Breaking News
Home / ਮੁੱਖ ਲੇਖ / ‘ਗਿਣਤੀ’ ਦੀ ਥਾਂ ‘ਗੁਣਵੱਤਾ’ ਵੱਲ ਸੇਧਿਤ ਹੋਵੇ ਧਰਮ ਪ੍ਰਚਾਰ ਲਹਿਰ

‘ਗਿਣਤੀ’ ਦੀ ਥਾਂ ‘ਗੁਣਵੱਤਾ’ ਵੱਲ ਸੇਧਿਤ ਹੋਵੇ ਧਰਮ ਪ੍ਰਚਾਰ ਲਹਿਰ

ਤਲਵਿੰਦਰ ਸਿੰਘ ਬੁੱਟਰ
ਨਿਰਸੰਦੇਹ ਦੇਰ ਨਾਲ ਹੀ ਸਹੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਗਰਮ ਰੂਪ ਵਿਚ ‘ਧਰਮ ਪ੍ਰਚਾਰ ਲਹਿਰ’ ਵਿੱਢਣ ਦਾ ਉਪਰਾਲਾ ਸ਼ਲਾਘਾਯੋਗ ਹੈ। ਪੰਜਾਬ ਨੂੰ ਤਿੰਨ ਹਿੱਸਿਆਂ; ਮਾਝਾ, ਮਾਲਵਾ, ਦੁਆਬਾ ਵਿਚ ਵੰਡ ਕੇ ‘ਧਰਮ ਪ੍ਰਚਾਰ ਲਹਿਰ’ ਦੇ ਪਹਿਲੇ ਪੜਾਅ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਇਕ ਜੁਲਾਈ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਕੀਤੀ ਗਈ। ਦੂਜੇ ਪੜਾਅ ਦੀ ਆਰੰਭਤਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ 31 ਜੁਲਾਈ ਨੂੰ ਹੋਈ ਹੈ। ਹਰੇਕ ਸ਼੍ਰੋਮਣੀ ਕਮੇਟੀ ਹਲਕੇ ਵਿਚ ਉਥੋਂ ਦੇ ਮੈਂਬਰ ਦੇ ਨਾਲ ਇਕ-ਇਕ ਰਾਗੀ, ਢਾਡੀ ਅਤੇ ਪ੍ਰਚਾਰਕ ਨੂੰ ਜੋੜ ਕੇ ਪਿੰਡ-ਪਿੰਡ ਧਰਮ ਪ੍ਰਚਾਰ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਬੇਸ਼ੱਕ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਧਰਮ ਪ੍ਰਚਾਰ ਲਈ ਇੱਛਾ-ਸ਼ਕਤੀ ਪ੍ਰਤੀ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਹਾਲਾਤਾਂ ਦੌਰਾਨ ਮਨੁੱਖੀ ਜੀਵਨ-ਜਾਚ ਵਿਚ ਧਰਮ ਦੀ ਸਾਰਥਿਕਤਾ ਅਤੇ ਪ੍ਰਸੰਗਕਤਾ ਕਾਇਮ ਕੀਤੀ ਸੀ, ਕੀ ਉਸ ਮਾਨਵ-ਕਲਿਆਣਕਾਰੀ ਅਤੇ ਬਹੁਪੱਖੀ ਫ਼ਲਸਫ਼ੇ ਨੂੰ ਅਜੋਕੇ ਪ੍ਰਸੰਗ ਵਿਚ ਸਾਡੇ ਧਰਮ ਪ੍ਰਚਾਰਕ ਲੋਕਾਈ ਤੱਕ ਲਿਜਾਣ ਦੀ ਸਮਰੱਥਾ ਵੀ ਦਿਖਾਉਣਗੇ, ਜਾਂ ਫਿਰ ਇਹ ਲਹਿਰ ਰਵਾਇਤੀ ਪ੍ਰਚਾਰ-ਵਿਧੀ ਰਾਹੀਂ ਮਹਿਜ ਰਸਮੀ ਜ਼ਿੰਮੇਵਾਰੀ ਨਿਭਾਉਣ ਤੱਕ ਹੀ ਸੀਮਤ ਰਹੇਗੀ?
ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੁਸਤਾਨੀ ਸਮਾਜ ਨੂੰ ਅਗਵਾਈ ਦਿੱਤੀ, ਉਸ ਸਮੇਂ ਸਮਾਜ ਬੇਹੱਦ ਦੁਰਦਸ਼ਾ ਵਿਚੋਂ ਗੁਜ਼ਰ ਰਿਹਾ ਸੀ। ਹਾਕਮ ਵਰਗ ਸਿਰਫ ਰਾਜ-ਹਵਸ਼ੀ ਭੁੱਖ ਮਿਟਾਉਣ ਲਈ ਆਪਣੇ ਰਾਜ-ਧਰਮ ਨੂੰ ਭੁਲਾ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਿਹਾ ਸੀ। ਸਮਾਜ ਵਰਣ ਵੰਡ, ਊਚ-ਨੀਚ ਅਤੇ ਜਾਤ-ਪਾਤ ਵਰਗੀਆਂ ਕੁਰੀਤੀਆਂ ਵਿਚ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ। ਧਾਰਮਿਕ ਸ਼੍ਰੇਣੀ ਲੋਕਾਈ ਨੂੰ ਸਹੀ ਅਗਵਾਈ ਦੇਣ ਦੀ ਥਾਂ ਕਰਮ-ਕਾਂਡਾਂ, ਵਹਿਮਾਂ-ਭਰਮਾਂ ਵਿਚ ਮਨੁੱਖਤਾ ਨੂੰ ਉਲਝਾ ਕੇ ਸਮਾਜ ਦਾ ਸ਼ੋਸ਼ਣ ਕਰ ਰਹੀ ਸੀ। ਪੁਜ਼ਾਰੀ ਸ਼੍ਰੇਣੀ ਲਈ ਧੰਦਾ ਬਣਿਆ ਧਰਮ ‘ਸਾਰਥਿਕਤਾ ਗੁਆ ਰਿਹਾ’ ਸੀ। ਅਜਿਹੀ ਹਾਲਤ ਵਿਚ ਗੁਰੂ ਨਾਨਕ ਸਾਹਿਬ ਨੇ ਸਮਾਜ ਦੀਆਂ ਰਾਜਨੀਤਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਵਿਹਾਰਕ ਸਮੱਸਿਆਵਾਂ ਦਾ ਹੱਲ ਕੱਢ ਕੇ ਮਨੁੱਖਤਾ ਨੂੰ ਧਰਮ ਦਾ ਸਹੀ ਰਾਹ ਦਿਖਾਇਆ। ਇਸ ਮਨੋਰਥ ਲਈ ਗੁਰੂ ਜੀ ਨੇ ਰਵਾਇਤੀ ਧਾਰਮਿਕ ਸ਼੍ਰੇਣੀ ਵਾਂਗ ਕੋਈ ਇਕ ਥਾਂ ਧਰਮਸ਼ਾਲਾ/ਮੰਦਰ ਬਣਾ ਕੇ ਉਥੋਂ ਲੋਕਾਂ ਨੂੰ ਰਵਾਇਤੀ ਧਰਮ ਪੁਸਤਕਾਂ ਵਿਚੋਂ ਉਪਦੇਸ਼ ਪੜ੍ਹ-ਪੜ੍ਹ ਕੇ ਨਹੀਂ ਸੁਣਾਏ ਬਲਕਿ ਚਾਰ ਉਦਾਸੀਆਂ ਦੇ ਰੂਪ ਵਿਚ 30 ਦੇਸ਼ਾਂ ਵਿਚ ਲਗਭਗ 48 ਹਜ਼ਾਰ ਮੀਲ ਪੈਦਲ ਸਫਰ ਤੈਅ ਕਰਕੇ ਹਰੇਕ ਧਰਮ, ਸੱਭਿਆਚਾਰ, ਬੋਲੀ ਅਤੇ ਪਹਿਰਾਵੇ ਦੇ ਲੋਕਾਂ ਨਾਲ ਸੰਵਾਦ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ, ਲੋੜਾਂ ਦਾ ਹੱਲ ਦੱਸਿਆ। ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਨੌਂ ਪਾਤਿਸ਼ਾਹੀਆਂ ਨੇ ਮਨੁੱਖਤਾ ਨੂੰ ਆਤਮਕ ਅਤੇ ਸਰੀਰਕ ਗ਼ੁਲਾਮੀ ਦੀਆਂ ਬਹੁਪ੍ਰਕਾਰੀ ਜ਼ੰਜੀਰਾਂ ਤੋਂ ਮੁਕਤ ਕਰਵਾਇਆ। ਮਨੁੱਖੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਉਪਲਬਧ ਕਰਵਾਉਣਾ, ਨਵੇਂ-ਨਵੇਂ ਨਗਰ ਵਸਾਉਣੇ, ਪਾਣੀ ਦੇ ਸੋਮੇ ਪੈਦਾ ਕਰਨੇ, ਰੋਟੀ-ਰੋਜ਼ੀ ਉਪਲਬਧ ਕਰਵਾਉਣ ਲਈ ਅਨੇਕਾਂ ਪ੍ਰਕਾਰ ਦੇ ਕਿੱਤਿਆਂ ਦੇ ਕਾਰੀਗਰਾਂ ਨੂੰ ਅੰਮ੍ਰਿਤਸਰ ਅਤੇ ਹੋਰਨਾਂ ਸ਼ਹਿਰਾਂ ਵਿਚ ਲਿਆ ਕੇ ਵਸਾਉਣਾ ਆਦਿ ਇਹੀ ਸਪੱਸ਼ਟ ਕਰਦਾ ਹੈ ਕਿ ਮਨੁੱਖਤਾ ਦੀਆਂ ਬਹੁਪ੍ਰਕਾਰੀ ਸਮੱਸਿਆਵਾਂ ਅਤੇ ਲੋੜਾਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਪੂਰਤੀ ਕਰਨਾ ਸਿੱਖ ਫ਼ਲਸਫ਼ੇ ਦਾ ਆਧਾਰ ਹੈ। ਇਹੀ ਕਾਰਨ ਸੀ ਕਿ ਗੁਰੂ ਨਾਨਕ ਦੇ ਘਰ ਦੇ ਪੈਰੋਕਾਰਾਂ ‘ਚ ਵੱਡੀ ਗਿਣਤੀ ਮੁਸਲਮਾਨ, ਹਿੰਦੂਆਂ ਅਤੇ ਸਮਾਜਿਕ ਤੌਰ ‘ਤੇ ਲਿਤਾੜੇ ਤੇ ਨਿਆਸਰੇ ਦਲਿਤ ਲੋਕਾਂ ਦੀ ਸੀ। 230 ਸਾਲ ਦੇ ਲੰਬੇ, ਔਖੇ ਅਤੇ ਚੁਣੌਤੀਪੂਰਨ ਅਭਿਆਸ ਤੋਂ ਬਾਅਦ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਮਨੁੱਖੀ ਸੰਪੂਰਨਤਾ ਦਾ ਧੁਰਵਾ ‘ਖ਼ਾਲਸਾ ਸਾਜਨਾ’ ਦੇ ਰੂਪ ਵਿਚ ਬੰਨ੍ਹਿਆ।
ਗੁਰੂ ਸਾਹਿਬਾਨ ਨੇ ਮਨੁੱਖ ਨੂੰ ਪੂਰਨ ਮਨੁੱਖ (ਖ਼ਾਲਸਾ) ਬਣਾਉਣ ਲਈ 230 ਸਾਲ ਦਾ ਸਮਾਂ ਲਗਾਇਆ, ਪਰ ਅੱਜ ਦੇ ਸਾਡੇ ਪ੍ਰਚਾਰਕ ਇਕ-ਇਕ ਦਿਨ ‘ਚ ਹੀ ਲੱਖਾਂ ਲੋਕਾਂ ਨੂੰ ‘ਅੰਮ੍ਰਿਤਧਾਰੀ’ ਬਣਾ ਕੇ ਗਿਣਤੀ ਦੀ ਮਾਅਰਕੇਬਾਜ਼ੀ ਪਿੱਛੇ ਦੌੜ ਰਹੇ ਹਨ। ਖ਼ਾਲਸਾ ਸਾਜਨਾ ਦੀ ਤ੍ਰੈਸ਼ਤਾਬਦੀ ਮੌਕੇ 1999 ‘ਚ ਸਾਰੀ ਕੌਮ ਨੂੰ ਅੰਮ੍ਰਿਤਧਾਰੀ ਬਣਾਉਣ ਦਾ ਨਾਅਰਾ ਦਿੱਤਾ ਗਿਆ ਸੀ। ਅੱਜ ਵੀ ਵੱਖ-ਵੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਵਲੋਂ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਅੰਮ੍ਰਿਤਧਾਰੀ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ। ਜੇਕਰ ਇੰਨੇ ਲੋਕ ਅੰਮ੍ਰਿਤਧਾਰੀ ਹਨ ਤਾਂ ਪੰਜਾਬ ‘ਚ ਫਿਰ ਵੀ ਸਿੱਖੀ ਦਾ ਜਲਵਾ ਕਿਉਂ ਨਹੀਂ ਦਿਖਾਈ ਦੇ ਰਿਹਾ? ਹਕੀਕਤ ਇਹ ਹੈ ਕਿ ਅੱਜ ਸਿੱਖ ਸਮਾਜ ਅੰਦਰ ਹੀ ਜਾਤ-ਪਾਤ, ਵਹਿਮ-ਭਰਮ, ਕਰਮ-ਕਾਂਡ, ਪਰਾਇਆ ਹੱਕ (ਬੇਇਮਾਨੀ ਦੀ ਕਮਾਈ), ਦੂਜਿਆਂ ਦਾ ਬੁਰਾ ਲੋਚਨਾ, ਭਰੂਣ ਹੱਤਿਆ, ਦਾਜ-ਦਹੇਜ, ਤਲਾਕ, ਅਨੈਤਿਕਤਾ ਅਤੇ ਬਜ਼ੁਰਗਾਂ ਪ੍ਰਤੀ ਘੱਟ ਰਹੇ ਸਤਿਕਾਰ ਵਰਗੀਆਂ ਸਮਾਜਿਕ ਅਲਾਮਤਾਂ ਤੇਜ਼ੀ ਨਾਲ ਪੈਰ ਪਸਾਰ ਰਹੀਆਂ ਹਨ। ਪੰਜਾਬ ਵਿਚ ਸਿੱਖਾਂ ਦੀ ਨਵੀਂ ਪੀੜ੍ਹੀ ਵਿਚੋਂ 80 ਫ਼ੀਸਦੀ ਤੋਂ ਵੱਧ ਨੌਜਵਾਨ ਪਤਿਤ ਅਤੇ ਵੱਡੀ ਗਿਣਤੀ ਵਿਚ ਨਸ਼ਾਖੋਰੀ ਦੀ ਮਾਰ ਹੇਠ ਹਨ। ਸਪੱਸ਼ਟ ਹੈ ਕਿ ਅੱਜ ਧਰਮ ਪ੍ਰਚਾਰ ਦਾ ਨਿਸ਼ਾਨਾ ‘ਗਿਣਤੀ’ ਨਹੀਂ ‘ਗੁਣਵੱਤਾ’ ਹੋਣੀ ਚਾਹੀਦੀ ਹੈ। ਅੰਮ੍ਰਿਤ ਛਕਾਉਣ ਤੋਂ ਪਹਿਲਾਂ ਮਨੁੱਖ ਨੂੰ ‘ਚੰਗਾ ਮਨੁੱਖ’ ਬਣਾਉਣ ਲਈ ਲੰਬਾ ਅਭਿਆਸ ਕਰਵਾਉਣ ਦੀ ਲੋੜ ਹੈ।
ਅੱਜ ਨਵੇਂ ਹਾਲਾਤਾਂ, ਨਵੀਆਂ ਲੋੜਾਂ ਅਤੇ ਧਰਮ ਦੀ ਅਜੋਕੇ ਮਨੁੱਖੀ ਸਰੋਕਾਰਾਂ ਦੇ ਪ੍ਰਸੰਗ ‘ਚ ਮਹੱਤਤਾ ਨੂੰ ਮੁਖਾਤਿਬ ਹੁੰਦੀ ‘ਧਰਮ ਪ੍ਰਚਾਰ ਲਹਿਰ’ ਸਮੇਂ ਦੀ ਮੰਗ ਹੈ। ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਮੁਖਾਤਿਬ ਹੋਏ ਬਗੈਰ ਸਿਰਫ਼ ਰਵਾਇਤੀ ਕਿਸਮ ਦਾ ਧਰਮ ਪ੍ਰਚਾਰ, ਪੰਜਾਬ ‘ਚ ਸਿੱਖੀ ਨੂੰ ਜਲਵਾਗਰ ਨਹੀਂ ਕਰ ਸਕੇਗਾ। ਪੰਜਾਬ ਇਸ ਵੇਲੇ ਬੇਹੱਦ ਨਿਰਾਸ਼ਤਾ ਭਰੇ ਆਲਮ ਵਿਚੋਂ ਗੁਜ਼ਰ ਰਿਹਾ ਹੈ। ਇੱਥੇ ਰੋਜ਼ਾਨਾ ਔਸਤਨ ਅੱਧੀ ਦਰਜਨ ਲੋਕ ਆਤਮ-ਹੱਤਿਆਵਾਂ ਕਰ ਰਹੇ ਹਨ। ਕਿਸਾਨੀ ਖੁਦਕੁਸ਼ੀਆਂ ਦੇ ਮਾਮਲੇ ‘ਚ ਪੰਜਾਬ, ਮਹਾਂਰਾਸ਼ਟਰ ਤੋਂ ਬਾਅਦ ਭਾਰਤ ਦਾ ਦੂਜੇ ਨੰਬਰ ਦਾ ਸੂਬਾ ਹੈ। ਕਿਸਾਨੀ ਕਰਜ਼ਿਆਂ ‘ਚ ਵੀ ਪੰਜਾਬ ਸਭ ਤੋਂ ਅੱਗੇ ਹੈ। ਖੇਤੀ ਮਾਹਰਾਂ ਦੀਆਂ ਰਿਪੋਰਟਾਂ ਅਨੁਸਾਰ ਕਿਸਾਨੀ ਕਰਜ਼ਿਆਂ ਦਾ ਵੱਡਾ ਹਿੱਸਾ ਗੈਰ-ਖੇਤੀਬਾੜੀ ਕੰਮਾਂ; ਜਿਵੇਂ ਆਲੀਸ਼ਾਨ ਕੋਠੀਆਂ ਦੀ ਉਸਾਰੀ, ਮਹਿੰਗੀਆਂ ਕਾਰਾਂ-ਮੋਟਰਸਾਈਕਲ, ਧੀਆਂ-ਪੁੱਤਾਂ ਦੇ ਸ਼ਾਹੀ ਵਿਆਹਾਂ ਅਤੇ ਫ਼ੋਕੀ ਸ਼ਾਨ ਲਈ ਫ਼ਜ਼ੂਲ ਖਰਚੀ ਲਈ ਵਰਤਿਆ ਜਾਂਦਾ ਹੈ। ਗੁਰੂ ਸਾਹਿਬਾਨ ਵਲੋਂ ਦਿਖਾਏ ਸਬਰ-ਸੰਤੋਖ ਅਤੇ ਸਾਦਗੀ ਵਾਲੇ ਜੀਵਨ ਰਾਹ ਦੇ ਉਲਟ ਹਊਮੈ ਅਤੇ ਸ਼ੋਸ਼ੇਬਾਜ਼ੀ ਦਾ ਇੰਨਾ ਬੋਲਬਾਲਾ ਹੈ ਕਿ ਮੌਤਾਂ ਦੇ ਭੋਗਾਂ ‘ਤੇ ਵੀ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਕਰਜ਼ਿਆਂ ਦੇ ਸਿਰ ‘ਤੇ ਫੋਕੇ ਦਿਖਾਵੇ ਜਾਂ ਹੈਂਕੜਬਾਜ਼ੀ ਦਾ ਇਹ ਜੰਜਾਲ ਹੀ ਕਿਸਾਨੀ ਖੁਦਕੁਸ਼ੀਆਂ ਦਾ ਕਾਰਨ ਬਣ ਰਿਹਾ ਹੈ। ਲੋਭ-ਲਾਲਚ ਦੀ ਅੰਨ੍ਹੀ ਹੋੜ ‘ਚ ਮਨੁੱਖੀ ਸੰਵੇਦਨਾਵਾਂ ਖ਼ਤਮ ਹੋ ਰਹੀਆਂ ਹਨ। ਫਸਲਾਂ, ਸਬਜ਼ੀਆਂ, ਫਲਾਂ ਅਤੇ ਹੋਰ ਅਨਾਜ ‘ਚ ਅੰਨ੍ਹੇਵਾਹ ਜ਼ਹਿਰ ਭੁਕਿਆ ਜਾ ਰਿਹਾ ਹੈ। ਦੇਸ਼ ‘ਚ ਵਰਤੇ ਜਾਂਦੇ ਫ਼ਸਲਾਂ ਦੇ ਕੁੱਲ ਕੀਟਨਾਸ਼ਕ ਜ਼ਹਿਰਾਂ ਦਾ 19 ਫ਼ੀਸਦੀ ਹਿੱਸਾ ਇਕੱਲੇ ਪੰਜਾਬ ‘ਚ ਵਰਤਿਆ ਜਾ ਰਿਹਾ ਹੈ। ਇਸੇ ਕਾਰਨ ਹੀ ਨਿੱਕੇ-ਨਿੱਕੇ ਬੱਚੇ ਤੱਕ ਦਿਲ ਦੇ ਰੋਗਾਂ, ਗੁਰਦੇ ਖ਼ਰਾਬ, ਸ਼ੱਕਰ ਰੋਗ ਅਤੇ ਕੈਂਸਰ ਵਰਗੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ‘ਚ ਰੋਜ਼ਾਨਾ 43 ਲੋਕ ਇਕੱਲੇ ਕੈਂਸਰ ਵਰਗੇ ਨਾਮੁਰਾਦ ਰੋਗ ਨਾਲ ਮਰ ਰਹੇ ਹਨ। ਪੰਜਾਬ ‘ਚ ਵਿਸ਼ਵ ਨਾਲੋਂ 100 ਗੁਣਾ ਜ਼ਿਆਦਾ ਦਰ ਨਾਲ ਕੈਂਸਰ ਫ਼ੈਲ ਰਿਹਾ ਹੈ। ਅੱਜ ਜੇਕਰ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ ਤਾਂ ਤਰਜੀਹੀ ਤੌਰ ‘ਤੇ ਪਦਾਰਥਕ ਤਮ੍ਹਾ ਕਾਰਨ ਜ਼ਿੰਦਗੀ ਤੋਂ ਬੇਮੁਖ ਹੋ ਰਹੀ ਮਨੁੱਖਤਾ ਨੂੰ ਜਿਊਣ ਦੀ ਚਿਣਗ ਦਿਖਾਉਣੀ ਪਵੇਗੀ। ਗੁਰਮਤਿ ਸੱਭਿਆਚਾਰ ਵਿਚੋਂ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ, ਜ਼ਿੰਦਗੀ ਜਿਊਣ ਲਈ ਮਨੁੱਖ ਦੀਆਂ ਅੱਜ ਜਿਹੜੀਆਂ ਬੁਨਿਆਦੀ ਲੋੜਾਂ ਬਣ ਚੁੱਕੀਆਂ ਹਨ, ਉਨ੍ਹਾਂ ਦੀ ਪੂਰਤੀ ਦਾ ਸਹੀ ਰਾਹ, ਸਬਰ-ਸੰਤੋਖ ਦੀ ਜ਼ਿੰਦਗੀ ਲਈ ਉਤਸ਼ਾਹ, ਸੱਭਿਅਕਤਾ ਅਤੇ ਸੁਹਜ-ਸਲੀਕਾ ਸਿਖਾਉਣਾ ਪਵੇਗਾ। ਚੂੰਕਿ ਪੰਜਾਬ ਦਾ ਬਹੁਗਿਣਤੀ ਕਿਸਾਨੀ ਤਬਕਾ ਸਿੱਖ ਧਰਮ ‘ਚ ਵਿਸ਼ਵਾਸ ਰੱਖਦਾ ਹੈ, ਸ਼੍ਰੋਮਣੀ ਕਮੇਟੀ ਦਾ ਅਹਿਮ ਫ਼ਰਜ਼ ਬਣਦਾ ਹੈ ਕਿ ਉਹ ਕਿਸਾਨ ਵਰਗ ਨੂੰ ਕਰਜ਼ਿਆਂ ਅਤੇ ਖੁਦਕੁਸ਼ੀਆਂ ਦੇ ਮਾਰੂ ਜੰਜਾਲ ਵਿਚੋਂ ਬਾਹਰ ਕੱਢਣ ਲਈ ਗੁਰਮਤਿ ਫ਼ਲਸਫ਼ੇ ਵਿਚੋਂ ਰਾਹ ਦਿਖਾਵੇ। ਜੇਕਰ ਸ਼੍ਰੋਮਣੀ ਕਮੇਟੀ ਦੇ ਆਗੂਆਂ, ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਘਰਾਂ ਤੋਂ ਹੀ ਸਾਦੇ ਵਿਆਹ-ਸ਼ਾਦੀਆਂ ਅਤੇ ਸਾਦੇ ਭੋਗਾਂ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਸਮਾਜ ਨੂੰ ਸਾਦਗੀ ਦਾ ਸੁਨੇਹਾ ਦੇਣ ਦਾ ਇਸ ਤੋਂ ਵਧੀਆ ਉਪਰਾਲਾ ਹੋਰ ਕੋਈ ਨਹੀਂ ਹੋਵੇਗਾ। ਜੇਕਰ ਆਪਣੇ ਚੋਲੇ ਨਾਲ ਅੜ ਕੇ ਇਕ ਫੁੱਲ ਟੁੱਟਣ ਤੋਂ ਬਾਅਦ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ‘ਦਾਮਨ ਸੰਕੋਚ ਕੇ’ ਚੱਲਣ ਦਾ ਪ੍ਰਣ ਕਰਦੇ ਹਨ, ਤਾਂ ਅੱਜ ਮੁਨਾਫ਼ੇ ਦੇ ਅੰਨ੍ਹੇ ਲਾਲਚ ਕਾਰਨ ਜ਼ਹਿਰੀਲੀਆਂ ਫਸਲਾਂ, ਸਬਜ਼ੀਆਂ ਅਤੇ ਫਲ ਉਗਾ ਕੇ ਮਨੁੱਖੀ ਜੀਵਨ, ਪ੍ਰਕਿਰਤੀ ਅਤੇ ਵਾਤਾਵਰਨ ਦਾ ਜਿਹੜਾ ਭਾਰੀ ਨੁਕਸਾਨ ਹੋ ਰਿਹਾ ਹੈ, ਲਾਪ੍ਰਵਾਹੀ ਅਤੇ ਸੰਵੇਦਨਹੀਣਤਾ ਕਾਰਨ ਸੜਕਾਂ ‘ਤੇ ਰੋਜ਼ਾਨਾ ਦਰਜਨਾਂ ਲੋਕ ਅਨਿਆਈਂ ਮੌਤੇ ਮਰ ਰਹੇ ਹਨ, ਅਜਿਹੇ ਵਿਚ ਲੋਕਾਂ ਨੂੰ ਆਚਾਰ-ਵਿਹਾਰ ਅਤੇ ਸਲੀਕੇ ਵਿਚ ਵਧੇਰੇ ਸੰਵੇਦਨਸ਼ੀਲ, ਸੱਭਿਅਕ, ਜ਼ਿੰਮੇਵਾਰ ਅਤੇ ਸ਼ਾਲੀਨ ਬਣਨ ਲਈ ਸਿੱਖਿਅਤ ਕਰਨਾ ਵੀ ‘ਧਰਮ ਪ੍ਰਚਾਰ’ ਦਾ ਹਿੱਸਾ ਹੋਣਾ ਚਾਹੀਦਾ ਹੈ।
ਇਸ ਵੇਲੇ ਪੰਜਾਬ ਦੇ ਲੋਕ ਗੁਰੂ ਨਾਨਕ ਸਾਹਿਬ ਦੇ ਮੁੱਢਲੇ ਉਪਦੇਸ਼ ‘ਕਿਰਤ ਕਰਨੀ’ ਤੋਂ ਬੇਮੁਖ ਹੋ ਕੇ ਵਿਹਲੜ ਅਤੇ ਵਿਕਾਰੀ ਬਣ ਰਹੇ ਹਨ। ਸਾਡੇ ਗੁਰੂ ਸਾਹਿਬਾਨ ਦੁਆਰਾ ਦਰਸਾਈ ਗਈ ਪੌਸ਼ਟਿਕ ਤੇ ਸਾਦਾ ਆਹਾਰ ਅਤੇ ਸਾਦਗੀ ਵਾਲੀ ਜੀਵਨ-ਜਾਚ ਨੂੰ ਅਪਨਾ ਕੇ ਕੈਂਸਰ ਵਰਗੀਆਂ ਲਾਇਲਾਜ ਬਿਮਾਰੀਆਂ, ਜਿਹੜੀਆਂ ਕਿ ਮਨੁੱਖੀ ਜੀਵਨ-ਜਾਚ ਵਿਚ ਤੇਜ਼ੀ ਨਾਲ ਆ ਰਹੀਆਂ ਤਬਦੀਲੀਆਂ ਕਾਰਨ ਫ਼ੈਲ ਰਹੀਆਂ ਹਨ, ਤੋਂ ਬਚਾਅ ਕੀਤਾ ਜਾ ਸਕਦਾ ਹੈ। ਸੱਚੀ-ਸੁੱਚੀ ਧਰਮ ਦੀ ਕਿਰਤ ਕਰਨੀ, ਵੰਡ ਛਕਣਾ, ਸੱਚ ਬੋਲਣਾ, ਸ਼ਿਸ਼ਟਾਚਾਰ, ਨੈਤਿਕ ਗੁਣ, ਮਨੁੱਖੀ ਕਦਰਾਂ-ਕੀਮਤਾਂ ਅਤੇ ਔਰਤ ਪ੍ਰਤੀ ਸਤਿਕਾਰਤ ਨਜ਼ਰੀਆ ਆਦਿ ਗੁਣਾਂ ਦਾ ਪ੍ਰਸਾਰ ਕਰਨ ਵੱਲ ਵੀ ਧਰਮ ਪ੍ਰਚਾਰ ਲਹਿਰ ਸੇਧਿਤ ਹੋਣੀ ਚਾਹੀਦੀ ਹੈ। ਇਨ੍ਹਾਂ ਨਿਸ਼ਾਨਿਆਂ ਦੀ ਸਹੀ ਪੂਰਤੀ ਲਈ ਵੀਹਵੀਂ ਸਦੀ ਦੇ ਆਰੰਭ ‘ਚ ਸ਼ੁਰੂ ਹੋਈ ‘ਸਿੰਘ ਸਭਾ ਲਹਿਰ’ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।
ਜੇਕਰ ਗੱਲ ਕੀਤੀ ਜਾਵੇ ਸਿੱਖ ਧਰਮ ਵਿਚ ਪ੍ਰਚਾਰ ਦੀ, ਤਾਂ ਰਵਾਇਤੀ ਕਿਸਮ ਦਾ ਧਰਮ ਪ੍ਰਚਾਰ ਮਰਿਯਾਦਾਬੱਧ ਤਰੀਕੇ ਨਾਲ ਨਿਰੰਤਰ ਸਵੇਰੇ-ਸ਼ਾਮ ਗੁਰਬਾਣੀ, ਕੀਰਤਨ ਅਤੇ ਕਥਾ ਦੇ ਰੂਪ ‘ਚ ਹਰੇਕ ਗੁਰੂ-ਘਰ ਵਿਚ ਹੋ ਰਿਹਾ ਹੈ। ਸਿੱਖ ਸਮਾਜ ਨੂੰ ਨੈਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਗਿਰਾਵਟ ਵੱਲ ਜਾਣ ਤੋਂ ਰੋਕਣ ਲਈ ਰਵਾਇਤੀ ਕਿਸਮ ਦੇ ਸਟੇਜੀ ਪ੍ਰਚਾਰ ਤੋਂ ਹਟ ਕੇ ਅਮਲੀ ਪ੍ਰਚਾਰ ਵਿਧੀ ਅਪਨਾਉਣੀ ਪਵੇਗੀ। ਗੁਰਬਾਣੀ ਅਤੇ ਗੁਰ-ਇਤਿਹਾਸ ਵਿਚਲੀ ਰੂਹਾਨੀ ਪ੍ਰੇਰਨਾ ਨੂੰ ਅਜੋਕੀਆਂ ਧਾਰਮਿਕ, ਸਮਾਜਿਕ ਬੁਰਾਈਆਂ ਨੂੰ ਦੂਰ ਕਰਨ, ਸੱਚੇ ਧਰਮੀ ਮਨੁੱਖ ਬਣਨ, ਵਾਤਾਵਰਨ ਅਤੇ ਪ੍ਰਕਿਰਤੀ ਨਾਲ ਪਿਆਰ ਦੀਆਂ ਭਾਵਨਾਵਾਂ ਨਾਲ ਜੋੜ ਕੇ ਸੰਗਤਾਂ ਸਾਹਮਣੇ ਰੱਖਣ ਦੀ ਲੋੜ ਹੈ। ਪ੍ਰਚਾਰ ਲਈ ਸਿਰਫ਼ ਗੁਰਦੁਆਰਿਆਂ ਦੀਆਂ ਸਟੇਜਾਂ ਹੀ ਨਹੀਂ, ਪਿੰਡਾਂ ਦੀਆਂ ਸੱਥਾਂ ਅਤੇ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਣ ਦੇ ਹੋਰ ਮੰਚ ਵੀ ਵਰਤਣੇ ਪੈਣਗੇ। ਅੱਜਕੱਲ੍ਹ ਕਿਸੇ ਕਾਰਪੋਰੇਟ ਜਾਂ ਮਾਰਕੀਟਿੰਗ ਕੰਪਨੀ ਦੇ ਕਰਮਚਾਰੀ ਆਪਣੇ ਕਿਸੇ ‘ਪਦਾਰਥ’ (Product) ਦੀ ਮਸ਼ਹੂਰੀ/ ਵਿਕਰੀ ਲਈ ਲੋਕਾਂ ਵਿਚ ਜਾਣ ਤੋਂ ਪਹਿਲਾਂ ਇਕ ਵਿਸਥਾਰਤ ਏਜੰਡੇ ‘ਤੇ ਅਭਿਆਸ ਕਰਦੇ ਹਨ, ਜਿਸ ਵਿਚ ਲੋਕਾਂ ਦੀਆਂ ਅਜੋਕੀਆਂ ਸਮੱਸਿਆਵਾਂ ਅਤੇ ਲੋੜਾਂ ਦੇ ਸੰਦਰਭ ‘ਚ ਆਪਣੇ ‘ਪਦਾਰਥ’ (Product) ਦੀ ਲੋੜ, ਲੋਕਾਂ ਦੇ ਸੰਭਾਵੀ ਸਵਾਲਾਂ ਦੇ ਜਵਾਬ, ਗੱਲਬਾਤ ਅਤੇ ਸ਼ਖ਼ਸੀਅਤ ਵਿਚ ਵਿਸ਼ੇਸ਼ ਪ੍ਰਭਾਵ ਆਦਿ ਗੁਣ ਸ਼ਾਮਲ ਹੁੰਦਾ ਹੈ।
ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਹਰੇਕ ਨੁਮਾਇੰਦੇ/ ਪ੍ਰਚਾਰਕ ਨੂੰ ਆਚਾਰੀ (Practical) ਅਤੇ ਪ੍ਰਚਾਰੀ (Publicity) ਤਿਆਰੀ ਕਰਵਾ ਕੇ ਇਕ ਵਿਸਥਾਰਿਤ ‘ਏਜੰਡਾ ਚਾਰਟ’ ਦੇ ਨਾਲ ‘ਧਰਮ ਪ੍ਰਚਾਰ’ ਲਈ ਤੋਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਕੋਲ ਪ੍ਰਚਾਰਕਾਂ ਦੀ ਕੋਈ ਘਾਟ ਨਹੀਂ ਹੈ। ਸਾਧਨਾਂ, ਪ੍ਰਬੰਧਾਂ ਦੀ ਕੋਈ ਕਮੀ ਨਹੀਂ ਹੈ। ਸਿਰਫ਼ ਲੋੜ ਹੈ, ਇੱਛਾ-ਸ਼ਕਤੀ ਨਾਲ ਪ੍ਰਚਾਰ ਨੂੰ ਸਿੱਟਾਮੁਖੀ ਸੇਧ ਦੇਣ ਦੀ। ਸਿੱਖ ਧਰਮ ਦੀ ਪ੍ਰਚਾਰ ਵਿਧੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੀ ਸ਼ਿੱਦਤ ਮਹਿਸੂਸ ਕਰਨੀ ਪਵੇਗੀ। ਅੱਜ ਦੇ ਪ੍ਰਸੰਗ ‘ਚ ਮਨੁੱਖਤਾ ਨੂੰ ਗੁਰਮਤਿ ਫ਼ਲਸਫ਼ੇ ਅਤੇ ਗੁਰਮਤਿ ਸੱਭਿਆਚਾਰ ਦੀ ਲੋੜ ਸਮਝਾਉਣੀ ਪਵੇਗੀ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …