Breaking News
Home / ਦੁਨੀਆ / ਬ੍ਰਿਟੇਨ ਵੱਲੋਂ ਯਾਤਰਾ ਲਈ ਕੋਵੀਸ਼ੀਲਡ ਨੂੰ ਮਨਜੂਰੀ, ਪਰ ਭਾਰਤੀਆਂ ਨੂੰ ਰਾਹਤ ਨਹੀਂ

ਬ੍ਰਿਟੇਨ ਵੱਲੋਂ ਯਾਤਰਾ ਲਈ ਕੋਵੀਸ਼ੀਲਡ ਨੂੰ ਮਨਜੂਰੀ, ਪਰ ਭਾਰਤੀਆਂ ਨੂੰ ਰਾਹਤ ਨਹੀਂ

ਭਾਰਤੀਆਂ ਨੂੰ 10 ਦਿਨ ਦੇ ਇਕਾਂਤਵਾਸ ਤੇ ਹੋਰ ਨੇਮਾਂ ਦਾ ਕਰਨਾ ਪਵੇਗਾ ਪਾਲਣ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਸਰਕਾਰ ਨੇ ਭਾਰਤ ‘ਚ ਬਣੀ ਆਕਸਫੋਰਡ/ਐਸਟਰਾਜ਼ੈਨੇਕਾ ਦੀ ਕੋਵਿਡ-19 ਵੈਕਸੀਨ ਕੋਵੀਸ਼ੀਲਡ ਨੂੰ ਮਾਨਤਾ ਦੇ ਕੇ ਮੁਲਕ ‘ਚ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਪਰ ਇਸ ‘ਚ ਭਾਰਤੀ ਸ਼ਾਮਲ ਨਹੀਂ ਹਨ। ਭਾਰਤੀਆਂ ਨੂੰ ਬ੍ਰਿਟੇਨ ਪਹੁੰਚਣ ‘ਤੇ 10 ਦਿਨ ਦੇ ਇਕਾਂਤਵਾਸ ਅਤੇ ਹੋਰ ਨੇਮਾਂ ਦੀ ਪਾਲਣਾ ਕਰਨੀ ਪਵੇਗੀ।
ਬ੍ਰਿਟੇਨ ‘ਚ ਕੌਮਾਂਤਰੀ ਸਫ਼ਰ ਦੇ ਨਵੇਂ ਨੇਮ 4 ਅਕਤੂਬਰ ਤੋਂ ਲਾਗੂ ਹੋਣਗੇ ਪਰ ਭਾਰਤ ਉਨ੍ਹਾਂ 17 ਮੁਲਕਾਂ ਦੀ ਸੂਚੀ ‘ਚ ਸ਼ਾਮਲ ਨਹੀਂ ਹੈ ਜਿਨ੍ਹਾਂ ਦੀ ਵੈਕਸੀਨ ਸੂਚੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਕਰਕੇ ਭਾਰਤੀਆਂ ਨੂੰ ਇਕਾਂਤਵਾਸ ਦੇ ਨੇਮਾਂ ਤੋਂ ਕੋਈ ਰਾਹਤ ਨਹੀਂ ਮਿਲੇਗੀ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਤਿਆਰ ਵੈਕਸੀਨ ਕੋਵੀਸ਼ੀਲਡ ਨੂੰ ਮੁਲਕ ‘ਚ ਸਫ਼ਰ ਕਰਨ ਵੇਲੇ ਯੋਗ ਕੋਵਿਡ-19 ਵੈਕਸੀਨ ਦੀ ਸੂਚੀ ‘ਚ ਸ਼ਾਮਲ ਨਾ ਕਰਨ ‘ਤੇ ਬ੍ਰਿਟੇਨ ਦੀ ਤਿੱਖੀ ਆਲੋਚਨਾ ਹੋਈ ਸੀ। ਬ੍ਰਿਟਿਸ਼ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨਾਲ ਮੁਲਕ ‘ਚ ਢੁੱਕਵੇਂ ਸਰਕਾਰੀ ਸਿਹਤ ਅਦਾਰੇ ਵੱਲੋਂ ਲੋਕਾਂ ਨੂੰ ਵੈਕਸੀਨ ਦੇ ਜਾਇਜ਼ ਸਰਟੀਫਿਕੇਟ ਦੇਣ ਸਬੰਧੀ ਗੱਲਬਾਤ ਕਰ ਰਹੇ ਹਾਂ। ਬ੍ਰਿਟੇਨ ਸੁਰੱਖਿਅਤ ਢੰਗ ਨਾਲ ਕੌਮਾਂਤਰੀ ਮੁਸਾਫ਼ਰਾਂ ਲਈ ਮੁਲਕ ਦੇ ਰਾਹ ਖੋਲ੍ਹਣ ਲਈ ਵਚਨਬੱਧ ਹੈ ਅਤੇ ਮੌਜੂਦਾ ਐਲਾਨ ਉਸੇ ਤਰਜ਼ ‘ਤੇ ਕੀਤਾ ਗਿਆ ਹੈ।
ਯੂਕੇ ਦੇ ਸਿਹਤ ਤੇ ਸਮਾਜਿਕ ਸੰਭਾਲ ਵਿਭਾਗ ਵੱਲੋਂ ਜਾਰੀ ਨਿਰਦੇਸ਼ ਭਾਰਤੀ ਮੁਸਾਫ਼ਰਾਂ ਲਈ ਦੁਚਿੱਤੀ ਪੈਦਾ ਕਰਨ ਵਾਲੇ ਹਨ ਕਿਉਂਕਿ ਉਨ੍ਹਾਂ ‘ਚ ਕਿਹਾ ਗਿਆ ਹੈ ਕਿ ਚਾਰ ਸੂਚੀਬੱਧ ਵੈਕਸੀਨਾਂ ਐਸਟਰਾਜ਼ੈਨੇਕਾ ਕੋਵੀਸ਼ੀਲਡ, ਐਸਟਰਾਜ਼ੈਨੇਕਾ ਵੈਕਜ਼ੇਵਰੀਆ ਅਤੇ ਮੌਡਰਨਾ ਟਾਕੇਦਾ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਂਜ ਯੂਕੇ ਦੇ ਅਧਿਕਾਰੀਆਂ ਨੇ ਸੰਕੇਤ ਦਿੱਤੇ ਹਨ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ‘ਟੀਕਾਕਰਨ ਰਹਿਤ ਵਾਲੇ ਨੇਮਾਂ’ ਦਾ ਪਾਲਣ ਕਰਨਾ ਪਵੇਗਾ ਜਿਸ ਦਾ ਅਰਥ ਹੈ ਕਿ ਭਾਰਤੀ ਮੁਸਾਫ਼ਰਾਂ ਨੂੰ ਰਵਾਨਗੀ ਤੋਂ ਤਿੰਨ ਦਿਨ ਪਹਿਲਾਂ ਕੋਵਿਡ ਦਾ ਟੈਸਟ ਕਰਵਾਉਣਾ ਪਵੇਗਾ ਅਤੇ ਇੰਗਲੈਂਡ ਪਹੁੰਚਣ ‘ਤੇ ਕੋਵਿਡ ਦੇ ਦੋ ਟੈਸਟ ਅਗਾਊਂ ਬੁੱਕ ਕਰਵਾਉਣੇ ਪੈਣਗੇ। ਇੰਗਲੈਂਡ ਪਹੁੰਚਣ ‘ਤੇ ਮੁਸਾਫ਼ਰਾਂ ਨੂੰ 10 ਦਿਨਾਂ ਲਈ ਦੱਸੀ ਗਈ ਥਾਂ ‘ਤੇ ਇਕਾਂਤਵਾਸ ‘ਚ ਰਹਿਣਾ ਪਵੇਗਾ।
ਵੈਕਸੀਨ ਸਰਟੀਫਿਕੇਟ ਵੱਡਾ ਮਸਲਾ: ਯੂਕੇ
ਯੂਕੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਭਾਰਤੀ ਮੁਸਾਫ਼ਰਾਂ ਨੂੰ ਕੋਵੀਸ਼ੀਲਡ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ ਤਾਂ ਵੀ ਉਨ੍ਹਾਂ ਨੂੰ ਬ੍ਰਿਟੇਨ ‘ਚ 10 ਦਿਨ ਦੇ ਇਕਾਂਤਵਾਸ ‘ਚ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਕੋਵੀਸ਼ੀਲਡ ਵੈਕਸੀਨ ਨਹੀਂ ਸਗੋਂ ਵੈਕਸੀਨ ਸਰਟੀਫਿਕੇਟ ਮੁੱਖ ਮੁੱਦਾ ਹੈ ਤੇ ਭਾਰਤ ਤੇ ਬ੍ਰਿਟੇਨ ਇਸ ਮਾਮਲੇ ਨੂੰ ਸੁਲਝਾਉਣ ਲਈ ਆਪਸ ‘ਚ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬ੍ਰਿਟੇਨ, ਭਾਰਤ ਸਰਕਾਰ ਨਾਲ ਇਸ ਵਿਸ਼ੇ ‘ਤੇ ਗੱਲਬਾਤ ਕਰ ਰਿਹਾ ਹੈ ਕਿ ਭਾਰਤ ‘ਚ ਜਨ ਸਿਹਤ ਸੰਸਥਾ ਤੋਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਟੀਕਾ ਸਰਟੀਫਿਕੇਟ ਦੀ ਆਪਣੀ ਮਨਜ਼ੂਰੀ ਦਾ ਉਹ ਕਿਵੇਂ ਵਿਸਥਾਰ ਕਰੇ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …