Breaking News
Home / ਭਾਰਤ / ਦੁਨੀਆ ਭਰ ਵਿਚ ਕਰੋਨਾ ਵਾਇਰਸ ਦਾ ਕਹਿਰ

ਦੁਨੀਆ ਭਰ ਵਿਚ ਕਰੋਨਾ ਵਾਇਰਸ ਦਾ ਕਹਿਰ

ਭਾਰਤ ‘ਚ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 177 ਹੋਈ ੲ ਯੂਰਪ ਤੇ ਤੁਰਕੀ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ ‘ਤੇ ਪਾਬੰਦੀ
ਸਕੂਲ, ਕਾਲਜ, ਸਿਨੇਮੇ ਤੇ ਜਿੰਮ ਕੀਤੇ ਗਏ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਹੁਣ ਭਾਰਤ, ਅਮਰੀਕਾ, ਕੈਨੇਡਾ ਸਮੇਤ ਦੁਨੀਆ ਦੇ ਹੋਰ ਬਹੁਤ ਸਾਰੇ ਦੇਸ਼ਾਂ ਤੱਕ ਪਹੁੰਚ ਚੁੱਕਿਆ ਹੈ। ਇਸ ਦੇ ਚੱਲਦਿਆਂ ਭਾਰਤ ਦੇ ਪੂਰਬੀ ਸੂਬੇ ਉੜੀਸਾ ‘ਚ ਵੀ ਪੈਰ ਪਸਾਰ ਲਏ ਹਨ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 177 ਹੋ ਗਈ ਹੈ। ਮੰਤਰਾਲੇ ਨੇ ਮਹਾਰਾਸ਼ਟਰ ਦੇ ਚਾਰ ਮਰੀਜ਼ਾਂ ਨੂੰ ਇਸ ਗਿਣਤੀ ‘ਚ ਸ਼ਾਮਲ ਨਹੀਂ ਕੀਤਾ ਹੈ। ਉਂਜ ਉਨ੍ਹਾਂ ‘ਚ ਕਰੋਨਾਵਾਇਰਸ ਦੇ ਲੱਛਣ ਹਨ। ਕਰੋਨਾਵਾਇਰਸ ਦੇ ਪੀੜਤ 177 ਵਿਅਕਤੀਆਂ ‘ਚੋਂ 25 ਵਿਦੇਸ਼ੀ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਯੂਰਪ ਅਤੇ ਤੁਰਕੀ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ ‘ਤੇ 18 ਤੋਂ 31 ਮਾਰਚ ਤੱਕ ਪਾਬੰਦੀ ਲਗਾ ਦਿੱਤੀ ਹੈ। ਉਧਰ ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰਕੇ ਯੂਰਪੀ ਯੂਨੀਅਨ ਦੇ ਮੁਲਕਾਂ, ਤੁਰਕੀ ਅਤੇ ਬ੍ਰਿਟੇਨ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਦਾਖ਼ਲੇ ਉਤੇ 18 ਤੋਂ 31 ਮਾਰਚ ਤਕ ਪਾਬੰਦੀ ਲਗਾ ਦਿੱਤੀ ਹੈ। ਮੰਤਰੀਆਂ ਦੇ ਸਮੂਹ ਦੀ ਉੱਚ ਪੱਧਰੀ ਬੈਠਕ ਮਗਰੋਂ ਫ਼ੈਸਲਾ ਲਿਆ ਗਿਆ ਕਿ ਸਾਰੀਆਂ ਯਾਦਗਾਰਾਂ ਅਤੇ ਕੇਂਦਰੀ ਅਜਾਇਬ ਘਰਾਂ ਨੂੰ 31 ਮਾਰਚ ਤਕ ਬੰਦ ਰੱਖਿਆ ਜਾਵੇਗਾ। ਮੰਤਰੀਆਂ ਨੇ ਸੁਝਾਅ ਦਿੱਤਾ ਕਿ ਸਾਰੇ ਵਿਦਿਅਕ ਸੰਸਥਾਨ, ਜਿਮ, ਅਜਾਇਬਘਰ, ਸਭਿਆਚਾਰਕ ਅਤੇ ਸਮਾਜਿਕ ਕੇਂਦਰ, ਸਵਿਮਿੰਗ ਪੂਲ ਅਤੇ ਥੀਏਟਰ ਬੰਦ ਕੀਤੇ ਜਾਣ। ਵਿਦਿਆਰਥੀਆਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦੇਣ ਦੇ ਨਾਲ ਨਾਲ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਉਤੇ ਜ਼ੋਰ ਦਿੱਤਾ ਗਿਆ ਹੈ। ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਈ ਸੂਬਿਆਂ ਵੱਲੋਂ ਉਠਾਏ ਗਏ ਇਹਤਿਆਤੀ ਕਦਮਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਰਸ ਦਾ ਟਾਕਰਾ ਕਰਨ ਵਾਲੇ ਡਾਕਟਰਾਂ, ਨਰਸਾਂ ਅਤੇ ਸਿਹਤ ਵਰਕਰਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਤਾਲਮੇਲ ਬਣਾ ਕੇ ਮਹਾਮਾਰੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਅਜਿਹੇ ਸੰਕਟ ਭਰੇ ਹਾਲਾਤ ਦੇ ਟਾਕਰੇ ‘ਚ ਮੁਲਕ ਦਾ ਜਬਰਦਸਤ ਜੋਸ਼ ਨਜ਼ਰ ਆ ਰਿਹਾ ਹੈ। ਉਨ੍ਹਾਂ ‘ਇੰਡੀਆ ਫਾਈਟਸ ਕਰੋਨਾ’ ਹੈਸ਼ਟੈਗ ਨਾਲ ਕਈ ਟਵੀਟ ਕਰਕੇ ਕਿਹਾ ਕਿ ਮੋਹਰੀ ਹੋ ਕੇ ਇਸ ਬਿਮਾਰੀ ਨਾਲ ਲੜ ਰਹੇ ਵਿਲੱਖਣ ਵਿਅਕਤੀਆਂ ਨੂੰ ਲੋਕਾਂ ਦੇ ਜਜ਼ਬੇ ਨਾਲ ਭਾਰੀ ਉਤਸ਼ਾਹ ਮਿਲ ਰਿਹਾ ਹੈ। ਭੁਬਨੇਸ਼ਵਰ ‘ਚ ਅਧਿਕਾਰੀ ਨੇ ਕਿਹਾ ਕਿ ਇਟਲੀ ਤੋਂ ਪਰਤੇ ਖੋਜੀ (33) ਨੂੰ ਕਰੋਨਾਵਾਇਰਸ ਹੋਇਆ ਹੈ। ਉਹ ਇਟਲੀ ਤੋਂ 6 ਮਾਰਚ ਨੂੰ ਦਿੱਲੀ ਪਹੁੰਚਿਆ ਸੀ ਅਤੇ 12 ਮਾਰਚ ਨੂੰ ਰੇਲਗੱਡੀ ਫੜ ਕੇ ਭੁਬਨੇਸ਼ਵਰ ਆ ਗਿਆ ਸੀ। ਹੁਣ ਉਸ ਦਾ ਉੜੀਸਾ ਦੀ ਰਾਜਧਾਨੀ ਦੇ ਕੈਪੀਟਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਜਿਥੇ ਉਸ ਦੀ ਹਾਲਤ ਸਥਿਰ ਹੈ। ਇਹ ਵਿਅਕਤੀ 13 ਮਾਰਚ ਨੂੰ ਬੁਖਾਰ ਅਤੇ ਸਿਰ ਦਰਦ ਹੋਣ ਮਗਰੋਂ ਡਾਕਟਰ ਨੂੰ ਮਿਲਿਆ ਸੀ। ਉਸ ਨੂੰ ਅਗਲੇ ਦਿਨ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਦਾਖ਼ਲ ਕੀਤਾ ਗਿਆ ਸੀ। ਸਰਕਾਰ ਦੇ ਮੁੱਖ ਤਰਜਮਾਨ ਸੁਬ੍ਰਤੋ ਬਾਗਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਅਕਤੀ ਰੇਲ ਰਾਹੀਂ ਭੁਬਨੇਸ਼ਵਰ ਪਹੁੰਚਿਆ ਸੀ। ਇਸ ਕਾਰਨ ਉਹ ਜਿਨ੍ਹਾਂ ਵਿਅਕਤੀਆਂ ਦੇ ਸੰਪਰਕ ‘ਚ ਆਇਆ ਸੀ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਕਈ ਸੂਬਿਆਂ ‘ਚ ਜਿਮ, ਸਿਨੇਮਾਹਾਲ, ਸਵਿਮਿੰਗ ਪੂਲ ਅਤੇ ਹੋਰ ਥਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ‘ਚ ਪਾਬੰਦੀਆਂ ਦਾ ਘੇਰਾ ਹੋਰ ਵਧਾਉਂਦਿਆਂ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਸਿਆਸੀ ਇਕੱਠਾਂ ‘ਚ 50 ਤੋਂ ਵਧ ਵਿਅਕਤੀਆਂ ਦੇ ਜਮ੍ਹਾਂ ਹੋਣ ਉਤੇ 31 ਮਾਰਚ ਤਕ ਰੋਕ ਲਗਾ ਦਿੱਤੀ ਹੈ। ਉਧਰ ਬਿਹਾਰ ਸਰਕਾਰ ਨੇ ਸੂਬੇ ‘ਚ ਕਰੋਨਾਵਾਇਰਸ ਤੋਂ ਪੀੜਤ ਹੋਣ ਵਾਲੇ ਵਿਅਕਤੀਆਂ ਦਾ ਇਲਾਜ ਮੁਫ਼ਤ ਕਰਾਉਣ ਦਾ ਐਲਾਨ ਕੀਤਾ ਹੈ।
ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਵੀਡੀਓ ਕਾਨਫਰੰਸ ਰਾਹੀਂ ਸਾਰਕ ਦੇਸ਼ਾਂ ਦੀ ਹੋਈ ਮੀਟਿੰਗ
ਨਵੀਂ ਦਿੱਲੀ : ਕਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਨੇ ‘ਸਾਰਕ’ (ਦੱਖਣੀ ਏਸ਼ਿਆਈ ਮੁਲਕਾਂ ਵਿਚਾਲੇ ਖੇਤਰੀ ਸਹਿਯੋਗ ਲਈ ਸੰਗਠਨ) ਮੁਲਕਾਂ ਦਾ ਇਕ ਸਾਂਝਾ ਹੰਗਾਮੀ ਫੰਡ ਕਾਇਮ ਕਰਨ ਦੀ ਤਜਵੀਜ਼ ਰੱਖੀ ਹੈ। ਇਸ ਦੇ ਨਾਲ ਹੀ ਭਾਰਤ ਨੇ ਇਕ ਕਰੋੜ ਅਮਰੀਕੀ ਡਾਲਰ ਦੇਣ ਦਾ ਐਲਾਨ ਵੀ ਕੀਤਾ। ਵਿਸ਼ਵ ਵਿਆਪੀ ਕੂਟਨੀਤੀ ਦੇ ਇਤਿਹਾਸ ‘ਚ ਇਕ ਅਨੋਖੇ ‘ਵੈੱਬ ਸਿਖ਼ਰ ਸੰਮੇਲਨ’ (ਵੀਡੀਓ ਕਾਨਫ਼ਰੰਸ) ‘ਚ ‘ਸਾਰਕ ਮੁਲਕ’ ਕਰੋਨਾਵਾਇਰਸ ਦੇ ਖ਼ਤਰੇ ਨਾਲ ਕਾਰਗਰ ਢੰਗ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਘੜਨ ਲਈ ਸਹਿਮਤ ਹੋਏ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਗੁਆਂਢੀ ਦੇਸ਼ਾਂ ਦੇ ਆਗੂਆਂ ਨੇ ਸਾਂਝੀ ਰਣਨੀਤੀ ਉਤੇ ਅਮਲ ਕਰਨ ‘ਤੇ ਵਿਚਾਰ-ਵਟਾਂਦਰਾ ਕੀਤਾ। ਵਿਸ਼ਵ ਸਿਹਤ ਸੰਗਠਨ ਵੱਲੋਂ ਇਕੱਠਾਂ ਤੋਂ ਦੂਰੀ ਬਣਾਉਣ ਦੀ ਸਲਾਹ ‘ਤੇ ਅਮਲ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀਡੀਓ ਕਾਨਫ਼ਰੰਸ ਕੀਤੀ। ਜ਼ਿਕਰਯੋਗ ਹੈ ਕਿ ਵਾਇਰਸ ਦੁਨੀਆ ਭਰ ‘ਚ 5,000 ਜਾਨਾਂ ਲੈ ਚੁੱਕਾ ਹੈ। ਵੀਡੀਓ ਕਾਨਫ਼ਰੰਸ ‘ਚ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ, ਮਾਲਦੀਵਜ਼ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲੀਹ, ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ, ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ, ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਤੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ (ਸਿਹਤ ਮਾਮਲੇ) ਜ਼ਫ਼ਰ ਮਿਰਜ਼ਾ ਹਾਜ਼ਰ ਸਨ। ਕਾਨਫ਼ਰੰਸ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੱਖਣੀ ਏਸ਼ਿਆਈ ਖਿੱਤੇ ‘ਚ 150 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ ਪਰ ‘ਸਾਨੂੰ ਚੌਕਸ ਰਹਿਣ ਦੀ ਲੋੜ ਹੈ। ‘ਤਿਆਰੀ ਰੱਖੀਏ, ਪਰ ਘਬਰਾਈਏ ਨਾ।’ ਵਾਇਰਸ ਨਾਲ ਨਜਿੱਠਣ ਲਈ ਭਾਰਤ ਇਸ ਮੰਤਰ ‘ਤੇ ਅਮਲ ਕਰ ਰਿਹਾ ਹੈ। ਮੋਦੀ ਨੇ ਕਿਹਾ ਕਿ ਭਾਰਤ ਨੇ ਜਨਵਰੀ ਅੱਧ ‘ਚ ਮੁਲਕ ‘ਚ ਦਾਖ਼ਲ ਹੋ ਰਹੇ ਲੋਕਾਂ ਦੀ ਜਾਂਚ-ਪਰਖ਼ ਸ਼ੁਰੂ ਕਰ ਦਿੱਤੀ ਸੀ ਤੇ ਹੌਲੀ-ਹੌਲੀ ਯਾਤਰਾ ਪਾਬੰਦੀਆਂ ਦਾ ਦਾਇਰਾ ਵਧਾਇਆ ਗਿਆ ਹੈ। ਇਸ ਤਰ੍ਹਾਂ ਇਕ-ਇਕ ਕਰ ਕੇ ਚੁੱਕੇ ਕਦਮਾਂ ਨਾਲ ਸਹਿਮ ਫ਼ੈਲਣ ਨੂੰ ਰੋਕਣ ‘ਚ ਮਦਦ ਮਿਲੀ ਹੈ। ਸੰਵੇਦਨਸ਼ੀਲ ਸਮੂਹਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਵਿਦੇਸ਼ਾਂ ‘ਚੋਂ ਵੀ ਆਪਣੇ ਨਾਗਰਿਕਾਂ ਨੂੰ ਕੱਢਣ ‘ਚ ਫੁਰਤੀ ਦਿਖਾਈ ਤੇ ਕਰੀਬ 1400 ਲੋਕ ਵੱਖ-ਵੱਖ ਮੁਲਕਾਂ ‘ਚੋਂ ਕੱਢੇ ਗਏ। ਕਰੋਨਾ ਪ੍ਰਭਾਵਿਤ ਮੁਲਕਾਂ ‘ਚੋਂ ਕੁਝ ਗੁਆਂਢੀ ਮੁਲਕਾਂ ਦੇ ਨਾਗਰਿਕਾਂ ਨੂੰ ਵੀ ਭਾਰਤ ਨੇ ਕੱਢਿਆ ਹੈ। ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 (ਕਰੋਨਾਵਾਇਰਸ) ਦੇ ਆਰਥਿਕ ਪ੍ਰਭਾਵਾਂ ਦੀ ਵੀ ਮੈਂਬਰ ਮੁਲਕਾਂ ਨੂੰ ਸਾਂਝੇ ਪੱਧਰ ‘ਤੇ ਸਮੀਖਿਆ ਕਰਨੀ ਚਾਹੀਦੀ ਹੈ।
ਕੇਂਦਰ ਸਰਕਾਰ ਨੇ ਕਰੋਨਾ ਵਾਇਰਸ ਨੂੰ ਕੌਮੀ ਆਫ਼ਤ ਐਲਾਨਿਆ
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ
ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਕਰੋਨਾਵਾਇਰਸ ਨੂੰ ਕੌਮੀ ‘ਆਫ਼ਤ’ ਐਲਾਨ ਦਿੱਤਾ ਗਿਆ ਹੈ ਅਤੇ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਚਾਰ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ। ਭਾਰਤ ਵਿੱਚ ਕਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 84 ਹੋ ਗਈ ਹੈ ਅਤੇ ਇਸ ਵਾਇਰਸ ਕਾਰਨ ਹੁਣ ਤੱਕ ਦੋ ਮੌਤਾਂ ਹੋ ਚੁੱਕੀਆਂ ਹਨ। ਕਰੋਨਾਵਾਇਰਸ ਦੇ ਮੱਦੇਨਜ਼ਰ ਭਾਰਤ ਸਰਕਾਰ ਵਲੋਂ ਪਦਮ ਪੁਰਸਕਾਰ ਸਮਾਗਮ, ਜੋ 3 ਅਪਰੈਲ ਨੂੰ ਹੋਣਾ ਸੀ, ਮੁਲਤਵੀ ਕਰ ਦਿੱਤਾ ਗਿਆ ਹੈ। ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ, ”ਭਾਰਤ ਵਿੱਚ ਕੋਵਿਡ-19 ਦੇ ਫੈਲਾਅ ਅਤੇ ਵਿਸ਼ਵ ਸਿਹਤ ਸੰਸਥਾ (ਡਬਲਿਯੂਐੱਚਓ) ਵਲੋਂ ਇਸ ਨੂੰ ਮਹਾਂਮਾਰੀ ਐਲਾਨੇ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਇਸ ਨਾਲ ਨੋਟੀਫਾਈਡ ਆਫ਼ਤ ਵਾਂਗ ਨਜਿੱਠਿਆ ਜਾਵੇ ਅਤੇ ਇਸ ਲਈ ਸੂਬਾ ਆਫ਼ਤ ਰਿਸਪੌਂਸ ਫੰਡ (ਐੱਸਡੀਆਰਐੱਫ) ਤਹਿਤ ਸਹਾਇਤਾ ਦਿੱਤੀ ਜਾਵੇ।” ਕੇਂਦਰ ਸਰਕਾਰ ਨੇ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਦੀ ਸਾਂਭ-ਸੰਭਾਲ ਸਬੰਧੀ ਹਸਪਤਾਲਾਂ ਦਾ ਖ਼ਰਚਾ ਸੂਬਾ ਸਰਕਾਰਾਂ ਵਲੋਂ ਨਿਰਧਾਰਿਤ ਰੇਟਾਂ ਅਨੁਸਾਰ ਹੋਵੇਗਾ। ਪੀੜਤ ਲੋਕਾਂ ਨੂੰ ਵੱਖਰੇ ਤੌਰ ‘ਤੇ ਰੱਖਣ ਜਾਂ ਘਰਾਂ ਵਿੱਚ ਰੱਖਣ ਜਾਂ ਫਿਰ ਇਕੱਠੇ ਸਮੂਹਾਂ ਨੂੰ ਸੰਭਾਲਣ ਲਈ ਸੂਬਾ ਸਰਕਾਰਾਂ ਐੱਸਡੀਆਰਐੱਫ ਦੀ ਵਰਤੋਂ ਕਰਕੇ ਆਰਜ਼ੀ ਰਿਹਾਇਸ਼, ਖਾਣਾ, ਕੱਪੜੇ ਅਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕਰ ਸਕਦੀਆਂ ਹਨ। ਨੋਟੀਫਿਕੇਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਸੂਬਾ ਐਗਜ਼ੈਕੇਟਿਵ ਕਮੇਟੀ ਵਲੋਂ ਵੱਖਰੇ ਕੈਂਪਾਂ, ਉਨ੍ਹਾਂ ਦਾ ਸਮਾਂ ਅਤੇ ਲੋਕਾਂ ਦੀ ਗਿਣਤੀ ਆਦਿ ਬਾਰੇ ਫ਼ੈਸਲੇ ਲਏ ਜਾਣਗੇ। ਕੇਂਦਰ ਸਰਕਾਰ ਵਲੋਂ ਸੂਬਿਆਂ ਨੂੰ ਐੱਸਡੀਆਰਐੱਫ ਫੰਡਾਂ ਦੀ ਵਰਤੋਂ ਸਬੰਧੀ ਦਿਸ਼ਾ -ਨਿਰਦੇਸ਼ ਦਿੱਤੇ ਗਏ ਹਨ। ਇਸ ਫੰਡ ਦੀ ਵਰਤੋਂ ਕਰਕੇ ਜ਼ਰੂਰੀ ਸਾਮਾਨ ਦੀ ਖ਼ਰੀਦ ਕੀਤੀ ਜਾ ਸਕਦੀ ਹੈ ਅਤੇ ਲੋਕਾਂ ਨੂੰ ਵੱਖਰੇ ਤੌਰ ‘ਤੇ ਰੱਖਣ ਸਬੰਧੀ ਪ੍ਰਬੰਧ ਕੀਤੇ ਜਾ ਸਕਦੇ ਹਨ। ਸਾਰੇ ਸੂਬਿਆਂ ਲਈ ਜਾਰੀ ਦੋ ਸਫਿਆਂ ਦੇ ਨਿਰਦੇਸ਼ਾਂ ਵਿੱਚ ਲੋੜੀਂਦੀਆਂ ਵਸਤਾਂ ਦੀ ਸੂਚੀ ਅਤੇ ਵਾਇਰਸ ਦਾ ਫੈਲਾਅ ਰੋਕਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ”ਭਾਰਤ ਵਿੱਚ 84 ਲੋਕਾਂ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਪੀੜਤ ਮਰੀਜ਼ਾਂ ‘ਚੋਂ ਸੱਤ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਵਿੱਚ ਪੰਜ, ਰਾਜਸਥਾਨ ਵਿੱਚ ਇੱਕ ਅਤੇ ਦਿੱਲੀ ਵਿੱਚ ਇੱਕ ਮਰੀਜ਼ ਸਿਹਤਯਾਬ ਹੋਇਆ ਹੈ।” ਅਧਿਕਾਰੀਆਂ ਨੇ ਦੱਸਿਆ ਕਿ 84 ਮਰੀਜ਼ਾਂ ਦੇ ਸੰਪਰਕ ਵਿੱਚ ਆਏ ਕਰੀਬ ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਸਿਹਤ ਮੰਤਰਾਲੇ ਅਨੁਸਾਰ ਕਰੋਨਾਵਾਇਰਸ ਦੇ ਕੇਰਲ ਵਿੱਚ 19 ਕੇਸ, ਮਹਾਰਾਸ਼ਟਰ ਵਿੱਚ 14, ਉੱਤਰ ਪ੍ਰਦੇਸ਼ ਵਿੱਚ 11, ਦਿੱਲੀ ਵਿੱਚ ਸੱਤ, ਕਰਨਾਟਕ ਵਿੱਚ ਛੇ, ਲੱਦਾਖ ਵਿੱਚ ਤਿੰਨ, ਜੰਮੂ ਕਸ਼ਮੀਰ ਵਿੱਚ ਦੋ ਅਤੇ ਰਾਜਸਥਾਨ, ਤੇਲੰਗਾਨਾ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਤੇ ਪੰਜਾਬ ‘ਚ ਇੱਕ-ਇੱਕ ਮਰੀਜ਼ ਸਾਹਮਣੇ ਆਏ ਹਨ। ਇਸੇ ਦੌਰਾਨ ਮਹਾਰਾਸ਼ਟਰ ਦੇ ਪੁਣੇ ਨੇੜੇ ਪਿੰਪਰੀ-ਚਿੰਚਵਾੜ ‘ਚ ਪੰਜ ਵਿਅਕਤੀਆਂ ਦੇ ਕਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਹਿਮਾਚਲ ਪ੍ਰਦੇਸ਼ ਵਿਚ ਸਾਰੇ ਧਾਰਮਿਕ ਸਥਾਨ ਬੰਦ
ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾਂ ਦੇਵੀ ਮੰਦਰ ਸਮੇਤ ਸਾਰੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ‘ਤੇ ਅਣਮਿਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮਾਤਾ ਨੈਣਾਂ ਦੇਵੀ ਮੰਦਰ ਤੋਂ ਇਲਾਵਾ ਮਾਤਾ ਚਿੰਤਪੁਰਨੀ ਮੰਦਰ, ਮਾਤਾ ਜਵਾਲਾ ਮੁਖੀ ਮੰਦਰ, ਮਾਤਾ ਬ੍ਰਿਜੇਸ਼ਵਰੀ ਦੇਵੀ ਮੰਦਰ, ਮਾਤਾ ਚਾਮੁੰਡਾ ਨੰਦੀਕੇਸ਼ਵਰ ਧਾਮ, ਦਿਓਟ ਸਿੱਧ ਬਾਬਾ ਬਾਲਕ ਨਾਥ ਮੰਦਰ ਆਦਿ ਧਾਰਮਿਕ ਅਸਥਾਨਾਂ ਦੇ ਸ਼ਰਧਾਲੂ ਦਰਸ਼ਨ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਪ੍ਰਸ਼ਾਸਨ ਦੀ ਸਹਿਮਤੀ ਤੋਂ ਬਿਨਾਂ ਜਗਰਾਤਾ, ਲੰਗਰ ਅਤੇ ਸਤਿਸੰਗ ਵੀ ਨਹੀਂ ਕੀਤਾ ਜਾ ਸਕੇਗਾ। ਹਿਮਾਚਲ ਪ੍ਰਦੇਸ਼ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ। ਮੰਦਿਰ ਅਧਿਕਾਰੀ ਕਮ ਤਹਿਸੀਲਦਾਰ ਹੁਸਨ ਲਾਲ ਨੇ ਦੱਸਿਆ ਕਿ ਕਰੋਨਾ ਵਾਇਰਸ ਕਰਕੇ ਪੁਜਾਰੀ ਅਤੇ ਮੰਦਿਰ ਵਿਚ ਡਿਊਟੀ ਦੇਣ ਵਾਲੇ ਕਰਮਚਾਰੀ ਹੀ ਮੰਦਿਰ ਕੰਪਲੈਕਸ ਵਿਚ ਜਾ ਸਕਣਗੇ ਜਦੋਂ ਕਿ ਮੰਦਿਰ ਦੇ ਦਰਵਾਜ਼ੇ ਖੁੱਲ੍ਹੇ ਰਹਿਣਗੇ ਪ੍ਰੰਤੂ ਸ਼ਰਧਾਲੂ ਨਹੀਂ ਜਾ ਸਕਣਗੇ।
ਦਲਾਈਲਾਮਾ ਮੰਦਰ ਤੇ ਸ਼ਿਰਡੀ ਮੰਦਰ ਵੀ ਬੰਦ
ਇਸੇ ਤਰ੍ਹਾਂ ਮਕਲੋਡਗੰਜ਼ ਸਥਿਤ ਦਲਾਈਲਾਮਾ ਮੰਦਰ ਵੀ 15 ਅਪ੍ਰੈਲ ਤੱਕ ਬੰਦ ਕੀਤਾ ਜਾ ਰਿਹਾ ਹੈ। ਤਿੱਬਤੀ ਧਰਮ ਗੁਰੂ ਦਲਾਈਲਾਮਾ ਦੇ ਦਫ਼ਤਰ ਵਲੋਂ ਜਾਰੀ ਨੋਟਿਸ ਅਨੁਸਾਰ ਅਹਿਤਿਆਦ ਵਜੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ ਕਿਉਂਕਿ ਮੁੱਖ ਬੋਧੀ ਮੰਦਰ ‘ਚ ਹਰ ਦਿਨ ਵੱਡੀ ਗਿਣਤੀ ‘ਚ ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂ ਆਉਂਦੇ ਹਨ। ਪੁਣੇ ‘ਚ ਸਥਿਤ ਸ਼ਿਰਡੀ ਮੰਦਿਰ ਨੂੰ ਵੀ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …