Breaking News
Home / ਮੁੱਖ ਲੇਖ / ਕਰੋਨਾ ਵਾਇਰਸ : ਡਰਨ ਦੀ ਥਾਂ ਸੁਚੇਤ ਹੋਣ ਦੀ ਲੋੜ

ਕਰੋਨਾ ਵਾਇਰਸ : ਡਰਨ ਦੀ ਥਾਂ ਸੁਚੇਤ ਹੋਣ ਦੀ ਲੋੜ

ਡਾ. ਸ਼ਿਆਮ ਸੁੰਦਰ ਦੀਪਤੀ
ਭਾਰਤ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਨੇ ਕੀਤਾ ਸੈਂਕੜਾ ਪਾਰ। ਕੁਲ ਮਰੀਜ਼ ਹੋਏ 105, ਦੋ ਦੀ ਮੌਤ। ਸਕੂਲਾਂ, ਕਾਲਜਾਂ ਦੇ ਨਾਲ-ਨਾਲ ਰੈਸਟੋਰੈਂਟ, ਮਾਲ, ਸਿਨੇਮਾ ਘਰ ਵੀ ਰਹਿਣਗੇ ਬੰਦ। ਪ੍ਰਧਾਨ ਮੰਤਰੀ ਦਾ ਵਿਦੇਸ਼ ਦੌਰਾ ਰੱਦ। ਤੁਸੀਂ ਇਹ ਖ਼ਬਰ ਸੁਣਦੇ ਹੋ ਜਾਂ ਅਖਬਾਰ ਦੇ ਪਹਿਲੇ ਸਫੇ ਦੀ ਸੁਰਖੀ ਵਿਚ ਪੜ੍ਹਦੇ ਹੋ ਤਾਂ ਡਰਨਾ ਸੁਭਾਵਕ ਹੈ। ਫਿਰ ਤੁਸੀਂ ਖੁਦ ਨੂੰ ਆਪਣੇ ਘਰ ਅੰਦਰ ਕੈਦ ਕਰ ਲੈਂਦੇ ਹੋ ਅਤੇ ਹੋਰਾਂ ਨੂੰ ਵੀ ਹਦਾਇਤ ਕਰਨ ਲਗਦੇ ਹੋ। ਤੁਸੀਂ ਖੁਦ ਇਸ ਬਾਰੇ ਨਹੀਂ ਸੋਚਦੇ।
ਤੁਸੀਂ ਸਮਝਦੇ ਹੋ ਕਿ ਟੀਵੀ ਸੱਚ ਹੀ ਬੋਲ ਰਿਹਾ ਹੈ ਅਤੇ ਜੇਕਰ ਸਿਹਤ ਮੰਤਰੀ ਖੁਦ ਬਿਆਨ ਦੇ ਰਿਹਾ ਹੋਵੇ, ਫਿਰ ਤਾਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਟੀਵੀ ਵਾਲੇ ਲੋਕਾਂ ਨੇ ਵੀ ਕਦੇ ਮਿਲ ਬੈਠ ਕੇ ਵਿਚਾਰ ਨਹੀਂ ਕੀਤੀ ਹੋਣੀ ਕਿ ਇਸ ਖ਼ਬਰ ਨੂੰ ਆਮ ਲੋਕਾਂ ਤਕ ਕਿਸ ਢੰਗ ਨਾਲ ਪੇਸ਼ ਕਰਨਾ ਹੈ। ਲੋਕਾਂ ਨੂੰ ਸੁਚੇਤ ਕਰਨਾ ਹੈ ਕਿ ਉਨ੍ਹਾਂ ਨੂੰ ਡਰਾਉਣਾ ਹੈ। ਆਮ ਤੌਰ ਤੇ ਇਉਂ ਲਗਦਾ ਹੈ ਕਿ ਡਰਾਉਣ ਨੂੰ ਹੀ ਸੁਚੇਤ ਕਰਨ ਦਾ ਬਦਲ ਮੰਨ ਲਿਆ ਗਿਆ ਹੈ ਜਦੋਂਕਿ ਡਰ ਦੇ ਆਪਣੇ ਨੁਕਸਾਨ ਹਨ ਅਤੇ ਸੁਚੇਤ ਕਰਨ ਦੇ ਵਿਸ਼ੇਸ਼ ਫਾਇਦੇ।
ਤਾਜ਼ਾ ਖ਼ਬਰਾਂ ਅਨੁਸਾਰ ਦੁਨੀਆਂ ਭਰ ਵਿਚ ਕਰੋਨਾ ਦੇ ਕੇਸਾਂ ਦੀ ਗਿਣਤੀ ਡੇਢ ਲੱਖ ਤੋਂ ਉਪਰ ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ ਛੇ ਹਜ਼ਾਰ । ਇਹ ਖ਼ਬਰ/ਰਿਪੋਰਟ ਠੀਕ ਹੈ ਪਰ ਜੋ ਸੂਚਨਾ ਗਾਇਬ ਹੈ, ਉਹ ਇਹ ਹੈ ਕਿ ਇਨ੍ਹਾਂ ਡੇਢ ਲੱਖ ਕੇਸਾਂ ਵਿਚੋਂ 80000 ਲੋਕ ਠੀਕ ਹੋਏ ਹਨ ਅਤੇ ਬਾਕੀ ਕਾਫ਼ੀ ਗਿਣਤੀ ਸਿਰਫ਼ ਸ਼ੱਕੀ ਸਨ ਜਾਂ ਹਲਕੇ ਲੱਛਣਾਂ ਵਾਲੇ ਸਨ ਜਿਨ੍ਹਾਂ ਨੂੰ ਕੁਝ ਨਹੀਂ ਹੋਇਆ ਤੇ ਨਾ ਹੀ ਕਿਸੇ ਦਵਾਈ ਦੀ ਲੋੜ ਪਈ। ਇਹ ਅਨੁਪਾਤ ਸਮਝਿਆ ਜਾਵੇ ਤਾਂ ਡਰ ਦੀ ਮਿਕਦਾਰ ਘੱਟ ਹੋ ਸਕਦੀ ਹੈ।
ਜਰਮਾਂ ਦੀ ਇਕ ਕਿਸਮ ਵਾਇਰਸ, ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਇਤਿਹਾਸ ਨਵਾਂ ਨਹੀਂ ਹੈ। ਚੇਚਕ, ਖਸਰਾ, ਚਿਕਨਪਾੱਕਸ ਤੇ ਫਿਰ ਡੇਂਗੂ, ਚਿਕਨਗੁਨੀਆ ਦੇ ਨਾਂ ਅਸੀਂ ਜਾਣਦੇ ਹਾਂ। ਪਿਛਲੇ ਵੀਹ ਸਾਲਾਂ ਦੌਰਾਨ ਵਾਇਰਲ ਬਿਮਾਰੀਆਂ ਦੇ ਹਮਲੇ ਵਿਚ ਸਵਾਈਨ ਫਲੂ, ਸਾਰਸ ਨੇ ਵੀ ਸਾਨੂੰ ਕਾਫੀ ਡਰਾਇਆ ਹੈ। ਸਾਰਸ ਦੀ ਬਿਮਾਰੀ ਫੈਲਦੀ ਹੋਲੀ ਸੀ ਪਰ ਮੌਤ ਦਰ ਕਾਫ਼ੀ ਜ਼ਿਆਦਾ ਸੀ, ਤਕਰੀਬਨ 10 ਫੀਸਦੀ। ਵਾਇਰਲ ਬੁਖ਼ਾਰ ਨਾਲ ਹਰ ਘਰ ਹੀ ਪੀੜਤ ਹੁੰਦਾ ਹੈ, ਖਾਸ ਕਰਕੇ ਜਦੋਂ ਮੌਸਮ ਬਦਲਦਾ ਹੈ।
ਸਾਰਸ, ਮਰਸ ਦੀ ਲੜੀ ਵਿਚ ਇਸ ਪਰਿਵਾਰ ਦੇ ਵਾਇਰਸ ਦਾ ਹੀ ਨਵਾਂ ਰੂਪ ਹੈ ਕਰੋਨਾ। ਵਾਇਰਸ ਦੀ ਇਹ ਖਾਸੀਅਤ ਹੈ ਕਿ ਇਹ ਆਪਣੀ ਬਣਤਰ ਵਿਚ ਬਦਲਾਓ ਲਿਆਉਣ ਦਾ ਮਾਹਿਰ ਹੁੰਦਾ ਹੈ ਤੇ ਕੁਝ ਸਮਾਂ ਪਾ ਕੇ ਨਵੇਂ ਅਤੇ ਪਹਿਲੇ ਵਾਲੇ ਰੂਪ ਤੋਂ ਵੱਧ ਘਾਤਕ ਹੋ ਕੇ ਸਾਹਮਣੇ ਆਉਂਦਾ ਹੈ। ਇਹ ਨਵਾਂ ਕਰੋਨਾ ਪਰਿਵਾਰ ਦਾ ਕੋਵਿਡ-19 ਨਾਂ ਦਾ ਵਾਇਰਸ ਉਸੇ ਤਰ੍ਹਾਂ ਦਾ ਹੈ। ਇਸ ਦਾ ਪਹਿਲਾ ਕੇਸ 31 ਦਸੰਬਰ 2019 ਨੂੰ ਰਿਪੋਰਟ ਹੋਇਆ। ਕਿਵੇਂ ਇਹ ਮਨੁੱਖੀ ਸੰਪਰਕ ਵਿਚ ਆਇਆ, ਇਸ ਦੇ ਕਿਆਸ ਲਗਾਏ ਜਾ ਰਹੇ ਹਨ ਤੇ ਕਈ ਮਤ ਸਾਹਮਣੇ ਆਏ ਹਨ। ਚੀਨ ਅਤੇ ਅਮਰੀਕਾ, ਇਕ ਦੂਸਰੇ ਨੂੰ ਦੋਸ਼ੀ ਠਹਿਰਾ ਰਹੇ ਹਨ ਪਰ ਇਕ ਗੱਲ ਤਾਂ ਹੈ ਕਿ ਇਹ ਮਨੁੱਖ ਦੀ ਕੁਦਰਤ ਨਾਲ ਹੱਦੋਂ ਵੱਧ ਛੇੜ-ਛਾੜ ਦਾ ਹੀ ਨਤੀਜਾ ਹੈ।
ਇਸ ਵਾਇਰਸ ਦੇ ਫੈਲਣ ਦੀ ਰਫ਼ਤਾਰ ਕਾਫ਼ੀ ਤੇਜ਼ ਹੈ ਪਰ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਪਹਿਲਿਆਂ ਦੀ ਤੁਲਨਾ ਵਿਚ ਘੱਟ ਹੈ। ਹਰ ਰੋਜ਼ ਗਿਣਤੀ ਵਧ ਰਹੀ ਹੈ ਤੇ ਟੀਵੀ ਦਾ ਹਰ ਨਿਊਜ਼ ਬੁਲਿਟਨ ਇਸ ਤੇ ਨਿਗਰਾਨੀ ਰੱਖ ਰਿਹਾ ਹੈ। ਇਹ ਸੱਚ ਹੈ ਕਿ ਰੋਗੀ ਅਗਾਂਹ 2 ਤੋਂ 3 ਜਣਿਆਂ ਨੂੰ ਰੋਗ ਫੈਲਾ ਸਕਦਾ ਹੈ ਅਤੇ ਇਸ ਮੁਤਾਬਕ ਇਕ ਹਫਤੇ, 7 ਦਿਨਾਂ ਵਿਚ ਕੇਸਾਂ ਦੀ ਗਿਣਤੀ ਦੁਗਣੀ ਤੋਂ ਵੀ ਵੱਧ ਹੋ ਜਾਂਦੀ ਹੈ ਪਰ ਨਾਲ ਹੀ, ਮੌਜੂਦਾ ਕੇਸਾਂ ਅਤੇ ਮੌਤਾਂ ਦੀ ਗਿਣਤੀ ਦੇ ਆਧਾਰ ਤੇ ਦੇਖੀਏ ਤਾਂ ਇਹ 2.7 ਫੀਸਦੀ ਬਣਦੀ ਹੈ। ਇਹ ਠੀਕ ਹੈ ਕਿ ਕਿਸੇ ਦੀ ਵੀ ਮੌਤ ਕਿਉਂ ਹੋਵੇ? ਕਿਸੇ ਇਕ ਦੀ ਵੀ ਮੌਤ ਕਿਉਂ ਹੋਵੇ? ਪਰ ਸਵਾਲ ਬਿਮਾਰੀ ਦੀ ਪ੍ਰਕਿਰਿਆ ਨੂੰ ਸਮਝਣ ਦਾ ਹੈ ਤਾਂ ਜੋ ਉਸ ਮੁਤਾਬਕ ਸਹੀ, ਕਾਰਗਰ ਅਤੇ ਵਿਗਿਆਨਕ ਤਰੀਕੇ ਨਾਲ ਹੱਲ ਸਮਝੇ ਅਤੇ ਅਪਣਾਏ ਜਾਣ।
ਕਰੋਨਾ ਵਾਇਰਸ ਦੀ ਲੰਬਾਈ ਕੋਈ 400-500 ਐੱਨਐੱਮ ਹੈ, ਮਤਲਬ ਇਹ ਬਾਕੀ ਜਰਮਾਂ ਦੇ ਮੁਕਾਬਲੇ ਕੁਝ ਵੱਡੀ ਲੰਬਾਈ ਰੱਖਦਾ ਹੈ ਅਤੇ ਸਰੀਰ ਦੇ ਅੰਦਰ ਜਾਣ ਤੋਂ ਬਚਾਅ ਲਈ ਬਹੁਤ ਬਰੀਕ ਮਾਸਕ ਦੀ ਲੋੜ ਨਹੀਂ ਪੈਂਦੀ। ਇਕ ਗੱਲ ਹੋਰ ਸਮਝਣ ਵਾਲੀ ਹੈ ਕਿ ਇਹ ਹਵਾ ਨਾਲ ਫੈਲਣ ਵਾਲੀ ਬਿਮਾਰੀ ਨਹੀਂ ਜਿਸ ਦਾ ਖ਼ਤਰਾ ਸਗੋਂ ਵੱਧ ਹੁੰਦਾ ਹੈ; ਜਿਵੇਂ ਅਸੀਂ ਹਵਾ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ। ਇਹ ਬੰਦੇ ਦੀਆਂ ਛਿੱਕਾਂ ਅਤੇ ਖੰਘ/ਖਾਂਸੀ ਰਾਹੀਂ ਬਾਹਰ ਨਿਕਲ ਰਹੀਆਂ ਪਾਣੀ-ਰੇਸ਼ੇ ਦੀਆਂ ਬੂੰਦਾਂ ਤੋਂ ਫੈਲਦੀ ਹੈ। ਇਸ ਦੇ ਲਈ ਵੀ ਸਾਡੀ ਬਚਾਅ ਪੱਧਤੀ ਦੀ ਸਮਝ ਵੱਖਰੀ ਹੋ ਜਾਂਦੀ ਹੈ।
ਇਸ ਬਿਮਾਰੀ ਦੀ ਗੰਭੀਰਤਾ ਅਤੇ ਡਰ ਨੂੰ ਸਮਝਣ ਦਾ ਇਕ ਢੰਗ ਇਹ ਵੀ ਹੈ ਕਿ ਤਕਰੀਨ 80 ਫੀਸਦੀ ਕੇਸਾਂ ਵਿਚ ਬਿਮਾਰੀ ਲੱਛਣਾਂ ਤੱਕ ਵੀ ਨਹੀਂ ਪਹੁੰਚਦੀ। ਸਿਰਫ਼ ਵੀਹ ਫੀਸਦੀ ਹੀ ਬਿਮਾਰੀ ਦੇ ਲੱਛਣ ਦਿਖਾਉਂਦੇ ਹਨ ਅਤੇ ਉਨ੍ਹਾਂ ਵਿਚੋਂ ਵੀ 5 ਫੀਸਦੀ ਵਿਚ ਐਮਰਜੈਂਸੀ ਬਣਦੀ ਹੈ ਤੇ ਹਸਪਤਾਲ ਦਾਖਲੇ ਦੀ ਲੋੜ ਪੈਂਦੀ ਹੈ। ਇਹ ਗੱਲ ਹੈ ਕਿ ਇਹ ਸਾਰੇ ਹੀ, ਭਾਵੇਂ ਉਹ ਲੱਛਣ ਦਿਖਾਉਣ ਜਾਂ ਨਾ, ਸਰੀਰ ਅੰਦਰ ਵਾਇਰਸ ਹੋਣ ਕਰਕੇ, ਛਿੱਕਾਂ-ਖਾਂਸੀ ਰਾਹੀਂ ਬਿਮਾਰੀ ਦੇ ਜਰਮ ਅਗਾਂਹ ਜ਼ਰੂਰ ਫੈਲਾ ਸਕਦੇ ਹਨ।
ਬਿਮਾਰੀ ਤੋਂ ਬਚਣ ਦੇ ਉਪਾਅ : ਇਸ ਤਰ੍ਹਾਂ ਬਿਮਾਰੀ ਦੀ ਇਸ ਸਮਝ ਤੋਂ, ਜੋ ਜੀਵਨ ਸ਼ੈਲੀ ਵਿਚ ਬਦਲਾਓ ਕਰਨ ਜਾਂ ਕੁਝ ਸਿਹਤਮੰਦ ਢੰਗ ਅਪਣਾਉਣ ਦੀ ਲੋੜ ਹੈ, ਉਹ ਇਸ ਤਰ੍ਹਾਂ ਹਨ :
ੲ ਕਰੋਨਾ ਵਾਇਰਸ ਦੀ ਲੰਬਾਈ (ਸਾਈਜ਼ ਆਪਾਂ ਜਾਣਿਆ ਹੈ, ਇਸ ਲਈ ਐੱਨ 95, ਮਾਸਕ ਦੀ ਕਿਸੇ ਵੀ ਤਰ੍ਹਾਂ ਲੋੜ ਨਹੀਂ ਹੈ। ਕੋਈ ਵੀ ਆਮ ਮਾਸਕ ਜਾਂ ਰੁਮਾਲ ਨਾਲ ਮੂੰਹ ਢੱਕ ਕੇ ਵੀ ਕੰਮ ਚਲਾਇਆ ਜਾ ਸਕਦਾ ਹੈ।
ੲ ਇਹ ਹਵਾ ਰਾਹੀਂ ਨਹੀਂ ਫੈਲਦਾ। ਖਾਂਸੀ ਜਾਂ ਛਿੱਕ ਦੀਆਂ ਬੂੰਦਾਂ ਨਾਲ ਜਰਮ ਬਾਹਰ ਆਉਂਦੇ ਹਨ, ਇਸ ਲਈ ਮਾਸਕ ਦੀ ਲੋੜ ਲੱਛਣਾਂ ਵਾਲੇ ਬੰਦੇ ਨੂੰ ਹੈ, ਨਾ ਕਿ ਸਿਹਤਮੰਦ ਬੰਦੇ ਨੂੰ। ਹਾਂ, ਜੇ ਤੁਸੀਂ ਸਿਹਤ ਅਮਲੇ ਨਾਲ ਸਬੰਧਿਤ ਹੋ ਤਾਂ ਇਸ ਦੀ ਲੋੜ ਹੈ।
ੲ ਛਿੱਕਾਂ ਤਾਂ ਆਮ ਜੀਵਨ ਦਾ ਹਿੱਸਾ ਹੁੰਦੀਆਂ ਹਨ, ਖਾਸ ਕਰਕੇ ਐਲਰਜੀ ਵਾਲੀ ਥਾਂ। ਇਸ ਮੌਸਮ ਵਿਚ ਫੁੱਲਾਂ ਦੇ ਪਰਾਗ ਕਰਕੇ ਜਾਂ ਪ੍ਰਦੂਸ਼ਣ ਕਰਕੇ। ਇਸ ਲਈ ਛਿੱਕਣ ਦਾ ਸਿਹਤਮੰਦ ਤਰੀਕਾ ਵੀ ਕਾਰਗਰ ਸਿੱਧ ਹੋ ਸਕਦਾ ਹੈ। ਸਾਡਾ ਰਵਾਇਤੀ ਤਰੀਕਾ ਹੈ ਕਿ ਛਿੱਕ ਜਾਂ ਖਾਂਸੀ ਵੇਲੇ, ਦੋਹੇ ਹੱਥ ਹੀ ਨੱਕ-ਮੂੰਹ ਅੱਗੇ ਕਰ ਲਏ ਜਾਂਦੇ ਹਨ ਜੋ ਠੀਕ ਨਹੀਂ ਹੈ। ਇਸ ਤਰ੍ਹਾਂ ਕਰਨ ਨਾਲ ਜਰਮ ਹੱਥ ਤੇ ਆ ਜਾਂਦੇ ਹਨ, ਜਿਥੇ ਉਹ 6 ਤੋਂ 12 ਘੰਟੇ ਤਕ ਜਿਊਂਦੇ ਰਹਿੰਦੇ ਹਨ। ਉਸ ਦੌਰਾਨ ਤੁਸੀਂ ਕਿਸੇ ਮਸ਼ੀਨ ਜਾਂ ਸਮਾਨ ਨੂੰ ਇਸਤੇਮਾਲ ਕਰਦੇ ਹੋ, ਦਰਵਾਜ਼ਾ ਖੋਲ੍ਹਦੇ ਹੋ, ਕਿਸੇ ਨਾਲ ਹੱਥ ਮਿਲਾਉਂਦੇ ਹੋ ਤਾਂ ਤੁਸੀਂ ਉਹ ਜਰਮ ਫੈਲਾ ਰਹੇ ਹੁੰਦੇ ਹੋ।
ਕਰਨਾ ਕੀ ਚਾਹੀਦਾ ਹੈ? : ਛਿੱਕਣ ਜਾਂ ਖਾਂਸੀ ਵੇਲੇ ਰੁਮਾਲ ਜਾਂ ਮਾਸਕ ਦੀ ਵਰਤੋਂ ਨਹੀਂ ਹੋ ਸਕਦੀ ਤਾਂ ਉਸ ਵੇਲੇ ਆਪਣੇ ਬਾਂਹ ਦੀ ਕੂਹਣੀ ਵਿਚ ਛਿੱਕਿਆ ਜਾਵੇ। ਜੇ ਉਥੇ ਕੋਈ ਮੁਸ਼ਕਿਲ ਲੱਗੇ ਤਾਂ ਪੂਰੀ ਬਾਂਹ ਦੀ ਕਮੀਜ਼ ਜਾਂ ਕੋਟੀ ਦੇ ਕੱਪੜੇ ਵਾਲੇ ਕਿਸੇ ਹਿੱਸੇ ਤੇ ਛਿੱਕਿਆ ਜਾਵੇ।
ਇਸੇ ਤਰ੍ਹਾਂ ਇਹ ਜਰਮ ਜੇਕਰ ਕਿਸੇ ਸਮਾਨ, ਦਰਵਾਜ਼ੇ ਜਾਂ ਕਿਸੇ ਹੋਰ ਅਜਿਹੀ ਥਾਂ ਤੇ ਪਹੁੰਚੇ ਹੋਏ ਹੋਣ ਤਾਂ ਕਿਸੇ ਵੀ ਤਰ੍ਹਾਂ ਦੀ ਸ਼ੱਕ ਦੀ ਸੂਰਤ ਵਿਚ ਉਸ ਥਾਂ/ਸਮਾਨ ਨੂੰ ਛੂੰਹਣ ਮਗਰੋਂ, ਉਸ ਹੱਥ ਨੂੰ ਆਪਣੇ ਨੱਕ, ਮੂੰਹ, ਅੱਖਾਂ ਤੋਂ ਬਚਾ ਕੇ ਰੱਖਿਆ ਜਾਵੇ ਅਤੇ ਫੌਰਨ ਹੱਥਾਂ ਨੂੰ ਸਾਬਣ ਨਾਲ ਧੋਇਆ ਜਾਵੇ।
ਸਮਝਣ ਅਤੇ ਸੁਚੇਤ ਹੋਣ ਦੀ ਸਾਧਾਰਨ ਜਿਹੀ ਵਿਧੀ ਹੈ, ਛਿੱਕਣ ਦੀ ਸਿਹਤਮੰਦ ਕਲਾ ਸਿੱਖਣਾ ਅਤੇ ਹੱਥਾਂ ਨੂੰ ਸ਼ੱਕੀ ਥਾਂ ਦੇ ਛੋਹੇ ਜਾਣ ਮਗਰੋਂ ਸਾਬਣ ਨਾਲ ਧੋਣ ਤੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਬਿਮਾਰੀ ਦੇ ਫੈਲਾਅ ਨੂੰ ਰੋਕ ਸਕਦੇ ਹਨ। ਇਸ ਸਮੇਂ ਦੌਰਾਨ ਕਿਸੇ ਨਾਲ ਹੱਥ ਨਾ ਮਿਲਾਇਆ ਜਾਵੇ। ਇਨ੍ਹਾਂ ਦੋ ਆਮ ਅਤੇ ਰੋਜ਼ਮੱਰਾ ਜ਼ਿੰਦਗੀ ਵਿਚ ਅਪਣਾਈਆਂ ਜਾਣ ਵਾਲੀਆਂ ਆਦਤਾਂ ਤੋਂ ਇਲਾਵਾ ਜੋ ਕਰਨ ਦੀ ਲੋੜ ਹੈ ਅਤੇ ਸੁਚੇਤ ਰਹਿਣਾ ਚਾਹੀਦਾ ਹੈ, ਉਹ ਹੈ:
ੲ ਕਿਸੇ ਵੀ ਭੀੜ-ਭੜੱਕੇ ਵਾਲੇ ਇਲਾਕੇ ਦਾ ਹਿੱਸਾ ਬਣਨ ਤੋਂ ਪਰਹੇਜ਼ ਕੀਤਾ ਜਾਵੇ। ਦੇਖਣ ਵਿਚ ਆਇਆ ਹੈ ਕਿ ਜਿਨ੍ਹਾਂ ਲੋਕਾਂ ਵਿਚ ਬਿਮਾਰੀ ਘਾਤਕ ਸਿੱਧ ਹੋਈ ਹੈ, ਉਨ੍ਹਾਂ ਵਿਚ 50 ਫੀਸਦੀ ਉਹ ਸੀ ਜਿਨ੍ਹਾਂ ਨੂੰ ਪਹਿਲਾਂ ਕੋਈ ਹੋਰ ਬਿਮਾਰੀ, ਜਿਵੇਂ ਦਿਲ ਦੀ ਬਿਮਾਰੀ, ਸ਼ੂਗਰ ਰੋਗ, ਦਮਾ ਜਾਂ ਸਾਹ ਦੀ ਬਿਮਾਰੀ ਆਦਿ ਸੀ; ਤੇ ਦੂਸਰੇ ਜੋ ਲੋਕ ਪ੍ਰਭਾਵਿਤ ਹੋਏ ਹਨ, ਉਹ ਹਨ 70 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗ। ਇਸ ਲਈ ਖਾਸ ਤੌਰ ਤੇ ਅਜਿਹੇ ਲੋਕ ਇਕੱਠ ਵਾਲੀ ਥਾਂ ਤੋਂ ਦੂਰ ਰਹਿਣ।
ੲ ਸਭ ਤੋਂ ਵੱਧ ਜ਼ਰੂਰਤ ਪੌਸ਼ਟਿਕ ਖਾਣਾ ਖਾਣ ਦੀ ਹੈ। ਘਰ ਵਿਚ ਆਮ ਬਣਿਆ ਭਰ-ਪੇਟ ਖਾਣਾ ਖਾਓ।
ੲ ਜੇ ਬਿਮਾਰੀ ਦੀ ਸ਼ੁਰੂਆਤ ਹੋਈ ਲਗਦੀ ਹੈ ਜੋ ਸੁੱਕੀ ਖਾਂਸੀ, ਗਲੇ ਦੇ ਖੁਸ਼ਕ ਹੋਣ ਨਾਲ ਹੁੰਦੀ ਹੈ ਤਾਂ ਉਸ ਵੇਲੇ ਗਰਮ ਪਾਣੀ ਜਾਂ ਹੋਰ ਤਰਲ ਪਦਾਰਥ ਵਰਤੇ ਜਾਣ। ਕੋਸੇ ਪਾਣੀ ਜਾਂ ਬੀਟਾਡੀਨ ਨਾਲ ਗਰਾਰੇ ਵੀ ਕੀਤੇ ਜਾ ਸਕਦੇ ਹਨ। ਧਿਆਨ ਰੱਖਿਆ ਜਾਵੇ ਕਿ ਜੇ ਨੱਕ ਵਗਦਾ ਹੈ, ਬਲਗਮ ਆਉਂਦੀ ਹੈ ਤਾਂ ਮਤਲਬ ਤੁਹਾਨੂੰ ਕਰੋਨਾ ਨਹੀਂ ਹੈ।
ੲ ਜੇ ਸੁੱਕੀ ਖਾਂਸੀ ਤੋਂ ਬਾਅਦ ਤੇਜ਼ ਬੁਖਾਰ ਹੁੰਦਾ ਹੈ ਤੇ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਤਾਂ ਡਾਕਟਰ ਕੋਲ ਪਹੁੰਚਣ ਵਿਚ ਦੇਰ ਨਾ ਕੀਤੀ ਜਾਵੇ।
ਇਸ ਤਰ੍ਹਾਂ ਬਿਮਾਰੀ ਨੂੰ ਤਿੰਨ ਪੜਾਅ ਵਿਚ ਸਮਝਣ ਅਤੇ ਉਪਾਅ ਕਰਨ ਦੀ ਲੋੜ ਹੈ। ਸਿਹਤਮੰਦ ਸ਼ਖ਼ਸ ਖਾਂਸੀ ਵਾਲੇ ਜਾਂ ਸ਼ੱਕੀ ਸ਼ਖ਼ਸ ਜੋ ਕਰੋਨਾ ਬਿਮਾਰੀ ਦੇ ਮਰੀਜ਼ ਨੂੰ ਜਾਂ ਵਿਦੇਸ਼ੋਂ ਹੋ ਕੇ ਆਇਆ ਹੈ, ਉਸ ਤੋਂ ਦੂਰ ਰਹਿਣ। ਜੇ ਲੱਛਣ ਹੋ ਜਾਣ ਤਾਂ ਖਾਂਸੀ-ਛਿੱਕ ਦੇ ਸਹੀ ਤਰੀਕੇ ਨੂੰ ਵਰਤਣ। ਸ਼ੱਕ ਵਾਲਾ ਸ਼ਖ਼ਸ ਮਾਸਕ ਪਾਵੇ ਅਤੇ ਕੋਸ਼ਿਸ਼ ਕਰੇ ਕਿ ਆਪਣੇ ਆਪ ਨੂੰ ਘੱਟੋ-ਘੱਟ ਦੋ ਹਫ਼ਤੇ ਅਲੱਗ ਕਰਕੇ ਰੱਖੇ। ਭੀੜ ਵਾਲੀ ਥਾਂ ਤੇ ਨਾ ਜਾਵੇ। ਕੋਸ਼ਿਸ਼ ਹੋਵੇ ਕਿ ਘਰੇ ਰਹਿ ਕੇ ਕੰਮ ਕਰੇ। ਬਿਮਾਰ ਸ਼ਖ਼ਸ ਛੇਤੀ ਤੋਂ ਛੇਤੀ ਹਸਪਤਾਲ ਪਹੁੰਚੇ ਅਤੇ ਕੋਸ਼ਿਸ਼ ਹੋਵੇ ਕਿ ਬਿਮਾਰੀ ਗਲੇ ਤੋਂ ਥੱਲੇ, ਫੇਫੜਿਆਂ ਤਕ ਨਾ ਪਹੁੰਚੇ ਤੇ ਨਿਮੋਨੀਆ ਨਾ ਬਣੇ।
ਹੁਣ ਤੁਸੀਂ ਖੁਦਮਹਿਸੂਸ ਕਰੋਗੇ ਕਿ ਬਿਮਾਰੀ ਭਾਵੇਂ ਲਗਾਤਾਰ ਵਧ ਰਹੀ ਹੈ ਪਰ ਬਚਾਉ ਦੇ ਢੰਗ ਆਮ ਹਨ ਤੇ ਰੋਜ਼ਮੱਰਾ ਜ਼ਿੰਦਗੀ ‘ਚ ਅਪਣਾਏ ਜਾ ਸਕਦੇ ਹਨ। ਅਸਲ ‘ਚ, ਅਸੀਂ ਬਿਮਾਰੀਆਂ ਪ੍ਰਤੀ ਹਰ ਰੋਜ਼, ਨਵੇਂ ਤੋਂ ਨਵੇਂ ਪਹਿਲੂ ਜਾਣ ਰਹੇ ਹਾਂ ਅਤੇ ਸਾਡੇ ਕੋਲ ਆਪਣੀ ਗੱਲ ਪਹੁੰਚਾਉਣ ਦੇ ਨਵੇ ਨਵੇਂ ਸਾਧਨ ਵੀ ਹਨ ਪਰ ਇਹ ਸਾਰੇ ਸਾਧਨ, ਖਾਸ ਕਰ ਸੋਸ਼ਲ ਮੀਡੀਆ, ਗਿਆਨ ਘੱਟ ਪਹੁੰਚਾ ਰਹੇ ਹਨ ਤੇ ਭੰਬਲਭੂਸਾ ਵੱਧ ਪਾ ਰਹੇ ਹਨ। ਇਹ ਲੋਕਾਂ ਨੂੰ ਸੁਚੇਤ ਕਰਨ ਦੀ ਥਾਂ ਡਰ-ਸਹਿਮ ਨਾਲ ਵੱਧ ਤਣਾਉ ਵਿਚ ਪਾ ਰਹੇ ਹਨ। ਡਰਨਾ ਕਹੀਏ ਜਾਂ ਸੁਚੇਤ ਹੋਣ ਦੀ ਲੋੜ ਹੈ ਪਰ ਹਾਲਾਤ ਨੂੰ ਹਊਆਂ ਸਮਝਣ ਵਿਚ ਸਿਆਣਪ ਨਹੀਂ ਹੈ। ਅਸੀਂ ਪਿਛਲੇ ਹਾਲਾਤ ਤੋਂ ਸੰਭਲਣਾ ਵੀ ਸਿੱਖੇ ਹਾਂ ਅਤੇ ਛੇਤੀ ਕਾਬੂ ਪਾਉਣਾ ਵੀ।
ੲੲੲ

Check Also

ਸ਼ਰਾਬ ਤਸਕਰੀ ਨੇ ਹਿਲਾਈਆਂ ਕੈਪਟਨ ਸਰਕਾਰ ਦੀਆਂ ਚੂਲ੍ਹਾਂ

ਦਰਸ਼ਨ ਸਿੰਘ ਸ਼ੰਕਰ ਕਿਸੇ ਸਮੇਂ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਪੰਜਾਬ ਅੱਜ ਬਹੁਤ ਮਾੜੇ …