Breaking News
Home / ਮੁੱਖ ਲੇਖ / ਧਰਤੀ ਹੇਠਲੇ ਪਾਣੀ ਦੀ ਕਮੀ ਲਈ ਕੌਣ ਜ਼ਿੰਮੇਵਾਰ?

ਧਰਤੀ ਹੇਠਲੇ ਪਾਣੀ ਦੀ ਕਮੀ ਲਈ ਕੌਣ ਜ਼ਿੰਮੇਵਾਰ?

ਡਾ. ਰਣਜੀਤ ਸਿੰਘ
ਪੰਜਾਬ ਵਿਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ। ਇਸ ਦੇ ਕਾਰਨਾਂ ਦੀ ਘੋਖ ਅਤੇ ਪਾਣੀ ਵਿਚ ਵਾਧੇ ਲਈ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਦੀ ਥਾਂ ਭਾਂਡਾ ਕਿਸਾਨਾਂ ਸਿਰ ਭੰਨਿਆ ਜਾ ਰਿਹਾ ਹੈ। ਕੀ ਪੰਜਾਬ ਵਿਚ ਪਾਣੀ ਦੀ ਹੋ ਰਹੀ ਘਾਟ ਲਈ ਕੇਵਲ ਕਿਸਾਨ ਹੀ ਜ਼ਿੰਮੇਵਾਰ ਹਨ? ਕਿਸਾਨ ਤਾਂ ਅੰਨਦਾਤਾ ਹੈ, ਉਹ ਆਪ ਭਾਵੇਂ ਢਿੱਡੋਂ ਭੁੱਖਾ ਰਹੇ ਪਰ ਲੋਕਾਈ ਦਾ ਢਿੱਡ ਜ਼ਰੂਰ ਭਰਦਾ ਹੈ। ਉਹ ਤਾਂ ਕੁਦਰਤ ਦੇ ਨੇੜੇ ਹੈ, ਪਾਣੀ ਨੂੰ ਦੇਵਤਾ ਮੰਨਦਾ ਹੈ, ਪਾਣੀ ਦੀ ਬਰਬਾਦੀ ਜਾਂ ਇਸ ਨੂੰ ਗੰਧਲਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਉਸ ਦਾ ਕਿੱਤਾ ਹੀ ਅਜਿਹਾ, ਹੋਰ ਕਿਸੇ ਕਿੱਤੇ ਵਿਚ ਇਤਨੀ ਮਿਹਨਤ ਨਹੀਂ ਕਰਨੀ ਪੈਂਦੀ। ਇਸਦੇ ਨਾਲ ਹੀ ਕੁਦਰਤ ਦੀ ਮਾਰ ਵੀ ਉਸੇ ਨੂੰ ਸਭ ਤੋਂ ਵੱਧ ਝੱਲਣੀ ਪੈਂਦੀ ਹੈ। ਕਿਸਾਨ ਪਾਣੀ ਦੀ ਵਰਤੋਂ ਅਨਾਜ ਪੈਦਾ ਕਰਨ ਲਈ ਕਰਦਾ ਹੈ, ਸਾਡੇ ਵਾਂਗ ਉਸ ਦੀ ਬਰਬਾਦੀ ਨਹੀਂ ਕਰਦਾ। ਉਹ ਜਦੋਂ ਖੇਤ ਨੂੰ ਪਾਣੀ ਲਗਾਉਂਦਾ ਹੈ ਤਾਂ ਲਗਭਗ ਅੱਧਾ ਪਾਣੀ ਮੁੜ ਧਰਤੀ ਹੇਠ ਚਲਾ ਜਾਂਦਾ ਹੈ। ਇਕ ਹਿੱਸਾ ਭਾਫ ਬਣ ਕੇ ਉਡਦਾ ਹੈ ਤੇ ਮੁੜ ਸ਼ੁਧ ਹੋ ਕੇ ਮੀਂਹ ਦੇ ਰੂਪ ਵਿਚ ਵਾਪਸ ਧਰਤੀ ਸਿੰਜਦਾ ਹੈ ਤੇ ਬਾਕੀ ਪਾਣੀ ਦਾਣਿਆਂ ਅਤੇ ਨਾੜ ਰਾਹੀਂ ਮਨੁੱਖ ਤੇ ਪਸ਼ੂਆਂ ਕੋਲ ਜਾਂਦਾ ਹੈ।
ਸਾਡੇ ਮਾਹਿਰ ਸਾਰੇ ਫਸਾਦ ਦੀ ਜੜ੍ਹ ਝੋਨੇ ਨੂੰ ਮੰਨਦੇ ਹਨ। ਇੱਥੇ ਇਹ ਦੱਸਣਾ ਵਾਜਿਬ ਹੋਵੇਗਾ ਕਿ ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਹੈ। ਚੌਲਾਂ ਦਾ ਗੁਣਗਾਣ ਵੇਦਾਂ ਵਿਚ ਵੀ ਕੀਤਾ ਗਿਆ ਹੈ। ਮੱਕੀ ਬਾਹਰੋਂ ਆਈ ਫ਼ਸਲ ਹੈ। ਵਾਰਸ ਸ਼ਾਹ ਨੇ ਆਪਣੀ ਹੀਰ ਵਿਚ ਬਾਸਮਤੀ ਦੀਆਂ ਵੀਹ ਤੋਂ ਵੀ ਵੱਧ ਕਿਸਮਾਂ ਦਾ ਜ਼ਿਕਰ ਕੀਤਾ ਹੈ। ਜਦੋਂ ਸਿੰਜਾਈ ਦੇ ਸਾਧਨ ਖੂਹ ਸਨ, ਉਦੋਂ ਸਾਉਣੀ ਵਿਚ ਬਹੁਤ ਘੱਟ ਰਕਬੇ ਵਿਚ ਫ਼ਸਲ ਬੀਜੀ ਜਾਂਦੀ ਸੀ। ਨਿਆਈਂ ਵਿਚ ਮੱਕੀ, ਕਮਾਦ, ਕੁਝ ਦਾਲਾਂ, ਸਬਜ਼ੀਆਂ ਤੇ ਚਰ੍ਹੀ ਜਾਂ ਬਾਜਰਾ। ਬਹੁਤੀ ਧਰਤੀ ਖਾਲੀ ਹੀ ਰੱਖੀ ਜਾਂਦੀ ਸੀ। ਮੀਂਹ ਪੈਣ ‘ਤੇ ਉਸ ਦੀ ਮੁੜ ਮੁੜ ਵਹਾਈ ਕੀਤੀ ਜਾਂਦੀ ਸੀ। ਹਾੜ੍ਹੀ ਦੀ ਬਿਜਾਈ ਲਈ ਮੀਂਹ ਪਿਛੋਂ ਖੇਤ ਵਿਚ ਗਿੱਲ ਦੱਬ ਲਈ ਜਾਂਦੀ ਸੀ। ਨੀਵੇਂ ਖੇਤਾਂ ਵਿਚ ਝੋਨੇ ਦੀ ਬਿਜਾਈ ਕੀਤੀ ਜਾਂਦੀ ਸੀ। ਉਦੋਂ ਬਰਸਾਤ ਬਹੁਤ ਹੁੰਦੀ ਸੀ। ਹਫ਼ਤੇ ਹਫ਼ਤੇ ਦੀਆਂ ਝੜੀਆਂ ਲਗਦੀਆਂ ਸਨ। ਜਦੋਂ ਪਾਣੀ ਦੀ ਸਹੂਲਤ ਹੋਈ ਤਾਂ ਕਿਸਾਨ ਨੇ ਸਾਉਣੀ ਵਿਚ ਵੀ ਪੂਰੀ ਫ਼ਸਲ ਬੀਜਣੀ ਸ਼ੁਰੂ ਕਰ ਦਿੱਤੀ। ਕਿਸਾਨ ਸਭ ਤੋਂ ਵੱਧ ਮਿਹਨਤ ਕਰਦਾ ਹੈ। ਸਭ ਤੋਂ ਵੱਧ ਖਤਰੇ ਸਹੇੜਦਾ ਹੈ, ਫਿਰ ਵੀ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ। ਇਹ ਝੋਨੇ ਦੀ ਫ਼ਸਲ ਹੀ ਹੈ ਕਿ ਕਿਸਾਨ ਦੇ ਘਰ ਚੁੱਲ੍ਹਾ ਮਘਦਾ ਹੈ। ਝੋਨਾ ਸਾਉਣੀ ਦੀ ਸਭ ਤੋਂ ਘੱਟ ਖ਼ਤਰੇ ਵਾਲੀ ਫ਼ਸਲ ਹੈ। ਜੇ ਇਸ ਦੀ ਲੁਆਈ 20 ਜੂਨ ਤੋਂ ਪਿੱਛੋਂ ਕੀਤੀ ਜਾਵੇ ਤਾਂ ਮਾਹਿਰਾਂ ਅਨੁਸਾਰ, ਵਰਤੇ ਪਾਣੀ ਤੇ ਉਪਜ ਦਾ ਆਪੋ ਵਿਚਲਾ ਅਨੁਪਾਤ ਝੋਨੇ ਦਾ ਸਭ ਤੋਂ ਵੱਧ ਹੈ। ਤਿੰਨ ਮਹੀਨਿਆਂ ਦੀ ਫ਼ਸਲ ‘ਤੇ 35 ਕੁਇੰਟਲ ਤੋਂ ਵੱਧ ਇਕ ਏਕੜ ਵਿਚੋਂ ਝਾੜ ਪ੍ਰਾਪਤ ਹੋ ਜਾਂਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਝੋਨੇ ਹੇਠ ਕੋਈ 10 ਲੱਖ ਹੈਕਟੇਅਰ ਧਰਤੀ ਕੱਢ ਕੇ ਦੂਜੀਆਂ ਫ਼ਸਲਾਂ ਹੇਠ ਲਿਜਾਣ ਦੀ ਲੋੜ ਹੈ। ਕੀ ਕਿਸੇ ਮਾਹਿਰ ਨੇ ਦੱਸਿਆ ਹੈ ਕਿ ਉਸ ਦਸ ਲੱਖ ਹੈਕਟੇਅਰ ਵਿਚ ਕੀ ਬੀਜਿਆ ਜਾਵੇ? ਅਸਲ ਵਿਚ ਕੋਈ ਸਰਕਾਰ ਨਹੀਂ ਚਾਹੁੰਦੀ ਕਿ ਝੋਨੇ ਦੀ ਪੈਦਾਵਾਰ ਘੱਟ ਕੀਤੀ ਜਾਵੇ। ਹਰ ਵਰ੍ਹੇ ਕੇਂਦਰ ਸਰਕਾਰ ਰਾਜਾਂ ਨੂੰ ਪੈਦਾਵਾਰ ਦੇ ਟੀਚੇ ਦਿੰਦੀ ਹੈ ਤੇ ਇਸ ਵਿਚ ਹਰ ਵਾਰ ਵਾਧਾ ਕੀਤਾ ਜਾਂਦਾ ਹੈ। ਵਾਹੀ ਹੇਠ ਧਰਤੀ ਘਟ ਰਹੀ ਹੈ ਅਤੇ ਆਬਾਦੀ ਵਿਚ ਵਾਧਾ ਹੋ ਰਿਹਾ ਹੈ। ਦੇਸ਼ ਦੀ ਸਾਰੀ ਵਸੋਂ ਨੂੰ ਰੱਜਵੀਂ ਰੋਟੀ ਅਜੇ ਵੀ ਮਿਲ ਨਹੀਂ ਰਹੀ। ਪੰਜਾਬ ਸਰਕਾਰ ਨੇ ਗਰਮੀਆਂ ਵਿਚ ਮੂੰਗੀ ਬੀਜਣ ਨੂੰ ਹੁਲਾਰਾ ਦਿੱਤਾ ਹੈ। ਇਸ ਨਾਲ ਕਿਸਾਨ ਦੀ ਆਮਦਨ ਤਾਂ ਭਾਵੇਂ ਵਧ ਜਾਵੇ ਪਰ ਪਾਣੀ ਦੀ ਬਰਬਾਦੀ ਤਾਂ ਹੁੰਦੀ ਹੈ। ਇਹ ਸਮਰਥਨ ਮੁੱਲ ਮੁੱਖ ਮੌਸਮ ਦੀ ਮੂੰਗੀ ਅਤੇ ਮੱਕੀ ਲਈ ਦੇਣਾ ਚਾਹੀਦਾ ਹੈ। ਪਾਣੀ ਬਾਰੇ ਕਿਸੇ ਵਿਦਵਾਨ ਨੇ ਤਾਂ ਇਥੋਂ ਤਕ ਲਿਖ ਦਿੱਤਾ ਹੈ ਕਿ 90% ਪਾਣੀ ਦੀ ਵਰਤੋਂ ਕਿਸਾਨ ਹੀ ਕਰਦੇ ਹਨ। ਸ਼ਾਇਦ ਉਹ ਭੁੱਲ ਗਿਆ ਕਿ ਕਿਸਾਨਾਂ ਦੇ 14 ਲੱਖ ਟਿਊਬਵੈੱਲ ਹਨ ਜਿਹੜੇ ਸਾਲ ਵਿਚ ਛੇ ਕੁ ਮਹੀਨੇ ਚਲਦੇ ਹਨ। ਗੈਰ-ਕਿਸਾਨੀ ਖੇਤਰ ਵਿਚ 25 ਲੱਖ ਟਿਊਬਵੈੱਲ ਹਨ ਜਿਹੜੇ ਆਕਾਰ ਵਿਚ ਵੀ ਵੱਡੇ ਹਨ ਤੇ ਦਿਨ ਰਾਤ ਚਲਦੇ ਹਨ। ਘਰਾਂ ਵਿਚ ਪਾਣੀ ਦੀ ਵਰਤੋਂ ਸਮੇਂ ਕੋਈ ਸੰਜਮ ਨਹੀਂ ਵਰਤਿਆ ਜਾਂਦਾ।
ਅੱਧੀ ਸਦੀ ਪਹਿਲਾਂ ਜਦੋਂ ਸੂਬੇ ਦੀ ਆਬਾਦੀ ਇਕ ਕਰੋੜ ਤੋਂ ਘੱਟ ਸੀ ਤਾਂ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਂਦੀ ਸੀ। ਘਰ ਵਿਚ ਸਾਰੇ ਦਿਨ ਵਿਚ ਮਸਾਂ ਤਿੰਨ ਚਾਰ ਘੜੇ ਪਾਣੀ ਦੀ ਵਰਤੋਂ ਹੁੰਦੀ ਹੈ। ਮਰਦ ਸਾਰੇ ਖੂਹਾਂ ‘ਤੇ ਜਾ ਕੇ ਨਹਾਉਂਦੇ ਸਨ। ਹੁਣ ਆਬਾਦੀ ਤਿੰਨ ਕਰੋੜ ਹੋਣ ਵਾਲੀ ਹੈ। ਘਰਾਂ ਵਿਚ ਟੂਟੀਆਂ, ਫਲਸ਼, ਬਾਥਰੂਮ, ਧੋ-ਧੁਆਈ ਤੇ ਗੱਡੀਆਂ ਦੀ ਧੁਆਈ ਲਈ ਪਾਣੀ ਦੀ ਅੰਨ੍ਹੇਵਾਹ ਬਰਬਾਦੀ ਕੀਤੀ ਜਾ ਰਹੀ ਹੈ। ਇਸ ਨੂੰ ਰੋਕਣ ਦੀ ਲੋੜ ਹੈ ਕਿਉਂਕਿ ਬਰਬਾਦੀ ਗੈਰ ਖੇਤੀ ਖੇਤਰ ਵਿਚ ਹੁੰਦੀ ਹੈ ਤੇ ਸਜ਼ਾ ਕਿਸਾਨ ਨੂੰ ਭੁਗਤਣੀ ਪੈਂਦੀ ਹੈ। ਇਵੇਂ ਹੀ ਘਰਾਂ, ਕਾਰਾਂ, ਦੁਕਾਨਾਂ, ਦਫ਼ਤਰਾਂ ਸਭ ਥਾਈਂ ਏਸੀ ਲੱਗੇ ਹਨ। ਇਸ ਨਾਲ ਆਲਮੀ ਤਪਸ਼ ਵਿਚ ਵਾਧਾ ਹੋ ਰਿਹਾ ਹੈ। ਨੁਕਸਾਨ ਕਿਸਾਨ ਦਾ ਹੋ ਰਿਹਾ ਹੈ। ਇਸ ਵਾਰ ਕਣਕ ਦੇ ਘਟੇ ਝਾੜ ਦਾ ਇਹੋ ਕਾਰਨ ਹੈ।
ਜੇ ਪਾਣੀ ਦੀ ਬਚਤ ਕਰਨੀ ਹੈ ਤਾਂ ਇਸ ਪਾਸੇ ਸੰਜੀਦਾ ਯਤਨ ਹੋਣੇ ਚਾਹੀਦੇ ਹਨ। ਘਰਾਂ ਵਿਚ ਪਾਣੀ ਦੇ ਮੀਟਰ ਲਗਾਏ ਜਾਣ ਤੇ ਮਿੱਥੇ ਸਮੇਂ ‘ਤੇ ਹੀ ਪਾਣੀ ਦਿੱਤਾ ਜਾਵੇ। ਕਿਸਾਨ ਤੋਂ ਮੱਕੀ, ਦਾਲਾਂ ਦੀ ਖਰੀਦ ਕੀਤੀ ਜਾਵੇ ਤਾਂ ਜੋ ਉਹ ਉੱਚੀਆਂ ਤੇ ਰੇਤਲੀਆਂ ਧਰਤੀਆਂ ਵਿਚ ਝੋਨੇ ਦੀ ਖੇਤੀ ਨਾ ਕਰੇ। ਧਰਤੀ ਹੇਠ ਪਾਣੀ ਭੇਜਣ ਲਈ ਇਮਾਨਦਾਰੀ ਨਾਲ ਯਤਨ ਕੀਤੇ ਜਾਣ। ਧਰਤੀ ਹੇਠ ਪਾਣੀ ਦਾ ਕੋਈ ਭੰਡਾਰ ਨਹੀਂ, ਇਹ ਤਾਂ ਬਰਸਾਤ ਤੇ ਦਰਿਆਵਾਂ ਰਾਹੀਂ ਭੰਡਾਰ ਬਣਾਇਆ ਜਾਂਦਾ ਹੈ। ਮਾਲਵ ਦੇ ਬਹੁਤੇ ਇਲਾਕੇ ਵਿਚ ਤਾਂ ਹੁਣ ਵੀ ਪੀਣ ਵਾਲਾ ਸ਼ੁੱਧ ਪਾਣੀ ਨਹੀਂ ਮਿਲਦਾ। ਜਦੋਂ ਸਿੰਜਾਈ ਹਲਟਾਂ ਨਾਲ ਹੁੰਦੀ ਸੀ ਉਦੋਂ ਵੀ ਗਰਮੀਆਂ ਵਿਚ ਖੂਹਾਂ ਦਾ ਪਾਣੀ ਹੇਠਾਂ ਚਲਾ ਜਾਂਦਾ ਸੀ ਤੇ ਵਾਧੂ ਟਿੰਡਾਂ ਪਾਉਣੀਆਂ ਪੈਂਦੀਆਂ ਸਨ। ਕਈ ਵਾਰ ਤਾਂ ਖੂਹ ਸੁੱਕ ਜਾਂਦੇ ਸਨ ਤੇ ਮੀਂਹ ਪੈਣ ਨਾਲ ਮੁੜ ਭਰ ਜਾਂਦੇ ਸਨ। ਪੰਜਾਬ ਵਿਚ ਪ੍ਰਤਾਪ ਸਿੰਘ ਕੈਰੋਂ ਨੇ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਦੇ ਲਗਭਗ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਸੀ। ਇਨ੍ਹਾਂ ਨਹਿਰਾਂ ਦੀ ਬਦੌਲਤ ਹੀ ਧਰਤੀ ਹੇਠ ਪਾਣੀ ਦੇ ਭੰਡਾਰ ਵਿਚ ਵਾਧਾ ਹੋਇਆ ਸੀ। ਜੇ ਟਿਊਬਵੈੱਲ ਨਾ ਲਗਦੇ ਤਾਂ ਪੰਜਾਬ ਦੇ ਬਹੁਤੇ ਹਿੱਸੇ ਵਿਚ ਸੇਮ ਹੋ ਜਾਣੀ ਸੀ। ਹੁਣ ਵੀ ਸਾਨੂੰ ਨਹਿਰਾਂ ਤੇ ਖਾਲੇ ਬਰਸਾਤ ਤੋਂ ਪਹਿਲਾਂ ਸਾਫ ਕਰਵਾ ਕੇ ਪਾਣੀ ਨਾਲ ਭਰਨੇ ਚਾਹੀਦੇ ਹਨ। ਬਰਸਾਤ ਵਿਚ ਦਰਿਆ ਪਾਣੀ ਨਾਲ ਭਰ ਜਾਂਦੇ ਹਨ। ਇਸ ਕਰ ਕੇ ਸਾਰੀਆਂ ਨਹਿਰਾਂ ਵਿਚ ਪਾਣੀ ਛੱਡਿਆ ਜਾ ਸਕਦਾ ਹੈ। ਅੱਗੇ ਪਿੰਡਾਂ ਸ਼ਹਿਰਾਂ ਵਿਚ ਤਲਾਬ ਤੇ ਟੋਭੇ ਹੁੰਦੇ ਸਨ। ਸੜਕਾਂ ਵੀ ਕੱਚੀਆਂ ਸਨ। ਇੰਝ ਪਾਣੀ ਧਰਤੀ ਹੇਠ ਚਲਾ ਜਾਂਦਾ ਸੀ। ਹੁਣ ਟੋਭੇ ਪੂਰੇ ਗਏ ਹਨ, ਸੜਕਾਂ ਪੱਕੀਆਂ ਹੋ ਗਈਆਂ ਹਨ। ਬਰਸਾਤ ਦਾ ਪਾਣੀ ਧਰਤੀ ਹੇਠ ਭੇਜਣ ਲਈ ਸਰਕਾਰ ਨੂੰ ਵਿਸ਼ੇਸ਼ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਟੋਭਿਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।
ਹੁਣ ਪਾਣੀ ਦੇ ਗੰਦੇ ਹੋਣ ਬਾਰੇ ਚਰਚਾ ਕਰਦੇ ਹਾਂ। ਇਸ ਦਾ ਆਰੋਪੀ ਵੀ ਕਿਸਾਨ ਨੂੰ ਹੀ ਬਣਾਇਆ ਜਾ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਖੇਤੀ ਵਿਚ ਜ਼ਹਿਰਾਂ ਦੀ ਵਰਤੋਂ ਘਟ ਕਰਨ ਦੀ ਲੋੜ ਹੈ ਪਰ ਇਹ ਪਾਣੀ ਵਿਚ ਘੁਲਦੀਆਂ ਨਹੀਂ। ਪਾਣੀ ਨੂੰ ਤਾਂ ਸ਼ਹਿਰੀ ਲੋਕ ਗੰਦਾ ਕਰਦੇ ਹਨ। ਲੁਧਿਆਣੇ ਕੋਲ ਵਗਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਹੈ। ਇਹ ਜ਼ਹਿਰੀਲਾ ਪਾਣੀ ਸਤਲੁਜ ਵਿਚ ਪੈਂਦਾ ਹੈ ਤੇ ਉਥੋਂ ਨਹਿਰਾਂ ਰਾਹੀਂ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ। ਲੋਕ ਇਹੀ ਜ਼ਹਿਰੀਲਾ ਪਾਣੀ ਪੀਂਦੇ ਹਨ। ਇਸ ਇਲਾਕੇ ਨੂੰ ਕੈਂਸਰ ਪੱਟੀ ਇਸੇ ਪਾਣੀ ਨੇ ਬਣਾਇਆ ਹੈ। ਅੱਧੀ ਸਦੀ ਤੋਂ ਰੌਲਾ ਪੈ ਰਿਹਾ ਹੈ ਪਰ ਅਜੇ ਤਕ ਇਸ ਗੰਦੇ ਪਾਣੀ ਨੂੰ ਸਤਲੁਜ ਵਿਚ ਜਾਣ ਤੋਂ ਰੋਕਿਆ ਨਹੀਂ ਗਿਆ। ਇਸ ਨੂੰ ਸਾਫ ਕਰ ਕੇ ਸਿੰਜਾਈ ਲਈ ਵਰਤਣ ਦਾ ਕੋਈ ਯਤਨ ਨਹੀਂ ਹੋਇਆ। ਬਹੁਤੇ ਘਰਾਂ ਵਿਚ ਗਰਕੀ ਟੂਟੀਆਂ ਹਨ। ਇਹ ਸਾਰਾ ਗੰਦ ਧਰਤੀ ਹੇਠ ਪਾਣੀ ਨੂੰ ਗੰਦਾ ਕਰਦਾ ਹੈ। ਬਹੁਤੀਆਂ ਫੈਕਟਰੀਆਂ ਦਾ ਗੰਦਾ ਪਾਣੀ ਇਵੇਂ ਹੀ ਧਰਤੀ ਹੇਠ ਭੇਜਿਆ ਜਾਂਦਾ ਹੈ। ਇਸ ਬਾਰੇ ਕਦੇ ਚਰਚਾ ਨਹੀਂ ਹੋਈ।
ਜੇ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਪਾਣੀ ਦੀ ਬਚਤ ਹੋਵੇ ਤੇ ਇਸ ਨੂੰ ਗੰਦਾ ਹੋਣ ਤੋਂ ਰੋਕਿਆ ਜਾਵੇ ਤਾਂ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ ਕਾਰਜਕਾਰੀ ਯੋਜਨਾ ਬਣਾਈ ਜਾਵੇ ਤੇ ਉਸ ਉਤੇ ਸੰਜੀਦਗੀ ਨਾਲ ਯਤਨ ਕੀਤੇ ਜਾਣ। ਕੇਵਲ ਕਿਸਾਨਾਂ ਦੇ ਸਿਰ ਦੋਸ਼ ਮੜ੍ਹਨ ਨਾਲ ਕੋਈ ਸੁਧਾਰ ਨਹੀਂ ਹੋਵੇਗਾ। ਕਿਸਾਨ ਦੀ ਤਾਂ ਵਾਹੀ ਹੇਠ ਧਰਤੀ ਹਰ ਸਾਲ ਘਟ ਰਹੀ ਹੈ ਤੇ ਅਸੀਂ ਉਸ ਨੂੰ ਖਾਲੀ ਰੱਖਣ ਦੀ ਸਲਾਹ ਦੇ ਰਹੇ ਹਾਂ। ਇਸ ਸ਼ਾਇਦ ਸੰਭਵ ਨਹੀਂ ਹੋਵੇਗਾ। ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਸਰਕਾਰੀ ਯਤਨ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਗੰਭੀਰ ਮਸਲੇ ਦਾ ਹਲ ਲੱਭਿਆ ਜਾ ਸਕਦਾ ਹੈ। ਕਿਸਾਨ ਜਥੇਬੰਦੀਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਨਹਿਰੀ ਪ੍ਰਬੰਧ ਨੂੰ ਮੁੜ ਚਾਲੂ ਕਰਵਾਉਣ, ਇਸ ਨਾਲ ਜਿਥੇ ਧਰਤੀ ਹੇਠ ਪਾਣੀ ਜਾਵੇਗਾ, ਉਥੇ ਟਿਊਬਵੈਲ ਬੰਦ ਹੋ ਜਾਣਗੇ। ਪਾਣੀ ਤੇ ਬਿਜਲੀ ਦੀ ਬਚਤ ਹੋਵੇਗੀ। ਘਟ ਰਹੇ ਪਾਣੀ ਅਤੇ ਵਧ ਰਹੀ ਆਲਮੀ ਤਪਸ਼ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਹੋਵੇਗਾ। ਕਿਸਾਨ ਜਥੇਬੰਦੀਆਂ ਸਰਕਾਰ ਨੂੰ ਇਸ ਪਾਸੇ ਫ਼ੌਰੀ ਕਦਮ ਚੁੱਕਣ ਲਈ ਮਜਬੂਰ ਕਰ ਸਕਦੀਆਂ ਹਨ। ਅਜਿਹਾ ਕੀਤਿਆਂ ਕਿਸਾਨਾਂ ਦੇ ਹੱਕਾਂ ਦੀ ਸਭ ਤੋਂ ਵਧੀਆ ਢੰਗ ਨਾਲ ਰਾਖੀ ਹੋ ਸਕੇਗੀ।
*

Check Also

ਨਿਰਭਉ-ਨਿਰਵੈਰ ਹੋ ਕੇ ਜਿਊਣ ਦੀ ਜੁਗਤ ਹੈ ‘ਮੀਰੀ’ ਤੇ ‘ਪੀਰੀ’ ਦਾ ਸਿਧਾਂਤ

ਤਲਵਿੰਦਰ ਸਿੰਘ ਬੁੱਟਰ ਮੀਰੀ ਅਤੇ ਪੀਰੀ, ਦੋਵੇਂ ਸ਼ਬਦ ਅਰਬੀ-ਫਾਰਸੀ ਪਿਛੋਕੜ ਵਾਲੇ ਹਨ। ‘ਮੀਰੀ’ ਦਾ ਸਬੰਧ …