾ ਸਿਰਫ਼ ਆਪਣੇ ਪਰਿਵਾਰਾਂ ਭਲਕੇ ਪਿੱਛੇ ਭਾਰਤ ਵਿੱਚ ਰਹਿੰਦੇ ਆਪਣੇ ਬਜ਼ੁਰਗ ਮਾਪਿਆਂ ਦਾ ਵੀ ਪਾਲਣ ਪੋਸ਼ਣ ਕਰਦੇ ਸਨ।

 

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …