Breaking News
Home / ਮੁੱਖ ਲੇਖ / ਕੌਮੀ ਚੁਣੌਤੀ ਵਜੋਂ ‘ਧਰਮ ਪਰਿਵਰਤਨ’ ਦਾ ਸਾਹਮਣਾ ਕਿੰਜ ਕਰੇ ਸਿੱਖ ਪੰਥ?

ਕੌਮੀ ਚੁਣੌਤੀ ਵਜੋਂ ‘ਧਰਮ ਪਰਿਵਰਤਨ’ ਦਾ ਸਾਹਮਣਾ ਕਿੰਜ ਕਰੇ ਸਿੱਖ ਪੰਥ?

ਤਲਵਿੰਦਰ ਸਿੰਘ ਬੁੱਟਰ
ਇਤਿਹਾਸ ‘ਚ ਆਉਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵੇਲੇ ਸਿੱਖਾਂ ਦੀ ਆਬਾਦੀ ਇਕ ਕਰੋੜ ਤੋਂ ਵੱਧ ਸੀ ਪਰ ਅੰਗਰੇਜ਼ਾਂ ਵੇਲੇ 1881 ਈਸਵੀ ਦੀ ਮਰਦਮਸ਼ੁਮਾਰੀ ਵਿਚ ਸਿੱਖਾਂ ਦੀ ਗਿਣਤੀ ਘੱਟ ਕੇ ਮਹਿਜ਼ 18 ਲੱਖ ਦੇ ਲਗਪਗ ਰਹਿ ਗਈ। ਇਕ ਪਾਸੇ ਆਰੀਆ ਸਮਾਜ ਲਹਿਰ ਆਪਣਾ ਜ਼ੋਰ ਫੜ ਰਹੀ ਸੀ ਅਤੇ ਦੂਜੇ ਪਾਸੇ ਇਸਾਈਅਤ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਲਈ ਸਰਗਰਮ ਸੀ। ਇਸੇ ਹੀ ਸਮੇਂ ਦੌਰਾਨ ਇੰਗਲੈਂਡ ਦੇ ਅਖ਼ਬਾਰਾਂ ਨੇ ਇੱਥੋਂ ਤੱਕ ਲਿਖਣਾ ਸ਼ੁਰੂ ਕਰ ਦਿੱਤਾ ਕਿ ਆਉਂਦੇ 25 ਸਾਲਾਂ ਤੱਕ ਸਿੱਖਾਂ ਦੇ ਦਰਸ਼ਨ ਸਿਰਫ਼ ਅਜਾਇਬ-ਘਰਾਂ ਵਿਚ ਹੀ ਹੋਇਆ ਕਰਨਗੇ।
ਸੰਨ 1873 ਦੌਰਾਨ ਅੰਗਰੇਜ਼ਾਂ ਵਲੋਂ ਆਪਣੀ ਸਿੱਖਿਆ ਪ੍ਰਣਾਲੀ ਜ਼ਰੀਏ ਇਸਾਈਅਤ ਦਾ ਪ੍ਰਚਾਰ ਏਨਾ ਤੇਜ਼ ਕਰ ਦਿੱਤਾ ਗਿਆ ਕਿ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਇਸਾਈ ਧਰਮ ਧਾਰਨ ਕਰਨ ਦਾ ਫ਼ੈਸਲਾ ਕਰ ਲਿਆ। ਇਸ ਘਟਨਾ ਨਾਲ ਸਮੁੱਚੀ ਸਿੱਖ ਕੌਮ ਦੀ ਰੂਹ ਕੰਬ ਉੱਠੀ। ਕਿਉਂਕਿ ਸਿੱਖ ਇਤਿਹਾਸ ‘ਚ ਕਿਸੇ ਸਿੱਖ ਵਲੋਂ ਧਰਮ ਛੱਡਣ ਦੀ ਇਹ ਪਹਿਲੀ ਘਟਨਾ ਸੀ ਜਦੋਂਕਿ ਪੂਰਬਲੇ ਸਿੱਖਾਂ ਨੇ ਤਾਂ ਆਪਣੇ ਅਕੀਦੇ ‘ਤੇ ਦ੍ਰਿੜ੍ਹ ਰਹਿੰਦਿਆਂ ਬੰਦ-ਬੰਦ ਕਟਵਾਉਣ, ਖੋਪਰ ਲੁਹਾਉਣ ਅਤੇ ਹੋਰ ਅਸਹਿ ਤੇ ਅਕਹਿ ਸ਼ਹਾਦਤਾਂ ਦਾ ਇਤਿਹਾਸ ਸਿਰਜਿਆ ਸੀ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਾਕੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ‘ਚ ਉਸ ਦੇ ਚਾਰ ਸਾਲਾ ਪੁੱਤਰ ਦਾ ਕਾਲਜਾ ਕੱਢ ਕੇ ਤੁੰਨਣ ਦੀ ਘਟਨਾ, ਸਿੱਖਾਂ ਅੰਦਰ ਆਪਣੇ ਅਕੀਦੇ ਪ੍ਰਤੀ ਦ੍ਰਿੜ੍ਹਤਾ ਸਬੰਧੀ, ਦੁਨੀਆ ਦੇ ਇਤਿਹਾਸ ‘ਚ ਹੋਰ ਕਿਤੇ ਨਾ ਮਿਲਣ ਵਾਲੀ ਮਿਸਾਲ ਹੈ। ਬੰਦਾ ਸਿੰਘ ਨੂੰ ਇਸਲਾਮ ਜਾਂ ਮੌਤ ਵਿਚੋਂ ਇਕ ਨੂੰ ਚੁਣਨ ਲਈ ਕਿਹਾ ਗਿਆ, ਉਨ੍ਹਾਂ ਨੇ ਸ਼ਹਾਦਤ ਦਾ ਰਾਹ ਚੁਣਿਆ। ਇਸੇ ਤਰ੍ਹਾਂ ਇਕ ਹੋਰ ਲਾ-ਮਿਸਾਲ ਜ਼ਿਕਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਪੰਜਾਬ ਤੋਂ ਬੰਦੀ ਬਣਾਏ ਸਿੰਘਾਂ ਦੇ ਕਾਫ਼ਲੇ ਵਿਚ ਮਜੀਠਾ (ਅੰਮ੍ਰਿਤਸਰ) ਦੇ ਰਹਿਣ ਵਾਲੇ ਭੀਮ ਸਿੰਘ ਨਾਂਅ ਦੇ ਸਿੱਖ ਗੱਭਰੂ ਦਾ ਮਿਲਦਾ ਹੈ, ਜਿਸ ਨੇ ‘ਸਿੱਖ ਹੋਣ ਦਾ ਦਾਅਵਾ ਛੱਡਣ’ ਦੀ ਸ਼ਰਤ ‘ਤੇ ਆਪਣੀ ਰਿਹਾਈ ਦਾ ਹੁਕਮ ਠੁਕਰਾ ਕੇ ਸ਼ਹੀਦੀ ਪਾਈ।
ਜਦੋਂ ਸਿੱਖਾਂ ਦੀ ਤਵਾਰੀਖ਼ ਹੀ ਧਰਮ ਅਤੇ ਆਪਣੇ ਅਕੀਦੇ ‘ਤੇ ਦ੍ਰਿੜ੍ਹ ਰਹਿਣ ਖ਼ਾਤਰ ਅਦੁੱਤੀ ਸ਼ਹਾਦਤਾਂ ਨਾਲ ਭਰੀ ਪਈ ਹੋਵੇ, ਤਾਂ ਅਜਿਹੀ ਹਾਲਤ ‘ਚ ਚਾਰ ਸਿੱਖ ਵਿਦਿਆਰਥੀਆਂ ਵਲੋਂ ਕੇਸ ਕਤਲ ਕਰਵਾ ਕੇ ਇਸਾਈ ਬਣਨ ਦੀ ਘਟਨਾ ਦਾ ਸਮੁੱਚੀ ਕੌਮ ਨੂੰ ਝੰਜੋੜਨਾ ਸੁਭਾਵਿਕ ਸੀ। ਸਮਕਾਲੀ ਸਿੱਖ ਆਗੂਆਂ ਨੇ ਇਸ ਘਟਨਾ ਨੂੰ ਇਕ ਗੰਭੀਰ ਕੌਮੀ ਚੁਣੌਤੀ ਵਜੋਂ ਲਿਆ ਅਤੇ ਇਸ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੇ ਹੱਲ ਵੱਲ ਤੇਜ਼ੀ ਨਾਲ ਕੌਮੀ ਕਦਮ ਅੱਗੇ ਵਧਾਏ। ਪਹਿਲਾਂ ਸਿੰਘ ਸਭਾ ਲਹਿਰ ਅਤੇ ਫਿਰ ਚੀਫ਼ ਖ਼ਾਲਸਾ ਦੀਵਾਨ ਹੋਂਦ ਵਿਚ ਆਈ। ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਵਰਗੇ ਸਿੱਖ ਵਿਦਵਾਨਾਂ ਨੇ ਨਿੱਠ ਕੇ ਸਿੱਖ ਨੌਜਵਾਨਾਂ ਅੰਦਰ ਗੁਰਮਤਿ ਦੀ ਅਲਖ ਜਗਾਉਣ ਲਈ ਕੰਮ ਕੀਤਾ। ਨਤੀਜੇ ਵਜੋਂ, ਇਸਾਈ ਅਤੇ ਆਰੀਆ ਸਮਾਜੀ ਬਣੇ ਸਿੱਖ, ਮੁੜ ਗੁਰਸਿੱਖੀ ਫੁਲਵਾੜੀ ਦਾ ਹਿੱਸਾ ਬਣ ਗਏ। ਅੱਗੋਂ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਸਿੱਖ ਸੰਸਥਾਵਾਂ ਵੀ ਸਿੱਖ ਕੌਮ ਅੰਦਰ ਧਰਮ ਪ੍ਰਚਾਰ ਦੇ ਜਜ਼ਬੇ ਨੂੰ ਸਦ-ਜਾਗਤ ਰੱਖਣ ਲਈ ਹੀ ਹੋਂਦ ਵਿਚ ਆਈਆਂ।
ਅੱਜ ਲਗਪਗ ਇਕ ਸਦੀ ਬਾਅਦ ਮੁੜ ਸਿੱਖ ਕੌਮ ਧਰਮ ਪਰਿਵਰਤਨ ਵਰਗੀ ਚੁਣੌਤੀ ਦੇ ਰੂ-ਬ-ਰੂ ਹੈ। ਲੰਘੇ ‘ਘੱਲੂਘਾਰਾ ਦਿਵਸ’ ਮੌਕੇ ਦਿੱਤੇ ਇਤਿਹਾਸਕ ਸੰਦੇਸ਼ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਸਿੱਖਾਂ ਅੰਦਰ ਹੋ ਰਹੇ ਧਰਮ ਪਰਿਵਰਤਨ ‘ਤੇ ਚਿੰਤਾ ਜਤਾਉਂਦਿਆਂ ਇਸ ਨੂੰ ਕੌਮੀ ਚੁਣੌਤੀ ਐਲਾਨ ਚੁੱਕੇ ਹਨ। ਪਿਛਲੇ ਦਿਨੀਂ ਕੌਮੀ ਘੱਟਗਿਣਤੀ ਕਮਿਸ਼ਨ ਨਾਲ ਹੋਈ ਬੈਠਕ ਵਿਚ ਵੀ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਇਹ ਮੁੱਦਾ ਚੁੱਕਿਆ ਸੀ। ਮਹਾਰਾਸ਼ਟਰ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਗੁਜਰਾਤ, ਬੰਗਾਲ ਅਤੇ ਹਰਿਆਣਾ ਦੇ ਦੂਰ-ਵਰਤੀ ਇਲਾਕਿਆਂ ‘ਚ ਵੱਸਦੇ ਪੱਛੜੇ ਅਤੇ ਗ਼ਰੀਬ ਸਿੱਖਾਂ ਅਤੇ ਗੁਰੂ ਨਾਨਕ ਨਾਮ ਲੇਵਾ ਭਾਈਚਾਰਿਆਂ ਦਾ, ਲਾਲਚਵੱਸ ਜਾਂ ਗੁੰਮਰਾਹ ਕਰਕੇ ਧਰਮ ਪਰਵਰਤਨ ਕਰਵਾਉਣ ਤੋਂ ਇਲਾਵਾ, ਪੰਜਾਬ ਦੇ ਮਾਝਾ ਖੇਤਰ ‘ਚ ਵੀ ਇਹ ਲਹਿਰ ਜ਼ੋਰਾਂ ‘ਤੇ ਚੱਲ ਰਹੀ ਹੈ। ਬੇਸ਼ੱਕ ਹਰੇਕ ਧਰਮ ਦੇ ਲੋਕਾਂ ਨੂੰ ਆਪਣੇ ਅਕੀਦੇ ‘ਤੇ ਪਹਿਰਾ ਦੇਣ ਅਤੇ ਉਸ ਦੇ ਅਸੂਲਾਂ ਦਾ ਪ੍ਰਚਾਰ-ਪ੍ਰਸਾਰ ਕਰਨ ਦਾ ਹੱਕ ਹੈ ਪਰ ਪਿਛਲੇ ਅਰਸੇ ਤੋਂ ਕਿਸੇ ਧਰਮ ਵਿਸ਼ੇਸ਼ ਨਾਲ ਜੁੜੇ ਪ੍ਰਚਾਰਕਾਂ ਵਲੋਂ ਗ਼ਰੀਬ ਅਤੇ ਪੱਛੜੇ ਸਿੱਖਾਂ ਦੀ ਆਬਾਦੀ ਵਾਲੇ ਇਲਾਕਿਆਂ ਨੂੰ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਬਣਾ ਕੇ ਅਜਿਹੇ ਧਾਰਮਿਕ ਸਮਾਗਮ ਰਚਾਏ ਜਾ ਰਹੇ ਹਨ, ਜਿਨ੍ਹਾਂ ਵਿਚ ਸਿੱਖੀ ਸਰੂਪ ਵਾਲੇ ਕਮਜ਼ੋਰ ਅਤੇ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਕੁਝ ਖ਼ਾਸ ਪ੍ਰਚਾਰਕਾਂ ਦੁਆਰਾ ਛੂਹਣ ਅਤੇ ਮੰਤਰ ਪੜ੍ਹ ਕੇ ਚਮਤਕਾਰੀ ਢੰਗ ਨਾਲ ਠੀਕ ਕਰਨ ਅਤੇ ਬੁਰੀਆਂ ਆਤਮਾਵਾਂ ਤੋਂ ਛੁਟਕਾਰਾ ਦਿਵਾਉਣ ਦੇ ਦਿਖਾਵੇ ਅਤੇ ਦਾਅਵੇ ਕੀਤੇ ਜਾਂਦੇ ਹਨ।
ਧਰਮ ਪਰਿਵਰਤਨ ਦੀ ਚੁਣੌਤੀ ਪਿੱਛੇ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਨਾਲਾਇਕੀ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਬੇਸ਼ੱਕ ਇਕਸਾਰ ਅਤੇ ਗੁਰਮਤੀ ਪ੍ਰਬੰਧਾਂ ਹੇਠ ਗੁਰਦੁਆਰਿਆਂ ਨੂੰ ਲਿਆਉਣ ਲਈ ਇਕ ਸਦੀ ਪਹਿਲਾਂ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਦਾ ਗਠਨ ਕੀਤਾ ਸੀ ਪਰ ਅਜੇ ਤੱਕ ਗੁਰਦੁਆਰਾ ਸੰਸਥਾ ਨੂੰ ਉਨ੍ਹਾਂ ਮਨੋਰਥਾਂ ਦੇ ਮੁਖ਼ਾਤਬ ਕਰਨ ਦੀ ਸਫਲਤਾ ਹਾਸਲ ਨਹੀਂ ਹੋ ਸਕੀ, ਜਿਨ੍ਹਾਂ ਲਈ ਗੁਰੂ ਸਾਹਿਬਾਨ ਨੇ ਇਹ ਤਿਆਰ ਕੀਤੇ ਸਨ। ਵਿਸ਼ਵ ਭਰ ਦੇ ਗੁਰਦੁਆਰਿਆਂ ਵਿਚ ਨਿਤਾਪ੍ਰਤੀ ਦੀ ਮਰਯਾਦਾ ਦਾ ਰਸਮੀ ਨਿਰਬਾਹ ਤਾਂ ਹੋ ਰਿਹਾ ਹੈ ਪਰ ਇਹ ਸੰਸਥਾ ਅਗਲੀ ਪੀੜ੍ਹੀ ਨੂੰ ਆਪਣੇ ਮੂਲ ਨਾਲ ਜੋੜਨ ‘ਚ ਕਾਮਯਾਬ ਨਹੀਂ ਹੋ ਰਹੀ। ਸੰਨ 1990 ‘ਚ ਸਿੰਘਾਪੁਰ ਦੇ ‘ਮਲਾਇਆ ਸਮਾਚਾਰ’ ਅਖ਼ਬਾਰ ਵਿਚ ਇਕ ਖ਼ਬਰ ਛਪੀ ਸੀ ਕਿ ਉੱਥੇ 125 ਸਿੱਖ ਨੌਜਵਾਨ ਇਸਾਈ ਬਣ ਗਏ ਹਨ। ਜਦੋਂ ਇਸ ਘਟਨਾ ਸਬੰਧੀ ਜ਼ਿੰਮੇਵਾਰ ਸਿੱਖ ਆਗੂਆਂ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਸਾਨੂੰ ਤਾਂ ਧਰਮ ਦੀ ਕੋਈ ਸਿੱਖਿਆ-ਦੀਖਿਆ ਹੀ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਸੀ ਕਿ ਅਸੀਂ ਤਾਂ ਬੱਸ ਇਹੀ ਵੇਖਿਆ ਹੈ ਕਿ ਸਾਡੇ ਤੋਂ ਵੱਡੀ ਪੀੜ੍ਹੀ ਸਿਰਫ਼ ਗੁਰਦੁਆਰਿਆਂ ਦੀਆਂ ਕਮੇਟੀਆਂ ਪਿੱਛੇ ਹੀ ਲੜੀ ਜਾਂਦੀ ਹੈ। ਨਾ ਤਾਂ ਸਾਨੂੰ ਦਸ ਗੁਰੂ ਸਾਹਿਬਾਨ ਦੇ ਬਾਰੇ ਵਿਚ ਕੁਝ ਦੱਸਿਆ ਗਿਆ ਅਤੇ ਨਾ ਹੀ ਅਸੀਂ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਹਾਂ।
ਧਰਮ ਪਰਿਵਰਤਨ ਰੋਕਣ ਲਈ ਸਿੱਖ ਕੌਮ ਅੰਦਰ ਆਪਣੇ ਅਕੀਦੇ, ਗੁਰਬਾਣੀ ਅਤੇ ਲਾ-ਮਿਸਾਲੀ ਸ਼ਹਾਦਤਾਂ ਨਾਲ ਭਰੇ ਗੌਰਵਮਈ ਇਤਿਹਾਸ ਪ੍ਰਤੀ ਚੇਤਨਾ ਅਤੇ ਪਰਪੱਕਤਾ ਜਗਾਉਣ ਕਰਨ ਲਈ ਜਿਨ੍ਹਾਂ ਨੀਤੀਆਂ ‘ਤੇ ਚੱਲਣ ਦੀ ਲੋੜ ਹੈ, ਸ਼ਾਇਦ ਉਸ ਪਾਸੇ ਧਿਆਨ ਕੇਂਦਰਿਤ ਕਰਨ ਲਈ ਅਜੇ ਤੱਕ ਸਿੱਖ ਕੌਮ ਦੀਆਂ ਸੰਸਥਾਵਾਂ ਜ਼ਮੀਨੀ ਅਤੇ ਮਾਨਸਿਕ ਪੱਧਰ ‘ਤੇ ਤਿਆਰ ਹੀ ਨਹੀਂ ਹਨ। ਅੱਜ ਸਿੱਖ ਜਥੇਬੰਦੀਆਂ ਆਪਣੇ ਧਰਮ ਦੇ ਅਸੂਲਾਂ ਦਾ ਨਤੀਜਾਮੁਖੀ ਪ੍ਰਚਾਰ-ਪ੍ਰਸਾਰ ਕਰਨ ਦੀ ਬਜਾਇ ਆਪਸ ਵਿਚ ਵਿਚਾਰਧਾਰਕ ਮਤਭੇਦਾਂ ਅਤੇ ਵਿਵਾਦਾਂ ਵਿਚ ਹੀ ਉਲਝੀਆਂ ਦਿਖਾਈ ਦੇ ਰਹੀਆਂ ਹਨ। ਵੱਖ-ਵੱਖ ਮੱਤਾਂ, ਡੇਰਿਆਂ ਅਤੇ ਸੰਪਰਦਾਵਾਂ ਨਾਲ ਵਿਚਾਰਧਾਰਕ ਜਾਂ ਧਾਰਮਿਕ ਟਕਰਾਅ ਵਿਚ ਪੈਣ ਦੀ ਬਜਾਇ ਸਿੱਖ ਸੰਸਥਾਵਾਂ ਨੂੰ, ਛੋਟੀ ਲਕੀਰ ਨੂੰ ਮਿਟਾਉਣ ਦੀ ਥਾਂ, ਉਸ ਤੋਂ ਵੱਡੀ ਲਕੀਰ ਖਿੱਚ ਕੇ ਗੁਰੂ ਨਾਨਕ ਸਾਹਿਬ ਦੇ ‘ਸਰਬੱਤ ਦੇ ਭਲੇ’ ਦੇ ਸੰਕਲਪ ‘ਤੇ ਧਰਮ ਪ੍ਰਚਾਰ ਦੀ ਦਸ਼ਾ ਤੇ ਦਿਸ਼ਾ ਨਿਰਧਾਰਿਤ ਕਰਨੀ ਚਾਹੀਦੀ ਹੈ।
ਨੌਜਵਾਨੀ ਦੇ ਮਨੋਭਾਵਾਂ, ਲੋੜਾਂ ਅਤੇ ਮਿਜ਼ਾਜ ਨੂੰ ਸਮਝ ਕੇ ਉਨ੍ਹਾਂ ਅੰਦਰ ਆਪਣੇ ਧਰਮ ਪ੍ਰਤੀ ਗੌਰਵ-ਦ੍ਰਿੜ੍ਹਤਾ ਅਤੇ ਦੂਜਿਆਂ ਦੀ ਆਸਥਾ ਦਾ ਸਤਿਕਾਰ ਕਰਨ ਦੀ ਭਾਵਨਾ ਪ੍ਰਚੰਡ ਕਰਨ ਦੀ ਲੋੜ ਹੈ। ਧਰਮ ਪ੍ਰਚਾਰ ਲਈ ਅਜਿਹੇ ਜੀਵਨੀ ਧਰਮ ਪ੍ਰਚਾਰਕਾਂ ਦੀ ਲੋੜ ਹੈ, ਜੋ ਨੌਜਵਾਨ ਪੀੜ੍ਹੀ ਦੇ ਨਾਲ ਬੈਠ ਕੇ ਸੰਵਾਦ ਵੀ ਰਚਾ ਸਕਣ। ਰਵਾਇਤੀ ਤੇ ਰਸਮੀ ਸਾਧਨਾਂ ਅਤੇ ਤੌਰ-ਤਰੀਕਿਆਂ ਤੋਂ ਅੱਗੇ ਜਾ ਕੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨੂੰ ਸਾਹਮਣੇ ਰੱਖ ਕੇ ਧਰਮ ਪ੍ਰਚਾਰ ਲਈ ਸੁਚੱਜੀ ਵਿਉਂਤਬੰਦੀ ਤਿਆਰ ਕਰਨੀ ਪਵੇਗੀ। ਗਿਆਨੀ ਦਿੱਤ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਸਿੱਖ ਵਿਦਵਾਨਾਂ ਨੂੰ ਅੱਗੇ ਲਿਆਂਦਾ ਜਾਵੇ ਅਤੇ ਸਿੱਖ ਜਗਤ ਵਿਚ ਬੌਧਿਕ ਅਤੇ ਅਕਾਦਮਿਕ ਪੱਧਰ ‘ਤੇ ਆ ਚੁੱਕੀ ਖੜੋਤ ਨੂੰ ਦੂਰ ਕਰਕੇ ਵਿਸ਼ਵ ਪ੍ਰਸੰਗ ‘ਚ ਸਿੱਖ ਫ਼ਲਸਫ਼ੇ ਦੀ ਪ੍ਰਸੰਗਿਕਤਾ ਅਤੇ ਵਿਹਾਰਕਤਾ ਨੂੰ ਉਭਾਰਨ ਲਈ ਵਿਆਪਕ ਨੀਤੀਗਤ ਏਜੰਡਾ ਤੈਅ ਕਰਨਾ ਪਵੇਗਾ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …