ਸ਼੍ਰੋਮਣੀ ਕਮੇਟੀ ਹੁਣ ਕਿਸ ਦੇ ਹਵਾਲੇ?
ਸ਼ੰਗਾਰਾ ਸਿੰਘ ਭੁੱਲਰ
ਹੁਣ ਜਦੋਂ ਕਿ ਕੁੱਝ ਸਮਾਂ ਪਹਿਲਾਂ ਸੁਪਰੀਮ ਕੋਰਟ ਨੇ ਸਹਿਜਧਾਰੀ ਸਿੱਖਾਂ ਦੇ ਵੋਟ ਦੇ ਹੱਕ ਨੂੰ ਰੱਦ ਕਰਨ ਦਾ ਫ਼ੈਸਲਾ ਸੁਣਾ ਦਿੱਤਾ ਹੈ ਤਾਂ ਇਸ ਦੀ ਰੌਸ਼ਨੀ ਵਿਚ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰ ਕੇ ਜਾਣੀ ਜਾਂਦੀ ਵੱਕਾਰੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਚੁਣਨ ਦੀ ਲੋੜ ਪੈ ਗਈ ਹੈ। ਇਹ ਇਸ ਲਈ ਜ਼ਰੂਰੀ ਹੋਇਆ ਹੈ ਕਿ 2011 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਹੋਈਆਂ ਸਨ, ਉਨ੍ਹਾਂ ਵਿਚ ਸਹਿਜਧਾਰੀ ਸਿੱਖਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਮੁਤਾਬਕ ਵੋਟ ਦਾ ਅਧਿਕਾਰ ਨਹੀਂ ਸੀ ਦਿੱਤਾ ਗਿਆ ਪਰ ਉਹ ਇਸ ਮੁੱਦੇ ਨੂੰ ਸੁਪਰੀਮ ਕੋਰਟ ਵਿਚ ਲੈ ਗਏ ਸਨ। ਇਸ ਦਾ ਸਿੱਟਾ ਇਹ ਨਿਕਲਿਆ ਕਿ 2011 ਦੀਆਂ ਚੋਣਾਂ ਵਾਲਾ ਸਦਨ ਲਾਗੂ ਨਹੀਂ ਸੀ ਹੋ ਸਕਿਆ ਅਤੇ ਨਵੀਂ ਕਾਰਜਕਾਰਨੀ ਕਮੇਟੀ ਨਹੀਂ ਸੀ ਚੁਣੀ ਜਾ ਸਕੀ। ਨਤੀਜੇ ਵਜੋਂ 2005 ਦੀਆਂ ਚੋਣਾਂ ਵਾਲੀ ਕਾਰਜਕਾਰਨੀ, ਜੋ ਹੁਣ ਤਕ ਸਾਰੇ ਕੰਮ ਨਿਪਟਾਉਂਦੀ ਰਹੀ ਜਿਸ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਨ। ਦਿਲਚਸਪ ਗੱਲ ਇਹ ਸੀ ਕਿ 11 ਸਾਲਾਂ ਦੇ ਇਸ ਅਰਸੇ ਦੌਰਾਨ ਪ੍ਰਧਾਨਗੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਜਥੇਦਾਰ ਮੱਕੜ ਕਮੇਟੀ ਦੇ ਦੂਜੇ ਅਜਿਹੇ ਪ੍ਰਧਾਨ ਬਣ ਗਏ ਜਿਹੜੇ ਲੰਮਾ ਸਮਾਂ ਇਸ ਦੇ ਪ੍ਰਧਾਨ ਰਹੇ। ਉਂਜ ਰੀਕਾਰਡ ਸਮਾਂ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਰਹੇ ਜੋ ਕੁਲ ਮਿਲਾ ਕੇ 27 ਸਾਲ ਇਸ ਸੰਸਥਾ ਦੇ ਮੁਖੀ ਰਹੇ।
ਜ਼ਾਹਰ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਪਿਛੋਂ ਸ਼੍ਰੋਮਣੀ ਕਮੇਟੀ ਨੇ ਨਵੇਂ ਹਾਊਸ ਦੇ ਗਠਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਭੇਜ ਦਿੱਤੀ ਹੈ। ਜਵਾਬ ਆਉਣ ਦੇ ਦੋ ਤੋਂ ਤਿੰਨ ਹਫ਼ਤਿਆਂ ਅੰਦਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਲੋਂ ਸ਼੍ਰੋਮਣੀ ਕਮੇਟੀ ਦਾ ਪੂਰਾ ਹਾਊਸ ਬੁਲਾ ਕੇ ਇਸ ਵਿਚ ਨਵੀਂ ਕਾਰਜਕਾਰਨੀ ਦੀ ਚੋਣ ਕਰ ਲਈ ਜਾਵੇਗੀ। ਇਸ ਬੈਠਕ ਦਾ ਜਿਹੜਾ ਸੱਭ ਤੋਂ ਦਿਲਚਸਪ ਪਹਿਲੂ ਹੈ ਉਹ ਇਹ ਹੈ ਕਿ ਇਸ ਵਿਚ ਪ੍ਰਧਾਨ ਦੀ ਚੋਣ ਸਦਨ ਦੇ ਮੈਂਬਰਾਂ ਵਲੋਂ ਨਹੀਂ ਕੀਤੀ ਜਾਂਦੀ ਸਗੋਂ ਹੁਣ ਤਕ ਜਿਹੜੀ ਪਰੰਪਰਾ ਬਣੀ ਹੋਈ ਹੈ ਉਸ ਮੁਤਾਬਕ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਅਪਣੇ ਵਿਸ਼ੇਸ਼ ਪ੍ਰਤੀਨਿਧੀ ਰਾਹੀਂ ਇਕ ਲਿਫ਼ਾਫ਼ਾ ਸਦਨ ਨੂੰ ਭੇਜਿਆ ਜਾਂਦਾ ਹੈ ਜਿਸ ਵਿਚੋਂ ਜਿਸ ਵੀ ਖ਼ੁਸ਼ਕਿਸਮਤ ਵਿਅਕਤੀ ਦਾ ਨਾ ਪੜ੍ਹ ਕੇ ਸੁਣਾਇਆ ਜਾਵੇਗਾ ਉਹੀ ਕਮੇਟੀ ਦਾ ਪ੍ਰਧਾਨ ਹੋਵੇਗਾ। ਵੈਸੇ ਇਸ ਹਾਲਤ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਮਾਮੂਲੀ ਜਿਹੀ ਚੂੰ-ਚਾਂ ਵੀ ਹੁੰਦੀ ਹੈ ਪਰ ਉਸ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ ਕਿਉਂਕਿ ਬਹੁਗਿਣਤੀ ਮੈਂਬਰ ਤਾ ਸੱਤਾਧਾਰੀ ਧਿਰ ਦੇ ਹੁੰਦੇ ਹਨ।
ਸੁਪਰੀਮ ਕੋਰਟ ਦੇ ਫ਼ੈਸਲੇ ਅਤੇ ਸ਼੍ਰੋਮਣੀ ਕਮੇਟੀ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦੇਣ ਲਈ ਚਿੱਠੀ ਭੇਜਣ ਉਪਰੰਤ ਕਮੇਟੀ ਵਰਗੇ ਧਾਰਮਕ ਅਦਾਰੇ ਵਿਚ ਸਿਆਸੀ ਸਰਗਰਮੀਆਂ ਇਕਦਮ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਚਾਹੁੰਦੇ ਹਨ ਕਿ ਨਵਾਂ ਪ੍ਰਧਾਨ ਉਨ੍ਹਾਂ ਦੀ ਮਰਜ਼ੀ ਦਾ ਹੋਵੇ ਤਾਂਕਿ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਲਾਹਾ ਮਿਲ ਸਕੇ। ਦੂਜੇ ਸ਼ਬਦਾਂ ਵਿਚ ਹੋਰ ਚਾਰ-ਛੇ ਮਹੀਨਿਆਂ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਅਕਾਲੀ ਦਲ ਲਈ ਸੈਮੀਫ਼ਾਈਨਲ ਵਿਚਲੀ ਜਿੱਤ ਗਰਦਾਨੀ ਜਾਵੇਗੀ।
ਇਸ ਤੋਂ ਪਹਿਲਾਂ ਕਿ ਜਥੇਦਾਰ ਮੱਕੜ ਪਿਛੋਂ ਕਮੇਟੀ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਬਾਰੇ ਗੱਲ ਕੀਤੀ ਜਾਵੇ, ਕਮੇਟੀ ਦੀ ਰੂਪਰੇਖਾ ਬਾਰੇ ਸੰਖੇਪ ਜਿਹੀ ਜਾਣਕਾਰੀ ਦੇਣੀ ਬਣਦੀ ਹੈ। ਇਕ ਗੱਲ ਤਾਂ ਸਾਫ਼ ਸਪੱਸ਼ਟ ਹੀ ਹੈ ਕਿ ਆਜ਼ਾਦੀ ਤੋਂ ਪਹਿਲਾਂ ਕੋਈ ਇਹੋ ਜਿਹੀ ਕੇਂਦਰੀ ਏਜੰਸੀ ਨਹੀਂ ਸੀ ਜਿਹੜੀ ਦੇਸ਼ ਭਰ ਦੇ ਗੁਰਦਵਾਰਿਆਂ ਦਾ ਕੰਮਕਾਜ ਸੰਭਾਲ ਸਕੇ। ਇਸ ਸੰਦਰਭ ਵਿਚ ਬਹੁਤੇ ਗੁਰਦਵਾਰਿਆਂ ਦੇ ਮੁਖੀ ਮਹੰਤਨੁਮਾ ਲੋਕ ਹੁੰਦੇ ਸਨ ਜਿਹੜੇ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਤਾਂ ਘੱਟ ਕਰਦੇ ਸਨ ਸਗੋਂ ਕੁਰਹਿਤਾਂ ਅਤੇ ਗੁਰਮਰਿਆਦਾ ਨੂੰ ਸੱਟਾਂ ਮਾਰਨ ਵਾਲੀਆਂ ਕਾਰਵਾਈਆਂ ਵਧੇਰੇ ਕਰਦੇ ਸਨ। ਬਹੁਤੇ ਸਿੱਖ ਆਗੂਆਂ ਨੂੰ ਜਦੋਂ ਮਹੰਤਾਂ ਦੀ ਇਹ ਕਾਰਵਾਈ ਵਧੇਰੇ ਹੀ ਰੜਕਣ ਲੱਗੀ ਤਾਂ ਉਨ੍ਹਾਂ ਇਕ ਮੰਚ ਉਤੇ ਇਕੱਠੇ ਹੋ ਕੇ ਸ਼੍ਰੋਮਣੀ ਗੁਰਦਵਾਰਾ ਕਮੇਟੀ ਦਾ ਰਾਹ ਲੱਭਿਆ। ਇਹ ਮਹੰਤ ਮੋਟੇ ਤੌਰ ‘ਤੇ ਅੰਗਰੇਜ਼ਾਂ ਦੇ ਪਿੱਠੂ ਸਨ। ਇਸ ਲਈ ਉਹ ਨਿਡਰ ਹੋ ਕੇ ਗੁਰਦਵਾਰਿਆਂ ਵਿਚ ਸਗੋਂ ਹੋਰ ਕੁਕਰਮ ਕਰਨ ਲੱਗ ਪਏ। ਸਿੱਖਾਂ ਵਿਚ ਚੂੰਕਿ ਲੜ-ਮਰਨ ਅਤੇ ਕੁਰਬਾਨੀਆਂ ਕਰਨ ਦਾ ਜਜ਼ਬਾ ਤਾਂ ਵਿਸ਼ਵ ਭਰ ਵਿਚ ਹੀ ਮਸ਼ਹੂਰ ਹੈ ਇਸ ਲਈ ਜਦੋਂ ਮਹੰਤਾਂ ਵਿਰੁਧ ਵੱਡੀ ਮੁਹਿੰਮ ਵਿੱਢ ਲਈ ਗਈ ਤਾਂ ਅੰਗਰੇਜ਼ਾਂ ਨੇ ਸ਼੍ਰੋਮਣੀ ਕਮੇਟੀ ਦਾ ਰਾਹ ਪੱਧਰਾ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿਤਾ ਸੀ। ਉਹ ਖ਼ੁਦ ਸਿੱਖਾਂ ਦੇ ਜੋਸ਼ ਅਤੇ ਉਤਸ਼ਾਹ ਤੇ ਸਿਦਕਦਿਲੀ ਤੋਂ ਖਾਸੇ ਪ੍ਰਭਾਵਤ ਸਨ। ਇਸ ਸੱਭ ਦਾ ਸਿੱਟਾ ਇਹ ਹੋਇਆ ਕਿ 15 ਨਵੰਬਰ, 1920 ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆ ਗਈ। ਇਹ ਵੀ ਸਪੱਸ਼ਟ ਹੈ ਕਿ ਉਸ ਵੇਲੇ ਗੁਰਦਵਾਰਿਆਂ ਦਾ ਸਾਰਾ ਪ੍ਰਬੰਧ ਇਸ ਦੇ ਕਾਬੂ ਹੇਠ ਆ ਗਿਆ ਸੀ। ਹੋਰ ਪੰਜਾਂ ਸਾਲਾਂ ਬਾਅਦ 19255 ਵਿਚ ਸਿੱਖ ਗੁਰਦਵਾਰਾ ਐਕਟ ਵੀ ਹੋਂਦ ਵਿਚ ਆ ਗਿਆ ਸੀ।
ਦੇਸ਼ ਦੀ ਆਜ਼ਾਦੀ ਪਿਛੋਂ ਕਿਉਂਕਿ ਧਰਤੀ ਅਤੇ ਲੋਕ ਵੀ ਵੰਡੇ ਗਏ ਇਸ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਗੁਰਦਵਾਰੇ ਆ ਗਏ। ਕੁੱਝ ਸਾਲਾਂ ਪਿਛੋਂ ਦਿੱਲੀ ਵਿਚ ਵਸਦੇ ਸਿੱਖਾਂ ਨੇ ਅਪਣੀ ਵਖਰੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਾ ਲਈ। ਇਸ ਲਈ ਦਿੱਲੀ ਵਾਲੇ ਗੁਰਦਵਾਰਿਆਂ ਦਾ ਵੀ ਇਸ ਕਮੇਟੀ ਨਾਲ ਕੋਈ ਸਬੰਧ ਨਾ ਰਿਹਾ। ਹੁਣ ਪਿਛਲੇ ਕੁੱਝ ਸਮੇਂ ਤੋਂ ਹਰਿਆਣਾ ਵਿਚਲੇ ਸਿੱਖ ਵੀ ਆਪਣੀ ਵੱਖਰੀ ਕਮੇਟੀ ਲਈ ਜੱਦੋਜਹਿਦ ਕਰ ਰਹੇ ਹਨ। ਬਲਕਿ ਉਨ੍ਹਾਂ ਨੇ ਕਾਂਗਰਸ ਦੀ ਪਿਛਲੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਦੀ ਮਦਦ ਨਾਲ ਵੱਖਰੀ ਐਡਹਾਕ ਸਿੱਖ ਕਮੇਟੀ ਬਣਾ ਲਈ ਹੈ ਪਰ ਖੱਟੜ ਸਰਕਾਰ ਵਲੋਂ ਇਸ ਨੂੰ ਬਰੇਕਾਂ ਲੱਗ ਗਈਆਂ ਹਨ। ਇਸ ਲਈ ਇਸ ਕਮੇਟੀ ਨੂੰ ਅਜੇ ਕੇਂਦਰ ਵਲੋਂ ਮਾਨਤਾ ਨਹੀਂ ਮਿਲੀ ਅਤੇ ਪਹਿਲਾਂ ਵਾਂਗ ਹੀ ਕੰਮ ਚਲ ਰਿਹਾ ਹੈ। ਇਕ ਗੱਲ ਸਪੱਸ਼ਟ ਹੈ ਕਿ ਹੁਣ ਹਰਿਆਣਾ ਦੇ ਲਗਭਗ 13-14 ਲੱਖ ਸਿੱਖ ਤੇ ਪੰਜਾਬੀ ਪਰਿਵਾਰ ਅਪਣੀ ਵਖਰੀ ਕਮੇਟੀ ‘ਤੇ ਉਤਾਰੂ ਹੋਏ ਪਏ ਹਨ ਅਤੇ ਇਹ ਇਕ ਨਾ ਇਕ ਦਿਨ ਬਣ ਹੀ ਜਾਣੀ ਹੈ। ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ਵਿਚਲੇ ਗੁਰਦਵਾਰਿਆਂ ਦੇ ਪ੍ਰਬੰਧ ਲਈ ਵੀ ਉਥੇ ਵੱਖਰੀ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਪਿਛਲੇ ਕਾਫ਼ੀ ਸਮੇਂ ਤੋਂ ਬਣੀ ਹੋਈ ਹੈ। ਇਸ ਦਾ ਸਾਫ਼ ਮਤਲਬ ਇਹ ਹੈ ਕਿ ਹੁਣ ਜਿਥੇ-ਜਿਥੇ ਵੀ ਇਹ ਕਮੇਟੀਆਂ ਬਣੀਆਂ ਹਨ, ਉਥੋਂ ਦੇ ਸਾਰੇ ਗੁਰਦਵਾਰਿਆਂ ਦਾ ਪ੍ਰਬੰਧ ਆਜ਼ਾਦੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਕੋਲ ਹੀ ਹੁੰਦਾ ਸੀ। ਹੁਣ ਇਸ ਕੋਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦਾ ਇਲਾਕਾ ਹੀ ਸੀਮਤ ਰਹਿ ਗਿਆ ਹੈ।ઠ
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਲਗਭਗ ਇਕ ਸਦੀ ਪੁਰਾਣੀ ਇਸ ਖ਼ੁਦਮੁਖ਼ਤਿਆਰ ਸੰਸਥਾ ਦਾ ਬੜਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬੀਬੀ ਜਗੀਰ ਕੌਰ ਵਰਗੇ ਸਮੇਂ-ਸਮੇਂ ‘ਤੇ ਇਸ ਦੇ ਪ੍ਰਧਾਨ ਰਹੇ ਹਨ। ਇਸ ਸੰਸਥਾ ਦਾ ਮੁੱਖ ਕਾਰਜ ਕਮੇਟੀ ਹੇਠਲੇ ਗੁਰਦਵਾਰਿਆਂ ਦੀ ਸਾਂਭ-ਸੰਭਾਲ ਤੇ ਇਸ ਦੀ ਦੇਖਰੇਖ ਹੇਠ ਚਲਦੀਆਂ ਵੱਖ-ਵੱਖ ਸੰਸਥਾਵਾਂ ਦਾ ਯੋਗ ਪ੍ਰਬੰਧ ਕਰਨਾ ਹੈ। ਕਮੇਟੀ ਨੇ ਗੁਰਦਵਾਰਿਆਂ ਦੀ ਜੋ ਸਾਂਭ-ਸੰਭਾਲ ਤਾਂ ਕੀਤੀ ਹੀ ਸਗੋਂ ਵਿਦਿਅਕ, ਮੈਡੀਕਲ ਅਤੇ ਤਕਨੀਕੀ ਅਦਾਰਿਆਂ ਦਾ ਜਾਲ ਵੀ ਵਿਧਾਇਆ ਹੈ ਜਿਸ ਨਾਲ ਹੋਣਹਾਰ ਸਿੱਖ ਬੱਚਿਆਂ ਲਈ ਉਚੇਰੀ ਅਤੇ ਕਿੱਤਾ ਮੁਖੀ ਪੜ੍ਹਾਈ ਦੇ ਦਰਵਾਜ਼ੇ ਖੁੱਲ੍ਹੇ ਜਾਂ ਮੋਟੇ ਤੌਰ ‘ਤੇ ਵਿਦਿਅਕ ਲਹਿਰ ਵਿਚ ਇਸ ਨੇ ਮਾਣਯੋਗ ਹਿੱਸਾ ਪਾਇਆ ਹੈ। ਇਹ ਮਾਣ ਵੀ ਕਮੇਟੀ ਨੂੰ ਹੀ ਜਾਂਦਾ ਹੈ ਕਿ ਇਸ ਦੀ ਦੇਖਰੇਖ ਦੋ ਯੂਨੀਵਰਸਟੀਆਂ- ਇਕ ਫ਼ਤਹਿਗੜ੍ਹ ਸਾਹਿਬ ਅਤੇ ਦੂਜੀ ਅੰਮ੍ਰਿਤਸਰ ਵਿਖੇ ਚਲ ਰਹੀ ਹੈ। ਇਸ ਨੇ ਹਾਲਾਂਕਿ ਕਈ ਨੇਕ ਕੰਮ ਵੀ ਕੀਤੇ ਹਨ ਪਰ ਅਫ਼ਸੋਸ ਹੈ ਕਿ ਇਹ ਦੇਸ਼-ਵਿਦੇਸ਼ ਵਿਚ ਸਿੱਖਾਂ ਦੀ ਪਛਾਣ ਨਹੀਂ ਬਣਾ ਸਕੀ। ਸਿੱਖ ਧਰਮ ਦੇ ਪ੍ਰਚਾਰ ਪਸਾਰ ਵਿਚ ਇਹ ਹਮੇਸ਼ਾ ਹੀ ਪਛੜੀ ਰਹੀ ਹੈ। ਬਲਕਿ ਵਿਚ ਵਿਚ ਤਾਂ ਕਮੇਟੀ ਅਪਣਿਆਂ ਨੂੰ ਅਹੁਦੇ ਦੇਣ, ਨਿੱਜੀ ਮਨੋਰਥਾਂ ਦੀ ਪੂਰਤੀ ਕਰਨ ਵਾਲੀ ਅਤੇ ਭ੍ਰਿਸ਼ਟਾਚਾਰ ਦਾ ਲਗਭਗ ਅੱਡਾ ਹੀ ਬਣ ਗਈ। ਪਿਛਲੇ ਸਾਲ ਬਰਗਾੜੀ ਵਿਖੇ ਜੋ ਕੁੱਝ ਮੰਦਭਾਗਾ ਵਾਪਰਿਆ ਅਤੇ ਇਸ ਉਪਰੰਤ ਸ਼੍ਰੋਮਣੀ ਕਮੇਟੀ ਵਿਚ ਅੰਦਰਖਾਤੇ ਤਣਾਅ ਅਤੇ ਪੰਜ ਪਿਆਰਿਆਂ ਵਲੋਂ ਬਗ਼ਾਵਤ ਤੋਂ ਪਿਛੋਂ ਜਿਹੜਾ ਸਰਬੱਤ ਖ਼ਾਲਸਾ ਤਰਨ ਤਾਰਨ ਨੇੜੇ ਹੋਇਆ ਉਸ ਨੇ ਕਮੇਟੀ ਅਤੇ ਇਸ ਦੇ ਪ੍ਰਧਾਨ ਦੇ ਅਕਸ ਨੂੰ ਬੜੀ ਢਾਹ ਲਾਈ। ਉਸ ਵੇਲੇ ਪ੍ਰਧਾਨ ਜਥੇਦਾਰ ਮੱਕੜ ਹੀ ਸਨ। ਜਥੇਦਾਰ ਮੱਕੜ ਕਿਉਂਕਿ ਨਰਮ ਅਤੇ ਸਿਆਸੀ ਦਬਾਅ ਮੰਨਣ ਵਾਲੇ ਹਨ, ਇਸ ਲਈ ਉਹ ਖ਼ੁਦਮੁਖਤਾਰ ਸੰਸਥਾ ਨਾ ਰਹਿ ਕੇ ਸਿੱਧਾ ਅਕਾਲੀ ਦਲ ਦੇ ਪ੍ਰਧਾਨ ਅਧੀਨ ਆ ਗਈ। ਸਵਾਲ ਇਹ ਹੈ ਕਿ ਕਿਥੇ ਤਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਤੋਂ ਦਿਸ਼ਾ ਨਿਰਦੇਸ਼ ਲੈਂਦਾ ਸੀ ਪਰ ਕਿਥੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਫਿਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਬਉੱਚ ਬਣਾ ਦਿਤਾ ਹੈ ਅਤੇ ਹੁਣ ਦੂਜੀਆਂ ਸੰਸਥਾਵਾਂ ਉਨ੍ਹਾਂ ਤੋਂ ਦਿਸ਼ਾ ਨਿਰਦੇਸ਼ ਲੈਂਦੀਆਂ ਹਨ। ਇਹੀ ਉਹ ਸਮਾਂ ਸੀ ਜਦੋਂ ਬਾਦਲਾਂ ਅਤੇ ਜਥੇਦਾਰ ਮੱਕੜ ਵਿਚ ਦੂਰੀਆਂ ਵਧੀਆਂ। ਬਾਦਲਾਂ ਦੇ ਭਾਗੀਂ ਬਿੱਲੀ ਦਾ ਛਿੱਕਾ ਇਹ ਟੁੱਟਾ ਕਿ ਹੁਣ ਸੁਪਰੀਮ ਕੋਰਟ ਦਾ ਫ਼ੈਸਲਾ ਆ ਗਿਆ ਹੈ ਜਿਸ ਨੇ ਕਮੇਟੀ ਦੇ ਨਵੇਂ ਪ੍ਰਧਾਨ ਦਾ ਰਾਹ ਪੱਧਰਾ ਕਰ ਦਿੱਤਾ ਹੈ।
ਹੁਣ ਕਮੇਟੀ ਦਾ ਪ੍ਰਧਾਨ ਕੌਣ ਹੋਵੇਗਾ, ਇਹ ਤਾਂ ਬਾਦਲਾਂ ਤੋਂ ਸਿਵਾ ਹੋਰ ਕੋਈ ਨਹੀਂ ਜਾਣ ਸਕਦਾ। ਬਾਦਲਾਂ ਦੇ ਅਤਿ ਨੇੜਲਾ ਵੀ ਨਹੀਂ। ਹਾਂ, ਜਿਸ ਨੇ ਬਣਨਾ ਹੈ ਉਸ ਨੂੰ ਖ਼ਬਰ ਜ਼ਰੂਰ ਹੋਵੇਗੀ। ਉਂਜ ਇਸ ਅਹੁਦੇ ਲਈ ਇਸ ਵੇਲੇ ਲਗਭਗ ਅੱਧੀ ਦਰਜਨ ਉਮੀਦਵਾਰ ਦੌੜ ਵਿਚ ਹਨ। ਇਨ੍ਹਾਂ ਵਿਚ ਬੀਬੀ ਜਗੀਰ ਕੌਰ, ਕੇਵਲ ਸਿੰਘ ਬਾਦਲ, ਦਿਆਲ ਸਿੰਘ ਕੋਲਿਆਂਵਾਲੀ, ਰਜਿੰਦਰ ਸਿੰਘ ਮਹਿਤਾ ਅਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਹਨ। ਅੱਗੇ ਨਿਕਲਣ ਲਈ ਭਾਵੇਂ ਹਰ ਕੋਈ ਅਪਣਾ ਹਰ ਹਰਬਾ ਵਰਤ ਰਿਹਾ ਹੈ ਪਰ ਹਾਲ ਦੀ ਘੜੀ ਜਥੇਦਾਰ ਸੇਖਵਾਂ ਸੱਭ ਤੋਂ ਅੱਗੇ ਲਗਦੇ ਹਨ। ਇਕ ਤਾਂ ਉਹ ਦੋਹਾਂ ਬਾਦਲਾਂ ਦੇ ਨੇੜੇ ਹਨ। ਦੂਜਾ ਹੁਣ ਤਕ ਜਦੋਂ ਵੀ ਪੰਥ ਲਈ ਕੋਈ ਸੰਕਟ ਆਉਂਦਾ ਹੈ ਤਾਂ ਮਸਲੇ ਦੇ ਹੱਲ ਲਈ ਉਨ੍ਹਾਂ ਨੂੰ ਸੰਕਟ ਮੋਚਨ ਮੰਨਿਆ ਜਾਂਦਾ ਹੈ। ਉਂਜ ਉਨ੍ਹਾਂ ਦਾ ਨਾਂ ਪਹਿਲਾਂ ਵੀ ਆਉਂਦਾ ਰਿਹਾ ਹੈ। ਤਾਂ ਵੀ ਕਮੇਟੀ ਦਾ ਪ੍ਰਧਾਨ ਬਾਦਲ ਜੋੜੀ ਭਾਵੇਂ ਜਿਸ ਨੂੰ ਮਰਜ਼ੀ ਬਣਾਉਣ ਪਰ ਇਕ ਗੱਲ ਜ਼ਰੂਰੀ ਹੈ ਕਿ ਅੱਜ ਕਮੇਟੀ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਅਤੇ ਇਸ ਦੇ ਖੁੱਸੇ ਵਕਾਰ ਨੂੰ ਬਹਾਲ ਕਰਨ ਅਤੇ ਦੇਸ਼-ਵਿਦੇਸ਼ ਵਿਚ ਸਿੱਖਾਂ ਅਤੇ ਸਿੱਖੀ ਦੀ ਪਛਾਣ ਬਣਾਉਣ ਦੀ ਸਖ਼ਤ ਲੋੜ ਹੈ। ਬਾਕੀ ਪ੍ਰਸ਼ਾਸਕੀ ਕੰਮ ਤਾਂ ਪਹਿਲਾਂ ਵਾਂਗ ਆਮ ਚਲਦੇ ਹੀ ਰਹਿੰਦੇ ਹਨ। ੲੲੲ
Check Also
ਸਿੰਘ ਸਭਾ ਲਹਿਰ ਦੇ ਵਿਦਵਾਨ ਆਗੂ ‘ਪੰਥ ਰਤਨ’ ਭਾਈ ਦਿੱਤ ਸਿੰਘ ਗਿਆਨੀ
(ਡਾ. ਗੁਰਵਿੰਦਰ ਸਿੰਘ, ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ) ਡਾ. ਗੁਰਵਿੰਦਰ ਸਿੰਘ 001-604-825-1550 ”ਜਿਹਦਾ ਨਾਮ …