ਹਰਚੰਦ ਸਿੰਘ ਬਾਸੀ
ਇਸ ਨਾਵਲ ਦੇ ਨਿਚੋੜ ਅਰਥ ਇਸ ਸਟੋਰੀ ਰਾਹੀਂ ਸਮਝਣ ਦਾ ਯਤਨ ਕਰੋ ਸਾਡਾ ਰਾਜਨੀਤਿਕ, ਅਦਾਲਤੀ ਸਿਸਟਮ ਕੀ ਹੈ। ਆਮ ਆਦਮੀ ਦੀ ਅਜ਼ਾਦੀ ਜਾਂ ਉਸ ਦੀ ਥਾਂ ਜਾਂ ਹੈਸੀਅਤ ਕੀ ਹੈ। 1914-15 ਦੇ ਸਾਲ ਕਾਫਕਾ ਲਈ ਬੜੇ ਸੁਨਿਹਰੀ ਦਿਨ ਸਨ। ਖੁਸ਼ਾਹਾਲੀ ਪੱਖੋ ਗੋਲਡਨ ਸਮਾਂ ਸੀ। ਪਹਿਲੀ ਸੰਸਾਰ ਜੰਗ ਦੇ ਦਿਨ ਸਨ। ਉਹ ਇਨਸ਼ੋਰੈਸ ਕੰਪਨੀ ਵਿੱਚ ਕੰਮ ਕਰਦਾ ਸੀ। ਖੂਬ ਕਲੇਮ ਆ ਰਹੇ ਸਨ। ਕੰਮ ਦਾ ਪ੍ਰੈਸ਼ਰ ਬਹੁਤ ਸੀ । ਦਿਨ ਭਰ ਦਫਤਰ ਕੰਮ ਕਰਦਾ ਅਤੇ ਘਰ ਆ ਕੇ ਉਹ ਆਪਣੇ ਨਾਵਲ ”ਦੀ ਟਰੇਲ” ਤੇ ਲਿਖਣ ਦਾ ਕੰਮ ਕਰਦਾ ਉਸ ਨੇ ਸ਼ੁਰੁਆਤੀ ਅਤੇ ਅੰਤਲੇ ਚੈਪਟਰ ਲਿਖ ਕੇ ਰੱਖ ਲਏ ਅਤੇ ਵਿਚਕਾਰਲੇ ਚੈਪਟਰ ਲਿਖਣੇ ਕੱਟ ਦੇਣੇ ਦੁਬਾਰਾ ਲਿਖ ਕੇ ਕੱਟ ਦੇਣੇ ਇਉਂ ਉਸ ਨੇ ਕਾਫੀ ਕੁੱਝ ਲਿਖ ਕੇ ਕਈ ਨੋਟ ਬੁਕ ਭਰ ਦਿਤੇ । ਐਪਰ ਉਸ ਨੇ ਛਪਵਾਇਆ ਨਾ। ਕਿਉਂਕਿ ਲੇਖਕ ਨੂੰ ਜੋ ਸੰਤੁਸ਼ਟੀ ਚਾਹੀਦੀ ਹੈ ਉਹ ਉਸ ਨੂੰ ਨਹੀਂ ਮਿਲ ਰਹੀ ਸੀ। ਸ਼ਾਇਦ ਉਹ ਇਸ ਨੂੰ ਹੋਰ ਗੰਭੀਰ ਤਰ੍ਹਾਂ ਬਿਆਨ ਕਰਨਾ ਚਾਹੁੰਦਾ ਸੀ। ਫਿਰ ਉਸ ਦੀ ਸਿਹਤ ਖਰਾਬ ਰਹਿਣ ਲੱਗ ਪਈ। ਉਸ ਨੇ ਆਪਣੇ ਮਿੱਤਰ ਨੂੰ ਕਿਹਾ ਕਿ ਮੇਰੀ ਮੌਤ ਬਾਅਦ ਇਹ ਸੱਭ ਕੁੱਝ ਜਲਾ ਦੇਣਾ। ਪਰ ਉਸ ਦੇ ਮਿੱਤਰ ਨੇ ਉਸ ਨੂੰ ਜਲਾਇਆ ਨਾ, ਸਗੋਂ ਹੌਲੀ-ਹੌਲੀ ਤਰਤੀਬ ਦੇ ਕੇ ਉਸ ਦੀ ਮੌਤ ਤੋਂ ਬਾਅਦ ਉਨੀ ਸੌ ਪੰਝੀ ਵਿੱਚ ਛਪਵਾ ਦਿੱਤਾ। ਉਹ ਕਾਫਕਾ ਦਾ ਬੜਾ ਪ੍ਰਸਿੱਧ ਨਾਵਲ ਹੋ ਗੁਜਰਿਆ।
ਉਸ ਨੇ ਇਸ ਦਾ ਪਲਾਟ ਇੱਕ ਭਿਆਨਕ ਜਾਂ ਡਰਾਉਣਾ ਸੁਪਣਾ ਉਲੀਕਿਆ ਜੋ ਇੱਕ ਬੇਚੈਨ ਕਰਨ ਵਾਲਾ ਅਤਿ ਡਰਾਉਣਾ ਹੈ। ਪਰ ਇਹ ਮਨੁੱਖ ਦੇ ਉਸ ਸਮਾਜ ਦੀ ਜ਼ਿੰਦਗੀ ਦੀ ਹਕੀਕਤ ਹੈ ਜਿਸ ਵਿੱਚ ਉਹ ਵਿਚਰਦਾ ਹੈ ਜਾਂ ਰਹਿੰਦਾ ਹੈ। ਉਸ ਦੇ ਨਾਵਲ ਦਾ ਮੁੱਖ ਪਾਤਰ ਜੋਸਫ ਨਾਮ ਦਾ ਇੱਕ ਬੈਂਕਰ ਹੈ ਜੋ ਖੂਬ ਮਾਲਾ ਮਾਲ ਹੁੰਦਾ ਹੈ। ਉਸ ਦਾ ਤੀਸਵਾਂ ਜਨਮ ਦਿਨ ਹੈ। ਉਸ ਰਾਤ ਨੂੰ ਉਸ ਨੂੰ ਇੱਕ ਡਰਾਉਣਾ ਸੁਪਨਾ ਆਉਂਦਾ ਹੈ। ਦੋ ਆਦਮੀ ਉਸ ਦੇ ਕਮਰੇ ਵਿੱਚ ਘੁਸ ਜਾਂਦੇ ਹਨ। ਇਉਂ ਲੱਗਦਾ ਹੈ ਜਿਵੇਂ ਕੋਈ ਪੁੱਛ ਪੜਤਾਲ ਜਾਂ ਖੋਜ ਪੜਤਾਲ (ਇਨਵੈਸਟਗੇਸ਼ਨ) ਵਾਲੇ ਆਦਮੀ ਹੋਣ। ਉਹ ਉਸ ਨੂੰ ਗ੍ਰਿਫਤਾਰ ਕਰ ਲੈਂਦੇ ਹਨ। ਉਹ ਉਹਨਾਂ ਤੋਂ ਪੁੱਛਣਾ ਚਾਹੁੰਦਾ ਹੈ ਕਿ ਉਸ ਦਾ ਗੁਨਾਹ ਕੀ ਹੈ। ਉਹ ਕਿਉਂ ਉਸ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਚਾਹੁੰਦੇ ਹਨ। ਉਸ ਦਾ ਜੁਰਮ ਕੀ ਹੈ। ਪਰ ਉਹ ਕੁੱਝ ਨਹੀਂ ਦੱਸਦੇ। ਜੋਸਫ ਦੀ ਬੇਚੈਨੀ ਵਧ ਜਾਂਦੀ ਹੈ ਦਿਮਾਗ ਚਕਰਾ ਜਾਂਦਾ ਹੈ। ਉਸ ਨੂੰ ਹਿਰਾਸਤ ਵਿੱਚ ਨਹੀਂ ਰੱਖਿਆ ਜਾਂਦਾ, ਜੇਲ੍ਹ ਨਹੀਂ ਭੇਜਿਆ ਜਾਂਦਾ। ਅਜ਼ਾਦ ਕਰ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਤੇਰੇ ‘ਤੇ ਮੁਕੱਦਮਾ ਚਲਾਇਆ ਜਾਏਗਾ। ਉਹ ਸਮਝਦਾ ਹੈ ਕਿ ਜਾਂ ਮਜਾਕ (ਮਖੌਲ) ਕੀਤਾ ਗਿਆ ਹੈ ਜਾਂ ਉਹਨਾਂ ਨੂੰ ਗਲਤ ਫਹਿਮੀ ਹੋ ਗਈ ਹੈ। ਉਹ ਇਸੇ ਸੋਚ ਵਿੱਚ ਬੇਚੈਨ ਰਹਿਣ ਲੱਗਦਾ ਹੈ। ਫਿਰ ਇੱਕ ਦਿਨ ਉਸ ਨੂੰ ਸੰਮਣ ਆਉਂਦੇ ਹਨ ਕਿ ਆਪ ਨੇ ਐਤਵਾਰ ਨੂੰ ਕੋਰਟ ਵਿੱਚ ਹਾਜ਼ਰ ਹੋਣਾ ਹੈ। ਉਸ ਨੂੰ ਨਾਂ ਕੋਈ ਸਮਾਂ ਦਸਿਆ ਹੈ ਕਿੰਨੇ ਵਜੇ ਪਹੁੰਚਣਾ ਹੈ ਨਾਂ ਹੀ ਕੋਰਟ ਦਾ ਥਹੁ ਟਿਕਾਣਾ ਦੱਸਿਆ ਗਿਆ ਕਿ ਕਿਥੇ ਪਹੁੰਚਣਾ ਹੈ। ਫਿਰ ਵੀ ਉਹ ਖੌਹਜ ਖੂਹਜ ਕੇ ਇੱਕ ਸੁੰਨਸਾਨ ਜਿਹੀ ਥਾਂ ਪਹੁੰਚਦਾ ਹੈ ਜਿਥੇ ਕਚਿਹਰੀ ਹੈ, ਉਸਦੀ ਇਮਾਰਤ ਜਰਜਰੀ ਜਿਹੀ ਹਾਲਤ ਵਿੱਚ ਹੈ। ਉਥੇ ਭੀੜ ਹੈ। ਉਸ ਨੂੰ ਖੂਬ ਡਾਂਟ ਪੈਂਦੀ ਹੈ ਕਿ ਤੂੰ ਲੇਟ ਆਇਆ ਹੈ। ਜਦੋਂ ਕਿ ਉਸ ਨੂੰ ਕੁੱਝ ਥਾਂ ਟਿਕਾਣਾ ਅਤੇ ਸਮਾਂ ਦਸਿਆ ਹੀ ਨਹੀਂ ਗਿਆ ਤਾਂ ਲੇਟ ਕਿਵੇਂ ਹੋਇਆ।
ਕੋਰਟ ਵਿੱਚ ਕੋਹਰਾਮ ਮੱਚਿਆ ਹੈ ਹਰ ਪਾਸੇ ਸ਼ੋਰੋ ਗੁਲ ਹੈ ਭੀੜ ਹੀ ਭੀੜ ਹੈ। ਉਹ ਆਪਣੇ ਆਪ ਨੂੰ ਡੀਫੈਂਡ (ਬੇਗੁਨਾਹ) ਦੱਸਣ ਲਈ ਆਪਣੀ ਜ਼ੋਰਦਾਰ ਸਪੀਚ ਦਿੰਦਾ ਹੈ ਹਾਲਾਂ ਕਿ ਉਸ ਨੂੰ ਆਪਣੇ ਗੁਨਾਹਾਂ ਦਾ ਪਤਾ ਨਹੀਂ ਉਹ ਆਪਣੇ ਆਪ ਨੂੰ ਬੇਗੁਨਾਹ ਦਸਦਾ ਹੈ ਪਰ ਕੋਈ ਉਸ ਦੀ ਗੱਲ ਨੂੰ ਸੁਣਦਾ ਨਹੀਂ। ਕੋਰਟ ਦੇ ਅਧਿਕਾਰੀਆਂ ਦੇ ਜੈਕਟਾਂ ਪਹਿਨੀਆਂ ਹਨ ਅਤੇ ਜੈਕਟਾਂ ਦੇ ਕਾਲਰਾਂ ‘ਤੇ ਪੈਨ ਲੱਗੇ ਹਨ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਸੀਕਰਿਟ (ਗੁਪਤ) ਆਰਗੇਨਾਈਜੇਸ਼ਨ ਦਾ ਹਿੱਸਾ ਹੈ। ਉਸ ਨੂੰ ਸਮਝ ਆ ਜਾਂਦਾ ਹੈ ਕਿ ਇਹ ਆਰਗੇਨਾਈਜੇਸ਼ਨ ਉਸ ਦੇ ਪਿੱਛੇ ਪੈ ਗਈ ਹੈ। ਉਸ ‘ਤੇ ਮੁਕੱਦਮਾ ਚਲਣ ਵਾਲਾ ਹੈ। ਉਹ ਉਚਾਟ ਹੋ ਜਾਂਦਾ ਹੈ ਘਬਰਾ ਜਾਂਦਾ ਹੈ। ਉਹ ਸਮਝਦਾ ਹੈ ਕਿ ਬਹੁਤ ਕੁੱਝ ਭਿਆਨਕ ਵਾਪਰਣ ਵਾਲਾ ਹੈ। ਉਹ ਕੋਰਟ ਤੋਂ ਬਾਹਰ ਨਿਕਲ ਜਾਂਦਾ ਹੈ। ਬਾਹਰ ਨਿਕਲ ਕੇ ਉਹ ਵਕੀਲ ਨੂੰ ਮਿਲਦਾ ਹੈ, ਅੰਕਲ ਨਾਲ ਗੱਲ ਕਰਦਾ ਹੈ। ਉਸ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਦਾ ਪਤਾ ਚਲਦਾ ਹੈ। ਉਸ ਨੂੰ ਸਮਝ ਲੱਗਦੀ ਹੈ ਕਿ ਇਹ ਸਾਰਾ ਕੁਰੱਪਟ ਸਿਸਟਮ ਹੈ ਜਿਸ ਨੂੰ ਸਮਝ ਲੈਣਾ ਕਿਸੇ ਵੱਸ ਵਿੱਚ ਨਹੀ ਇਹ ਸਾਰਾ ਭ੍ਰਿਸ਼ਟ ਸਿਸਟਮ ਹੈ ਇਸ ਨੂੰ ਸਮਝਣਾ ।ਆਮ ਬੰਦੇ ਲਈ ਮੂਲੋਂ ਅਸਾਨ ਨਹੀਂ, ਵੱਸ ਨਹੀਂ। ਉਸ ਨੂੰ ਸਲਾਹ ਮਿਲਦੀ ਹੈ ਕਿ ਅਦਾਲਤ ਦੇ ਪੇਂਟਰ ਨੂੰ ਮਿਲੋ। ਪੇਂਟਰ ਦਸਦਾ ਹੈ ਕਿ ਕੋਰਟ ਦਾ ਕੰਮ ਕਰਨ ਦਾ ਤਰੀਕਾ ਊਟਪਟਾਂਗ ਹੈ ਕੋਈ ਕਾਨੂੰਨ ਨਹੀਂ। ਕੋਰਟ ਬਹੁਤ ਕੁਰੱਪਟ ਹੈ। ਕੋਈ ਦਲੀਲ ਨਹੀਂ ਨਿਆਂ ਦਾ ਕੋਈ ਸਿਸਟਮ ਨਹੀਂ।
ਕੋਰਟ ਪੂਰੀ ਤਰ੍ਹਾਂ ਭ੍ਰਿਸ਼ਟ ਹੈ। ਕੋਈ ਕਾਨੂੰਨ ਨਹੀਂ ਇਸ ਤੋਂ ਪੂਰੀ ਤਰ੍ਹਾਂ ਰਿਹਾਈ ਮੁਮਕਿਨ ਨਹੀਂ। ਪੇਂਟਰ ਕਹਿੰਦਾ ਹੈ ਤਿੰਨ ਆਪਸ਼ਨਜ ਹੈ ਪਹਿਲੀ ਪੂਰੀ ਰਿਹਾਈ ਨਾ ਮੁਮਕਿਨ ਹੈ। ਪੂਰੀ ਤਰ੍ਹਾਂ ਬਰੀ ਨਹੀਂ ਹੋਵੇਗੇ ਇਸ ਬਾਰੇ ਤਾਂ ਸੋਚੋ ਵੀ ਨਾਂ। ਆਪਸ਼ਨ ਨੰਬਰ ਦੋ ਟੈਂਪਰੇਰੀ ਰਿਹਾਈ ਬਰੀ ਤਾਂ ਹੋ ਜਾਉਗੇ ਕੋਈ ਗਰੰਟੀ ਨਹੀਂ ਕਦੋਂ ਵੀ ਕੇਸ ਰੀ ਓਪਨ ਹੋ ਸਕਦਾ ਹੈ। ਤੁਹਾਨੂੰ ਦੋਬਾਰਾ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਆਪਸ਼ਨ ਨੰਬਰ ਤਿੰਨ ਤੁਹਾਡਾ ਕੇਸ ਪੋਸਟ ਪੌਂਡ ਕੀਤਾ ਜਾ ਸਕਦਾ ਹੈ ਲਟਕਾਇਆ ਜਾ ਸਕਦਾ ਹੈ। ਕੇਸ ਚਲਦਾ ਰਹੇਗਾ। ਤੁਸੀਂ ਅਨਿਸਚਤਾ ਦੀ ਹਾਲਤ ਵਿੱਚ ਹਮੇਸ਼ਾ ਰਹੋਗੇ। ਇਸ ਕੋਰਟ ਦੇ ਦਾਅ ਪੇਚ ਵਿੱਚ ਉਲਝ ਕੇ ਰਹਿ ਜਾਓਗੇ। ਇਸ ਤਰ੍ਹਾਂ ਦੀ ਦਲਦਲ ਵਿੱਚ ਧਸ ਜਾਉਗੇ ਜਿਸ ਵਿੱਚੋਂ ਨਿਕਲਣਾ ਨਾ ਮੁਮਕਿਨ ਹੋਵੇਗਾ। ਬੰਦਾ ਧਸਦਾ ਧਸਦਾ ਪੂਰੀ ਤਰ੍ਹਾਂ ਧਸ ਜਾਏਗਾ ਜ਼ਿੰਦਗੀ ਤਬਾਹ ਹੋ ਜਾਏਗੀ। ਜੋਸਫ ਨੂੰ ਸਮਝ ਆ ਗਿਆ ਹੈ ਕਿ ਇਸ ਪੂਰੇ ਜੁਡੀਸ਼ਲ ਸਿਸਟਮ ਨੂੰ ਇਸ ਤਰ੍ਹਾਂ ਡੀਜਾਈਨ ਕੀਤਾ ਗਿਆ ਹੈ ਕਿ ਇੱਕ ਆਮ ਇਨਸਾਨ ਇਸ ਕਾਨੂੰਨੀ ਦਾਅ ਪੇਚ ਵਿੱਚ ਹਮੇਸ਼ਾਂ ਹਮੇਸ਼ਾਂ ਲਈ ਪੂਰੀ ਤਰ੍ਹਾਂ ਉਲਝ ਕੇ ਰਹਿ ਜਾਏ। ਐਸੀ ਦਲ ਦਲ ਵਿਚੋਂ ਜਿੰਨਾ ਵੀ ਬਾਹਰ ਨਿਕਲਣ ਦਾ ਯਤਨ ਕਰੋ ਉਤਨਾ ਹੋਰ ਧਸਦਾ ਜਾਉਗੇ। ਜੋਸਫ ਇਸੇ ਤਰ੍ਹਾਂ ਦੀ ਦਲ ਦਲ ਵਿੱਚ ਧਸਦਾ ਜਾਂਦਾ ਹੈ। ਉਹ ਸਮਝਦਾ ਹੈ ਉਸ ਦਾ ਵਕੀਲ ਵੀ ਉਸ ਨਾਲ ਚਾਲਬਾਜ਼ੀ ਕਰਦਾ ਹੈ। ਉਸ ਦੀ ਮੁਲਾਕਾਤ ਇੱਕ ਐਸੇ ਵਿਉਪਾਰੀ ਨਾਲ ਹੁੰਦੀ ਹੈ ਜੋ ਪੰਜ ਸਾਲ ਪਹਿਲਾਂ ਇੱਕ ਸੰਪਨ ਵਿਉਪਾਰੀ ਸੀ। ਜਦ ਤੋਂ ਉਸ ‘ਤੇ ਮੁਕੱਦਮਾ ਚੱਲ ਰਿਹਾ ਹੈ ਉਸ ਦਾ ਦੀਵਾਲਾ ਨਿਕਲਣ ਵਾਲਾ ਹੋ ਗਿਆ ਹੈ। ਜਦ ਕਿ ਉਸ ਦਾ ਵਕੀਲ ਖੂਬ ਮਾਲਾ ਮਾਲ ਹੋ ਰਿਹਾ ਹੈ। ਉਹ ਐਸ਼ ਕਰ ਰਿਹਾ ਹੈ।
ਉਸ ਦਾ ਪੂਰਾ ਜੀਵਨ ਵਕੀਲ ‘ਤੇ ਨਿਰਭਰ ਹੋਣ ਲੱਗਾ ਹੈ। ਵਕੀਲ ਉਸ ਨੂੰ ਆਪਣਾ ਕੁੱਤਾ ਸਮਝਦਾ ਹੈ। ਜੋਸਫ ਸੋਚਦਾ ਹੈ ਜੇ ਐਸੀ ਹਾਲਤ ਹੈ ਤਾਂ ਕਿਉਂ ਨਾ ਆਪਣਾ ਮੁਕੱਦਮਾ ਖੁਦ ਹੀ ਲੜ ਲਿਆ ਜਾਏ। ਕਿਉਂਕਿ ਉਹ ਆਪਣੇ ਵਕੀਲ ਦੀਆਂ ਕਰਤੂਤਾਂ ਤੋਂ ਅਤੇ ਤਰਤੀਬਾਂ ਤੋਂ ਨਿਰਾਸ਼ ਹੋ ਚੁੱਕਾ ਹੈ। ਉਸ ਦੇ ਸਾਰੇ ਕੰਮ ਦਫਤਰ, ਘਰ ਆਦਿ ਦੇ ਛੁੱਟ ਚੁੱਕੇ ਹਨ। ਉਸ ਦਾ ਨਾਰਮਲ ਜੀਵਨ ਤਬਾਹ ਹੋ ਚੁੱਕਾ ਹੈ। ਉਹ ਹਰ ਸਮੇਂ ਆਪਣੇ ਮੁਕੱਦਮੇ ਵਿੱਚ ਉਲਝਿਆ ਰਹਿੰਦਾ ਹੈ। ਹਰ ਸਮੇਂ ਬੇਚੈਨ ਨਿਰਾਸ਼ ਰਹਿੰਦਾ ਹੈ ਮੁਕੱਦਮਾ ਉਸ ਲਈ ਡਰਾਉਣਾ, ਭਿਆਨਕ ਸੁਪਨਾ ਬਣ ਗਿਆ ਹੈ।
ਪੂਰੀ ਤਰ੍ਹਾਂ ਕਾਮਯਾਬ ਬਣਿਆ ਬੈਂਕਰ ਜੋਸਫ ਨਿਰਾਸ਼ ਹੋ ਜਾਂਦਾ ਹੈ। ਥੱਕਿਆ ਹਾਰਿਆ ਜੋਸਫ ਬਣ ਜਾਂਦਾ ਇਸ ਤਰ੍ਹਾਂ ਇੱਕ ਸਾਲ ਬੀਤ ਜਾਂਦਾ ਹੈ। ਉਸਦੇ ਇਕੱਤੀਵੇ ਜਨਮ ਦਿਨ ਤੋਂ ਇੱਕ ਦਿਨ ਪਹਿਲੇ ਉਸ ਦੇ ਘਰ ਫਿਰ ਦੋ ਲੋਕ ਘੁਸ ਆਉਂਦੇ ਹਨ। ਉਹ ਉਸ ਨੂੰ ਜਬਰੀ ਫੜ ਕੇ ਸ਼ਹਿਰ ਤੋਂ ਬਾਹਰ ਇੱਕ ਖਦਾਨ ਵਿੱਚ ਲੈ ਜਾਂਦੇ ਹਨ ਥੱਕਿਆ ਹਾਰਿਆ ਜੋਸਫ ਉਹਨਾਂ ਦਾ ਵਿਰੋਧ ਨਹੀਂ ਕਰਦਾ। ਵਿੱਚ ਵਿਚਾਲੇ ਦੀ ਇੱਕ ਵਾਰ ਉਸ ਦਾ ਮਨ ਵਿੱਚ ਉਹਨਾਂ ਦਾ ਵਿਰੋਧ ਕਰਨ ਦਾ ਖਿਆਲ ਆਉਂਦਾ ਹੈ ਪਰ ਫਿਰ ਮਨ ਵਿਚ ਖਿਆਲ ਆਉਂਦਾ ਹੈ ਜੋ ਭਾਗਾਂ ਜਾਂ ਇਉਂ ਕਹਿ ਲਵੋ ਦੁਰਭਾਗਾਂ ਵਿੱਚ ਲਿਖਿਆ ਹੈ ਹੋ ਜਾਣ ਦਿਉ। ਉਹ ਆਦਮੀ ਉਸ ਦੀ ਛਾਤੀ ਵਿੱਚ ਛੁਰਾ ਮਾਰ ਦਿੰਦੇ ਹਨ ਜੋਸਫ ਉਥੇ ਹੀ ਮਰ ਜਾਂਦਾ ਹੈ। ਅੰਤ ਵਿੱਚ ਲਿਖਿਆ ਹੈ ਜੋਸਫ ਕੁੱਤੇ ਦੀ ਮੌਤ ਮਰ ਗਿਆ।
ਉਸ ਨੂੰ ਇਹ ਵੀ ਪਤਾ ਨਹੀਂ ਉਸ ਨੇ ਕੀ ਗੁਨਾਹ ਕੀਤਾ। ਕਿਉਂ ਉਸ ‘ਤੇ ਮੁਕੱਦਮਾ ਚਲਾਇਆ ਗਿਆ। ਉਸ ਦਾ ਇਹ ਨਾਵਲ ਸਾਡੇ ਭ੍ਰਿਸ਼ਟ ਰਾਜਨੀਤਿਕ ਢਾਂਚੇ ਭ੍ਰਿਸ਼ਟ ਅਦਾਲਤਾਂ, ਕੋਝੇ ਕਾਨੂੰਨ, ਊਟਪਟਾਂਗ ਸਿਸਟਮ ਦੀ ਤਸਵੀਰ ਸਮਾਜ ਨੂੰ ਵਿਖਾਉਂਦਾ ਹੈ ਜਿਸ ਵਿੱਚ ਸਧਾਰਨ ਆਦਮੀ ਦੇ ਕੋਈ ਹੱਕ ਹਕੂਕ ਨਹੀਂ ਸਿਰਫ ਕਹਿਣ ਦੀ ਗੱਲ ਹੈ ਜਦ ਤੁਹਾਡੇ ਬੋਲਣ, ਲਿਖਣ, ਆਰਥਿਕ ਧਾਰਮਿਕ ਆਦਿ ਹੱਕ ਦੇ ਸਤਾ ਨਾਲ ਟਕਰਾਉਂਦੇ ਹਨ ਤਾਂ ਉਸ ਵੇਲੇ ਭ੍ਰਿਸ਼ਟ ਸਿਸਟਮ ਤੁਹਾਨੂੰ ਕਾਨੂਨੀ ਦਾਅ ਪੇਚਾਂ ਵਿੱਚ ਉਲਝਾ ਕੇ ਤੁਹਾਡੀ ਸਾਰੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ। ਇਹ ਅੱਜ ਵੀ ਉਤਨਾ ਸਾਰਥਿਕ ਹੈ ਕਿੰਨਾ ਉਸ ਸਮੇਂ ਸੀ ਸਾਇਦ ਕੁਰੱਪਟ ਸਰਕਾਰਾਂ ਅਤੇ ਨਿਆਂ ਸਿਸਟਮ ਨੇ ਉਸ ਤੋਂ ਵੀ ਵੱਧ ਦਾਅ ਪੇਚ ਘੜ ਲਏ ਹਨ।
Check Also
ਹਵਾ ਪ੍ਰਦੂਸ਼ਣ ਨਾਲ ਕਿਵੇਂ ਨਜਿੱਠਿਆ ਜਾਵੇ
ਡਾ. ਗੁਰਿੰਦਰ ਕੌਰ ਭਾਰਤ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਦੀ ਹਵਾ ਗੁਣਵੱਤਾ …