Breaking News
Home / ਸੰਪਾਦਕੀ / ਲਾਹੌਰ ‘ਤੇ ਅੱਤਵਾਦੀ ਹਮਲੇ ਦੀ ਭਿਆਨਕਤਾ

ਲਾਹੌਰ ‘ਤੇ ਅੱਤਵਾਦੀ ਹਮਲੇ ਦੀ ਭਿਆਨਕਤਾ

Editorial6-680x365-300x161ਲੰਘੇ ਐਤਵਾਰ ਨੂੰ ਪਾਕਿਸਤਾਨ ਦੇ ਵੱਡੇ ਸ਼ਹਿਰ ਲਾਹੌਰ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਏਸ਼ੀਆਈ ਖਿੱਤੇ ‘ਚ ਅੱਤਵਾਦ ਦੀ ਭਿਆਨਕਤਾ ਨੂੰ ਇਕ ਵਾਰ ਮੁੜ ਜ਼ਾਹਰ ਕਰ ਦਿੱਤਾ ਹੈ। ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਕੱਟੜ੍ਹ ਇਸਲਾਮਿਕ ਅੱਤਵਾਦੀ ਜਥੇਬੰਦੀ ਜਮਾਤ-ਉਲ ਅਹਿਰਾਰ ਵਲੋਂ ਲਈ ਗਈ ਹੈ। ਇਸ ਹਮਲੇ ਵਿਚ ਇਕ ਪਾਰਕ ਨੂੰ ਨਿਸ਼ਾਨਾ ਬਣਾ ਕੇ ਅਨੇਕਾਂ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀ ਜਾਨ ਲੈ ਲਈ ਗਈ। ਹਮਲੇ ਦੌਰਾਨ ਕੁੱਲ 74 ਲੋਕ ਮਾਰੇ ਗਏ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਹਮਲੇ ਦਾ ਦੁਖਦਾਈ ਪਹਿਲੂ ਇਹ ਹੈ ਕਿ ਅੱਤਵਾਦੀਆਂ ਨੇ ਉਸ ਥਾਂ ਨੂੰ ਹਮਲੇ ਲਈ ਚੁਣਿਆ ਗਿਆ, ਜਿਥੇ ਈਸਟਰ ਦਾ ਦਿਨ ਹੋਣ ਕਾਰਨ ਵੱਡੀ ਗਿਣਤੀ ਵਿਚ ਇਸਾਈ ਧਰਮ ਦੇ ਪੈਰੋਕਾਰ ਪਹੁੰਚੇ ਹੋਏ ਹਨ। ਇਸ ਹਮਲੇ ਵਿਚ ਮਾਰੇ ਜਾਣ ਵਾਲਿਆਂ ਵਿਚ ਵੀ ਬਹੁਤੇ ਇਸਾਈ ਹਨ।
ਪਾਕਿਸਤਾਨ ਨੂੰ ਏਸ਼ੀਆਈ ਖਿੱਤੇ ਵਿਚ ‘ਅੱਤਵਾਦ ਦੀ ਮਾਂ’ ਮੰਨਿਆ ਜਾਂਦਾ ਹੈ। ਪਾਕਿਸਤਾਨ ਦੀ ਧਰਤੀ ‘ਤੇ ਅਨੇਕਾਂ ਅੱਤਵਾਦੀ ਸਿਖਲਾਈ ਕੈਂਪ ਚੱਲ ਰਹੇ ਹਨ, ਜਿਥੋਂ ਭਾਰਤ ਅਤੇ ਹੋਰ ਮੁਲਕਾਂ ਵਿਚ ਅਸ਼ਾਂਤੀ ਫ਼ੈਲਾਉਣ ਲਈ ਰਣਨੀਤੀਆਂ ਘੜੀਆਂ ਜਾ ਰਹੀਆਂ ਹਨ। ਭਾਵੇਂਕਿ ਅਮਰੀਕਾ ਵਰਗੇ ਮੁਲਕ ਵੀ ਪਾਕਿਸਤਾਨ ਨੂੰ ਆਪਣੀ ਧਰਤੀ ‘ਤੇ ਚੱਲ ਰਹੇ ਅੱਤਵਾਦੀ ਸਿਖਲਾਈ ਅੱਡਿਆਂ ਨੂੰ ਖ਼ਤਮ ਕਰਨ ਦੀਆਂ ਨਸੀਹਤਾਂ ਦੇ ਚੁੱਕੇ ਹਨ ਪਰ ਪਾਕਿਸਤਾਨ ਅੱਤਵਾਦ ਦੇ ਨੈੱਟਵਰਕ ਵਿਚ ਇੰਨੀ ਬੁਰੀ ਤਰ੍ਹਾਂ ਜਕੜਿਆ ਜਾ ਚੁੱਕਾ ਹੈ ਕਿ ਉਹ ਖੁਦ ਇਸ ਦਾ ਸ਼ਿਕਾਰ ਹੋਣੋਂ ਨਹੀਂ ਰਹਿ ਸਕਿਆ।  ਬੇਸ਼ੱਕ ਅੱਤਵਾਦ ਪਾਕਿਸਤਾਨ ਦੇ ਖੁਦ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਪਾਕਿਸਤਾਨ ਅੱਤਵਾਦ ਨੂੰ ਨੱਥ ਪਾਉਣ ਦੀ ਸਮਰੱਥਾ ਦਿਖਾਉਣ ‘ਚ ਸਫ਼ਲ ਨਹੀਂ ਹੋ ਰਿਹਾ। ਪਾਕਿਸਤਾਨੀ ਮੀਡੀਆ ਨੇ ਹੀ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਹੈ ਕਿ ਪਾਕਿਸਤਾਨ ਵਿਚ ਇਸ ਵੇਲੇ ਇਸਾਈ ਭਾਈਚਾਰਾ ਕੱਟੜ੍ਹ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੋਣ ਦਾ ਪਤਾ ਹੋਣ ਦੇ ਬਾਵਜੂਦ ਲਾਹੌਰ ਦੇ ਉਸ ਪਾਰਕ ਵਿਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ, ਜਿੱਥੇ ਵੱਡੀ ਗਿਣਤੀ ਵਿਚ ਇਸਾਈ ਭਾਈਚਾਰੇ ਦੇ ਲੋਕ ਪਹੁੰਚੇ ਹੋਏ ਸਨ। ਜ਼ਾਹਰ ਹੈ ਕਿ ਪਾਕਿਸਤਾਨ ਅੱਤਵਾਦ ਨਾਲ ਲੜਾਈ ਪ੍ਰਤੀ ਨਾ-ਸਿਰਫ਼ ਅਸਮਰੱਥ ਹੈ ਸਗੋਂ ਦ੍ਰਿੜ੍ਹ ਇੱਛਾ-ਸ਼ਕਤੀ ਪੱਖੋਂ ਵੀ ਕਮਜ਼ੋਰ ਸਾਬਤ ਹੋ ਰਿਹਾ ਹੈ।
ਪਾਕਿਸਤਾਨ ਵਿਚ ਘੱਟ-ਗਿਣਤੀਆਂ ‘ਤੇ ਹਮਲੇ ਤਾਂ ਬਹੁਤ ਦੇਰ ਤੋਂ ਹੋ ਰਹੇ ਹਨ ਅਤੇ ਹਿੰਦੂ, ਸਿੱਖ, ਇਸਾਈ ਭਾਈਚਾਰੇ ਇਨ੍ਹਾਂ ਹਮਲਿਆਂ ਦਾ ਨਿਸ਼ਾਨਾ ਬਣ ਰਹੇ ਹਨ। ਇਨ੍ਹਾਂ ਘੱਟ-ਗਿਣਤੀ ਭਾਈਚਾਰਿਆਂ ਦੇ ਲੋਕਾਂ ਨੂੰ ਅਗਵਾ ਕਰਨਾ, ਫ਼ਿਰੌਤੀਆਂ ਮੰਗਣੀਆਂ, ਕਤਲੋਗਾਰਦ ਅਤੇ ਇਨ੍ਹਾਂ ਨੂੰ ਸਮਾਜ ਦੇ ਵੱਖ-ਵੱਖ ਖੇਤਰਾਂ ‘ਚ ਹਾਸ਼ੀਏ ‘ਤੇ ਰੱਖਣਾ ਤਾਂ ਪਾਕਿਸਤਾਨ ਦੇ ਹਿੰਸਾਗ੍ਰਸਤ ਇਲਾਕਿਆਂ ਵਿਚ ਆਮ ਵਰਤਾਰਾ ਹੈ ਪਰ ਹੁਣ ਜਿਸ ਤਰ੍ਹਾਂ ਲਾਹੌਰ ਵਿਚ ਇਸਾਈ ਭਾਈਚਾਰੇ ‘ਤੇ ਸਮੂਹਿਕ ਤੌਰ ‘ਤੇ ਅੱਤਵਾਦੀ ਹਮਲਾ ਹੋਇਆ ਹੈ, ਇਸ ਤੋਂ ਪਾਕਿਸਤਾਨ ਵਿਚ ਰਹਿੰਦੀਆਂ ਘੱਟ-ਗਿਣਤੀਆਂ ‘ਤੇ ਹਮਲਿਆਂ ਦੀ ਭਿਆਨਕਤਾ ਹੋਰ ਜ਼ਿਆਦਾ ਵੱਧ ਜਾਂਦੀ ਹੈ। ਲਾਹੌਰ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਅੱਤਵਾਦੀ ਜਥੇਬੰਦੀ ਨੇ ਆਖਿਆ ਹੈ ਕਿ ਇਸ ਹਮਲੇ ਦਾ ਮੰਤਵ ਇਸਾਈ ਭਾਈਚਾਰੇ ਦੇ ਲੋਕਾਂ ਦਾ ਨਰਸੰਹਾਰ ਕਰਨਾ ਹੀ ਸੀ। ਅਸਲ ਵਿਚ ਲਾਹੌਰ ਵਿਚ ਪਾਰਕ ‘ਚ ਹੋਏ ਅੱਤਵਾਦੀ ਹਮਲੇ ਦੌਰਾਨ ਇਸਾਈ ਭਾਈਚਾਰੇ ਨੂੰ ਮਿੱਥ ਕੇ ਨਿਸ਼ਾਨਾ ਬਣਾਉਣ ਪਿੱਛੇ ਵੀ ਇਕ ਕਹਾਣੀ ਜੁੜੀ ਹੋਈ ਹੈ। ਪਾਕਿਸਤਾਨੀ ਪੰਜਾਬ ਦੇ ਮਰਹੂਮ ਗਵਰਨਰ ਸਲਮਾਨ ਤਾਸੀਰ ਦੇ ਕਤਲ ਵਾਲੀ ਘਟਨਾ ਤੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ। ਤਾਸੀਰ ਦੇ ਕਾਤਲ ਨੂੰ ਕੁਝ ਦਿਨ ਪਹਿਲਾਂ ਹੀ ਫ਼ਾਂਸੀ ਚਾੜ੍ਹਿਆ ਗਿਆ ਸੀ। ਕਾਦਰੀ ਨਾਂਅ ਦੇ ਉਸ ਕਾਤਲ ਨੂੰ ਜਿਸ ਦਿਨ ਫ਼ਾਂਸੀ ਲਾਇਆ ਗਿਆ, ਓਸੇ ਵੇਲੇ ਉਸ ਦੇਸ਼ ਦੀਆਂ ਕਈ ਜਥੇਬੰਦੀਆਂ ਨੇ ਆਮ ਲੋਕਾਂ ਨੂੰ ਇਸਾਈਆਂ ਦੇ ਖ਼ਿਲਾਫ਼ ਭੜਕਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਲਾਹੌਰ ਅੱਤਵਾਦੀ ਹਮਲਾ ਵੀ ਉਸੇ ਨਫ਼ਰਤ ਦਾ ਭਿਆਨਕ ਸਿੱਟਾ ਸੀ। ਦਰਅਸਲ ਕੁਝ ਸਮਾਂ ਪਹਿਲਾਂ ਪਾਕਿ ਵਿਚ ਇਕ ਖੇਤ ਮਜ਼ਦੂਰ ਇਸਾਈ ਔਰਤ ਨੂੰ ਸਿਰਫ਼ ਇਸ ਕਰਕੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਕਿ ਉਸ ਨੇ ਪਿਆਸ ਲੱਗੀ ਹੋਣ ਕਾਰਨ ਘੜੇ ਨੂੰ ਹੱਥ ਲਗਾ ਦਿੱਤਾ ਅਤੇ ਉਸ ਦੇ ਨਾਲ ਕੰਮ ਕਰਦੀਆਂ ਮੁਸਲਮਾਨ ਔਰਤਾਂ ਨੇ ਉਸ ਇਸਾਈ ਔਰਤ ਦੇ ਖਿਲਾਫ਼ ਆਪਣੇ ਮੁਸਲਮਾਨ ਧਰਮ ਦੀ ਬੇਹੁਰਮਤੀ ਦਾ ਦੋਸ਼ ਲਗਾ ਦਿੱਤਾ। ਹਰ ਕਾਨੂੰਨੀ ਸੰਸਥਾ ਨੇ ਉਸ ਦੀ ਮੌਤ ਦੀ ਸਜ਼ਾ ਨੂੰ ਜਾਇਜ਼ ਠਹਿਰਾਇਆ ਸੀ ਪਰ ਆਖ਼ਰ ‘ਚ ਜਦੋਂ ਮੁਸਲਮਾਨ ਬੀਬੀ ਨੇ ਪਾਕਿਸਤਾਨੀ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਨੂੰ ਰਹਿਮ ਦੀ ਅਪੀਲ ਕੀਤੀ ਤਾਂ ਉਦਾਰ-ਚਿੱਤ ਗਵਰਨਰ ਸਲਮਾਨ ਤਾਸੀਰ ਉਸ ਨੂੰ ਜੇਲ੍ਹ ਵਿਚ ਮਿਲਣ ਚਲਾ ਗਿਆ। ਜਦੋਂ ਉਹ ਬਾਹਰ ਆਇਆ ਤਾਂ ਉਸ ਦੇ ਸੁਰੱਖਿਆ ਗਾਰਡ ਨੇ ਗੋਲੀ ਮਾਰ ਕੇ ਗਵਰਨਰ ਦੀ ਹੱਤਿਆ ਕਰ ਦਿੱਤੀ। ਕੱਟੜ੍ਹ-ਬਹੁਗਿਣਤੀ ਲੋਕਾਂ ਲਈ ਉਦਾਰ-ਦਿਲ ਗਵਰਨਰ ਦਾ ਕਾਤਲ ‘ਨਾਇਕ’ ਬਣ ਗਿਆ ਪਰ ਅਦਾਲਤ ਨੇ ਉਸ ਕਾਤਲ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ। ਗਵਰਨਰ ਦੇ ਕਾਤਲ ਨੂੰ ਫ਼ਾਂਸੀ ‘ਤੇ ਲਟਕਾਏ ਜਾਣ ਤੋਂ ਬਾਅਦ ਕੱਟੜ੍ਹਵਾਦੀਆਂ ‘ਚ ਇਸਾਈਆਂ ਪ੍ਰਤੀ ਭੜਕਾਹਟ ਹੋਰ ਜ਼ਿਆਦਾ ਵੱਧ ਗਈ ਅਤੇ ਲਾਹੌਰ ਹਮਲਾ ਇਸੇ ਭੜਕਾਹਟ ਦਾ ਸਿੱਟਾ ਦੱਸਿਆ ਜਾ ਰਿਹਾ ਹੈ।
ਮਜ਼੍ਹਬੀ ਆਧਾਰ ‘ਤੇ ਹੋਂਦ ਵਿਚ ਆਏ ਪਾਕਿਸਤਾਨ ਵਿਚ ਮਨੁੱਖਤਾ ਬੁਰੀ ਤਰ੍ਹਾਂ ਕੁਚਲੀ ਜਾ ਰਹੀ ਹੈ। ਪਾਕਿ ਦਾ ਕੁਫਰ ਕਾਨੂੰਨ ਇਹ ਕਹਿੰਦਾ ਹੈ ਕਿ ਜਿਸ ਕਿਸੇ ਨੇ ਇਸਲਾਮ, ਕੁਰਾਨ, ਪੈਗੰਬਰ ਜਾਂ ਅੱਲ੍ਹਾ ਦੀ ਸ਼ਾਨ ਵਿਚ ਕੁਝ ਗ਼ਲਤ ਕਿਹਾ ਹੋਵੇ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਗੈਰ-ਮੁਸਲਮਾਨ ਦੇ ਮਨੁੱਖੀ ਅਧਿਕਾਰ ਅਤੇ ਇੱਥੋਂ ਤੱਕ ਕਿ ਜੀਵਨ ਦਾ ਅਧਿਕਾਰ ਖੋਹਣ ਤੋਂ ਵੀ ਝਿਜਕ ਨਹੀਂ ਦਿਖਾਈ ਜਾਂਦੀ। ਹਾਲਾਂਕਿ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੇ ਕਿਹਾ ਸੀ ਕਿ ਪਾਕਿਸਤਾਨ ਭਾਵੇਂ ਇਸਲਾਮ ਦੇ ਆਧਾਰ ਉੱਤੇ ਹੈ, ਪਰ ਇਸ ਵਿਚ ਹਰ ਕਿਸੇ ਧਰਮ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉਣ ਵਿਚ ਕਮੀ ਨਹੀਂ ਰੱਖੀ ਜਾਵੇਗੀ। ਅੱਜ ਪਾਕਿਸਤਾਨ ਵਿਚ ਮਜ਼੍ਹਬੀ ਕੱਟੜ੍ਹਵਾਦ ਅਤੇ ਨਫ਼ਰਤ ਇੰਨੀ ਜ਼ਿਆਦਾ ਪ੍ਰਬਲ ਹੋ ਚੁੱਕੀ ਹੈ ਕਿ ਦੂਜੇ ਧਰਮਾਂ, ਮਜ਼੍ਹਬਾਂ ਦੀ ਗੱਲ ਤਾਂ ਦੂਰ, ਮੁਸਲਮਾਨ ਵੀ ‘ਕਾਦੀਆਨੀ’ ਅਤੇ ‘ਸ਼ੀਆ’ ਸੋਚ ਵਾਲੇ ਆਖ ਕੇ ਇਸ ਕੱਟੜ੍ਹਵਾਦ ਦੀ ਅੰਨ੍ਹੀ ਚੱਕੀ ਵਿਚ ਪਿਸਣ ਲਈ ਮਜਬੂਰ ਹਨ। ਪਿਛਲੇ ਸਮਿਆਂ ਦੌਰਾਨ ਪਾਕਿਸਤਾਨ ਵਿਚ ਮੁਸਲਮਾਨਾਂ ਦੇ ਕਾਦੀਆਨੀ ਅਤੇ ਸ਼ੀਆ ਭਾਈਚਾਰਿਆਂ ‘ਤੇ ਵੀ ਸਮੂਹਿਕ ਤੌਰ ‘ਤੇ ਇਸੇ ਤਰ੍ਹਾਂ ਭਿਆਨਕ ਹਮਲੇ ਹੋਏ ਹਨ, ਜਿਸ ਤਰ੍ਹਾਂ ਹੁਣ ਲਾਹੌਰ ਵਿਚ ਹਮਲਾ ਹੋਇਆ ਹੈ। ਕੱਟੜ੍ਹਵਾਦ, ਦਹਿਸ਼ਤਵਾਦ ਨਾ-ਸਿਰਫ਼ ਪਾਕਿਸਤਾਨ ਦੇ ਗੁਆਂਢੀ ਮੁਲਕਾਂ ਨੂੰ ਸਾੜ ਰਿਹਾ ਹੈ, ਸਗੋਂ ਪਾਕਿਸਤਾਨ ਖੁਦ ਆਪਣੇ ਬੋਤਲ ਦੇ ਜਿੰਨ੍ਹ ਅੱਗੇ ਅੱਜ ਨਿਤਾਣਾ ਜਿਹਾ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਅੱਜ ਕੌਮਾਂਤਰੀ ਸਮੱਸਿਆ ਬਣੇ ਹੋਏ ਅੱਤਵਾਦ ਖਿਲਾਫ਼ ਪਾਕਿਸਤਾਨ ਜੇਕਰ ਦ੍ਰਿੜ੍ਹਤਾ ਨਾਲ ਇਰਾਦੇ ਪੱਕੇ ਕਰ ਲਵੇ ਤਾਂ ਇਹ ਵੀ ਅਸੰਭਵ ਨਹੀਂ ਹੈ ਕਿ ਪਾਕਿਸਤਾਨ ਅੱਤਵਾਦ ‘ਤੇ ਕਾਬੂ ਨਾ ਪਾ ਸਕੇ। ਪਾਕਿਸਤਾਨ ਨੂੰ ਇਸ ਗੰਭੀਰਤਾ ਨੂੰ ਸਮਝਣ ਦੀ ਲੋੜ ਹੈ ਕਿ ਉਸ ਦਾ ਪ੍ਰਫ਼ੁਲਤ ਕੀਤਾ ਹੋਇਆ ਕੱਟੜ੍ਹਵਾਦ ਉਸ ਨੂੰ ਹੀ ਕਿੰਨੀ ਭਿਆਨਕਤਾ ਨਾਲ ਖਾਣ ‘ਤੇ ਉਤਾਰੂ ਹੋ ਗਿਆ ਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …