ਪੂਰਨ ਸਿੰਘ ਪਾਂਧੀ
ਜਨਮ ਤੇ ਮਾਤਾ ਪਿਤਾ:-ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਦੇ ਘਰ ਇੱਕ ਅਪ੍ਰੈਲ ਸੰਨ 1621 ਨੂੰ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿਚ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਦੇ ਤਿੰਨ ਮਹਿਲ (ਪਤਨੀਆਂ) ਸਨ:- ਮਾਤਾ ਦਮੋਦਰੀ ਜੀ, ਮਾਤਾ ਮਹਾਂ ਦੇਵੀ ਜੀ ਅਤੇ ਮਾਤਾ ਨਾਨਕੀ ਜੀ। ਮਾਤਾ ਨਾਨਕੀ ਜੀ ਦੇ ਪੰਜ ਪੁੱਤਰ ਤੇ ਇੱਕ ਪੁੱਤਰੀ ਸੀ: ਬਾਬਾ ਗੁਰਦਿੱਤਾ ਜੀ, ਸੂਰਜ ਮੱਲ, ਅਣੀ ਰਾਇ, ਅਟੱਲ ਰਾਇ, ਗੁਰੂ ਤੇਗ ਬਹਾਦਰ ਸਾਹਿਬ ਅਤੇ ਬੀਬੀ ਵੀਰੋ ਜੀ। ਤੇਗ਼ ਬਹਾਦਰ ਸਾਹਿਬ ਸੱਭ ਤੋਂ ਛੋਟੇ ਸਨ।
ਸ਼ਾਦੀ ਤੇ ਸੰਤਾਨ : ਗੁਰੂ ਤੇਗ ਬਹਾਦਰ ਜੀ ਦੀ 13 ਸਾਲ ਦੀ ਉਮਰ ਵਿਚ, ਕਰਤਾਰਪੁਰ (ਜਲੰਧਰ) ਦੇ ਵਾਸੀ ਭਾਈ ਲਾਲ ਚੰਦ ਦੀ ਸਪੁੱਤਰੀ (ਮਾਤਾ) ਗੁਜਰੀ ਜੀ ਨਾਲ਼, ਮਾਰਚ 1632 ਵਿਚ ਸ਼ਾਦੀ ਹੋਈ। ਸ਼ਾਦੀ ਤੋਂ 34 ਸਾਲ ਪਿੱਛੋਂ 22 ਦਸੰਬਰ 1666 ਨੂੰ ਇੱਕਲੋਤੀ ਸੰਤਾਨ ਗੁਰੂ ਗੋਬਿੰਦ ਸਿੰਘ ਦਾ ਪਟਨੇ (ਬਿਹਾਰ) ਵਿਚ ਜਨਮ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਗੋਬਿੰਦ ਰਾਇ ਸੀ।
ਤਿਆਗ ਮੱਲ:- ਗੁਰੂ ਜੀ ਬਚਪਨ ਤੋਂ ਹੀ ਇਕਾਂਤ ਵਿਚ ਰਹਿਣ ਦੀ ਰੁਚੀ ਦੇ ਮਾਲਕ ਸਨ। ਉਨ੍ਹਾਂ ਦੀ ਰੁਚੀ ਤੇ ਬਿਰਤੀ ਭਗਤੀ ਭਾਵ ਤੇ ਤਿਆਗ ਵਾਲੀ ਸੀ। ਦੁਨਿਆਵੀ ਪੂੰਜੀਵਾਦੀ ਤੇ ਭੋਗਵਾਦੀ ਸੰਸਾਰ ਤੋਂ ਅਸਲੋਂ ਨਿਰਲੇਪ ਸਨ। ਇਸੇ ਕਾਰਣ ਆਪ ਜੀ ਦਾ ਮੁੱਢਲਾ ਨਾਂ ਤਿਆਗ ਮੱਲ ਸੀ। ਤੇਰਾਂ ਸਾਲ ਦੀ ਉਮਰ ਵਿਚ, ਕਰਤਾਰਪੁਰ ਦੀ ਜੰਗ ਵਿਚ ਤੇਗ਼ ਦੇ ਅਦੁੱਤੀ ਜੌਹਰ ਦਿਖਾਉਣ ਕਰ ਕੇ ਪਿਤਾ ਗੁਰੂ ਨੇ ਆਪ ਜੀ ਦਾ ਨਾਂ ਤਿਆਗ ਮੱਲ ਤੋਂ ਤੇਗ਼ ਬਹਾਦਰ ਰੱਖ ਦਿੱਤਾ।
ਬਕਾਲੇ:-ਪਿਤਾ ਗੁਰੂ ਹਰਿਗੋਬਿੰਦ ਸਾਹਿਬ ਦੇ 3 ਮਾਰਚ 1644 ਨੂੰ ਕੀਰਤਪੁਰ ਵਿਚ ਜੋਤੀ ਜੋਤ ਸਮਾਉਣ ਪਿੱਛੋਂ, ਤੇਗ਼ ਬਹਾਦਰ ਸਾਹਿਬ ਆਪਣੀ ਮਾਤਾ ਨਾਨਕੀ ਜੀ ਤੇ ਧਰਮ ਪਤਨੀ ਗੁਜਰੀ ਜੀ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਗਏ। ਇਸ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰ ਗੱਦੀ ਆਪਣੇ ਪੋਤਰੇ (ਬਾਬਾ ਗੁਰਦਿੱਤਾ ਜੀ ਦੇ ਪੁੱਤਰ) ਹਰਿਰਾਇ ਜੀ ਨੂੰ ਸੌਂਪ ਦਿੱਤੀ। ਭਾਣਾ ਇਹ ਵਰਤਿਆ ਕਿ ਸੱਤਵੇਂ ਗੁਰੂ ਹਰਿਰਾਇ ਜੀ 6 ਅਕਤੂਬਰ 1661 ਨੂੰ 31 ਵਰ੍ਹੇ ਦੀ ਭਰ ਜਵਾਨ ਉਮਰ ਵਿਚ ਅਕਾਲ ਚਲਾਣਾ ਕਰ ਗਏ ਅਤੇ ਗੁਰ-ਗੱਦੀ ਆਪਣੇ ਪੁੱਤਰ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੌਪ ਗਏ। ਉਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਉਮਰ ਕੇਵਲ ਪੰਜ ਸਾਲ ਸੀ। 30 ਮਾਰਚ 1664 ਨੂੰ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ 7 ਸਾਲ ਉਮਰ ਵਿਚ ਚੇਚਕ ਦੀ ਬਿਮਾਰੀ ਨਾਲ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਸਮੇ ਇੱਕ ਸੰਕੇਤੀ ਬਚਨ ਆਖ ਗਏ ਸਨ: ”ਬਾਬਾ ਬਕਾਲੇ” ਜਿਸ ਦਾ ਭਾਵ ਸੀ ਕਿ ਅਸਲੀ ਗੁਰ ਗੱਦੀ ਦਾ ਵਾਰਸ ਬਾਬਾ ਬਕਾਲੇ ਹੈ।
ਗੁਰ ਗੱਦੀ ਦੇ ਦਾਅਵੇਦਾਰਾਂ ਨੇ ”ਬਾਬਾ ਬਕਾਲੇ” ਸ਼ਬਦ ਦੇ ਆਪੋ ਆਪਣੇ ਢੰਗ ਨਾਲ਼ ਅਰਥ ਜੋੜ ਲਏ। ਇਸ ਤਰ੍ਹਾਂ ਚੁਸਤ ਚਲਾਕ ਤੇ ਲਾਲਚੀ ਲੋਕਾਂ ਵਿਚ ਗੁਰ-ਗੱਦੀ ‘ਤੇ ਕਬਜ਼ਾ ਕਰਨ ਦੀਆਂ ਦੌੜਾਂ ਲੱਗ ਗਈਆਂ। ਚਾਹਵਾਨ ਪਾਖੰਡੀਆਂ ਨੇ ਬਕਾਲੇ ਜਾ ਡੇਰੇ ਲਾਏ। ਗੱਦੀਦਾਰਾਂ ਦੀ ਗਿਣਤੀ 22 ਤੱਕ ਪਹੁੰਚ ਗਈ। ਸਿੱਖ ਇਤਿਹਾਸ ਵਿਚ ਇਨ੍ਹਾਂ ਨੂੰ 22 ਮੰਜੀਆਂ ਨਾਲ਼ ਜਾਣਿਆਂ ਜਾਂਦਾ ਹੈ। ਲਾਹੌਰ ਤੇ ਅੰਮ੍ਰਿਤਸਰ ਦੇ ਸੋਢੀ ਪ੍ਰਿਥੀ ਚੰਦ ਆਦਿ ਜੁੰਡਲੀ ਦੀਆਂ ਚੁਸਤੀਆਂ ਚਲਾਕੀਆਂ ਦੇਖ ਕੇ ਭਾਈ ਗੁਰਦਾਸ ਇਨ੍ਹਾਂ ਨੂੰ ઑਮੀਣੇ਼ ਅਥਵਾ ਮੀਸਣੇ (ਕਪਟੀ) ਹੋਣ ਦਾ ਖਿਤਾਬ ਦਿੰਦਾ ਹੈ। ਪ੍ਰਿਥੀ ਚੰਦ ਅਤੇ ਸੂਰਜ ਮੱਲ ਦੀ ਸੰਤਾਨ ਧੀਰ-ਮੱਲੀਏ ਗੱਦੀ ‘ਤੇ ਵਧੇਰੇ ਹੱਕ ਰੱਖਦੇ ਸਨ। ਇਨ੍ਹਾਂ ਮੀਣਿਆਂ ਵਿਚੋਂ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਵੱਡਾ ਭਰਾ ਧੀਰ ਮੱਲ ਗੱਦੀ ਦਾ ਸਭ ਤੋਂ ਵਧੇਰੇ ਦਾਅਵੇਦਾਰ ਸੀ। 22 ਮੰਜੀਆਂ ਵਿਚ ਇਸ ਦੀ ਸੱਭ ਤੋਂ ਪ੍ਰਭਾਵਸ਼ਾਲੀ ਮੰਜੀ ਸੀ। ਇਸ ਦੇ ਕਈ ਕਾਰਣ ਸਨ: ਇਹ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਤੇ ਮਾਤਾ ਅਨੰਤੀ ਦਾ ਪੁੱਤਰ ਸੀ। ਚੁਸਤ ਚਲਾਕ ਸੀ। ਇਸ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਕਬਜ਼ਾ ਸੀ ਅਤੇ ਇਸ ਨੂੰ ਮਸੰਦਾਂ ਦੀ ਹਮਾਇਤ ਪ੍ਰਾਪਤ ਸੀ। ਆਪਣੇ ਰਾਹ ਦੀ ਰੁਕਾਵਟ ਸਮਝਦਿਆਂ ਇਸ ਨੇ ਗੁਰੂ ਤੇਗ਼ ਬਹਾਦਰ ਨੂੰ ਕਤਲ ਕਰਨ ਵੀ ਸਕੀਮ ਬਣਾਈ। ਇਸ ਨੇ ਆਪਣੇ ਭਰੋਸੇਯੋਗ ਸਾਥੀ ਸ਼ੀਹੇਂ ਮਸੰਦ ਤੋਂ ਗੁਰੂ ਜੀ ਉੱਪਰ ਗੋਲ਼ੀ ਚਲਵਾਈ ਪਰ ਗੁਰੂ ਜੀ ਬਚ ਗਏ।
ਗੁਰੂ ਤੇਗ਼ ਬਹਾਦਰ ਸਾਹਿਬ ਦੀ ਸਮੁੱਚੀ ਜੀਵਨ ਸ਼ੈਲੀ ਵਿਚੋਂ ਸਬਰ, ਸ਼ੁਕਰ, ਸੰਤੋਖ ਤੇ ਸ਼ਾਂਤੀ ਦਾ ਸੰਦੇਸ਼ ਮਿਲਦਾ ਹੈ। ਗੁਰ-ਗੱਦੀ ਹਾਸਲ ਕਰਨ ਲਈ ਉਨ੍ਹਾਂ ਕੋਈ ਜੋੜ-ਤੋੜ ਨਹੀਂ ਕੀਤਾ। ਨਾ ਹੀ ਅਜਿਹੀ ਕੋਈ ਇੱਛਾ ਜ਼ਾਹਰ ਕੀਤੀ ਅਤੇ ਨਾ ਹੀ ਕੋਈ ਯਤਨ ਕੀਤਾ।
ਪਰ ਧੀਰ ਮੱਲ ਦੀਆਂ ਅਜਿਹੀਆਂ ਕਰੂਰ ਨੀਤੀਆਂ ਕਾਰਣ ਗੁਰੂ ਜੀ ਦੇ ਸ਼ਰਧਾਲੂਆਂ ਵਿਚ ਗੁੱਸਾ ਸੀ। ਜਿਸ ਕਾਰਣ ਕੁਝ ਸਿੱਖਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਮਾਲ ਅਸਬਾਬ ਲੁੱਟ ਲਿਆਏ ਪਰ ਧੀਰਜਵਾਨ ਗੁਰੂ ਜੀ ਨੇ ਉਸ ਦਾ ਉਹ ਸਾਰਾ ਮਾਲ- ਮੱਤਾ ਵਾਪਸ ਕਰ ਦਿੱਤਾ। ਉਸ ਦੇ ਕਬਜ਼ੇ ਵਾਲੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਮੋੜ ਦਿੱਤੀ।
ਪਾਖੰਡੀਆਂ ਨੇ ਬਕਾਲੇ ਆਪੋ ਆਪਣੀਆਂ ਦੁਕਾਨਾਂ ਸਜਾ ਲਈਆਂ। ਪੂਜਾ ਕਰਾਉਣ ਲੱਗ ਪਏ। ਅਸਲੀ ਗੁਰੂ ਦਾ ਪਤਾ ਨਾ ਲੱਗੇ। ਸ਼ਰਧਾਲੂਆਂ ਵਿਚ ਭਾਰੀ ਦੁਬਿਧਾ। ਫਿਰ ਇਕ ਘਟਨਾ ਨੇ ਸਾਰਾ ਅਸਮਾਨ ਸਾਫ਼ ਕਰ ਦਿੱਤਾ। ਪ੍ਰਸਿੱਧ ਵਪਾਰੀ ਮੱਖਣ ਸ਼ਾਹ ਲੁਬਾਣਾ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ, ਪਰ ਇੱਥੇ ਹੋਰ ਦਾ ਹੋਰ ਜਲੌਅ ਦੇਖ ਕੇ ਉਹ ਡਾਹਢਾ ਪਰੇਸ਼ਾਨ ਹੋਇਆ। ਪਰੰਤੂ ਛੇਤੀ ਹੀ ਇਕ ਘਟਨਾ ਵਿਚ ਆਪਣੀ ਤੇਜ਼ ਬੁੱਧੀ ਦੁਆਰਾ ਉਸ ਨੇ ਕੱਚੇ ਗੁਰੂਆਂ ਦੀ ਭੀੜ ਵਿਚੋਂ ਸੱਚੇ ਗੁਰੂ ਦੀ ਪਰਖ਼, ਨਿਰਖ਼ ਅਤੇ ਪਹਿਚਾਣ ਕਰ ਲਈ ਅਤੇ ਉਸ ਨੇ ਕੋਠੇ ‘ਤੇ ਚੜ੍ਹ ਕੇ ਢੰਡੋਰਾ ਫੇਰ ਦਿਤਾ, ”ਗੁਰੂ ਲਾਧੋ ਰੇ, ਗੁਰੂ ਲਾਧੋ ਰੇ…।” ਜਿਸ ਦਾ ਭਾਵ ਸੀ ਅਸਲੀ ਗੁਰੂ ਲੱਭ ਗਿਆ ਹੈ। ਸੰਗਤਾਂ ਨੂੰ ਨਿਸਚਾ ਹੋ ਗਿਆ ਕਿ ਅਸਲ ਗੁਰੂ ਤਾਂ ਗੁਰ-ਗੱਦੀ ਦੇ ਲੋਭ ਲਾਲਚ ਤੋਂ ਨਿਰਲੇਪ, ਭਗਤੀ ਵਿਚ ਮਘਨ, ਚੁੱਪ-ਚਾਪ ਆਪਣੇ ਨਾਨਕੇ ਘਰ ਬੈਠਾ ਹੈ। ਇਸ ਤਰ੍ਹਾਂ ਸ਼ਰਧਾਲੂ ਸੰਗਤਾਂ ਦੇ ਹੜ੍ਹ ਨੇ 11 ਅਗਸਤ 1664 ਵਿਚ 44 ਸਾਲ ਦੀ ਆਯੂ ਵਿਚ ਆਪ ਨੂੰ ਗੁਰ ਗੱਦੀ ਦੀ ਜ਼ੁੰਮੇਵਾਰੀ ਸੌਂਪ ਦਿੱਤੀ। ਬਾਕੀ ਆਪਣੀਆਂ ਕੂੜ ਦੀਆਂ ਦੁਕਾਨਾਂ ਸਮੇਟ ਕੇ ਚਲਦੇ ਬਣੇ।
ਧਾਰਮਿਕ ਸਥਾਨਾਂ ਦੀ ਯਾਤਰਾ ਕਰਦਿਆਂ 16 ਨਵੰਬਰ 1665 ਵਿਚ ਆਪ ਜੀ ਕੀਰਤਪੁਰ ਤੋਂ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਗਏ ਪਰ ਲੋਭੀ ਲਾਲਚੀ ਪੁਜਾਰੀਆਂ ਨੇ ਸਮਝਿਆ ਕਿ ਉਹ ਇਸ ਹਰਿਮੰਦਰ ‘ਤੇ ਕਬਜ਼ਾ ਕਰਨ ਲਈ ਆਏ ਹਨ। ਇਸ ਲਈ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ ਅਤੇ ਗੁਰੂ ਜੀ ਨੂੰ ਅੰਦਰ ਨਾ ਜਾਣ ਦਿੱਤਾ। ਸ਼ਾਂਤੀ ਦੇ ਪੁੰਜ ਗੁਰੂ ਜੀ ਨੇ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਦੇ ਰੁੱਖੇ ਤੇ ਕੋਝੇ ਵਰਤਾਵੇ ਨੂੰ ਅਣਗੌਲਿਆ ਕਰ ਦਿੱਤਾ ਅਤੇ ਬਾਹਰ ਇੱਕ ਥੜ੍ਹੇ ‘ਤੇ ਸਬਰ, ਸੰਤੋਖ ਤੇ ਸ਼ਾਂਤੀ ਨਾਲ਼ ਰਾਤ ਕੱਟੀ, ਦਰਸ਼ ਕੀਤੇ ਬਗੈਰ ਵਾਪਸ ਆਏ।
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀਆਂ ਲੰਮੀਆਂ ਉਦਾਸੀਆਂ (ਯਾਤਰਾਵਾਂ) ਪਿੱਛੋਂ ਧਰਮ ਦੇ ਪ੍ਰਚਾਰ ਲਈ ਗੁਰ-ਗੱਦੀ ਦੀ ਨੌਵੀਂ ਜੋਤ ਗੁਰੂ ਤੇਗ਼ ਬਹਾਦਰ ਸਾਹਿਬ ਨੇ ਹੀ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਲੰਮੀਆਂ ਯਾਤਰਾਵਾਂ ਕੀਤੀਆਂ। ਮਾਝਾ, ਮਾਲਵਾ, ਦੁਆਬਾ ਤੇ ਬਾਂਗਰ ਆਦਿ ਤੋਂ ਇਲਾਵਾ ਕੁਰੂਕਸ਼ੇਤਰ, ਬਨਾਰਸ ਤੇ ਗਯਾ ਆਦਿ ਥਾਵਾਂ ਤੋਂ ਹੁੰਦੇ ਹੋਏ ਬਿਹਾਰ ਵਿਚ ਪਟਨੇ ਪਹੁੰਚੇ। ਆਪਣੇ ਪਰਿਵਾਰ ਨੂੰ ਇੱਥੇ ਪਟਨੇ ਛੱਡ ਕੇ, ਆਪ ਜੀ ਨੇ ਢਾਕਾ, ਬੰਗਾਲ, ਅਸਾਮ ਵੱਲ ਯਾਤਰਾ ਕੀਤੀ। ਵਹਿਮਾਂ ਭਰਮਾਂ ਵਿਚ ਫਸੀ ਤੇ ਕੁਰਾਹੇ ਪਈ ਲੁਕਾਈ ਨੂੰ ਸੱਚ ਦੇ ਮਾਰਗ ‘ਤੇ ਚੱਲਣ, ਧਰਮ ਦੀ ਕਿਰਤ ਕਰਨ, ਸੰਗਤ ਤੇ ਪੰਗਤ ਦੇ ਸਿਧਾਂਤ ਅਨੁਸਾਰ ਵੰਡ ਕੇ ਛਕਣ ਦਾ ਸਿੱਖੀ ਸਿਧਾਂਤ ਦਾ ਸੁਨੇਹਾਂ ਦਿੱਤਾ। ਪੀਣ ਵਾਲੇ ਪਾਣੀ ਕਿੱਲਤ ਦੂਰ ਕਰਨ ਲਈ ਖੂਹ ਤੇ ਤਲਾਬ ਬਣਵਾਏ। ਚੰਗੀ ਨਸਲ ਦੀਆਂ ਗਊਆਂ ਤੇ ਪਸ਼ੂ ਰੱਖਣ ਲਈ ਪ੍ਰੇਰਨਾ ਕੀਤੀ ਅਤੇ ਇਸ ਲਈ ਲੋੜ ਅਨੁਸਾਰ ਆਰਥਕ ਸਹਾਇਤਾ ਵੀ ਕਰਦੇ ਰਹੇ। ਆਪ ਨੇ ਜਾਤ ਪਾਤ, ਊਚ ਨੀਚ ਤੇ ਛੂਤ ਛਾਤ ਤੇ ਵਹਿਮਾ ਭਰਮਾਂ ਦਾ ਤਿਆਗ ਕਰਨ, ਪਰਸਪਰ ਆਪਸੀ ਪਿਆਰ ਤੇ ਭਰਾਤਰੀ ਭਾਵ ਨਾਲ ਰਹਿਣ ਦਾ ਉਪਦੇਸ਼ ਕੀਤਾ। ਇਸਤਰੀ ਜਾਤੀ ਦਾ ਸਨਮਾਨ ਤੇ ਸਤਿਕਾਰ ਕਰਨ, ਰੂਹਾਨੀ ਗਿਆਨ ਦੇ ਧਾਰਨੀ ਬਣਨ, ਮਿਹਨਤ ਤੇ ਸੱਚੀ ਸੁੱਚੀ ਕਿਰਤ ਕਰਨ, ਜੀਵਨ ਸੰਘਰਸ਼ ਵਿਚ ਅਣਖ ਤੇ ਅਜ਼ਾਦੀ ਨਾਲ਼ ਰਹਿਣ ਦੀ ਜ਼ੋਰਦਾਰ ਪ੍ਰੇਰਨਾ ਕੀਤੀ। ਸਮਾਜ ਦੇ ਨਿਮਾਣੇ, ਨਿਤਾਣੇ ਤੇ ਕਮਜ਼ੋਰ ਸਮਝੇ ਜਾਂਦੇ ਵਰਗਾਂ ਵਿਚ ਅਣਖ, ਅਜ਼ਾਦੀ ਤੇ ਰੜਕ ਨਾਲ਼ ਜਵਨ ਜਿਓਣ ਦੇ ਬੀਜ ਬੀਜੇ। ਗੁਰੂ ਜੀ ਦੀਆਂ ਸਿਖਿਆਵਾਂ ਦਾ ਲੋਕਾਂ ‘ਤੇ ਬਹੁਤ ਗਹਿਰਾ ਪ੍ਰਭਾਵ ਪਿਆ ਅਤੇ ਉਨ੍ਹਾਂ ਦੇ ਵਿਚਾਰ ਤੇ ਇਰਾਦੇ ਦ੍ਰਿੜ੍ਹ ਤੇ ਪਰਪੱਕ ਹੁੰਦੇ ਗਏ।
ਅਨੰਦਪੁਰ ਦੀ ਸਥਾਪਨਾ:-ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਿਵਾਲਕ ਦੀਆਂ ਪਹਾੜੀਆਂ ਵਿਚ, ਸਤਲੁਜ ਦੇ ਕਿਨਾਰੇ, ਕੁਦਰਤ ਦੀ ਗੋਦ ਵਿਚ, ਪਿੰਡ ਮਾਖੋਵਾਲ, ਮਟੋਰ ਤੇ ਲੋਧੀਪੁਰ ਦੀ ਜ਼ਮੀਨ ਬਿਲਾਸਪੁਰ ਦੇ ਕਹਿਲੂਰ ਰਾਜੇ ਦਲੀਪ ਚੰਦ ਤੋਂ 2200 ਰੁਪਏ ਵਿਚ ਖਰੀਦੀ। ਮਾਖੋਵਾਲ ਭੂਤਾਂ-ਪ੍ਰੇਤਾਂ ਦਾ ਪਿੰਡ ਸਮਝਿਆ ਜਾਂਦਾ ਸੀ। ਡਰਦੇ ਲੋਕ ਉੱਥੇ ਜਾਂਦੇ ਨਹੀਂ ਸਨ। ਪਰ ਗੁਰੂ ਸਾਹਿਬ ਨੇ ਇਹ ਖਰੀਦ ਲਿਆ ਤੇ ਆਬਾਦ ਕਰ ਲਿਆ, ਵਹਿਮ ਭਰਮ ਦੂਰ ਹੋ ਗਏ। ਸਤਲੁਜ ਨਦੀ ਦੇ ਕਿਨਾਰੇ ਅਤੇ ਪਹਾੜੀਆਂ ਵਿਚ ਘਿਰੀ ਇਕਾਂਤ ਤੇ ਇਕਾਗਰਤਾ ਲਈ ਅਤੇ ਜੰਗੀ ਦ੍ਰਿਸ਼ਟੀਕੋਨ ਤੋਂ ਇਹ ਜਗਾਹ ਬਹੁਤ ਢੁਕਵੀਂ ਸੀ। 19 ਜੂਨ 1665 ਨੂੰ ਇਸ ਨਗਰ ਦੀ ਨੀਹ ਰੱਖੀ ਗਈ। ਗੁਰੂ ਤੇਗ਼ ਬਹਾਦਰ ਜੀ ਨੇ ਇਸ ਦਾ ਨਾਂ ਛੇਵੇਂ ਗੁਰੂ ਜੀ ਦੇ ਮਹਿਲ (ਸੁਪਤਨੀ) ਮਾਤਾ ਨਾਨਕੀ ਦੇ ਨਾਂ ‘ਤੇ ”ਚੱਕ ਨਾਨਕੀ” ਰੱਖਿਆ। 1689 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਾ ਨਾਂ ਚੱਕ ਨਾਨਕੀ ਤੋਂ ਬਦਲ ਕੇ ”ਅਨੰਦਪੁਰ” ਰੱਖਿਆ। ਇਸ ਪਿੱਛੋਂ ਦਸਮੇਸ਼ ਪਿਤਾ ਨੇ ਇਸ ਦਾ ਹੋਰ ਵਿਸਥਾਰ ਕੀਤਾ। ਇਸ ਵਿਚ ਪੰਜ ਕਿਲੇ (ਲੋਹਗੜ੍ਹ, ਹੋਲਗੜ੍ਹ, ਫਤਿਹਗੜ੍ਹ, ਅਨੰਦਗੜ੍ਹ, ਕੇਸਗੜ੍ਹ) ਤਿਆਰ ਕੀਤੇ। ਅੰਮ੍ਰਿਤ ਛਕਾਉਣ ਦੀ ਰਸਮ ਵੀ ਇੱਥੋਂ ਹੀ ਅਰੰਭ ਕੀਤੀ। ਇਸ ਨੂੰ ਖਾਲਸੇ ਦੀ ਜਨਮ-ਭੂਮੀ ਆਖਿਆ ਜਾਂਦਾ ਹੈ। ਸਿੱਖਾਂ ਦੇ ਪੰਜ ਤਖਤਾਂ (ਅਕਾਲ ਤਖਤ ਸਾਹਿਬ, ਪਟਨਾ ਸਾਹਿਬ, ਕੇਸਗੜ੍ਹ ਸਾਹਿਬ, ਹਜ਼ੂਰ ਸਾਹਿਬ, ਦਮਦਮਾ ਸਾਹਿਬ) ਵਿਚੋਂ ਇਸ ਨੂੰ ਇਕ ઑਤਖਤ਼ ਹੋਣ ਦਾ ਰੁਤਬਾ ਪ੍ਰਾਪਤ ਹੈ। ਇਸ ਤਖਤ ਦਾ ਨਾਂ ”ਤਖਤ ਸ੍ਰੀ ਕੇਸਗੜ੍ਹ ਸਾਹਿਬ” ਹੈ। ਗੁਰੂ ਗੋਬਿੰਦ ਸਿੰਘ ਜੀ 27 ਸਾਲ ਅਨੰਦਪੁਰ ਰਹੇ।
ਸ਼ਹਾਦਤ:- ਕਸ਼ਮੀਰੀ ਪੰਡਤਾਂ ਦੀ ਫਰਿਆਦ ਉੱਤੇ ਅਤੇ ਔਰੰਗਜ਼ੇਬ ਦੇ ਜ਼ੁਲਮ ਤੇ ਤਸ਼ੱਦਦ ਦੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਆਪ ਥਾਂ-ਥਾਂ ਪ੍ਰਚਾਰ ਕਰਦੇ ਦਿੱਲੀ ਵੱਲ ਚੱਲ ਪਏ। ਪਰ ਰਸਤੇ ਵਿਚ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਖਿਆ ਜਾਂਦਾ ਹੈ ਕਿ ਗੁਰੂ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਵਿਚ ਭਿਆਨਕ ਤਸੀਹੇ ਦਿੱਤੇ ਜਾਂਦੇ ਰਹੇ। ਗੁਰੂ ਜੀ ਨੂੰ ਆਪਣੇ ਧਰਮ ਕਰਮ ਤੋਂ ਡੇਗਣ ਤੇ ਡਰਾਉਣ ਲਈ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਭਾਈ ਦਿਆਲ ਦਾਸ ਨੂੰ ਉੱਬਲਦੀ ਦੇਗ ਵਿਚ ਸਾੜਿਆ ਗਿਆ। ਭਾਈ ਸਤੀ ਦਾਸ ਨੂੰ ਰੂੰ ਵਿਚ ਬੰਨ੍ਹ ਕੇ ਸਾੜਿਆ ਗਿਆ। ਭਾਈ ਮਤੀ ਦਾਸ ਨੂੰ ਆਰੇ ਨਾਲ਼ ਚੀਰਿਆ ਗਿਆ। ਪਰ ਗੁਰੂ ਜੀ ਪਰਬਤ ਵਾਂਗ ਅਟੱਲ, ਅਡੋਲ ਤੇ ਅਡਿੱਗ ਰਹੇ। ਅੰਤ ਸਰਕਾਰੀ ਸੂਬੇਦਾਰ ਤੇ ਸ਼ਾਹੀ ਕਾਜ਼ੀ ਵਲੋਂ ਤਿੰਨ ਸ਼ਰਤਾਂ ਰੱਖੀਆਂ: ਕੋਈ ਕਰਾਮਾਤ ਦਿਖਾਓ ਜਾਂ ਮੁਸਲਮਾਨ ਬਣ ਜਾਓ, ਨਹੀਂ ਤਾਂ ਮੌਤ ਲਈ ਤਿਆਰ ਹੋ ਜਾਓ। ਗੁਰੂ ਜੀ ਨੇ ਆਖਰੀ ਸ਼ਰਤ ਪਰਵਾਨ ਕਰ ਲਈ। ਅੰਤ 11 ਨਵੰਬਰ 1675 ਨੂੰ ਔਰੰਗਜ਼ੇਬ ਦੀ ਤੁਅਸਬੀ ਹਕੂਮਤ ਨੇ ਗੁਰੂ ਜੀ ਨੂੰ ਚਾਂਦਨੀ ਚੌਂਕ ਵਿਚ ਸ਼ਹੀਦ ਕਰ ਦਿੱਤਾ। ਗੁਰੂ ਜੀ ਦੀ ਇਹ ਅਦੁੱਤੀ ਸ਼ਹਾਦਤ ਸੀ; ਜਿਸ ਦੇ ਧੜ ਦਾ ਕਿਸੇ ਹੋਰ ਥਾਂ ਅਤੇ ਸੀਸ ਦਾ ਕਿਸੇ ਹੋਰ ਥਾਂ ਸਸਕਾਰ ਕੀਤਾ ਗਿਆ ਹੋਵੇ। ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਪੁੱਜਾ; ਜਿੱਥੇ ਸੀਸ ਦਾ ਸਸਕਾਰ ਕੀਤਾ ਗਿਆ। ਧੜ ਦਾ ਸਸਕਾਰ ਲੱਖੀ ਸ਼ਾਹ ਵਣਜਾਰਾ ਨੇ ਦਿੱਲੀ ਆਪਣੇ ਘਰ ਵਿਚ ਕੀਤਾ। ਦਿੱਲੀ ਵਿਚ ਸ਼ਹੀਦੀ ਅਸਥਾਨ ਦਾ ਨਾਂ ਗੁਰਦੁਆਰਾ ਸੀਸਗੰਜ ਹੈ ਅਤੇ ਸਸਕਾਰ ਵਾਲੇ ਅਸਥਾਨ ਦਾ ਨਾਂ ਗੁਰਦੁਆਰਾ ਰਕਾਬ ਗੰਜ ਹੈ
ਤੇਗ ਬਹਾਦਰ ਕੇ ਚਲਤ ਭਇਓ ਜਗਤ ਮੇ ਸੋ
ਹੈ ਹੈ ਹੈ ਸਭ ਜਗ ਭਰਿਓ ਜੈ ਜੈ ਜੈ ਸੁਰ ਲੋਕ।
ਗੁਰੂ ਜੀ ਦੀ ਬਾਣੀ, ਸਿੱਖਿਆ ਤੇ ਸਿਧਾਂਤ: ਗੁਰ ੂਜੀ ਦੀ ਕੁਲ ਆਯੂ 54 ਸਾਲ, 7 ਮਹੀਨੇ, 11 ਦਿਨ ਸੀ ਅਤੇ ਆਪ ਜੀ 11 ਸਾਲ, 2 ਮਹੀਨੇ, 11 ਦਿਨ ਗੁਰ-ਗੱਦੀ ‘ਤੇ ਬਿਰਾਜਮਾਨ ਹੋਏ। ਵੱਖ-ਵੱਖ ਸਮੇ ‘ਤੇ ਸਿੱਖ ਸੰਗਤ ਲਈ 22 ਹੁਕਮਨਾਮੇ ਜਾਰੀ ਕੀਤੇ ਹਨ। ਗੁਰੂ ਗ੍ਰੰਥ ਸਾਹਿਬ ਵਿਚ, ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ 15 ਰਾਗਾਂ (ਗਉੜੀ, ਆਸਾ, ਦੇਵਗੰਧਾਰੀ, ਬਿਹਾਗੜਾ, ਸੋਰਠਿ, ਧਨਾਸਰੀ, ਜੈਤਸਰੀ, ਤੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਸਾਰੰਗ, ਜੈਜਾਵੰਤੀ) ਵਿਚ ਹੈ। ਸਾਰੀ ਬਾਣੀ ਵਿਚ 69 ਸ਼ਬਦ ਤੇ 57 ਸਲੋਕ ਹਨ। ਗੁਰੂ ਸਾਹਿਬ ਦੀ ਬਾਣੀ ਵਿਚ ਤਿਆਗ, ਵਿਰਾਗ, ਸਦਾਚਾਰ, ਅਣਖ ਤੇ ਗੌਰਵਤਾ ਦਾ ਉਪਦੇਸ਼ ਹੈ।
ਸਿੱਖ ਮੱਤ ਦੇ ਕੇਂਦਰੀ ਦ੍ਰਿਸ਼ਟੀਕੋਣ ਵਿਚ ਸੱਤ ਤੇ ਅਸੱਤ, ਸਥਿਰ ਤੇ ਅਸਥਿਰ, ਸਦੀਵੀ ਤੇ ਸੰਸਾਰਕ ਸੱਚਾਈ ਤੇ ਬੁਰਿਆਈ ਦਾ ਅੰਤਰ ਦਰਸਾਇਆ ਗਿਆ ਹੈ। ਇਸੇ ਅਧਾਰ ‘ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚ ਜੀਵਨ ਦੀਆਂ ਖੁਸ਼ੀਆਂ ਗਮੀਆਂ, ਦੁੱਖ ਸੁਖ, ਮਾਨ ਅਪਮਾਨ ਅਤੇ ਨਿੰਦਾ ਤੇ ਉਸਤਤ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਮਿਲਦਾ ਹੈ। ਗੁਰੂ ਜੀ ਦੀ ਬਾਣੀ ਦੀ ਮੁੱਖ ਤੌਰ ‘ਤੇ ਪ੍ਰਧਾਨ ਸੁਰ ਭਗਤੀ ਭਾਵਨਾ ਵਾਲੀ ਹੈ, ਉਸ ਵਿਚ ਰੱਬੀ ਰਜ਼ਾ ਵਿਚ ਰਹਿਣ, ਭਗਤੀ ਭਾਵਨਾ ਦਾ ਤੇ ਨਿਮਰਤਾ ਤੇ ਸ਼ਾਂਤੀ ਦਾ ਸੰਦੇਸ਼ ਮਿਲਦਾ ਹੈ
ਆਪਣੀ ਬਾਣੀ ਵਿਚ ਗੁਰੂ ਜੀ ਨੇ ਮਨੁੱਖ ਤੇ ਆਤਮਾ ਲਈ ਬਹੁਤ ਖੂਬਸੂਰਤ ਤਸ਼ਬੀਹਾਂ ਵਰਤੀਆਂ ਹਨ। ਜਿਵੇਂ:- ਮਨੁੱਖੀ ਲਾਲਸਾ ਨੂੰ ਮੱਛੀ ਦਾ ਜਾਲ, ਜੀਵਨ ਇੱਕ ਪਾਣੀ ਦਾ ਬੁਲਬੁਲਾ, ਜ਼ਿੰਦਗੀ ਦੇ ਭੋਗ ਮੋਖ ਤੇ ਸੁਖ ਸੁਆਦ ਬੱਦਲ ਦੀ ਛਾਇਆ ਸਮਾਨ, ਵਹਿਮ ਤੇ ਭਰਮ ਵਿਚ ਸੁੱਤਾ ਮਨੁੱਖ, ਰੂਹ ਦੀ ਉਡਾਰੀ ਹੰਸ-ਉਡਾਰੀ ਆਦਿ। ਸਾਰੀ ਬਾਣੀ ਵਿਚ ਪਰਚਲਤ ਸਮਾਜ ਵਿਚ ਵਰਤੀ ਜਾਂਦੀ ਭਾਸ਼ਾ ਵਿਚ ਹੈ; ਜੋ ਸਿੱਧੀ, ਸਾਦੀ, ਸੰਖੇਪ ਤੇ ਸਭ ਦੀ ਸਮਝ ਵਿਚ ਆਉਣ ਵਾਲੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਸੰਕਲਣ ਤੋਂ ਕੋਈ ਸੌ ਸਾਲ ਪਿੱਛੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ। ਆਪ ਜੀ ਦੀ ਸਮੁੱਚੀ ਬਾਣੀ ਵਿਚੋਂ ਤਿਆਗ, ਵੈਰਾਗ, ਸੰਜਮ ਤੇ ਸੰਤੋਖੀ ਜੀਵਨ ਜਿਓਣ ਦੀ ਸੇਧ ਤੇ ਸਿੱਖਿਆ ਮਿਲਦੀ ਹੈ। ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਤਲੇ ਸਲੋਕ, ਜਿਨ੍ਹਾਂ ਨੂੰ ਭੋਗ ਦੇ ਸਲੋਕ ਆਖਿਆ ਜਾਂਦਾ ਹੈ, ਜੋ ਗਿਣਤੀ ਵਿਚ 57 ਸਲੋਕ ਹਨ, ਉੱਨ੍ਹਾਂ ਵਿਚ ਗੁਰੂ ਜੀ ਦੀ ਜੀਵਨ ਫਿਲਾਸਫੀ, ਸਿਖਿਆ ਤੇ ਸਿਧਾਂਤ ਦਾ ਤੱਤਸਾਰ ਜਾਂ ਨਿਚੋੜ ਆਖਿਆ ਜਾ ਸਕਦਾ ਹੈ। ਸਭ ਤੋਂ ਮਹਾਨ ਤੇ ਪ੍ਰਭਾਵਸ਼ਾਲੀ ਫਿਲਾਸਫੀ ਇਨ੍ਹਾਂ ਸਲੋਕਾਂ ਵਿਚੋਂ ਮਿਲਦੀ ਹੈ:-
ਉਸਤਤਿ ਨਿੰਦਿਆ ਨਾਹਿ ਜਿਹਿ, ਕੰਚਨ ਲੋਹ ਸਮਾਨਿ।
ਕਹੁ ਨਾਨਕ ਸੁਨ ਰੇ ਮਨਾ, ਮੁਕਤਿ ਤਾਹਿ ਤੈ ਜਾਨਿ॥
ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ।
ਕਹੁ ਨਾਨਕ ਸੁਣ ਰੇ ਮਨਾ ਗਿਆਨੀ ਤਾਹਿ ਬਖਾਨ॥