ਕਿਹਾ, ਮਹਾਮਾਰੀ ਦੇ ਸਭ ਤੋਂ ਮਾੜੇ ਦੌਰ ਵੱਲ ਵਧ ਰਹੀ ਹੈ ਦੁਨੀਆ
ਵਾਸ਼ਿੰਗਟਨ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚ ਸ਼ਾਮਲ ਅਤੇ ਮਾਈਕਰੋਸਾਫਟ ਦੇ ਸੰਸਥਾਪਕ ਬਿੱਲ ਗੇਟਸ ਨੇ ਓਮੀਕਰੋਨ ਵੈਰੀਐਂਟ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।
ਗੇਟਸ ਨੇ ਓਮੀਕਰੋਨ ਵੈਰੀਐਂਟ ਨੂੰ ਲੈ ਕੇ ਟਵੀਟ ਵੀ ਕੀਤੇ ਹਨ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਸਾਨੂੰ ਜਲਦ ਹੀ ਮਹਾਮਾਰੀ ਦੇ ਸਭ ਤੋਂ ਬੁਰੇ ਦੌਰ ਵਿਚੋਂ ਗੁਜ਼ਰਨਾ ਪੈ ਸਕਦਾ ਹੈ।
ਬਿੱਲ ਗੇਟਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਰੀਬੀ ਦੋਸਤ ਤੇਜ਼ੀ ਨਾਲ ਨਵੇਂ ਵਾਇਰਸ ਦੀ ਲਪੇਟ ਵਿਚ ਆ ਰਹੇ ਹਨ, ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ।
ਬਿੱਲ ਗੇਟਸ ਨੇ ਕਿਹਾ ਕਿ ਨਵੇਂ ਵੈਰੀਐਂਟ ਦੇ ਖਤਰੇ ਨੂੰ ਦੇਖਦੇ ਹੋਏ ਉਨ੍ਹਾਂ ਛੁੱਟੀਆਂ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਗੇਟਸ ਨੇ ਲੋਕਾਂ ਨੂੰ ਮਾਸਕ ਪਹਿਨਣ, ਵੈਕਸੀਨ ਲਗਵਾਉਣ ਅਤੇ ਭੀੜ ਵਿਚ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਓਮੀਕਰੋਨ ਵੈਰੀਐਂਟ ਨੂੰ ਲੈ ਕੇ ਚੌਕਸ ਰਹਿਣਾ ਜ਼ਰੂਰੀ ਹੈ ਅਤੇ ਦੂਜੇ ਵਾਇਰਸ ਦੇ ਮੁਕਾਬਲੇ ਓਮੀਕਰੋਨ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਗੇਟਸ ਨੇ ਕਿਹਾ ਕਿ ਓਮੀਕਰੋਨ ਵੈਰੀਐਂਟ ਜਲਦ ਹੀ ਦੁਨੀਆ ਦੇ ਹਰ ਦੇਸ਼ ਤੱਕ ਪਹੁੰਚ ਜਾਵੇਗਾ ਅਤੇ ਇਸ ਬਾਰੇ ਫਿਲਹਾਲ ਜ਼ਿਆਦਾ ਜਾਣਕਾਰੀ ਵੀ ਨਹੀਂ ਹੈ। ਧਿਆਨ ਰਹੇ ਕਿ ਬਿੱਲ ਗੇਟਸ ਦੀ ਚਿਤਾਵਨੀ ਉਸ ਸਮੇਂ ਆਈ ਹੈ ਜਦੋਂ ਕਿ ਅਮਰੀਕਾ ਵਿਚ ਓਮੀਕਰੋਨ ਵੈਰੀਐਂਟ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਅਮਰੀਕਾ ਵਿਚ ਇਨ੍ਹੀਂ ਓਮੀਕਰੋਨ ਵੈਰੀਐਂਟ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਖਤਰਨਾਕ ਵਾਇਰਸ ਤੋਂ ਬਚਣ ਲਈ ਸਾਨੂੰ ਕਰੋਨਾ ਵਾਲੀਆਂ ਪਾਬੰਦੀਆਂ ਨੂੰ ਫਾਲੋ ਕਰਨਾ ਚਾਹੀਦਾ ਹੈ।