ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿਚ ਇੱਕ ਨਵਾਂ ਮੈਡੀਕਲ ਸਕੂਲ ਖੁੱਲ੍ਹਿਆ ਹੈ ਜੋ ਕੈਨੇਡਾ ਵਿਚ ਚਲ ਰਹੀ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਨਵੇਂ ਫ਼ੈਮਿਲੀ ਡਾਕਟਰਾਂ ਨੂੰ ਤਿਆਰ ਕਰ ਰਿਹਾ ਹੈ। ਅਧਿਆਪਕਾਂ ਨੂੰ ਵੀ ਉਮੀਦ ਹੈ ਕਿ ਇਹ ਨਵੇਂ ਡਾਕਟਰ ਨਾ ਸਿਰਫ਼ ਮਰੀਜ਼ਾਂ ਦੀ ਸੰਭਾਲ ਕਰਨਗੇ, ਸਗੋਂ ਉਹ ਉਨ੍ਹਾਂ ਦੇ ਸੱਭਿਆਚਾਰਕ ਪਿਛੋਕੜ ਨੂੰ ਵੀ ਵਧੀਆ ਢੰਗ ਨਾਲ ਸਮਝ ਸਕਣਗੇ। ਟੋਰਾਂਟੋ ਮੈਟਰੋਪਾਲੀਟਨ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਦੇ ਪਿੱਛੇ ਵਿਚਾਰ ਇਹ ਹੈ ਕਿ ਅਜਿਹੇ ਡਾਕਟਰ ਤਿਆਰ ਕੀਤੇ ਜਾਣ ਜੋ ਆਪਣੇ ਮਰੀਜ਼ਾਂ ਬਾਰੇ ਹੋਰ ਵਧੇਰੇ ਜਾਣਕਾਰੀ ਰੱਖਣ ਭਾਵੇਂ ਉਹ ਭਾਸ਼ਾ ਹੋਵੇ, ਸੱਭਿਆਚਾਰ ਹੋਵੇ ਜਾਂ ਰਵਾਇਤੀ ਖਾਣ-ਪੀਣ ਦੀਆਂ ਆਦਤਾਂ ਹੋਣ-ਤਾਂ ਜੋ ਉਹ ਮਰੀਜ਼ਾਂ ਦੀਆਂ ਸਿਹਤ ਜ਼ਰੂਰਤਾਂ ਨੂੰ ਬਿਹਤਰ ਤਰੀਕੇ ਨਾਲ ਪੂਰਾ ਕਰ ਸਕਣ, ਬਿਨ੍ਹਾਂ ਇਸ ਡਰ ਦੇ ਕਿ ਉਨ੍ਹਾਂ ਦੀ ਡਾਕਟਰੀ ਸਲਾਹ ਵਿਚ ਕਿਤੇ ਗੁਆਚ ਨਾ ਜਾਵੇ।
ਬਰੈਂਪਟਨ ਦੀ ਗੁਰਲੀਨ ਕੌਰ ਚਹਿਲ, ਜੋ ਕਿ ਸਕੂਲ ਦੀ ਪਹਿਲੀ ਸਾਲ ਦੀ ਮੈਡੀਕਲ ਵਿਦਿਆਰਥਣ ਹੈ, ਨੇ ਵ੍ਹਾਈਟ ਕੋਟ, ਬਲੈਕ ਆਰਟ ਦੇ ਹੋਸਟ ਡਾ. ਬ੍ਰਾਇਨ ਗੋਲਡਮੈਨ ਨੂੰ ਦੱਸਿਆ, ਇਹ ਬਹੁਤ ਉਤਸ਼ਾਹਜਨਕ ਹੈ ਕਿ ਮੈਂ ਜੋ ਕੰਮ ਦਿਲੋਂ ਕਰਨਾ ਚਾਹੁੰਦੀ ਹਾਂ, ਉਹੀ ਕੰਮ ਮੈਂ ਉਸ ਸ਼ਹਿਰ ਵਿਚ ਕਰਾਂ ਜਿੱਥੇ ਮੈਂ ਵੱਡੀ ਹੋਈ ਹਾਂ। 25 ਸਾਲ ਦੀ ਗੁਰਲੀਨ ਚਹਿਲ ਚਾਹੁੰਦੀ ਹੈ ਕਿ ਉਹ ਆਪਣੇ ਵਰਗੇ ਪਰਿਵਾਰਾਂ ਲਈ ਕੈਨੇਡਾ ਦੀ ਸਿਹਤ ਪ੍ਰਣਾਲੀ ਨੂੰ ਸਮਝਣਾ ਤੇ ਵਰਤਣਾ ਹੋਰ ਅਸਾਨ ਬਣਾਵੇ ਇੱਕ ਅਜਿਹਾ ਸਿਸਟਮ ਜੋ ਉਨ੍ਹਾਂ ਦੀ ਇੱਜ਼ਤ ਕਰੇ ਅਤੇ ਉਨ੍ਹਾਂ ਦੀ ਸੱਭਿਆਚਾਰਕ ਪਛਾਣ ਨੂੰ ਮਾਨਤਾ ਦੇਵੇ। ਟੋਰਾਂਟੋ ਮੈਟਰੋਪਾਲੀਟਨ ਯੂਨੀਵਰਸਿਟੀ ਅਨੁਸਾਰ, ਇਹ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਪਿਛਲੇ 100 ਸਾਲਾਂ ਵਿੱਚ ਖੁੱਲ੍ਹਣ ਵਾਲਾ ਪਹਿਲਾ ਨਵਾਂ ਮੈਡੀਕਲ ਸਕੂਲ ਹੈ। ਸਕੂਲ ਦੀ ਡੀਨ ਡਾ. ਟਰੀਜ਼ਾ ਚੈਨ ਨੇ ਦੱਸਿਆ ਕਿ 6,400 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ, ਪਰ ਸਿਰਫ਼ 94 ਨੂੰ ਦਾਖ਼ਲਾ ਮਿਲਿਆ। ਸਾਰੇ ਵਿਦਿਆਰਥੀ ਕੈਨੇਡੀਅਨ ਹਨ ਅਤੇ ਜ਼ਿਆਦਾਤਰ ਉਨਟਾਰੀਓ ਤੋਂ ਆਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵਿੱਚੋਂ ਕਈ ਵਿਦਿਆਰਥੀ ਪੜ੍ਹਾਈ ਪੂਰੀ ਕਰਕੇ ਇੱਥੇ ਨੇੜਲੇ ਇਲਾਕਿਆਂ ਵਿਚ ਹੀ ਕੰਮ ਕਰਨਗੇ। ਇਸ ਗਰਮੀਆਂ ਦੌਰਾਨ ਸਕੂਲ ਵਿੱਚ 100 ਤੋਂ ਵੱਧ ਮੈਡੀਕਲ ਰੈਜ਼ੀਡੈਂਟਾਂ ਨੇ ਵੀ ਆਪਣੀ ਟ੍ਰੇਨਿੰਗ ਸ਼ੁਰੂ ਕੀਤੀ। ਬਰੈਂਪਟਨ ਕੈਨੇਡਾ ਦੇ ਸਭ ਤੋਂ ਵਿਭਿੰਨ ਅਤੇ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ‘ਚੋਂ ਇੱਕ ਹੈ, ਪਰ ਹੈਲਥ ਕੇਅਰ ਦੇ ਮਾਮਲੇ ਵਿੱਚ ਇਹ ਹਾਲੇ ਵੀ ਕਾਫ਼ੀ ਪਿੱਛੇ ਹੈ।
ਉਨਟਾਰੀਓ ਕਾਲਜ ਔਫ਼ ਫ਼ੈਮਿਲੀ ਫ਼ਿਜ਼ੀਸ਼ੀਅਨਜ਼ ਦੀ ਉਮੀਦ ਹੈ ਕਿ ਸਿਰਫ਼ ਪੀਲ ਰੀਜਨ ਵਿਚ ਜਿਸ ਵਿਚ ਬ੍ਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਸ਼ਾਮਲ ਹਨ, ਅਗਲੇ ਸਾਲ ਤੱਕ ਫ਼ੈਮਿਲੀ ਡਾਕਟਰ ਤੋਂ ਸੱਖਣੇ ਲੋਕਾਂ ਦੀ ਗਿਣਤੀ 430,000 ਤੱਕ ਪਹੁੰਚ ਸਕਦੀ ਹੈ। ਚੈਨ ਕਹਿੰਦੇ ਹੈ ਕਿ ਬਹੁਤ ਸਾਰੇ ਮੈਡੀਕਲ ਵਿਦਿਆਰਥੀ ਅਤੇ ਰੈਜ਼ੀਡੈਂਟ ਅਕਸਰ ਉਸ ਭਾਈਚਾਰੇ ਨਾਲ ਡੂੰਘਾ ਨਾਤਾ ਮਹਿਸੂਸ ਕਰਦੇ ਹਨ ਜਿੱਥੇ ਉਹ ਆਪਣੀ ਟ੍ਰੇਨਿੰਗ ਕਰਦੇ ਹਨ। ਇਹ ਜੁੜਾਅ ਹੋਰ ਵੀ ਮਜ਼ਬੂਤ ਬਣਾਇਆ ਜਾ ਸਕਦਾ ਹੈ ਜਦੋਂ ਭਾਈਚਾਰੇ ਦੇ ਲੋਕ ਉਨ੍ਹਾਂ ਦਾ ਉਤਸਾਹ ਵਧਾਉਂਦੇ ਹਨ ਤੇ ਉਨ੍ਹਾਂ ਦੇ ਨਾਲ ਖੜੇ ਰਹਿੰਦੇ ਹਨ। ਉਨ੍ਹਾਂ ਕਿਹਾ, ਸਾਨੂੰ ਉਮੀਦ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਇੱਥੇ ਹੀ ਰਹਿਣਗੇ, ਅਤੇ ਹੁਣ ਤੱਕ ਦੇ ਅਨੁਭਵ ਵੀ ਇਹੀ ਦੱਸਦੇ ਹਨ ਕਿ ਆਮ ਤੌਰ ‘ਤੇ ਲੋਕ ਉੱਥੇ ਹੀ ਕੰਮ ਕਰਦੇ ਹਨ ਜਿੱਥੇ ਉਹ ਆਪਣੀ ਰੈਜ਼ੀਡੈਂਸੀ ਦੀ ਟ੍ਰੇਨਿੰਗ ਲੈਂਦੇ ਹਨ। ਇਹ ਸੂਬੇ ਦੇ ਹੋਰ ਹਿੱਸਿਆਂ ਵਿੱਚ ਵੀ ਕੰਮ ਕਰ ਚੁੱਕਾ ਹੈ। ਨੌਰਦਰਨ ਓਨਟੇਰਿਓ ਸਕੂਲ ਔਫ਼ ਮੈਡੀਸਨ ਦੀ 2024 ਦੀ ਰਿਪੋਰਟ ਅਨੁਸਾਰ, 2009 ਵਿੱਚ ਪਹਿਲੇ ਸਮੂਹ ਤੋਂ ਬਾਅਦ ਉਨ੍ਹਾਂ ਦੇ ਅੱਧੇ ਤੋਂ ਵੱਧ ਗ੍ਰੈਜੂਏਟ ਉੱਤਰੀ ਓਂਟਾਰੀਓ ਵਿੱਚ ਅਭਿਆਸ ਕਰ ਰਹੇ ਹਨ।
ਗੁਰਲੀਨ ਨੇ ਦੱਸਿਆ ਕਿ ਮਰੀਜ਼ਾਂ ਨੂੰ ਫ਼ੈਮਿਲੀ ਡਾਕਟਰ ਜਾਂ ਕਿਸੇ ਹੋਰ ਡਾਕਟਰ ਕੋਲ ਲੈ ਕੇ ਜਾਣਾ, ਉਹ ਜੋ ਲੱਛਣ ਮਹਿਸੂਸ ਕਰ ਰਹੇ ਹੁੰਦੇ, ਉਨ੍ਹਾਂ ਦਾ ਅਨੁਵਾਦ ਕਰਨਾ ਜਾਂ ਜੇ ਮਾਪਿਆਂ ਨੂੰ ਡਾਕਟਰ ਵੱਲੋਂ ਕੋਈ ਰਿਪੋਰਟ ਮਿਲਦੀ, ਤਾਂ ਉਸਨੂੰ ਵੱਖਰੇ ਢੰਗ ਨਾਲ ਸਮਝਾ ਕੇ ਦੱਸਣਾ, ਤਾਂ ਕਿ ਉਹ ਚੰਗੀ ਤਰ੍ਹਾਂ ਸਮਝ ਸਕਣ। ਗੁਰਲੀਨ ਦੇ ਮਾਪੇ ਅਤੇ ਉਨ੍ਹਾਂ ਦੇ ਬਜ਼ੁਰਗ ਪੰਜਾਬੀ ਬੋਲਦੇ ਹਨ ਅਤੇ ਅੰਗਰੇਜ਼ੀ ਵਿਚ ਉਨ੍ਹਾਂ ਦੀ ਸਮਝ ਵੱਖ-ਵੱਖ ਪੱਧਰ ਦੀ ਹੈ। ਗੁਰਲੀਨ ਦੀ ਮਾਂ ਸੁਖਬਿੰਦਰ ਕੌਰ ਚਹਿਲ ਕਹਿੰਦੇ ਹਨ ਕਿ ਹਾਲਾਂਕਿ ਪਰਿਵਾਰ ਦੇ ਮੈਂਬਰ ਆਮ ਤੌਰ ‘ਤੇ ਦੂਜੀ ਭਾਸ਼ਾ ਵਜੋਂ ਅੰਗਰੇਜ਼ੀ ਠੀਕ-ਠਾਕ ਸਮਝ ਲੈਂਦੇ ਹਨ, ਪਰ ਜਦੋਂ ਡਾਕਟਰ ਦੀ ਤਕਨੀਕੀ ਜਾਂ ਮੈਡੀਕਲ ਸਲਾਹ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਗੁਰਲੀਨ ਵਰਗੇ ਕਿਸੇ ਹੋਰ ਮਹਾਰਤ ਵਾਲੇ ਦੀ ਲੋੜ ਪੈਂਦੀ ਹੈ, ਜੋ ਇਹ ਸਾਰੀਆਂ ਗੱਲਾਂ ਢੰਗ ਨਾਲ ਸਮਝਾ ਸਕੇ। ਉਨ੍ਹਾਂ ਕਿਹਾ ਕਿ ਗੁਰਲੀਨ ਜਾਂ ਕਿਸੇ ਹੋਰ ਨੂੰ ਉਨ੍ਹਾਂ ਦੇ ਨਾਲ ਜਾਣਾ ਪੈਂਦਾ ਹੈ, ਤਾਂ ਜੋ ਉਹ ਦਵਾਈਆਂ ਬਾਰੇ ਜਾਂ ਡਾਕਟਰ ਨੇ ਜੋ ਕੁਝ ਆਖਿਆ, ਉਹ ਅਨੁਵਾਦ ਕਰਕੇ ਸਮਝਾ ਸਕਣ। ਇਸ ਕਰਕੇ ਉਨ੍ਹਾਂ ਨੂੰ ਹਮੇਸ਼ਾਂ ਆਪਣੇ ਨਾਲ ਕਿਸੇ ਦੀ ਲੋੜ ਰਹਿੰਦੀ ਹੈ।

