Breaking News
Home / ਮੁੱਖ ਲੇਖ / ਹੀਰੋਸ਼ੀਮਾ ਡੇ ਅਤੇ ਦੂਸਰਾ ਵਿਸ਼ਵ ਯੁੱਧ

ਹੀਰੋਸ਼ੀਮਾ ਡੇ ਅਤੇ ਦੂਸਰਾ ਵਿਸ਼ਵ ਯੁੱਧ

ਲ਼ੈ.ਕ.ਨਰਵੰਤ ਸਿੰਘ ਸੋਹੀ
905-741-2666
ਦੂਸਰਾ ਵਿਸ਼ਵ ਯੁੱਧ 1939 ਤੋਂ 1945 ਤਕ ਯੂਰਪ ਅਤੇ ਏਸ਼ੀਆ ਵਿੱਚ ਲੜਿਆ ਗਿਆ। ਅਫ਼ਰੀਕਾ ਦੇ ਉਤਰੀ ਹਿੱਸੇ ‘ਤੇ ਵੀ ਅਸਰ ਪਿਆ। ਜਰਮਨੀ ਨੇ ਹਿਟਲਰ ਦੀ ਅਗਵਾਈ ਹੇਠ ਯੂਰਪ ਦੇ ਕਈ ਮੁਲਕਾਂ ‘ਤੇ ਕਬਜ਼ਾ ਕਰ ਲਿਆ ਅਤੇ ਅਖੀਰ ਫਰਾਂਸ ‘ਤੇ ਵੀ ਕਬਜ਼ਾ ਕਰਕੇ ਇੰਗਲੈਂਡ ਦੇ ਸਿਰਹਾਣੇ ਜਾ ਬੈਠਾ। ਪੂਰਬੀ ਖੇਤਰ ਵਿੱਚ ਜਾਪਾਨ ਨੇ ਚੀਨ ਦਾ ਕੁਝ ਇਲਾਕਾ ਦੱਬ ਲਿਆ ਅਤੇ ਦੱਖਣ ਵੱਲ ਵਧਣ ਲੱਗਾ। ਜਾਪਾਨ ਨੇ ਬਰ੍ਹਮਾ ਅਤੇ ਜਾਵਾ ਸਮਾਟਰਾ ਵਰਗੇ ਮੁਲਕ ਕਬਜ਼ੇ ਵਿੱਚ ਕਰ ਲਏ। ਅਮਰੀਕਾ ਅਜੇ ਚੁੱਪ ਚਾਪ ਸਭ ਕੁਝ ਦੇਖ ਰਿਹਾ ਸੀ।
7 ਦਸੰਬਰ 1941 ਐਤਵਾਰ ਦੀ ਸਵੇਰ ਨੂੰ ਜਾਪਾਨ ਦੇ ਹਵਾਈ ਜਹਾਜ਼ਾਂ ਨੇ ਪਰਲ ਹਾਰਵਰ ਤੇ ਤਾਇਨਾਤ ਅਮਰੀਕੀ ਸਮੁੰਦਰੀ ਬੇੜੇ ‘ਤੇ ਹਮਲਾ ਕਰ ਦਿੱਤਾ ਜਿਸ ਨਾਲ ਅਮਰੀਕਾ ਦਾ ਕਾਫੀ ਨੁਕਸਾਨ ਹੋਇਆ। ਅਖੀਰ ਅਮਰੀਕਾ ਵੀ ਜੰਗ ਦੇ ਮੈਦਾਨ ਵਿੱਚ ਕੁੱਦ ਪਿਆ। ਹਿਟਲਰ ਨੇ ਜਰਮਨੀ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ 7 ਲੱਖ ਦੇ ਕਰੀਬ ਯਹੂਦੀਆਂ ਨੂੰ ਮਰਵਾਇਆ ਸੀ। ਵਿਸ਼ਵ ਦਾ ਸਭ ਤੋਂ ਵੱਡਾ ਵਿਗਿਆਨੀ ਅਲਵਰਟ ਆਈਨਸਟਿਨ ਅਮਰੀਕਾ ਦਾ ਨਾਗਰਿਕ ਸੀ ਅਤੇ ਯਹੂਦੀ ਸੀ। ਉਸਨੇ ਆਪਣੇ ਇੱਕ ਮਿਤਰ ਰਾਹੀਂ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਫਰੈਂਕਲਿਨ ਰੂਜ਼ਵੈਲਟ ਨੂੰ ਸੁਨੇਹਾ ਭੇਜਿਆ ਕਿ ਅਮਰੀਕੀ ਫੌਜੀ ਜਵਾਨਾਂ ਨੂੰ ਮਰਵਾਉਣ ਦੀ ਥਾਂ ਪ੍ਰਮਾਣੂ ਬੰਬ ਤਿਆਰ ਕਰਵਾਕੇ ਜਰਮਨੀ ਅਤੇ ਜਾਪਾਨ ਦਾ ਖਾਤਮਾ ਕਰੋ। ਇਹ ਗਲ ਰਾਸ਼ਟਰਪਤੀ ਦੇ ਦਿਲ ਲੱਗੀ ਅਤੇ ਉਸਨੇ ਗੁਪਤ ਮੀਟਿੰਗ ਕੀਤੀ। ਮੀਟਿੰਗ ਦੀ ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਬੰਬ ਫਟਣ ਤੱਕ ਇਸ ਦੀ ਹਵਾ ਨ ਨਿਕਲੇ।
ਪ੍ਰਾਜੈਕਟ ਦਾ ਨਾਮ ਮਨਹਾਟਨ ਪ੍ਰਾਜੈਕਟ ਰੱਖਿਆ ਗਿਆ ਅਤੇ ਪ੍ਰੋਫੈਸਰ ਰਾਬਰਟ ਓਪਨਹੈਮਰ ਨੂੰ ਪ੍ਰਾਜੈਕਟ ਦਾ ਕਮਾਂਡਰ ਨਿਯੁਕਤ ਕੀਤਾ ਗਿਆ। ਓਪਨਹੈਮਰ ਉਸ ਸਮੇ ਸਭ ਤੋਂ ਸਿਆਣਾ ਪ੍ਰੋਫੈਸਰ ਸੀ ਅਤੇ ਯਹੂਦੀ ਸੀ। ਗੁਪਤ ਥਾਂ ‘ਤੇ ਪ੍ਰਾਜੈਕਟ ਅਰੰਭ ਹੋ ਗਿਆ। ਹੁਣ ਰੂਸ ਵੀ ਅਮਰੀਕਾ, ਇੰਗਲੈਂਡ ਅਤੇ ਫਰਾਂਸ ਨਾਲ ਮਿਲ ਗਿਆ। ਇਟਲੀ ਪਹਿਲਾਂ ਹੀ ਜਰਮਨੀ ਨਾਲ ਮਿਲ ਗਿਆ ਸੀ। ਜਰਮਨੀ ਵੀ ਪ੍ਰਮਾਣੂ ਬੰਬ ਬਣਾ ਰਿਹਾ ਸੀ ਪਰ ਰੂਸ ਨੇ ਉਸਦੇ ਸਾਰੇ ਅੱਡੇ ਬਰਬਾਦ ਕਰ ਦਿੱਤੇ ਸਨ।
ਭਾਰਤ ਦੀ ਫੌਜ ਵੀ ਅੰਗਰੇਜ਼ਾਂ ਦੇ ਹੁਕਮ ਅਨੁਸਾਰ ਸਾਰੇ ਮੁਹਾਜਾਂ ‘ਤੇ ਲੜਦੀ ਰਹੀ। ਬਹਾਦਰੀ ਦੇ ਤਗਮੇ ਵੀ ਪ੍ਰਾਪਤ ਕੀਤੇ ਅਤੇ ਸ਼ਹੀਦ ਵੀ ਹੋਏ। ਇਹ ਲੇਖ ਪ੍ਰਮਾਣੂ ਬੰਬ ਬਾਰੇ ਹੀ ਹੈ ਇਸ ਲਈ ਪੂਰੇ ਵਿਸ਼ਵ ਯੁੱਧ ਦਾ ਹਾਲ ਲਿਖਣਾ ਔਖਾ ਹੈ ਪਰ ਨਾਰਮੰਡੀ ਦੀ ਲੜਾਈ ਦਾ ਜ਼ਿਕਰ ਕਰਨਾ ਜ਼ਰੁਰੀ ਹੈ। ਫਰਾਂਸ ਤੇ ਜਰਮਨੀ ਦਾ ਕਬਜ਼ਾ ਸੀ। ਫਰਾਂਸ ਅਤੇ ਇੰਗਲੈਂਡ ਵਿਚਕਾਰ 27 ਮੀਲ਼ ਸਮੁੰਦਰ ਹੈ ਜਿਸਨੂੰ ਇੰਗਲਿਸ਼ ਚੈਨਲ ਆਖਦੇ ਹਨ, ਉਸ ਨੂੰ ਪਾਰ ਕਰਕੇ ਲੜਾਈ ਕਰਨੀ ਕਠਨ ਹੈ। ਨਾਰਮੰਡੀ ਜਰਮਨ ਫੌਜ ਦਾ ਜ਼ਬਰਦਸਤ ਅੱਡਾ ਸੀ ਪਰ ੬ ਜੂਨ ੧੯੪੪ ਨੂੰ ਅਮਰੀਕਾ ਅਤੇ ਇੰਗਲੈਂਡ ਨੇ ਇੰਗਲਿਸ਼ ਚੈਨਲ ਪਾਰ ਕਰਕੇ ਹਮਲਾ ਕਰ ਦਿੱਤਾ ਅਤੇ ਜਰਮਨ ਫੌਜ ਨੂੰ ਪਿੱਛੇ ਹਟਣਾ ਪਿਆ। ਫੌਜੀ ਇਤਿਹਾਸ ਵਿੱਚ ਨਾਰਮੰਡੀ ਦੀ ਲੜਾਈ ਵਿਸ਼ਵ ਵਿੱਚ ਸਭ ਤੋਂ ਵੱਡੀ ਲੜਾਈ ਮੰਨੀ ਗਈ ਹੈ ਜਿਸ ਵਿੱਚ ਹਜ਼ਾਰਾਂ ਸੈਨਿਕ ਸ਼ਹੀਦ ਹੋਏ। 6 ਜੂਨ 1944 ਨੂੰ The Longest Day ਆਖਿਆ ਜਾਂਦਾ ਹੈ। ਹਾਰ ਖਾ ਕੇ ਜਰਮਨ ਦੀ ਫੌਜ ਨੂੰ ਪਿੱਛੇ ਹਟਣਾ ਪਿਆ। ਅਮਰੀਕਾ, ਇੰਗਲੈਂਡ, ਫਰਾਂਸ ਅਤੇ ਰੂਸ ਦੀਆਂ ਫੌਜਾਂ ਨੇ ਜਰਮਨੀ ਦੀ ਰਾਜਧਾਨੀ ਬਰਲਿਨ ਨੂੰ ਘੇਰਾ ਪਾ ਲਿਆ ਜਿਸ ਕਰਕੇ ਹਿਟਲਰ ਨੂੰ ਮਜਬੂਰ ਹੋਕੇ ਅਪਣੇ ਹੀ ਰੀਵਾਲਵਰ ਨਾਲ ਆਤਮ ਹੱਤਿਆ ਕਰਨੀ ਪਈ। ਹਿਟਲਰ ਦੇ ਮਰਨ ਨਾਲ ਹੀ ਯੂਰਪ ਵਿੱਚ ਵਿਸ਼ਵ ਯੁੱਧ ਸਮਾਪਤ ਹੋ ਗਿਆ।
ਹੁਣ ਜਾਪਾਨ ਨਾਲ ਟੱਕਰ ਲੈਣੀ ਬਾਕੀ ਸੀ। ਅਮਰੀਕਾ ਦੇ ਰਾਸ਼ਟਰਪਤੀ ਰੂਜ਼ਵੈਲਟ ਨੂੰ 1921 ਵਿੱਚ ਪੋਲੀਓ ਹੋ ਗਿਆ ਸੀ। ਅਪਰੇਸ਼ਨ ਕਰਨ ਨਾਲ ਉਹ ਵ੍ਹੀਲ ਚੇਅਰ ਵਰਤਦਾ ਸੀ ਅਤੇ ਫੌੜੀਆਂ ਨਾਲ ਚੱਲ ਫਿਰ ਵੀ ਸਕਦਾ ਸੀ। ਉਸਨੇ ਚਾਰ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜੀ ਅਤੇ ਜਿੱਤਿਆ। ਉਸ ਵੇਲੇ ਦੋ ਵਾਰ ਚੋਣ ਲੜਣ ਦੀ ਪਾਬੰਦੀ ਨਹੀਂ ਸੀ। ਚੌਥੀ ਵਾਰ ਚੋਣ ਜਿੱਤ ਕੇ ਤਿੰਨ ਮਹੀਨੇ ਮਗਰੋਂ ਹੀ ਉਹ ਪ੍ਰਲੋਕ ਸੁਧਾਰ ਗਿਆ। ਰਵਾਇਤ ਅਨੁਸਾਰ ਰਹਿੰਦੇ ਸਮੇਂ ਲਈ ਉਪ ਰਾਸ਼ਟਰਪਤੀ ਹੈਰੀ ਟਰੂਮੈਨ ਨੂੰ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ। ਜਦ ਚਾਹ ਪਾਣੀ ਪੀ ਲਿਆ ਤਾਂ ਸੈਕਟਰੀ ਨੇ ਟਰੂਮੈਨ ਨੂੰ ਆਖਿਆ ਜਨਾਬ ਨਾਲ ਦੇ ਕਮਰੇ ਵਿੱਚ ਚਲੋ ਮੈਂ ਤਹਾਡੇ ਨਾਲ ਇੱਕ ਖਾਸ ਗੱਲ ਕਰਨੀ ਹੈ। ਦੋਨੋ ਇਕੱਠੇ ਹੋਏ ਤਾਂ ਸੈਕਟਰੀ ਨੇ ਦੱਸਿਆ ਕਿ ਜਨਾਬ ਆਪਾਂ ਪ੍ਰਮਾਣੂ ਬੰਬ ਤਿਆਰ ਕਰ ਲਿਆ ਹੈ ਅਗਲੇ ਹਫਤੇ ਮੈਕਸੀਕੋ ਦੇ ਨਵਾਡਾ ਰੇਗਿਸਤਾਨ ਵਿੱਚ ਤਜਰਬਾ ਕੀਤਾ ਜਾਵੇਗਾ। ਗੁੱਸਾ ਨਾ ਕਰਨਾ ਰਾਸ਼ਟਰਪਤੀ ਸਾਹਿਬ ਦਾ ਹੁਕਮ ਸੀ ਕਿ ਬੰਬ ਫਟਣ ਤੱਕ ਕਿਸੇ ਨੂੰ ਪਤਾ ਨਹੀਂ ਲਗਣਾ ਚਾਹੀਦਾ। ਇੱਕ ਹਫਤੇ ਦੇ ਅੰਦਰ ਦੋ ਬੰਬ ਹੋਰ ਤਿਆਰ ਹੋ ਜਾਣਗੇ ਜਿਹੜੇ ਤੁਹਾਡੇ ਹੁਕਮ ਅਨੁਸਾਰ ਜਾਪਾਨ ਦੇ ਸ਼ਹਿਰਾਂ ਤੇ ਸੁੱਟੇ ਜਾਣਗੇ। ਇਹ ਬੰਬ ਤਿਆਨਮਨ ਟਾਪੂ ‘ਤੇ ਪਹੁੰਚ ਜਾਣਗੇ ਜਿੱਥੇ ਹਵਾਈ ਅੱਡਾ ਤਿਆਰ ਹੈ ਅਤੇ ਲੰਬੀ ਦੂਰੀ ਤੱਕ ਉਡਾਨ ਭਰਨ ਵਾਲੇ ਬੀ-29 ਬੰਬਾਰ ਹਵਾਈ ਜਹਾਜ਼ ਪਹੁੰਚ ਚੁੱਕੇ ਹਨ।
ਤਜ਼ਰਬਾ ਕਰਨ ਲਈ 16 ਜੁਲਾਈ 1945 ਦਾ ਦਿਨ ਪੱਕਾ ਕਰ ਦਿੱਤਾ। ਮੈਕਸੀਕੋ ਦੇ ਨਵਾਡਾ ਰੇਗਸਤਾਨ ਵਿੱਚ ਵਸੋਂ ਤੋਂ ਤਕਰੀਬਨ ਡੇਢ ਸੌ ਮੀਲ ਦੀ ਦੂਰੀ ਤੇ ਕੰਕਰੀਟ ਦਾ ਥੰਮ ਉਸਾਰਿਆ ਗਿਆ ਜਿਸ ਉਪਰ ਬੰਬ ਟਿਕਾਉਣਾ ਸੀ। ਤਜਰਬੇ ਦਾ ਦਿਨ ਨਜ਼ਦੀਕ ਆਇਆ ਤਾਂ ਸਾਰੇ ਕਮਾਂਡਰ ਅਪਣੀ ਅਪਣੀ ਟੀਮ ਲੈਕੇ ਹਾਜ਼ਰ ਹੋਏ ਰਾਬਰਟ ਓਪਨਹੈਮਰ ਵੀ ਵਿਗਆਨੀਆਂ ਦੀ ਟੀਮ ਲੈ ਕੇ ਪਹੁੰਚ ਗਿਆ ਅਤੇ ਸਾਰੇ ਕੰਮ ਦਾ ਜਾਇਜ਼ਾ ਲਿਆ। 15 ਜੁਲਾਈ ਸ਼ਾਮ ਤੱਕ ਸਾਰੀ ਤਿਆਰੀ ਮੁਕੰਮਲ ਹੋ ਗਈ।
16 ਜੁਲਾਈ 1945 ਨੂੰ ਸਵੇਰੇ ਦੇ ਤਕਰੀਬਨ 5 ਵਜੇ ਵਿਸ਼ਵ ਦਾ ਪਹਿਲਾ ਪ੍ਰਮਾਣੂ ਬੰਬ ਫਟਿਆ ਅਤੇ ਪ੍ਰਮਾਣੂ ਯੁਗ ਅਰੰਭ ਹੋਇਆ। ਇੱਕ ਜ਼ਬਰਦਸਤ ਧਮਾਕਾ ਹੋਇਆ ਅਤੇ ਬੜੀ ਤੇਜ਼ ਰੋਸ਼ਨੀ ਹੋਈ। ਲੋਕਾਂ ਦੀ ਨੀਂਦ ਖੁੱਲ਼੍ਹ ਗਈ ਅਤੇ ਉਹ ਘਰਾਂ ਤੋਂ ਬਾਹਰ ਆ ਗਏ ਅਤੇ ਇੱਕ ਦੂਜੇ ਨੂੰ ਪੁਛਣ ਲੱਗੇ ਕਿ ਅੱਜ ਸਵੇਰਾ ਜਲਦੀ ਕਿਉਂ ਹੋ ਗਿਆ। ਜਲਦੀ ਹੀ ਰਾਸ਼ਟਰਪਤੀ ਟਰੂਮੈਨ ਨੇ ਜਰਨੈਲਾਂ ਦੀ ਮੀਟਿੰਗ ਬੁਲਾਈ ਅਤੇ ਆਖਿਆ ਕਿ ਮੇਰਾ ਵਿਚਾਰ ਹੈ ਕਿ ਜਾਪਾਨ ਦੇਸ਼ ਤੇ ਜ਼ਮੀਨੀ ਹਮਲਾ ਕਰਕੇ ਕਬਜ਼ਾ ਕੀਤਾ ਜਾਵੇ। ਸੀਨੀਅਰ ਜਰਨੈਲ ਨੇ ਆਖਿਆ ਜਨਾਬ ਅਸੀਂ ਸਾਰਾ ਹਿਸਾਬ ਕਰਕੇ ਬੈਠੇ ਹਾਂ। ਜਾਪਾਨ ਚਾਰ ਟਾਪੂਆਂ ਦਾ ਦੇਸ਼ ਹੈ ਹਰ ਟਾਪੂ ਦੇ ਗਿਰਦ ਡੂੰਘਾ ਸਮੁੰਦਰ ਹੈ। ਜਾਪਾਨ ਨੂੰ ਜਿਤਣਾ ਚਾਰ ਮੁਲਕਾਂ ਨੂੰ ਜਿੱਤਣ ਦੇ ਬਰਾਬਰ ਹੈ। ਜਾਪਾਨੀ ਫ਼ੌਜ ਜ਼ਮੀਨ ‘ਤੇ ਪੱਕੇ ਮੋਰਚੇ ਬਣਾ ਕੇ ਬੈਠੀ ਹੈ ਜਦ ਕਿ ਆਪਣੀ ਫੌਜ ਸਮੁੰਦਰੀ ਜਹਾਜ਼ਾਂ ਰਾਹੀਂ ਕਿਨਾਰੇ ‘ਤੇ ਉਤਰੇਗੀ। ਡੇਢ ਲੱਖ ਦੇ ਕਰੀਬ ਅਮਰੀਕੀ ਫੌਜੀ ਸੈਨਿਕ ਸ਼ਹੀਦ ਹੋਣਗੇ। ਇਸ ਤੋਂ ਉਪਰੰਤ ਕਿੰਨੇ ਸਮੁੰਦਰੀ ਜਹਾਜ਼ ਡੁਬਣਗੇ। ਬਾਕੀ ਜੋ ਟੈਂਕ, ਤੋਪਾਂ ਗੱਡੀਆਂ ਬਰਬਾਦ ਹੋਣਗੀਆਂ ਉਨ੍ਹਾਂ ਦਾ ਕੋਈ ਹਿਸਾਬ ਨਹੀਂ। ਰਾਸ਼ਟਰਪਤੀ ਨੇ ਆਖਿਆ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੁਸੀਂ ਪ੍ਰਮਾਣੂ ਸ਼ਕਤੀ ਦੀ ਵਰਤੋਂ ਕਰ ਸਕਦੇ ਹੋ।
ਹਫਤੇ ਦੇ ਅੰਦਰ ਹੀ ਦੋ ਬੰਬ ਤਿਆਰ ਕਰਕੇ ਤਿਆਨਮਨ ਟਾਪੂ ‘ਤੇ ਪਹੁੰਚਾ ਦਿੱਤੇ ਗਏ ਜਿੱਥੇ ਹਵਾਈ ਜਹਾਜ਼ ਅਤੇ ਅਮਲਾ ਤਿਆਰ ਸਨ। ਹੀਰੋਸ਼ੀਮਾ ਅਤੇ ਨਾਗਾਸਾਕੀ ਦੋ ਸ਼ਹਿਰ ਚੁਣੇ ਗਏ ਜਿੱਥੇ ਬੰਬ ਸੁਟਣੇ ਸਨ। ਪਹਿਲਾ ਬੰਬ ਹੀਰੋਸ਼ੀਮਾ ‘ਤੇ ਸੁੱਟਣਾ ਸੀ।
ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ ਬੋਇੰਗ ਕੰਪਨੀ ਦੇ ਸੱਤ ਬੀ-29 ਬੰਬਾਰ ਹਵਾਈ ਜਹਾਜ਼ ਵਰਤੋਂ ਵਿੱਚ ਲਿਆਂਦੇ ਗਏ। ਇੱਕ ਜਹਾਜ਼ ਵਿੱਚ ਬੰਬ ਲੱਦ ਕੇ ਲੈ ਜਾਣਾ ਸੀ। ਦੂਸਰਾ ਜਹਾਜ਼ ਰਸਤੇ ਵਿੱਚ ਇੱਕ ਟਾਪੂ ‘ਤੇ ਤਿਆਰ ਖੜ੍ਹਾ ਸੀ ਕਿ ਅਗਰ ਬੰਬ ਵਾਲੇ ਜਹਾਜ਼ ਵਿੱਚ ਖਰਾਬੀ ਆ ਗਈ ਤਾਂ ਜਹਾਜ਼ ਬਦਲੀ ਕੀਤਾ ਜਾ ਸਕੇ। ਤਿੰਨ ਜਹਾਜ਼ਾਂ ਵਿੱਚ ਮੌਸਮ ਵਿਭਾਗ ਦੇ ਕਰਮਚਾਰੀ ਜਾਣੇ ਸਨ। ਜਿਨ੍ਹਾਂ ਨੇ ਅਲੱਗ ਅਲੱਗ ਸ਼ਹਿਰਾਂ ਤੇ ਮੌਸਮ ਬਾਰੇ ਖ਼ਬਰ ਦੇਣੀ ਸੀ। ਦੋ ਜਹਾਜ਼ ਬੰਬ ਵਾਲੇ ਜਹਾਜ਼ ਦੇ ਪਿੱਛੇ ਜਾਣੇ ਸਨ ਜਿਨ੍ਹਾਂ ਵਿੱਚ ਫੋਟੋਗਰਾਫਰ ਅਤੇ ਪ੍ਰੈਸ ਰੀਪੋਰਟਰ ਜਾਣੇ ਸਨ। ਹੀਰੋਸ਼ੀਮਾ ਲਈ 6 ਅਗਸਤ ਦਾ ਦਿਨ ਨਿਯੁਕਤ ਕੀਤਾ ਗਿਆ। ਕਰਨਲ ਟਿੱਬਿਟਸ ਨੂੰ ਜਹਾਜ਼ ਦਾ ਕਮਾਂਡਰ ਅਤੇ ਪਾੲਲਿਟ ਨਿਯੁਕਤ ਕੀਤਾ ਗਿਆ। ਅਮਲੇ ਦੇ ਬਾਕੀ ਮੈਂਬਰਾਂ ਨੂੰ ਵੀ ਜ਼ਿੰਮੇਵਾਰੀਆਂ ਸਮਝਾ ਦਿੱਤੀਆਂ, 5 ਅਗਸਤ ਦਾ ਦਿਨ ਤਿਆਰੀ ਦਾ ਦਿਨ ਸੀ। ਸਵੇਰ ਤੋਂ ਹੀ ਭੱਜ ਨੱਠ ਅਤੇ ਕੂਚਾ ਮਾਂਜੀ ਅਰੰਭ ਹੋ ਗਈ। ਕਰਨਲ ਟਿੱਬਿਟਸ ਨੇ ਅਪਣੇ ਜਹਾਜ਼ ਤੇ ਅਪਣੀ ਮਾਂ ਦਾ ਨਾਮ ਲਿਖਵਾਇਆ। ਉਸਦੀ ਮਾਂ ਦਾ ਨਾਮ ਅਨੋਲਾ ਗੇ ਸੀ। ਸ਼ਾਮ ਤੱਕ ਬੰਬ ਜਹਾਜ਼ ਵਿੱਚ ਟਿਕਾ ਦਿੱਤਾ ਗਿਆ। ਸਾਰੇ ਜਹਾਜ਼ ਆਪਣੇ ਆਪਣੇ ਟਿਕਾਣਿਆਂ ‘ਤੇ ਖੜ੍ਹੇ ਕਰ ਦਿੱਤੇ। ਸਾਰੇ ਮੈਂਬਰਾਂ ਨੂੰ ਹੁਕਮ ਹੋਇਆ ਕਿ ਖਾਣਾ ਖਾ ਕੇ ਪੰਜ ਘੰਟੇ ਸੌਂ ਜਾਵੋ।
ਸਾਰੇ ਮੈਂਬਰ ਨੀਂਦ ਤੋਂ ਜਾਗੇ, ਨਹਾ ਧੋ ਕੇ ਤਿਆਰ ਹੋਏ ਅਤੇ ਨਾਸ਼ਤਾ ਕਰਕੇ ਆਪਣੇ ਆਪਣੇ ਜਹਾਜ਼ ਪਾਸ ਜਾਕੇ ਹਾਜ਼ਰੀ ਲਗਵਾਈ ਅਤੇ ਸਵਾਰ ਹੋ ਗਏ। ਮੌਸਮ ਵਿਭਾਗ ਵਾਲੇ ਤਿੰਨ ਜਹਾਜ਼ ਆਪਣੇ ਸਮੇਂ ਸਿਰ ਉਡਾਣ ਭਰ ਗਏ। ਅਨੋਲਾ ਗੇ ਅਤੇ ਪਰੈਸ ਰੀਪੋਰਟਾਂ ਵਾਲੇ ਜਹਾਜ਼ ਵੀ ਆਪਣੇ ਸਮੇਂ ਸਿਰ ਰਵਾਨਾ ਹੋ ਗਏ। ਜਦੋਂ ਅਨੋਲਾ ਗੇ ਰੀਜ਼ਰਵ ਜਹਾਜ਼ ਵਾਲੇ ਟਾਪੂ ਉਪਰੋਂ ਲੰਘਿਆ ਤਾਂ ਕਰਨਲ ਟਿੱਬਿਟਸ ਨੇ ਰੀਜ਼ਰਵ ਜਹਾਜ਼ ਦੇ ਪਾਈਲਟ ਨੂੰ ਸੰਕੇਤ ਕੀਤਾ ਕਿ ਮੇਰਾ ਜਹਾਜ਼ ਠੀਕ ਠਾਕ ਉੱਡ ਰਿਹਾ ਹੈ ਤੂੰ ਅਪਣਾ ਜਹਾਜ਼ ਲੈਕੇ ਵਾਪਸ ਚਲਿਆ ਜਾ।
6 ਅਗਸਤ 1945 ਦੀ ਪਹੁ ਫੁੱਟ ਚੁੱਕੀ ਸੀ। ਅੱਗਿਉਂ ਮੌਸਮ ਵਿਭਾਗ ਵਾਲੇ ਤਿੰਨੇ ਜਹਾਜ਼ ਵਾਪਿਸ ਆਉਂਦੇ ਮਿਲੇ। ਉਨ੍ਹਾਂ ਦੇ ਕਮਾਂਡਰ ਨੇ ਕਰਨਲ ਟਿੱਬਿਟਸ ਨੂੰ ਸੰਕੇਤ ਭੇਜਿਆ ਮੌਸਮ ਸਾਫ ਹੈ ਕੋਈ ਟਾਵਾਂ ਟਾਵਾਂ ਬੱਦਲ ਹੈ। ਕਰਨਲ ਟਿੱਬਿਟਸ ਨੇ ਧੰਨਵਾਦ ਕੀਤਾ। ਅਨੋਲਾ ਗੇ ਜਾਪਾਨ ਦੇ ਵਾਯੂਮੰਡਲ ਵਿੱਚ ਪ੍ਰਵੇਸ਼ ਕਰ ਗਿਆ। ਪਾਈਲਟ ਨੂੰ ਜਹਾਜ਼ ਆਪਣੇ ਸਾਥੀ ਪਾਈਲਟ ਨੂੰ ਸੌਂਪਿਆ ਅਤੇ ਜਹਾਜ਼ ਦੀ ਬਾਡੀ ਵਿੱਚ ਆ ਕੇ ਬੰਬਰ ਨੂੰ ਪੁੱਛਿਆ, ‘ਕਿਉਂ ਬਈ ਛੋਟੇ ਮੁੰਡੇ ਦਾ ਕੀ ਹਾਲ ਹੈ?। ਬੰਬਰ ਨੇ ਜਵਾਬ ਦਿੱਤਾ ,’ਜਨਾਬ ਅਜੇ ਸੌਂ ਰਿਹਾ ਹੈ। (ਬੰਬ ਦਾ ਨਾਮ Little Boy) ਸੀ। ਪਾਈਲਟ ਨੇ ਆਖਿਆ ਲੈ ਫੜ ਲਾਲ ਰੰਗ ਦਾ ਫਿਊਜ਼। ਨੀਲੇ ਰੰਗ ਦਾ ਫਿਊਜ਼ ਕੱਢਕੇ ਲਾਲ ਰੰਗ ਦਾ ਫਿਊਜ਼ ਲਗਾ ਦੇ ਮੁੰਡਾ ਜਾਗ ਪਵੇਗਾ।
ਪਾਈਲਟ ਦੂਸਰੇ ਸਟਾਫ ਮੈਂਬਰਾਂ ਪਾਸ ਆਇਆ ਅਤੇ ਆਖਿਆ ਕਿ ਅਪਣੀ ਆਵਾਜ਼ ਰੀਕਾਰਡ ਹੋਵੇਗੀ ਕੋਈ ਗੰਦਾ ਲਫਜ਼ ਨਹੀਂ ਬੋਲਣਾ। ਦੂਸਰੇ ਆਪਾਂ ਵਿਸ਼ਵ ਦਾ ਪਹਿਲਾ ਪ੍ਰਮਾਣੂੰ ਬੰਬ ਲੈਕੇ ਜਾ ਰਹੇ ਹਾਂ ਜੋ ਤਕਰੀਬਨ ਅੱਧੇ ਘੰਟੇ ਮਗਰੋਂ ਹੀਰੋਸ਼ੀਮਾ ‘ਤੇ ਸੁੱਟਿਆ ਜਾਵੇਗਾ। ਐਨੀ ਤੇਜ਼ ਰੌਸ਼ਨੀ ਹੋਵੇਗੀ ਕਿ ਪੰਦਰਾਂ ਮਿੰਟ ਲਈ ਤੁਹਾਨੂੰ ਕੁਝ ਨਜ਼ਰ ਹੀ ਨਾ ਆਵੇ। ਇਸ ਲਈ ਇਹ ਲੋਅ ਕਾਲੀਆਂ ਐਨਕਾਂ। ਜਦੋਂ ਸੰਕੇਤ ਮਿਲੇ ਲਗਾ ਲੈਣਾ।
ਪਾਈਲਟ ਨੇ ਆਪਣੀ ਸੀਟ ‘ਤੇ ਜਾਣ ਤੋਂ ਪਹਿਲਾਂ ਬੰਬ ਦਾ ਮੁਆਇਨਾ ਕੀਤਾ ਅਤੇ ਬੰਬਰ ਨੂੰ ਆਖਰੀ ਹਦਾੲਤਾਂ ਕੀਤੀਆਂ। ਉਹ ਆਪਣੀ ਸੀਟ ‘ਤੇ ਬੈਠ ਗਿਆ ਅਤੇ ਜਹਾਜ਼ ਦਾ ਕੰਟਰੋਲ ਸੰਭਾਲ ਲਿਆ। ਉਸ ਨੇ ਨੈਵੀਗੇਟਰ ਨੂੰ ਦੱਸਿਆ ਕਿ ਜਹਾਜ਼ ਹੁਣ 31 ਹਜ਼ਾਰ ਫੁਟ ਦੀ ਉਚਾਈ ‘ਤੇ ਉੱਡ ਰਿਹਾ ਹੈ। ਦਰਿਆ ਦਾ ਪੁਲ ਟਾਰਗਿਟ ਹੈ। ਮੈਂ ਜਹਾਜ਼ ਦਾ ਰੁੱਖ ਪੁਲ ਵੱਲ ਕਰ ਦਿੱਤਾ ਹੈ। ਠੀਕ 8 ਵੱਜ ਕੇ 15 ਮਿੰਟ ‘ਤੇ ਬੰਬ ਸੁੱਟਣਾ ਹੈ ਸਮੇਂ ਦਾ ਸੰਕੇਤ ਹਿਸਾਬ ਨਾਲ ਦੇਣਾ।
ਪੀਂ ਪੀਂ ਦੀ ਆਵਾਜ਼ ਨਾਲ ਸਮੇਂ ਦਾ ਸੰਕੇਤ ਮਿਲਣਾ ਅਰੰਭ ਹੋਇਆ। ਸੰਕੇਤ ਸਮਾਪਤ ਹੁੰਦੇ ਹੀ ਬੰਬਰ ਨੇ ਲੀਵਰ ਖਿੱਚਿਆ ਅਤੇ ਉੱਚੀ ਆਵਾਜ਼ ਵਿੱਚ ਆਖਿਆ, ਬੰਬ ਗਿਆ। ਚਾਰ ਟੰਨ ਭਾਰ ਘਟਣ ਨਾਲ ਜਹਾਜ਼ 10 ਫੁੱਟ ਉੱਪਰ ਬੁੜਕਿਆ, 860 ਫੁੱਟ ਦੀ ਉਚਾਈ ਤੇ ਬੰਬ ਫਟਿਆ, ਇੱਕ ਬਿਜਲੀ ਦੀ ਚਮਕ, ਕਾਲੇ ਰੰਗ ਦੇ ਬੱਦਲ ਭਿਆਨਕ ਅੱਗ ਦੀਆਂ ਲਾਟਾਂ ਨਾਲ ਕੁੱਝ ਮਿੰਟਾਂ ਵਿੱਚ ਹੀ 70 ਹਜ਼ਾਰ ਦੇ ਕਰੀਬ ਇਨਸਾਨ ਸੜ ਕੇ ਸੁਆਹ ਹੋ ਗਏ। ਪਾਈਲਟ ਨੇ ਵਾਪਿਸ ਜਾਣ ਲਈ ਜਹਾਜ਼ ਘੁਮਾਇਆ ਤਾਂ ਕਾਲਾ ਧੂੰਆ ਅਤੇ ਅੱਗ ਦੀਆਂ ਲਾਟਾਂ ਹੀ ਨਜ਼ਰ ਆਈਆਂ। ਸਾਰਾ ਮੌਤ ਦਾ ਖੇਡ ਦੇਖ ਕੇ ਉਸਨੇ ਆਪਣੇ ਪੈਡ ‘ਤੇ ਲਿਖਿਆ:-
‘ਹਾਏ ਮੇਰੇ ਰੱਬਾ ਮੈਂ ਇਹ ਕੀ ਕਰ ਬੈਠਾ ਹਾਂ।’
ਜਹਾਜ਼ ਵਾਪਿਸ ਤਿਆਨਮਨ ਟਾਪੂ ‘ਤੇ ਉਤਰਿਆ। ਕਰਨਲ ਟਿੱਬਿਟਸ ਜਹਾਜ਼ ਤੋਂ ਬਾਹਰ ਨਿਕਲਿਆ ਤਾਂ ਜਨਰਲ ਸਾਹਿਬ ਨੇ ਉਸਦੀ ਛਾਤੀ ‘ਤੇ ਬਹਾਦਰੀ ਦਾ ਤਗ਼ਮਾ ਲਗਾਇਆ।
9 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਦੂਸਰੇ ਸ਼ਹਿਰ ਨਾਗਾਸਾਕੀ ‘ਤੇ ਇੱਕ ਹੋਰ ਪ੍ਰਮਾਣੂ ਬੰਬ ਸੁੱਟਿਆ ਜਿਸ ਨੇ ਸਾਰਾ ਸ਼ਹਿਰ ਸਾੜ ਸੁੱਟਿਆ। ਜਾਪਾਨ ਦੇ ਸਮਰਾਟ ਹੀਰੋਹਿੱਤੋ ਨੇ ਟੋਕੀਓ ਰੇਡੀਓ ਤੇ ਅਮਰੀਕਾ ਅੱਗੇ ਸਮਰਪਨ ਕਰ ਦਿੱਤਾ। ਅਖੀਰ 16 ਅਗਸਤ 1945 ਨੂੰ ਜਾਪਾਨ ਦੇ ਸਮਰਾਟ ਹੀਰੋਹਿੱਤੋ ਨੇ ਅਮਰੀਕਾ ਦੇ ਜਨਰਲ ਡਗਲਸ ਮੈਕਆਰਥਰ ਨੂੰ ਲਿਖਤੀ ਰੂਪ ਵਿੱਚ ਸਮਰਪਨ ਕਰ ਦਿੱਤਾ। ਇਸ ਦੇ ਨਾਲ ਹੀ ਦੂਸਰਾ ਵਿਸ਼ਵ ਯੁੱਧ ਸਮਾਪਤ ਹੋ ਗਿਆ। ਹਰ ਸਾਲ ਹੀਰੋਸ਼ੀਮਾ ਵਿਖੇ 6 ਅਗਸਤ ਦਾ ਦਿਨ HIROSHIMA DAY ਕਰਕੇ ਮਨਾਇਆ ਜਾਂਦਾ ਹੈ।

Check Also

ਭਾਰਤ ‘ਚ ਆਮਦਨ ਨਾ-ਬਰਾਬਰੀ ਵਿਕਾਸ ਦੇ ਰਾਹ ਦਾ ਰੋੜਾ

ਜਿੰਨਾ ਚਿਰ ਭਾਰਤ ਵਿਚ ਆਮਦਨ ਨਾ-ਬਰਾਬਰੀ ਰਹੇਗੀ, ਓਨਾ ਚਿਰ ਲਗਾਤਾਰ ਚੱਲਣ ਵਾਲਾ ਵਿਕਾਸ ਨਹੀਂ ਹੋ …