Breaking News
Home / ਮੁੱਖ ਲੇਖ / ਸਿੰਧੀ ਸਮਾਜ ਨੂੰ ਗੁਰੂ ਨਾਨਕ ਨਿਰਮਲ ਪੰਥ ਦੇ ਨਿੱਘੇ ਕਲਾਵੇ ‘ਚ ਲੈਣ ਦੀ ਲੋੜ

ਸਿੰਧੀ ਸਮਾਜ ਨੂੰ ਗੁਰੂ ਨਾਨਕ ਨਿਰਮਲ ਪੰਥ ਦੇ ਨਿੱਘੇ ਕਲਾਵੇ ‘ਚ ਲੈਣ ਦੀ ਲੋੜ

ਤਲਵਿੰਦਰ ਸਿੰਘ ਬੁੱਟਰ
‘ਅਸੀਂ ਵੱਡ-ਵਡੇਰਿਆਂ ਤੋਂ ਬਾਬਾ ਗੁਰੂ ਨਾਨਕ ਜੀ ਦੇ ਸ਼ਰਧਾਲੂ ਹਾਂ ਅਤੇ ਸਾਡਾ ਗੁਰਬਾਣੀ ਵਿਚ ਅਟੁੱਟ ਵਿਸ਼ਵਾਸ ਹੈ ਪਰ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਅਸੀਂ ਆਪਣੀਆਂ ਧਰਮਸਾਲਾਵਾਂ ਨੂੰ ਮੰਦਰਾਂ ਵਿਚ ਤਬਦੀਲ ਕਰ ਲਈਏ ਅਤੇ ਸਿੱਖ ਧਰਮ ਛੱਡ ਕੇ ਸਨਾਤਨ ਮਤ ਦੇ ਧਾਰਨੀ ਬਣ ਜਾਈਏ।’ ਇਹ ਸ਼ਬਦ ਪਿਛਲੇ ਦਿਨੀਂ ਇੰਦੌਰ ਵਿਚ, ਸਿੰਧੀ ਪਰਿਵਾਰਾਂ ਕੋਲੋਂ ਸਤਿਕਾਰ ਕਮੇਟੀ ਵਲੋਂ ਮਰਿਆਦਾ ਦੇ ਨਾਂਅ ‘ਤੇ ਡਰਾ-ਧਮਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਪਸ ਲੈਣ ਦੀ ਕਾਰਵਾਈ ਤੋਂ ਬਾਅਦ, ਸਿੰਧੀ ਆਗੂਆਂ ਨੇ ਗਚ ਭਰਦਿਆਂ ਮੀਡੀਆ ਸਾਹਮਣੇ ਆਖੇ ਸਨ। ਪੰਜਾਬ ਤੋਂ ਗਈ ਸਤਿਕਾਰ ਕਮੇਟੀ ਨੇ ਇੰਦੌਰ ਦੀ ਇਕ ਸਿੰਧੀ ਧਰਮਸਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਕਰਮ-ਕਾਂਡ ਅਤੇ ਮਨਮਤਿ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ, ਇੰਦੌਰ ਦੇ ਸਮੁੱਚੇ ਸਿੰਧੀ ਪਰਿਵਾਰਾਂ ਨੂੰ ਚਿਤਾਵਨੀ ਦੇ ਦਿੱਤੀ ਸੀ ਕਿ ਉਹ ਮਰਿਆਦਾ ਦਾ ਪਾਲਣ ਨਹੀਂ ਕਰ ਰਹੇ, ਜਿਸ ਕਾਰਨ ਘਰਾਂ ‘ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਪਸ ਕਰ ਦੇਣ। ਨਰਮ ਅਤੇ ਉਦਾਰ ਸੁਭਾਅ ਵਾਲੇ ਸਿੰਧੀ ਸਮਾਜ ਦੇ ਅਨੇਕਾਂ ਪਰਿਵਾਰਾਂ ਨੇ 92 ਦੇ ਕਰੀਬ ਪਾਵਨ ਸਰੂਪ ਗੁਰਦੁਆਰਾ ਇਮਲੀ ਸਾਹਿਬ ਪਹੁੰਚਾ ਦਿੱਤੇ, ਜਿਨ੍ਹਾਂ ਵਿਚੋਂ ਬਹੁਤ ਸਾਰੇ ਪੁਰਾਤਨ ਹੱਥ-ਲਿਖਤ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਕਤ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਸਿੰਧੀ ਸਮਾਜ ਨੂੰ ਖੌਫ਼ਜ਼ਦਾ ਕਰਨ ਵਾਲੇ ਸਿੱਖ ਆਗੂਆਂ ਨੂੰ ਤਲਬ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਵਫ਼ਦ ਭੇਜ ਕੇ ਜਿੱਥੇ ਸਿੰਧੀ ਪਰਿਵਾਰਾਂ ਨੂੰ ਭਰੋਸੇ ਵਿਚ ਲਿਆ, ਉੱਥੇ ਉਨ੍ਹਾਂ ਨੂੰ ਪਾਵਨ ਸਰੂਪ ਵਾਪਸ ਵੀ ਕਰਵਾ ਦਿੱਤੇ ਹਨ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨ ਰਾਜਸਥਾਨ ਤੋਂ 5 ਪ੍ਰਚਾਰਕ ਹੁਣ ਪੱਕੇ ਤੌਰ ‘ਤੇ ਇੰਦੌਰ ਵਿਖੇ ਰਹਿ ਕੇ ਸਿੰਧੀ ਸਮਾਜ ਵਿਚ ਸਿੱਖ ਰਹਿਤ ਮਰਿਆਦਾ ਸਬੰਧੀ ਜਾਗਰੂਕਤਾ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣਗੇ।
ਸਿੰਧੀ ਸਮਾਜ ਦਾ ਸਿੱਖ ਧਰਮ ਨਾਲ ਰਿਸ਼ਤਾ ਲਗਪਗ 5 ਸਦੀਆਂ ਤੋਂ ਜੁੜਿਆ ਹੋਇਆ ਹੈ। ਭਾਵੇਂਕਿ ਸਿੰਧ ਸੂਬੇ ਵਿਚ ਰਹਿਣ ਵਾਲੇ ਸਿੰਧੀ ਅਖਵਾਉਂਦੇ ਹਨ ਪਰ ਸਿੰਧੀ ਸਮਾਜ ਦੇ ਲੋਕ ਆਪਣਾ ਸਬੰਧ ਸਿੰਧੂ ਘਾਟੀ ਦੀ ਸਭਿਅਤਾ ਨਾਲ ਵੀ ਦੱਸਦੇ ਹਨ। ਇਤਿਹਾਸ ਮੁਤਾਬਿਕ 1508 ਈਸਵੀ ਦੇ ਆਸ-ਪਾਸ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਤੇ ਮਦੀਨਾ ਨੂੰ ਜਾਂਦੇ ਹੋਏ ਭੁਜ ਅਤੇ ਕੱਛ ਗਏ ਸਨ। ਇਸ ਦੌਰਾਨ ਉੱਥੇ ਬਹੁਤ ਸਾਰੇ ਸਿੰਧੀ ਹਿੰਦੂ, ਮੁਸਲਮਾਨ ਅਤੇ ਸੂਫ਼ੀਆਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਸਿੰਧੀ ਸਮਾਜ ਉਸ ਵੇਲੇ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁਰੀਦ ਬਣ ਗਿਆ। ਕੁਝ ਸਮਾਂ ਬਾਅਦ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਵੀ ਇਸ ਇਲਾਕੇ ‘ਚ ਫੇਰੀ ਪਾਈ ਤਾਂ ਇਸ ਸਮਾਜ ਦੀ ਗੁਰੂ ਨਾਨਕ ਸਾਹਿਬ ਪ੍ਰਤੀ ਆਸਥਾ ਹੋਰ ਪਕੇਰੀ ਹੋ ਗਈ। ਸਿੰਧੀਆਂ ਵਲੋਂ ਆਪਣੀਆਂ ਧਰਮਸਾਲਾਵਾਂ ਵਿਚ ਵੀ ਗੁਰਬਾਣੀ ਦਾ ਅਧਿਐਨ ਅਤੇ ਗਾਇਨ ਕੀਤਾ ਜਾਣ ਲੱਗਾ। ਉਹ ਨਨਕਾਣਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ-ਦੀਦਾਰੇ ਕਰਨ ਆਉਣ ਲੱਗੇ। ਸਿੰਧੀਆਂ ਦੀ ਆਬਾਦੀ ਕੱਛ ਅਤੇ ਭੁਜ ਤੋਂ ਕਰਾਚੀ, ਹੈਦਰਾਬਾਦ ਤੱਕ ਫੈਲੀ ਹੋਈ ਸੀ। ਸੰਨ 1927 ਦੌਰਾਨ ਸਿੰਘ ਸਭਾ ਲਹਿਰ ਵੇਲੇ ਬਾਬਾ ਥਹਰੀਆ ਸਿੰਘ ਨੂੰ ਚੀਫ਼ ਖ਼ਾਲਸਾ ਦੀਵਾਨ ਵਲੋਂ ਸਿੰਧੀ ਸਿੱਖਾਂ ਵਿਚ ਗੁਰਮਤਿ ਦਾ ਪ੍ਰਚਾਰ ਕਰਨ ਲਈ ਭੇਜਿਆ ਗਿਆ ਅਤੇ ਉਨ੍ਹਾਂ ਨੇ ਸਿੰਧ ਦੇ ਕੰਧਾਨਗਰ (ਜ਼ਿਲ੍ਹਾ ਸਖਰਾ) ਨੂੰ ਆਪਣਾ ਕੇਂਦਰ ਬਣਾ ਕੇ ਸਿੰਧੀ ਸਿੱਖਾਂ ਨੂੰ ਗੁਰਮਤਿ ਵਿਚ ਪ੍ਰਪੱਕ ਕੀਤਾ। ਸਖਰਾ ਜ਼ਿਲ੍ਹੇ ਦੇ ਆਸ-ਪਾਸ ਦੇ ਇਲਾਕਿਆਂ ‘ਚ ਸਿੱਖਾਂ ਦੀ ਆਬਾਦੀ, ਜੋ ਸੰਨ 1901 ਦੀ ਮਰਦਮਸ਼ੁਮਾਰੀ ਦੌਰਾਨ ਕੇਵਲ 1 ਹਜ਼ਾਰ ਦੇ ਕਰੀਬ ਸੀ, ਉਹ 1941 ਵਿਚ 40 ਹਜ਼ਾਰ ਨੂੰ ਪਾਰ ਕਰ ਗਈ। ਭਾਰਤ-ਪਾਕਿ ਵੰਡ ਤੋਂ ਬਾਅਦ ਬਹੁਤ ਸਾਰੇ ਸਿੰਧੀ ਪਰਿਵਾਰ ਸਿੰਧ ਸੂਬੇ ਤੋਂ ਹਿਜਰਤ ਕਰਕੇ ਭਾਰਤ ਦੇ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਆ ਕੇ ਵੱਸ ਗਏ। ਭਾਰਤ ਵਿਚ ਇਸ ਵੇਲੇ ਸਿੰਧੀ ਭਾਈਚਾਰੇ ਦੀ ਆਬਾਦੀ 2 ਲੱਖ ਦੇ ਆਸ-ਪਾਸ ਮੰਨੀ ਜਾਂਦੀ ਹੈ।
ਨਿਰਸੰਦੇਹ ਸਿੱਖ ਰਾਜ ਦਾ ਸੂਰਜ ਅਸਤ ਹੋਣ ਤੋਂ ਬਾਅਦ ਸਿੱਖ ਸਮਾਜ ਅੰਦਰ ਆਏ ਸਿਧਾਂਤਕ ਤੇ ਧਾਰਮਿਕ ਨਿਘਾਰ ਨੂੰ ਦੂਰ ਕਰਨ ਲਈ ਸਿੰਘ ਸਭਾ ਲਹਿਰ ਨੇ ਤਾਂ ਵੱਡੀ ਪੁਨਰ-ਜਾਗ੍ਰਿਤੀ ਲਿਆਂਦੀ ਪਰ ਇਸ ਤੋਂ ਬਾਅਦ ਪੰਥਕ ਸੰਸਥਾਵਾਂ ਬਹੁਤ ਸਾਰੇ ਗੁਰੂ ਨਾਨਕ ਨਾਮ ਲੇਵਾ ਭਾਈਚਾਰਿਆਂ ਨੂੰ ਸਿੱਖ ਧਰਮ ਦੀ ਮੁੱਖ ਧਾਰਾ ਨਾਲ ਜੋੜੀ ਰੱਖਣ ਵਿਚ ਅਸਫਲ ਸਿੱਧ ਹੋਈਆਂ ਹਨ। ਸਿੰਧੀਆਂ ਤੋਂ ਇਲਾਵਾ ਸਤਿਨਾਮੀਏ, ਜੌਹਰੀ, ਆਸਾਮੀ, ਖੋਸਤੀ, ਮਰਦਾਨੇ ਕੇ, ਉਦਾਸੀ, ਨਿਰਮਲੇ, ਅਫ਼ਗਾਨੀ, ਥਾਰੂ, ਲਾਮੇ, ਨਿਰੰਕਾਰੀ, ਨਾਮਧਾਰੀ ਅਤੇ ਰਾਧਾ ਸੁਆਮੀ ਆਦਿ ਵੀ ਸਿੱਖ ਪੰਥ ਦੀ ਮੁੱਖ ਧਾਰਾ ਤੋਂ ਟੁੱਟਦੇ-ਟੁੱਟਦੇ ਟੁੱਟ ਗਏ। ਨਹੀਂ ਤਾਂ ਅੱਜ ਦੁਨੀਆ ਭਰ ‘ਚ ਗੁਰੂ ਨਾਨਕ ਨਾਮ ਲੇਵਾ ਸਿੱਖ ਸਮਾਜ ਦੀ ਆਬਾਦੀ ਸਵਾ 14 ਕਰੋੜ ਦੇ ਲਗਪਗ ਹੋਣੀ ਸੀ। ਸਿਕਲੀਗਰ ਅਤੇ ਵਣਜਾਰੇ ਸਿੱਖ ਆਰਥਿਕ ਪੱਛੜੇਪਨ ਅਤੇ ਪੰਥਕ ਸੰਸਥਾਵਾਂ ਦੇ ਅਣਗੌਲੇਪਨ ਦੇ ਬਾਵਜੂਦ ਆਪਣੇ ਸਿਦਕ ਲਈ ਸੰਘਰਸ਼ ਕਰ ਰਹੇ ਹਨ।
ਸਿੰਧੀ ਸਿੱਖ ਬੇਸ਼ੱਕ ਅੱਜ ਪੂਰੀ ਤਰ੍ਹਾਂ ਸਿੱਖ ਧਰਮ ਦੀ ਮੁੱਖ ਧਾਰਾ ਵਿਚ ਨਹੀਂ ਹਨ ਪਰ ਇਸ ਦੇ ਬਾਵਜੂਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਆਪਣੀ ਆਸਥਾ ਕਿਸੇ ਵੀ ਤਰ੍ਹਾਂ ਅੰਮ੍ਰਿਤਧਾਰੀ ਸਿੱਖਾਂ ਨਾਲੋਂ ਘੱਟ ਨਹੀਂ ਰੱਖਦੇ। ਕੇਸਾਂ ਦੀ ਰਹਿਤ ਰੱਖਣ ਵਿਚ ਪ੍ਰਪੱਕ ਨਾ ਹੋਣ ਦੇ ਬਾਵਜੂਦ ਉਹ ਆਪਣੇ ਜੀਵਨ ਦੇ ਸਾਰੇ ਸੰਸਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਕਰਦੇ ਹਨ। ਪ੍ਰਮੁੱਖ ਸਿੱਖ ਸੰਸਥਾਵਾਂ ਦੇ ਅਵੇਸਲੇਪਨ ਦੌਰਾਨ ਇਨ੍ਹਾਂ ਦਾ ਝੁਕਾਅ ਨਿਰਮਲੇ ਤੇ ਉਦਾਸੀ ਸੰਪਰਦਾਵਾਂ ਵੱਲ ਵਧਿਆ, ਜਿਸ ਕਾਰਨ ਸਿੰਧੀ ਸਮਾਜ ਵਿਚ ਸਿੱਖ ਅਤੇ ਹਿੰਦੂ ਸੰਸਕਾਰਾਂ ਦਾ ਰਲਿਆ-ਮਿਲਿਆ ਪ੍ਰਭਾਵ ਦਿਖਾਈ ਦਿੰਦਾ ਹੈ। ਇਹ ਮੂਰਤੀ ਪੂਜਾ ਵੀ ਕਰਦੇ ਹਨ ਪਰ ਗੁਰਬਾਣੀ ਪੜ੍ਹਨ ਅਤੇ ਸ਼ਰਧਾ-ਸੇਵਾ ਵਿਚ ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਸਿੰਧੀਆਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਹੈ। ਉੱਥੇ ਇਨ੍ਹਾਂ ਦੀ ਸੇਵਾ ਭਾਵਨਾ ਅਤੇ ਸ਼ਰਧਾ ਵੇਖਣ ਹੀ ਵਾਲੀ ਹੁੰਦੀ ਹੈ। ਲੰਗਰਾਂ ਤੋਂ ਲੈ ਕੇ ਜੋੜਿਆਂ ਦੀ ਸੇਵਾ ਤੱਕ ਇਹ ਇਕ ਦੂਜੇ ਤੋਂ ਅੱਗੇ ਹੋ ਕੇ ਤਤਪਰ ਦਿਖਾਈ ਦਿੰਦੇ ਹਨ। ਪਾਕਿਸਤਾਨੀ ਸਿੰਧੀ ਸਮਾਜ ਬੇਸ਼ੱਕ ਵੱਡੀ ਗਿਣਤੀ ਵਿਚ ਸਹਿਜਧਾਰੀ ਹੈ ਪਰ ਉਨ੍ਹਾਂ ਦੀ ਅਗਲੀ ਪੀੜ੍ਹੀ ਸਾਬਤ-ਸੂਰਤ ਸਿੱਖ ਬਣ ਰਹੀ ਹੈ। ਸਿੰਧ ਦੇ ਗੁਰਦੁਆਰਿਆਂ ਤੇ ਧਰਮਸਾਲਾਵਾਂ ਵਿਚ ਜ਼ਿਆਦਾਤਰ ਗ੍ਰੰਥੀ ਸਹਿਜਧਾਰੀ ਹਨ ਪਰ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਸਿੰਧੀ ਸਮਾਜ ਦੇ ਬੱਚਿਆਂ ਨੂੰ ਗੁਰਬਾਣੀ ਤੇ ਕੀਰਤਨ ਦੀ ਸਿਖਲਾਈ ਦੇਣ ਪ੍ਰਤੀ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਅ ਰਹੇ ਹਨ। ਸਿੰਧੀ ਸਿੱਖਾਂ ਨੇ ਪਾਕਿਸਤਾਨ ਵਿਚ ਆਪਣੀ ਆਸਥਾ ਨੂੰ ਕਾਇਮ ਰੱਖਣ ਲਈ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਵੀ ਕੀਤਾ ਹੈ।
ਭਾਰਤ ਵਿਚ ਰਹਿੰਦੇ ਸਿੰਧੀ ਵੀ ਸਹਿਜਧਾਰੀ ਸਿੱਖ ਅਖਵਾਉਣਾ ਪਸੰਦ ਕਰਦੇ ਹਨ ਅਤੇ ਗੁਰਬਾਣੀ ਪ੍ਰਤੀ ਉਨ੍ਹਾਂ ਦੀ ਆਸਥਾ ਮਿਸਾਲੀ ਹੈ। ਇਸੇ ਕਾਰਨ ਹੀ ਸਿੰਧੀ ਪਰਿਵਾਰਾਂ ਵਿਚ ਆਪਣੇ ਘਰਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕਰਨਾ ਵੱਡੇ ਭਾਗਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇੰਦੌਰ ਵਿਚ ਵੀ ਲਗਪਗ ਹਰ ਸਿੰਧੀ ਪਰਿਵਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇਹ ਗੱਲ ਤਾਂ ਵਾਜਬ ਹੋ ਸਕਦੀ ਹੈ ਕਿ ਪੂਰੀ ਤਰ੍ਹਾਂ ਸਿੱਖ ਰਹਿਤ ਮਰਿਆਦਾ ਤੋਂ ਜਾਣੂ ਨਾ ਹੋਣ ਕਾਰਨ ਸਿੰਧੀ ਸਮਾਜ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦਾ ਪੂਰਨ ਨਿਭਾਅ ਨਾ ਕਰ ਸਕਦੇ ਹੋਣ ਪਰ ਉਨ੍ਹਾਂ ਦੀ ਸ਼ਰਧਾ ਅਤੇ ਭਾਵਨਾ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਨੂੰ ਮਰਿਆਦਾ ਦੇ ਨਾਂਅ ‘ਤੇ ਡਰਾ-ਧਮਕਾ ਕੇ ਸਿੱਖ ਧਰਮ ਤੋਂ ਦੂਰ ਕਰਨਾ, ਉਨ੍ਹਾਂ ਨੂੰ ਆਪਣੀ ਆਸਥਾ ਤੋਂ ਵਾਂਝੇ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ-ਵਿਆਪੀ ਉਪਦੇਸ਼ ਨੂੰ ਸੌੜੀਆਂ ਦੀਵਾਰਾਂ ਵਿਚ ਕੈਦ ਕਰਨ ਦੇ ਤੁੱਲ ਹੋਵੇਗਾ। ਬਲਕਿ ਲੋੜ ਤਾਂ ਸਿੰਧੀ ਤੇ ਹੋਰ ਗੁਰੂ ਨਾਨਕ ਨਾਮ ਲੇਵਾ ਭਾਈਚਾਰਿਆਂ ਨੂੰ ਪਿਆਰ ਅਤੇ ਸਤਿਕਾਰ ਨਾਲ ਗਲਵੱਕੜੀ ਵਿਚ ਲੈ ਕੇ ਮਰਿਆਦਾ ਅਤੇ ਸਿੱਖ ਰਹੁ-ਰੀਤਾਂ ਵਿਚ ਪੂਰੀ ਤਰ੍ਹਾਂ ਸਿੱਖਿਅਤ ਤੇ ਪ੍ਰਪੱਕ ਕਰਨ ਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਪਾਵਨ ਮਰਿਆਦਾ ਦੇ ਨਾਂਅ ‘ਤੇ ਗੁਰੂ ਨਾਨਕ ਨਾਮ ਲੇਵਾ ਭਾਈਚਾਰਿਆਂ ਨੂੰ ਸਿੱਖ ਧਰਮ ਤੋਂ ਦੂਰ ਕਰਨ ਵਾਲੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਜਿੱਥੇ ਸਤਿਕਾਰ ਕਮੇਟੀਆਂ ਨੂੰ ਢੁਕਵੇਂ ਆਦੇਸ਼ ਦੇਣੇ ਚਾਹੀਦੇ ਹਨ, ਉੱਥੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਕਾਇਦੇ-ਨਿਯਮ ਵੀ ਨਿਰਧਾਰਿਤ ਕਰਨੇ ਚਾਹੀਦੇ ਹਨ ਤਾਂ ਜੋ ਪਾਵਨ ਮਰਿਆਦਾ ਨੂੰ ਆਪੋ-ਆਪਣੇ ਤਰੀਕੇ ਨਾਲ ਪਰਿਭਾਸ਼ਿਤ ਕਰਕੇ ਗੁਰੂ ਨਾਨਕ ਨਾਮ ਲੇਵਾ ਅਤੇ ਸਿੱਖਾਂ ਦੇ ਘਰਾਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਬਰੀ ਲਿਜਾਣ ਵਰਗੇ ਰੁਝਾਨ ਨੂੰ ਵੀ ਠੱਲ੍ਹਿਆ ਜਾ ਸਕੇ।

Check Also

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਦੀ ਪ੍ਰਸੰਗਿਕਤਾ

ਤਲਵਿੰਦਰ ਸਿੰਘ ਬੁੱਟਰ ਸੰਸਾਰ ਇਤਿਹਾਸ ਵਿਚ ਆਪਣੇ ਅਕੀਦੇ ਅਤੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ …