4.8 C
Toronto
Friday, May 8, 2026
spot_img
Homeਮੁੱਖ ਲੇਖਕੈਨੇਡਾ ਦੇ ਸਿੱਖਾਂ ਦੀ ਸਿਆਸਤ (ਪਾਰਟ 1)

ਕੈਨੇਡਾ ਦੇ ਸਿੱਖਾਂ ਦੀ ਸਿਆਸਤ (ਪਾਰਟ 1)

(ਕਿਸ਼ਤ ਪਹਿਲੀ)
ਹਿੰਦੁਸਤਾਨੀ ਇਮੀਗ੍ਰੈਂਟ ਵੀਹਵੀਂ ਸਦੀ ਦੇ ਸ਼ੁਰੂ ਵਿਚ ਕੈਨੇਡਾ ਵਿੱਚ ਆਉਣ ਲੱਗੇ ਸਨ। ਕੈਨੇਡੀਅਨ ਸਰਕਾਰ ਨੇ 1908 ਵਿੱਚ ‘ਸਿੱਧੇ ਸਫਰ’ ਦੀ ਸ਼ਰਤ ਵਾਲ਼ਾ ਕਾਨੂੰਨ ਬਣਾ ਕੇ ਉਨ੍ਹਾਂ ਦਾ ਇੱਥੇ ਆਉਣਾ ਬੰਦ ਕਰ ਦਿੱਤਾ ਸੀ। ਪਰ ਉਦੋਂ ਤੱਕ 5200 ਦੇ ਕਰੀਬ ਹਿੰਦੁਸਤਾਨੀ ਕੈਨੇਡਾ ਵਿੱਚ ਆ ਚੁੱਕੇ ਸਨ। ਜਲਦੀ ਹੀ ਇਨ੍ਹਾਂ ਵਿੱਚੋਂ ਅੱਧੇ ਬੰਦੇ ਕੈਨੇਡਾ ਛੱਡ ਅਮਰੀਕਾ ਜਾ ਕੇ ਰਹਿਣ ਲੱਗ ਪਏ ਸਨ। ਇਸ ਤਰ੍ਹਾਂ ਕੈਨੇਡਾ ਵਿੱਚ ਪੱਚੀ-ਛੱਬੀ ਸੌ ਬੰਦਾ ਰਹਿ ਗਿਆ ਸੀ ਤੇ ਅਮਰੀਕਾ ਵਿੱਚ ਇਨ੍ਹਾਂ ਦੀ ਗਿਣਤੀ ਸੱਤ-ਅੱਠ ਹਜ਼ਾਰ ਹੋ ਗਈ ਸੀ। ਕੈਨੇਡਾ ਆਏ ਇਨ੍ਹਾਂ ਹਿੰਦੁਸਤਾਨੀ ਇਮੀਗ੍ਰੈਂਟਾਂ ਵਿੱਚੋਂ ਥੋੜ੍ਹੇ ਜਿਹੇ ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਪੰਜਾਬੀ ਸਨ ਤੇ ਇਨ੍ਹਾਂ ਪੰਜਾਬੀਆਂ ਵਿੱਚ ਵੀ ਲੱਗ-ਪੱਗ 90% ਸਿੱਖ ਸਨ। ਇਹ ਤਕਰੀਬਨ ਸਾਰੇ ਹੀ ਕਨੇਡਾ ਦੇ ਪੱਛਮੀ ਤੱਟ ਦੇ ਸੂਬੇ ਬਰਿਟਸ਼ ਕੋਲੰਬੀਆ ਵਿੱਚ ਰਹਿੰਦੇ ਸਨ।
ਇਸ ਲੇਖ ਦਾ ਮਕਸਦ ਕੈਨੇਡਾ ਆਏ ਇਨ੍ਹਾਂ ਸਿੱਖਾਂ ਦੀ 1947 ਤੱਕ ਦੀ ਸਿਆਸਤ ਦੇ ਕੁੱਝ ਪੱਖਾਂ ‘ਤੇ ਵਿੱਚਾਰ ਕਰਨਾ ਹੈ।
ਕਨੇਡਾ ਦੇ ਇਨ੍ਹਾਂ ਪੱਚੀ ਛੱਬੀ ਸੌ ਸਿੱਖਾਂ ਨੂੰ ਅਸੀਂ ਚਾਰ ਧੜਿਆਂ ਵਿੱਚ ਵੰਡ ਕੇ ਦੇਖ ਸਕਦੇ ਹਾਂ:
1). ਮਜ਼ਹਬੀ ਦੀਵਾਨੇ.
2). ਇਮੀਗ੍ਰੇਸ਼ਨ ਧੜਾ. (ਗਦਾਰ ਧੜਾ)
3). ਦੇਸ਼ ਭਗਤ ਧੜਾ. (ਗਦਰੀ)
4). ਸੰਸਾਰੀਏ.
1) ਮਜ਼ਹਬੀ ਦੀਵਾਨੇ: ਇਹ ਗਿਣਤੀ ਵਿੱਚ ਬਹੁਤ ਥੋੜ੍ਹੇ ਸਨ। ਇਨ੍ਹਾਂ ਦਾ ਲੀਡਰ ਭਾਈ ਵਰਿਆਮ ਸਿੰਘ ਸੀ ਜੋ ਬਾਅਦ ਵਿੱਚ ਇੰਡੀਆ ਜਾ ਕੇ ਸੰਤ ਸੁੰਦਰ ਸਿੰਘ ਟੱਲੇਵਾਲੀਆ ਦੇ ਨਾਂ ਨਾਲ ਮਸ਼ਹੂਰ ਹੋਏ। ਵੀਕਇੰਡ ਉੱਤੇ ਜਾਂ ਛੁੱਟੀ ਵਾਲ਼ੇ ਦਿਨ ਇਹ ਲੋਕ ਢੋਲਕ ਛੈਣਿਆਂ ਨਾਲ਼ ਸ਼ਬਦ ਪੜ੍ਹਦੇ ਵੈਨਕੂਵਰ ਦੀਆਂ ਗਲ਼ੀਆਂ ਵਿੱਚ ਦੀ ਲੰਘਿਆ
ਕਰਦੇ ਸਨ। ਇਹ ਲੋਕ ਬਹੁਤਾ ਧਾਰਮਿਕ ਕੰਮਾਂ ਵਿੱਚ ਹੀ ਮਸਤ ਰਹਿੰਦੇ ਸਨ। ਇਸ ਕਰਕੇ ਲੋਕ ਇਨ੍ਹਾਂ ਨੂੰ ‘ਮਜ਼ਹਬੀ ਦੀਵਾਨੇ’ ਸੱਦਿਆ ਕਰਦੇ ਸਨ।
2). ਇਮੀਗ੍ਰੇਸ਼ਨ ਧੜਾ (ਗਦਾਰ ਧੜਾ): ਇਸ ਧੜੇ ਵਿੱਚ ਪੰਦਰਾਂ-ਵੀਹ ਬੰਦੇ ਸਨ। ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਦੇ ਕੈਨੇਡਾ ਵਿੱਚ ਜਾਸੂਸ ਵਿਲੀਅਮ ਹਾਪਕਿਨਸਨ ਨੇ ਹਿੰਦੁਸਤਾਨੀ ਦੇਸ਼ ਭਗਤਾਂ ਦੀ ਜਾਸੂਸੀ ਕਰਨ ਲਈ ਕੈਨੇਡਾ ਦੀ ਹਿੰਦੁਸਤਾਨੀ ਕਮਿਊਨਿਟੀ ਵਿਚੋਂ ਸੂਹੀਆਂ ਦਾ ਇਕ ਸੈੱਲ ਕਾਇਮ ਕੀਤਾ ਹੋਇਆ ਸੀ। ਇਹ ਲੋਕ ਇਮੀਗ੍ਰੇਸ਼ਨ ਮਹਿਕਮੇ ਨਾਲ਼ ਰਲ਼ ਕੇ ਕੰਮ ਕਰਦੇ ਸਨ। ਇਸ ਲਈ ਲੋਕ ਇਨ੍ਹਾਂ ਨੂੰ ਇਮੀਗ੍ਰੇਸ਼ਨ ਧੜਾ ਆਖਦੇ ਸਨ। ਇਨ੍ਹਾਂ ਦੇ ਗਦਾਰੀ ਵਾਲ਼ੇ ਕੰਮਾਂ ਕਰਕੇ ਕਈ ਲੋਕ ਇਨ੍ਹਾਂ ਨੂੰ ‘ਗਦਾਰ ਧੜਾ’ ਵੀ ਆਖਦੇ ਸਨ। ਇਸ ਧੜੇ ਦੇ ਮੁੱਖ ਲੀਡਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਬੇਲਾ ਸਿੰਘ ਜਿਆਣ, ਜ਼ਿਲਾ੍ਹ ਜਲੰਧਰ ਦਾ ਬਾਬੂ ਸਿੰਘ ਲਿੱਤਰਾਂ ਅਤੇ ਮਾਹਿਲਪੁਰ ਲਾਗੇ ਬੜੀਆਂ ਬਾੜੀਆਂ ਦਾ ਗੰਗਾ ਰਾਮ (ਸਹੋਤਾ ਗੋਤ ਦਾ ਜੱਟ-ਸਿੱਖ) ਸਨ। ਬੇਲਾ ਸਿੰਘ ਅਤੇ ਬਾਬੂ ਸਿੰਘ ਸਰਕਾਰ ਦੇ ‘ਪੇਡ ਏਜੰਟ’ ਸਨ। ਸੂਹੀਏ ਬੇਲਾ ਸਿੰਘ ਨੂੰ ਕੈਨੇਡੀਅਨ ਸਰਕਾਰ ਮਹੀਨੇ ਦੇ 62 ਡਾਲਰ 50 ਸੈਂਟ ਦਿੰਦੀ ਸੀ। ਇਸ ਧੜੇ ਵਿੱਚ ਸ਼ਾਮਲ ਕੁੱਝ ਹੋਰ ਬੰਦਿਆਂ ਦੇ ਨਾਂ ਸਨ: ਨੈਣਾ ਸਿੰਘ ਕੰਦੋਲਾ, ਸੇਵਾ ਸਿੰਘ ਨੁਮਾਣੇ, ਭਗਤ ਸਿੰਘ ਹਰੀਪੁਰ, ਰਤਨ ਸਿੰਘ ਉਰਫ ਪਰਤਾਪ ਸਿੰਘ ਕੋਟਲੀ, ਪਰਤਾਪ ਸਿੰਘ ਟੱਟੂਆਂ ਵਾਲਾ ਪਿੰਡ ਤਾਜੋਕੇ, ਪ੍ਰੇਮ ਸਿੰਘ ਠੋਲੀ, ਸੱਜਣ ਸਿੰਘ, ਪ੍ਰੇਮ ਸਿੰਘ, ਪਾਲ ਸਿੰਘ, ਨੱਥਾ ਸਿੰਘ, ਮੇਲਾ ਸਿੰਘ, ਕਾਬਲ ਸਿੰਘ, ਅਤੇ ਜਗਤ ਸਿੰਘ।
ਇਸ ਧੜੇ ਦੇ ਲੀਡਰ ਬੇਲਾ ਸਿੰਘ ਜਿਆਣ ਨੇ ਹਾਪਕਿਨਸਨ ਦੀ ਸ਼ਹਿ ‘ਤੇ 5 ਸਤੰਬਰ 1914 ਨੂੰ ਵੈਨਕੂਵਰ ਗੁਰਦੁਆਰੇ ਵਿੱਚ ਗੋਲ਼ੀ ਚਲਾ ਕੇ ਗੁਰਦੁਆਰੇ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਉਨ੍ਹਾਂ ਦੇ ਸਾਥੀ ਭਾਈ ਬਦਨ ਸਿੰਘ ਦਲੇਲ ਸਿੰਘ ਵਾਲਾ ਨੂੰ ਸ਼ਹੀਦ ਕਰ ਦਿੱਤਾ ਸੀ।
3) ਦੇਸ਼ ਭਗਤ ਧੜਾ: ਕੈਨੇਡਾ ਦੇ ਬਹੁਤੇ ਸਿੱਖ ਇਸ ਧੜੇ ਵਿੱਚ ਸ਼ਾਮਲ ਸਨ। ਇਹ ਸਿੱਖ ਵੈਨਕੂਵਰ ਗੁਰਦੁਆਰੇ ਦੀ ਕਮੇਟੀ ‘ਖਾਲਸਾ ਦੀਵਾਨ ਸੁਸਾਇਟੀ’ ਨਾਲ਼ ਜੁੜੇ ਹੋਏ ਸਨ। ‘ਖਾਲਸਾ ਦੀਵਾਨ ਸੁਸਾਇਟੀ’ ਵਾਲ਼ੇ ਗੁਰੂ ਸਾਹਿਬ ਦੇ ਸੱਚੇ-ਸੁੱਚੇ ਸਿੱਖ ਸਨ ਜਿਨ੍ਹਾਂ ਨੂੰ ‘ਸਿੱਖੀ’ ਅਤੇ ‘ਸੋਸ਼ਲਿਸਟ ਵਿੱਚਾਰਧਾਰਾ’ ਵਿੱਚ ਕੋਈ ਫਰਕ ਨਹੀਂ ਸੀ ਦਿਸਦਾ। ਦੋਨੋਂ ਵਿੱਚਾਰਧਾਰਾਵਾਂ ਹੀ ‘ਕਿਰਤ ਕਰਨ’ ਅਤੇ ‘ਵੰਡ ਛਕਣ’ ਦੀ ਗੱਲ ਕਰਦੀਆਂ ਸਨ। ਇਸੇ ਲਈ ‘ਖਾਲਸਾ ਦੀਵਾਨ ਸੁਸਾਇਟੀ’ ਵਾਲ਼ਿਆਂ ਵੈਨਕੂਵਰ ਦੀ ਸੋਸ਼ਲਿਸਟ ਪਾਰਟੀ ਨਾਲ਼ ਰਲ਼ ਕੇ ਗੁਰਦੁਆਰੇ ਵਿੱਚ ਸੋਸ਼ਲਿਸਟ ਪਾਰਟੀ ਦੀ ਇਕ ਸਪੈਸ਼ਲ ਬਰਾਂਚ ਸਥਾਪਤ ਕੀਤੀ ਸੀ।
ਸਿੱਖ ਬਰਿਟਸ਼ ਇੰਡੀਅਨ ਆਰਮੀ ਵਿੱਚ ਭਰਤੀ ਹੋ ਕੇ ਬੜੀ ਬਹਾਦਰੀ ਨਾਲ਼ ਲੜੇ ਸਨ। ਉਹ ਇਸ ਗੱਲ ਦਾ ਬੜਾ ਮਾਣ ਮਹਿਸੂਸ ਕਰਦੇ ਸਨ ਕਿ ਉਨ੍ਹਾਂ ਨੇ ਅੰਗਰੇਜ਼ਾਂ ਲਈ ਬਹੁਤ ਸਾਰੇ ਮੁਲਕ ਜਿੱਤੇ ਸਨ। ਪਰ ਕੈਨੇਡਾ-ਅਮਰੀਕਾ ਦੇ ਗੋਰੇ ਸਿੱਖਾਂ ਨੂੰ ਤਾਹਨੇ ਮਾਰਦੇ ਸਨ ਕਿ ਉਹ ਗੁਲਾਮੀ ਦੀ ਪਲੇਗ ਫੈਲਾਉਣ ਵਾਲ਼ੇ ਚੂਹੇ ਸਨ ਜਿਨ੍ਹਾਂ ਨੇ ਬਹੁਤ ਸਾਰੇ ਮੁਲਕਾਂ ਨੂੰ ਅੰਗਰੇਜ਼ਾਂ ਦੇ ਗੁਲਾਮ ਬਣਾਇਆ ਸੀ। ਸੋਸ਼ਲਿਸਟਾਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਬਰਿਟਸ਼ ਇੰਡੀਅਨ ਆਰਮੀ ਵਿੱਚ ਭਰਤੀ ਹੋ ਕੇ ਅੰਗਰੇਜ਼ਾਂ ਲਈ ਲੜਨਾ ਸਿੱਖੀ ਅਸੂਲਾਂ ਦੇ ਵਿਰੁੱਧ ਸੀ। ਇਸ ਨਵੀਂ ਮਿਲ਼ੀ ਸਿਆਸੀ ਚੇਤਨਾ ਕਾਰਨ ‘ਦੇਸ਼ ਭਗਤ ਧੜੇ’ ਦੇ ਸਾਬਕਾ ਸਿੱਖ ਫੌਜੀ ਮਹਿਸੂਸ ਕਰਨ ਲੱਗੇ ਕਿ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਉਨ੍ਹਾਂ ਦਾ ਰੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਨ੍ਹਾਂ ਸਿੰਘਾਂ ਵਾਲ਼ਾ ਨਹੀ ਸੀ ਜਿਨ੍ਹਾਂ ਨੇ ਹਿੰਦੁਸਤਾਨ ਦੇ ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਆਪਣੇ ਘੋੜਿਆਂ ਦੇ ਸੁੰਮਾਂ ਥੱਲੇ ਲਿਤਾੜਨ ਵਾਲ਼ੇ ਪਠਾਣਾ ਦੇ ਘੋੜਿਆਂ ਦੀਆਂ ਨਾ ਸਿਰਫ ਵਾਗਾਂ ਨੂੰ ਹੱਥ ਪਾ ਲਿਆ ਸੀ ਸਗੋਂ ਉਨ੍ਹਾਂ ਜਰਵਾਣਿਆਂ ਦੇ ਮੂੰਹ ਹਿੰਦੋਸਤਾਨ ਤੋਂ ਅਫਗਾਨਿਸਤਾਨ ਵੱਲ ਘੁਮਾਅ ਉਨ੍ਹਾਂ ਨੂੰ ਦਰਾ ਖੈਬਰ ਤੋਂ ਪਾਰ ਧੱਕ ਦਿੱਤਾ ਸੀ। ‘ਦੇਸ਼ ਭਗਤ ਧੜੇ’ ਦੇ ਇਨ੍ਹਾਂ ਸਾਬਕਾ ਸਿੱਖ ਫੌਜੀਆਂ ਨੇ 3 ਅਕਤੂਬਰ 1909 ਨੂੰ ਵੈਨਕੂਵਰ ਗੁਰਦੁਆਰੇ ਦੇ ਪਿਛਲੇ ਵਿਹੜੇ ਵਿੱਚ ਆਪਣੀਆਂ ਫੌਜੀ ਵਰਦੀਆਂ, ਬਹਾਦਰੀ ਦੇ ਮੈਡਲ ਅਤੇ ਅੰਗਰੇਜ਼ ਅਫਸਰਾਂ ਵੱਲੋਂ ਮਿਲ਼ੇ ਆਨਰੇਬਲ ਡਿਸਚਾਰਜ ਸਰਟੀਫੀਕੇਟ ਅੱਗ ਲਾ ਕੇ ਸਾੜ ਦਿੱਤੇ । ਇਤਿਹਾਸਕਾਰ ਇਸ ਘਟਨਾ ਨੂੰ ‘ਮੈਡਲਾਂ ਦੀ ਲੋਹੜੀ’ ਲਿਖਦੇ ਹਨ। ਇਸ ਤਰ੍ਹਾਂ ਸਿੱਖਾਂ ਵੱਲੋਂ ਅੰਗਰੇਜ਼ ਦੀ ਵਫਾਦਾਰੀ ਤਿਆਗ ਕੇ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦਣ ਦੀ ਸ਼ੁਰੂਆਤ ਵੈਨਕੂਵਰ ਦੇ ਸਿੱਖਾਂ ਵੱਲੋਂ ਹੋਈ ਸੀ। ਅਮਰੀਕਾ ਰਹਿੰਦੇ ਹਿੰਦੁਸਤਾਨੀਆਂ ਨੇ ਜੂਨ, 1913 ਵਿੱਚ ਗਦਰ ਪਾਰਟੀ ਬਣਾਈ ਤਾਂ ਕੈਨੇਡਾ ਦੇ ਦੇਸ਼ ਭਗਤ ਧੜੇ ਦੇ ਸਿੱਖ ਵੀ ਇਸ ਦੇ ਮੈਂਬਰ ਬਣ ਗਏ। 4 ਅਗਸਤ 1914 ਨੂੰ ਸੰਸਾਰ ਯੁੱਧ ਸ਼ੁਰੂ ਹੋਣ ‘ਤੇ ਗਦਰ ਪਾਰਟੀ ਵਾਲ਼ਿਆਂ, ਬਾਵਜੂਦ ਇਸ ਗੱਲ ਦੇ ਕਿ ਪਾਰਟੀ ਦੀਆਂ ਗਦਰ ਕਰਨ ਲਈ ਤਿਆਰੀਆਂ ਹਾਲਾਂ ਮੁਕੰਮਲ ਨਹੀਂ ਸਨ, ਦੁਸ਼ਮਣ ਕਸੂਤਾ ਫਸਿਆ ਦੇਖਦਿਆਂ ਆਪਣੇ ਮੈਂਬਰਾਂ ਨੂੰ ਦੇਸ਼ ਜਾ ਕੇ ਗਦਰ ਮਚਾਉਣ ਦਾ ਸੱਦਾ ਦੇ ਦਿੱਤਾ।
”ਦੁਸ਼ਮਣ ਸਾਡਾ ਯੂਰਪ ਵਿੱਚ ਹੈ ਫਸਿਆ ਫਾਹੀ ਡਾਢੀ ਹੈ।
ਜਰਮਨ ਸ਼ੇਰ ਖੜ੍ਹਾ ਹੈ ਘੇਰੀ ਹੁਣ ਤਾਂ ਢਿੱਲ ਅਸਾਡੀ ਹੈ।
ਹੱਥੋ-ਹੱਥੀ ਫੜ ਲਓ ਸ਼ੇਰੋ ਵੇਲਾ ਢਿੱਲ ਨਾ ਲਾਵਨ ਦਾ।
ਜਲਦੀ ਗਦਰ ਮਚਾ ਦਿਓ ਸ਼ੇਰੋ ਮੌਕਾ ਨਹੀਂ ਖੁੰਜਾਵਨ ਦਾ।”
ਕੈਨੇਡਾ ਦੇ ਦੇਸ਼ ਭਗਤ ਧੜੇ ਦੇ ਬਹੁਤ ਸਾਰੇ ਸਿੱਖ ਗਦਰ ਕਰਕੇ ਦੇਸ਼ ਆਜ਼ਾਦ ਕਰਵਾਉਣ ਦੇ ਇਰਾਦੇ ਨਾਲ਼ ਦੇਸ਼ ਪਹੁੰਚੇ। ਪਰ ਦੇਸ਼ ਦੇ ਲੋਕ ਜਾਗ੍ਰਿਤ ਨਹੀਂ ਸਨ। ਇਸ ਤਰ੍ਹਾਂ ਦੇ ਕਈ ਕਾਰਨਾਂ ਕਰਕੇ ਗਦਰੀ ਦੇਸ਼ ਆਜ਼ਾਦ ਕਰਵਾਉਣ ਵਿੱਚ ਕਾਮਯਾਬ ਨਾ ਹੋ ਸਕੇ। ਪਰ ਦੇਸ਼ ਆਜ਼ਾਦ ਕਰਵਾਉਣ ਦੀ ਇਸ ਕੋਸ਼ਿਸ਼ ਵਿੱਚ ਦੇਸ਼ ਭਗਤ ਧੜੇ ਦੇ 14 ਸਿਖਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ, ਦਰਜਨਾਂ ਨੇ ਉਮਰ-ਕੈਦ ਕੱਟੀ ਸੀ (ਕੈਨੇਡਾ ਦੇ ਇਨ੍ਹਾਂ ਗਦਰੀਆਂ ਬਾਰੇ ਵੇਰਵੇ ਨਾਲ਼ ਜਾਨਣ ਲਈ ਲੇਖਕ ਦੀ ਕਿਤਾਬ ‘ਕਨੇਡਾ ਦੇ ਗਦਰੀ ਯੋਧੇ’ ਪੜ੍ਹੋ)।
4). ਸੰਸਾਰੀਏ: ਇਸ ਧੜੇ ਵਾਲ਼ੇ ਬ੍ਰਿਟਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਤੋਂ ‘ਸੰਸਾਰ’ ਨਾ ਦਾ ਅਖਬਾਰ ਕੱਢਦੇ ਸਨ। ਇਸ ਕਰਕੇ ਲੋਕ ਇਨਾਂ ਨੂੰ ‘ਸੰਸਾਰੀਏ’ ਸੱਦਦੇ ਸਨ। ਇਸ ਧੜੇ ਦੇ ਮੁੱਖ ਲੀਡਰ ਡਾਕਟਰ ਸੁੰਦਰ ਸਿੰਘ, ਕਰਤਾਰ ਸਿੰਘ ਹੁੰਦਲ (ਕੈਂਚੀ) ਅਤੇ ਬਾਬੂ ਕਪੂਰ ਸਿੰਘ ਸਿੱਧੂ (ਖੜੌਦੀ) ਸਨ। ਡਾਕਟਰ ਸੁੰਦਰ ਸਿੰਘ ਪੱਛਮੀ ਪੰਜਾਬ ਤੋਂ ਸੀ। ਕਰਤਾਰ ਸਿੰਘ ਹੁੰਦਲ ਦਾ ਪਿੰਡ ਤਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਡਾਲਾ ਸੀ ਪਰ ਮਾਂ ਦੀ ਮੌਤ ਪਿੱਛੋਂ ਉਹ ਆਪਣੇ ਨਾਨਕੀਂ ਮਾਹਿਲਪੁਰ ਰਹਿੰਦਾ ਰਿਹਾ ਸੀ। ਬਾਬੂ ਕਪੂਰ ਸਿੰਘ ਸਿੱਧੂ ਦੇ ਬਜ਼ੁਰਗਾਂ ਦਾ ਪਿੱਛਾ ਜ਼ਿਲ੍ਹਾ ਅੰਮ੍ਰਿਤਸਰ ਸੀ ਪਰ ਮਾਹਲਪੁਰ ਨੇੜੇ ਪਿੰਡ ਖੜੌਦੀ ਵਿੱਚ ਉਨਾਂ ਨੂੰ ਜਗੀਰ ਮਿਲ਼ੀ ਹੋਈ ਸੀ। ਬਾਬੂ ਕਪੂਰ ਸਿੰਘ 1906 ਵਿੱਚ ਪਹਿਲਾਂ ਅਮਰੀਕਾ ਵਿੱਚ ਆਇਆ ਸੀ ਤੇ 1912 ਵਿੱਚ ਉਹ ਅਮਰੀਕਾ ਤੋਂ ਕੈਨੇਡਾ ਆ ਗਿਆ ਸੀ। ਇਨ੍ਹਾਂ ਲੋਕਾਂ ਨੂੰ ਗਦਾਰ ਕਹਿਣਾ ਤੇ ਠੀਕ ਨਹੀਂ ਹੋਵੇਗਾ ਪਰ ਇਨ੍ਹਾਂ ਨੂੰ ਸੱਚੇ-ਸੁੱਚੇ ਦੇਸ਼ ਭਗਤ ਵੀ ਨਹੀਂ ਆਖਿਆ ਜਾ ਸਕਦਾ। ਇਹ ਲੋਕ ਦੇਸ਼ ਦਾ ਭਲਾ ਤਾਂ ਚਾਹੁੰਦੇ ਸਨ ਪਰ ਆਪਣਾ ਨੁਕਸਾਨ ਕਰਵਾ ਕੇ ਨਹੀਂ। ਇਸ ਦੇ ਉੱਲਟ ‘ਦੇਸ਼ ਭਗਤ ਧੜੇ’ ਦੇ ਸਿੱਖ ਦੇਸ਼ ਲਈ, ਦੇਸ਼ ਦੇ ਲੋਕਾਂ ਲਈ ਆਪਣਾ ਸਾਰਾ ਕੁਛ ਵਾਰਨ ਨੂੰ ਤਿਆਰ ਸਨ, ਜਾਨ ਵੀ। ਕਰਤਾਰ ਸਿੰਘ ਹੁੰਦਲ ਹੋਰੀਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਵਿਕਟੋਰੀਆ ਵਿੱਚ 630 ਸਪੀਡ ਐਵਿਨਿਊ ਵਾਲ਼ੀ ਪਰਾਪਰਟੀ ਖਰੀਦੀ ਸੀ ਤੇ 1912 ਵਿੱਚ ਇੱਥੋਂ ਪੰਜਾਬੀ-ਅੰਗਰੇਜ਼ੀ ਦਾ ਰਲਵਾਂ ਅਖਬਾਰ ‘ਸੰਸਾਰ’ ਕੱਢਿਆ ਸੀ। ਇਹ ਅਖਬਾਰ ਪਹਿਲਾਂ ਹੱਥ ਨਾਲ਼ ਲਿਖਿਆ ਹੁੰਦਾ ਸੀ ਪਰ 1913 ਤੋਂ ਛਾਪੇ ‘ਤੇ ਛਪਣ ਲੱਗਾ ਸੀ। ‘ਸੰਸਾਰ’ ਕਨੇਡਾ-ਅਮਰੀਕਾ ਵਿੱਚ ਛਾਪੇ (ਪਰਿੰਟਿੰਗ ਪਰੈੱਸ) ‘ਤੇ ਛਪਣ ਵਾਲ਼ਾ ਪੰਜਾਬੀ ਦਾ ਪਹਿਲਾ ਅਖਬਾਰ ਸੀ।
ਪ੍ਰੁਸਿੱਧ ਇਨਕਲਾਬੀ ਭਾਈ ਭਗਵਾਨ ਸਿੰਘ ਨੂੰ 7 ਜੂਨ 1913 ਨੂੰ ਬੇਲਾ ਸਿੰਘ ਜਿਆਣ ਨੇ ਹਾਪਕਿਨਸਨ ਦੀ ਮਦਦ ਨਾਲ਼ ਹਾਂਗਕਾਂਗ ਤੋਂ ਕਨੇਡਾ ਲਿਆਂਦਾ ਸੀ। ਉਨ੍ਹਾਂ ਦਾ ਭਾਈ ਭਗਵਾਨ ਸਿੰਘ ਨੂੰ ਇੱਥੇ ਲਿਆਉਣ ਦਾ ਮਕਸਦ ਉਸ ਨੂੰ ਦੇਸ਼ ਭਗਤ ਧੜੇ ਦੇ ਵਿਰੁੱਧ ਵਰਤਣਾ ਸੀ। ਪਰ ਭਾਈ ਭਗਵਾਨ ਸਿੰਘ ਦਿਲੋਂ ਇਨਕਲਾਬੀ ਸਨ। ਜਲਦੀ ਹੀ ਉਹ ਬੇਲਾ ਸਿੰਘ ਹੋਰਾਂ ਦਾ ਸਾਥ ਛੱਡ ਕੇ ਦੇਸ਼ ਭਗਤ ਧੜੇ ਨਾਲ ਆ ਰਲ਼ੇ। ਇਸ ਨਾਲ਼ ਗਦਾਰ ਧੜੇ ਵਾਲ਼ੇ ਬੇਲਾ ਸਿੰਘ ਹੋਰੀਂ ਭਾਈ ਭਗਵਾਨ ਸਿੰਘ ਦੇ ਦੁਸ਼ਮਣ ਬਣ ਗਏ। ਇਸ ਤੋਂ ਜਲਦੀ ਪਿੱਛੋਂ ਭਾਈ ਭਗਵਾਨ ਸਿੰਘ ਆਪਣੇ ਇਨਕਲਾਬੀ ਲੇਖ ਲੈ ਕੇ ਵਿਕਟੋਰੀਆ ਸੰਸਾਰ ਵਾਲ਼ਿਆਂ ਦੇ ਦਫਤਰ ਗਏ। ਉਹ ਆਪਣੇ ਇਹ ਤੱਤੇ ਲੇਖ ਸੰਸਾਰ ਅਖਬਾਰ ਵਿੱਚ ਛਪਵਾਉਣੇ ਚਾਹੁੰਦੇ ਸਨ। ਐਡੀਟਰ ਕਰਤਾਰ ਸਿੰਘ ਹੋਰੀਂ ਇਹ ਲੇਖ ਸੰਸਾਰ ਅਖਬਾਰ ਵਿੱਚ ਛਾਪਣੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਇਸ ਨਾਲ਼ ਸਰਕਾਰ ਨਰਾਜ਼ ਹੋ ਜਾਵੇਗੀ। ਭਾਈ ਭਗਵਾਨ ਸਿੰਘ ਨੇ ਸੰਸਾਰ ਵਾਲ਼ਿਆਂ ਨੂੰ ‘ਨਿਪੁੰਸਕ’ ਆਖਿਆ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਖਬਾਰ ਅਤੇ ਦਫਤਰ ਕਿਉਂਕਿ ਲੋਕਾਂ ਦੇ ਪੈਸੇ ਨਾਲ਼ ਬਣੇ ਹਨ ਇਸ ਲਈ ਅਖਬਾਰ ਅਤੇ ਦਫਤਰ ਦੋਨੋਂ ਖਾਲਸਾ ਦੀਵਾਨ ਸੁਸਾਇਟੀ ਦੇ ਨਾਂ ਹੋਣੇ ਚਾਹੀਦੇ ਹਨ। ਸੰਸਾਰੀਆਂ ਨੇ ਇਸ ਨੂੰ ਸਖਤ ਸ਼ਬਦਾਂ ਵਿੱਚ ਨਿੰਦਿਆ ਤੇ ਆਖਿਆ ਕਿ ਭਾਈ ਭਗਵਾਨ ਸਿੰਘ ਇਹ ਸਾਰਾ ਕੁਛ ਪੈਸੇ ਦੇ ਲਾਲਚ ਵਿੱਚ ਕਰ ਰਿਹਾ ਹੈ।
ਹੁਣ ਸੰਸਾਰੀਏ ਵੀ ਭਾਈ ਭਗਵਾਨ ਸਿੰਘ ਦੇ ਦੁਸ਼ਮਣ ਬਣ ਗਏ। ‘ਦੁਸ਼ਮਣ ਦਾ ਦੁਸ਼ਮਣ ਮਿੱਤਰ’ ਅਨੁਸਾਰ ‘ਸੰਸਾਰੀਏ’ ਅਤੇ ‘ਇਮੀਗ੍ਰੇਸ਼ਨ ਧੜੇ’ ਵਾਲ਼ੇ ਮਿੱਤਰ ਬਣ ਗਏ। ਦੋਨਾਂ ਧੜਿਆਂ ਨੇ ਰਲ਼ਕੇ ਭਾਈ ਭਗਵਾਨ ਸਿੰਘ ਨੂੰ 19 ਨਵੰਬਰ 1913 ਨੂੰ ਕੈਨੇਡਾ ‘ਚੋਂ ਡੀਪੋਰਟ ਕਰਵਾਇਆ (ਵੈਸੇ ਸੰਸਾਰੀਆਂ ਨੇ ਮਗਰਮੱਛ ਦੇ ਹੰਝੂ ਵਹਾਉਂਦਿਆਂ ‘ਸੰਸਾਰ’ ਅਖਬਾਰ ਵਿੱਚ ਇਸ ਡੀਪੋਰਟੇਸ਼ਨ ਦੀ ਨਿੰਦਿਆ ਕੀਤੀ ਸੀ)। ਇਸ ਪਿੱਛੋਂ ਛੇਤੀ ਹੀ ਸੰਸਾਰੀਆਂ ਨੇ ਇਮੀਗਰੇਸ਼ਨ ਧੜੇ ਦੇ ਬੇਲਾ ਸਿੰਘ ਜਿਆਣ ਅਤੇ ਬਾਬੂ ਸਿੰਘ ਲਿੱਤਰਾਂ ਨੂੰ ਆਪਣੀ ਜਥੇਬੰਦੀ ‘ਯੂਨਾਈਟਿਡ ਇੰਡੀਆ ਐਸੋਸੀਏਸ਼ਨ’ ਦੇ ਮੈਂਬਰ ਲੈ ਲਿਆ। ਦਰਅਸਲ ‘ਸੰਸਾਰੀਆ’ ਅਤੇ ‘ਦੇਸ਼ ਭਗਤਾਂ’ ਦੀ 1913 ਦੇ ਸ਼ੁਰੂ ਵਿੱਚ ਹੀ ਵਿਗੜ ਗਈ ਸੀ। ਵੈਨਕੂਵਰ ਦੇ ਸਿੱਖਾਂ ਨੇ 1911 ਦੇ ਆਖਰੀ ਮਹੀਨਿਆਂ ਦੌਰਾਨ ਪਰਿਵਾਰ ਮੰਗਵਾ ਸਕਣ ਦੀ ਇਜਾਜ਼ਤ ਲੈਣ ਲਈ ਔਟਵਾ ਨੂੰ ਡੈਪੂਟੇਸ਼ਨ ਭੇਜਿਆ ਸੀ। ਇਹ ਡੈਪੂਟੇਸ਼ਨ ‘ਸੰਸਾਰੀਆਂ’ ਦੀ ਅਗਵਾਈ ਥੱਲੇ ਭੇਜਿਆ ਗਿਆ ਸੀ। ‘ਸੰਸਾਰੀਏ’ ਪਰਿਵਾਰ ਮੰਗਵਾ ਸਕਣ ਦੀ ਇਜਾਜ਼ਤ ਲੈਣ ਵਿੱਚ ਕਾਮਜਾਬ ਨਹੀਂ ਸੀ ਹੋਏ। ਸਿੱਖ ਭਾਰੀਚਾਰਾ 1913 ਦੇ ਸ਼ੁਰੂ ਵਿੱਚ ਇਕ ਹੋਰ ਡੈਪੂਟੇਸ਼ਨ ਇੰਡੀਆ ਨੂੰ ਭੇਜਿਆ ਚਾਹੁੰਦਾ ਸੀ। ਸਿਖ ਕਮਿਊਨਿਟੀ ਇਹ ਡੈਪੂਟੇਸ਼ਨ ‘ਸੰਸਾਰੀਆਂ’ ਦੀ ਅਗਵਾਈ ਥੱਲੇ ਭੇਜਣ ਲਈ ਰਜ਼ਾਮੰਦ ਨਾ ਹੋਈ। ਇਹ ਡੈਪੂਟੇਸ਼ਨ ‘ਦੇਸ਼ ਭਗਤ ਧੜੇ’ ਦੇ ਲੀਡਰ, ਵੈਨਕੂਵਰ ਗੁਰਦੁਆਰੇ ਦੇ ਗਰੰਥੀ ਸਾਹਿਬਾਨ, ਭਾਈ ਬਲਵੰਤ ਸਿੰਘ ਖੁਰਦਪੁਰ ਦੀ ਅਗਵਾਈ ਥੱਲੇ ਭੇਜਿਆ ਗਿਆ ਸੀ। ਸੰਸਾਰੀਏ ਇਸ ਗੱਲੋਂ ਵੀ ਦੇਸ਼ ਭਗਤਾਂ ਨਾਲ਼ ਔਖੇ ਸਨ।
(ਬਾਕੀ ਅਗਲੇ ਅੰਕ ਵਿਚ ਪੜ੍ਹੋ)

RELATED ARTICLES
POPULAR POSTS