Breaking News
Home / ਮੁੱਖ ਲੇਖ / ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਲਹਿਰ ਨੂੰ ਸਿੱਟਾਮੁਖੀ ਬਣਾਉਣ ਲਈ ਸਾਰਥਿਕ ਉਪਰਾਲਾ

ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਲਹਿਰ ਨੂੰ ਸਿੱਟਾਮੁਖੀ ਬਣਾਉਣ ਲਈ ਸਾਰਥਿਕ ਉਪਰਾਲਾ

ਗੁਰਬਾਣੀ ਗਿਆਨ ਦੇ ਪ੍ਰਸਾਰ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ ਪਾਠ ਬੋਧ ਸਮਾਗਮ
ਤਲਵਿੰਦਰ ਸਿੰਘ ਬੁੱਟਰ
ਪਿਛਲੇ ਸਮੇਂ ਦੌਰਾਨ ਧਰਮ ਪ੍ਰਚਾਰ ਦੀ ਅਜੋਕੇ ਪ੍ਰਸੰਗ ‘ਚ ਪਿੰਡਾਂ-ਸ਼ਹਿਰਾਂ ਵਿਚ ਸਹੀ ਪਹੁੰਚ ਨਾ ਹੋ ਸਕਣ ਕਾਰਨ ਜਿੱਥੇ ਜਾਤਾਂ-ਪਾਤਾਂ ਅਤੇ ਰਾਜਨੀਤਕ ਧੜਿਆਂ ਦੇ ਆਧਾਰ ‘ਤੇ ਇਕ-ਇਕ ਪਿੰਡ ‘ਚ ਕਈ-ਕਈ ਗੁਰਦੁਆਰਾ ਸਾਹਿਬ ਉਸਾਰੇ ਗਏ, ਉਥੇ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਅਸਿੱਖਿਅਤ, ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਗੁਰਬਾਣੀ ਦੇ ਚਾਨਣ ਨੂੰ ਸਹੀ ਰੂਪ ਵਿਚ ਮਨੁੱਖਤਾ ਵਿਚ ਵੰਡਣ ਦੀਆਂ ਅਹਿਮ ਜ਼ਿੰਮੇਵਾਰੀਆਂ ਤੋਂ ਅਨਜਾਣ ਦੇਖੇ ਜਾਂਦੇ ਰਹੇ ਹਨ। ਹਾਲਾਂਕਿ ਰਵਾਇਤੀ ਤੌਰ ‘ਤੇ ਟਕਸਾਲਾਂ, ਨਿਰਮਲੇ ਅਤੇ ਹੋਰ ਸਿੱਖ ਸੰਪਰਦਾਵਾਂ ਦੀ ਸਿੱਖਿਅਤ ਅਤੇ ਨਿਪੁੰਨ ਗ੍ਰੰਥੀ-ਭਾਈ ਤਿਆਰ ਕਰਨ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਵਿਚ ਵੱਡੀ ਦੇਣ ਰਹੀ ਹੈ। ਪਿਛਲੇ ਕੁਝ ਅਰਸੇ ਤੋਂ ਵੱਧਦੀ ਬੇਰੁਜ਼ਗਾਰੀ ਦੇ ਪ੍ਰਭਾਵ ਕਾਰਨ ਇਹ ਆਮ ਪ੍ਰਭਾਵ ਬਣ ਗਿਆ ਹੈ ਕਿ ਸਭ ਤੋਂ ਸੌਖਾ ਕੰਮ ਗ੍ਰੰਥੀ ਸਿੰਘ ਬਣਨਾ ਹੈ। ਪੰਜਾਬੀ ਲਿਖਣ, ਪੜ੍ਹਨ ਦੀ ਥੋੜ੍ਹੀ ਜਿਹੀ ਸੋਝੀ ਨੂੰ ਹੀ ਗ੍ਰੰਥੀ ਸਿੰਘ ਬਣਨ ਦੀ ਯੋਗਤਾ ਸਮਝ ਲਿਆ ਜਾਂਦਾ ਹੈ, ਜਦੋਂਕਿ ਗੁਰਬਾਣੀ ਦੀ ਇਕ ਆਪਣੀ ਸ਼ੈਲੀ ਅਤੇ ਵਿਆਕਰਨ ਹੈ। ਗੁਰਬਾਣੀ ਪਾਠ ਬੋਧ ਤੇ ਵਿਆਕਰਨ ਦੇ ਗਿਆਨ ਤੋਂ ਬਗ਼ੈਰ ਸ਼ੁੱਧ ਗੁਰਬਾਣੀ ਉਚਾਰਨ ਅਤੇ ਇਸ ਦੇ ਅਰਥ ਹਾਸਲ ਨਹੀਂ ਕੀਤੇ ਜਾ ਸਕਦੇ। ਦੇਖਣ ਵਿਚ ਆਇਆ ਹੈ ਕਿ ਪਿੰਡਾਂ, ਕਸਬਿਆਂ ਦੇ ਬਹੁਤੇ ਗ੍ਰੰਥੀ ਸਿੰਘ ਸ਼ੁੱਧ ਗੁਰਬਾਣੀ ਉਚਾਰਨ ਨਾ ਕਰ ਸਕਣ ਕਾਰਨ ਖ਼ੁਦ ਹੀ ਗੁਰਬਾਣੀ ਦੇ ਸ਼ਾਬਦਿਕ ਅਰਥਾਂ ਦੀ ਸਹੀ ਸਮਝ ਨਹੀਂ ਰੱਖਦੇ। ਇਸ ਤਰ੍ਹਾਂ ਪਿੰਡਾਂ, ਕਸਬਿਆਂ ਦੇ ਗ੍ਰੰਥੀ ਸਿੰਘਾਂ ਦੇ ਗੁਰਬਾਣੀ ਉਚਾਰਨ, ਲਗਾ ਮਾਤਰਾ, ਵਿਸ਼ਰਾਮ, ਗੁਰਬਾਣੀ ਵਿਆਕਰਨ ਅਤੇ ਵਿਆਖਿਆ ਵਿਚ ਵੀ ਬਹੁਤ ਸਾਰੇ ਭਿੰਨ-ਭੇਦ ਪੈਦਾ ਹੋ ਗਏ ਹਨ, ਜੋ ਕਿ ਗੁਰਬਾਣੀ ਦੇ ਜਗਿਆਸੂਆਂ ਅਤੇ ਅਭਿਆਸੀਆਂ ਲਈ ਦੁਬਿਧਾ ਪੈਦਾ ਕਰਦੇ ਹਨ।
ਗੁਰਬਾਣੀ ਸ਼ੁੱਧ ਉਚਾਰਨ ਦਾ ਇਤਿਹਾਸਕ ਮਹਾਤਮ : ਸਿੱਖ ਧਰਮ ਨੂੰ ਇਹ ਸੁਭਾਗ ਹਾਸਲ ਹੈ ਕਿ ਸਾਡੇ ਗੁਰੂ ਸਾਹਿਬਾਨ ਵਲੋਂ ਉਚਾਰੀ ਹੋਈ ਇਲਾਹੀ ਬਾਣੀ ਜਿਉਂ ਦੀ ਤਿਉਂ ਸਾਡੇ ਕੋਲ ਮੌਜੂਦ ਹੈ। ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕੇ ਨਾ-ਸਿਰਫ਼ ਆਪਣੀ ਹਜ਼ੂਰੀ ਵਿਚ ‘ਧੁਰ ਕੀ ਬਾਣੀ’ ਨੂੰ ਕਲਮਬੰਦ ਕਰਵਾਇਆ, ਸਗੋਂ ਨਾਲ-ਨਾਲ ਵਾਚਦੇ ਅਤੇ ਸੁਧਾਈ ਵੀ ਕਰਦੇ ਰਹੇ। ਗੁਰਬਾਣੀ ਵਿਚ ਕਈ ਵਾਰ ‘ਸੁਧ’ ਅਤੇ ‘ਸੁਧ ਕੀਚੇ’ ਸ਼ਬਦ ਦਾ ਆਉਣਾ ਇਸ ਦਾ ਪ੍ਰਮਾਣ ਹੈ ਕਿ ਗੁਰਬਾਣੀ ਦੀ ਮੁੱਢਲੀ ਸੰਪਾਦਨਾ ਵੇਲੇ ਇਸ ਨੂੰ ਸੁਚੇਤ ਰੂਪ ਵਿਚ ਬਿਲਕੁਲ ਸ਼ੁੱਧ ਕਰਕੇ ਲਿਖਿਆ ਗਿਆ ਹੈ। ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਹੀ ਆਦੇਸ਼ ਕਰ ਗਏ ਹਨ ਕਿ ਅਕਾਲ ਪੁਰਖ ਦੀ ਬਾਣੀ ਵਿਚ ਕਿਸੇ ਪ੍ਰਕਾਰ ਦੀ ਦਖ਼ਲਅੰਦਾਜ਼ੀ ਨਹੀਂ ਕਰਨੀ ਅਤੇ ਇਸ ਜਿਸ ਤਰ੍ਹਾਂ ਲਿਖੀ ਗਈ ਹੈ ਉਸ ਤਰ੍ਹਾਂ ਹੀ ਸ਼ੁੱਧ ਰੂਪ ਵਿਚ ਉਚਾਰਨ ਕਰਨੀ ਹੈ। ਗੁਰਬਾਣੀ ਅਗਾਧ ਬੋਧ ਅਤੇ ਕਾਮਧੇਨ ਹੈ। ਰੱਬੀ ਕੀਰਤੀ ਦੇ ਇਸ ਸਾਗਰ ਵਿਚ ਜਿੰਨੀ-ਜਿੰਨੀ ਕੋਈ ਅਭਿਆਸ ਕਰਕੇ ਚੁੱਭੀ ਮਾਰੇਗਾ, ਓਨਾ ਓਨਾ ਹੀ ਉਸ ਨੂੰ ਆਤਮਿਕ ਗਿਆਨ ਤੇ ਅਨੰਦ ਹਾਸਲ ਹੋਵੇਗਾ, ਪਰ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਸਮਝਣ ਲਈ ਉਸ ਦਾ ਸ਼ੁੱਧ ਉਚਾਰਨ ਬਹੁਤ ਜ਼ਰੂਰੀ ਹੈ। ਇਸੇ ਕਾਰਨ ਦਸ ਗੁਰੂ ਸਾਹਿਬਾਨ ਸਿੱਖਾਂ ਨੂੰ ਪ੍ਰੇਮ ਅਤੇ ਸਾਵਧਾਨੀ ਨਾਲ ਲਗਾ ਮਾਤਰਾ ਸੋਧ ਕੇ ਗੁਰਬਾਣੀ ਦਾ ਸ਼ੁੱਧ ਪਾਠ ਮਨ ਲਾ ਕੇ ਕਰਨ ਦੀ ਪ੍ਰੇਰਨਾ ਦਿੰਦੇ ਰਹੇ। ਸ੍ਰੀ ਹਰਿਗੋਬਿੰਦਪੁਰ ਵਿਚ ਯੁੱਧ ਤੋਂ ਬਾਅਦ ਸਿੱਖ ਯੋਧਿਆਂ ਅਤੇ ਸੰਗਤਾਂ ਦੇ ਇਕ ਬੜੇ ਭਾਰੀ ਸਜੇ ਦੀਵਾਨ ਅੰਦਰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਕਿ ਜਿਹੜਾ ਸਿੱਖ ਸ਼ੁੱਧ ਜਪੁਜੀ ਸਾਹਿਬ ਦਾ ਪਾਠ ਸੁਣਾਵੇਗਾ, ਉਸ ਨੂੰ ਮੂੰਹੋਂ ਮੰਗਿਆ ਫਲ ਮਿਲੇਗਾ।
ਕਰਹੁ ਸੁਨਾਵਨ ਸੁਧ ਜਪੁ ਮੋਹੀ॥ ਜਾਚਹਿ ਕਹੈਂ ਸੁ ਦੇਵੋਂ ਤੋਹੀ॥ (ਗੁਰਪ੍ਰਤਾਪ ਸੂਰਜ, ਰਾਸ ੬, ਅੰਸੂ ੪੬)
ਸੰਗਤਾਂ ਵਿਚੋਂ ਭਾਈ ਗੋਪਾਲਾ ਨਾਂਅ ਦੇ ਸਿੱਖ ਨੇ ਸਤਿਗੁਰਾਂ ਤੋਂ ਆਗਿਆ ਲੈ ਕੇ ਹਜ਼ੂਰੀ ਵਿਚ ਬੈਠ ਕੇ ਅਜਿਹੀ ਇਕਾਗਰਤਾ ਅਤੇ ਲਿਵਲੀਨਤਾ ਨਾਲ ਅੱਖਰ ਤੇ ਲਗਾ ਮਾਤਰਾ ਸੋਧ ਕੇ ਸ੍ਰੀ ਜਪੁਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਇਆ ਕਿ ਸਤਿਗੁਰੂ ਜੀ ਪਾਠ ਦੇ ਭੋਗ ਤੋਂ ਬਾਅਦ ਪ੍ਰਸੰਨ ਹੋ ਕੇ ਭਾਈ ਗੋਪਾਲਾ ਜੀ ਨੂੰ ਸਰਬਸ੍ਰੇਸ਼ਟ ਗੁਰਤਾਗੱਦੀ ਤੱਕ ਦੇਣ ਲਈ ਤਿਆਰ ਹੋ ਗਏ ਸਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਇਕ ਵਾਰ ਇਕ ਗੁਰਸਿੱਖ ਵਲੋਂ ਗੁਰਬਾਣੀ ਦੀ ਲਗਾ ਮਾਤਰਾ ਦਾ ਗ਼ਲਤ ਉਚਾਰਨ ਕਰਨ ‘ਤੇ ਦਸਮ ਪਾਤਿਸ਼ਾਹ ਨੇ ਬਹੁਤ ਦੁਖ ਮਨਾਇਆ ਅਤੇ ਸਿੰਘ ਨੂੰ ਤਾੜਨਾ ਕਰਦਿਆਂ ਫ਼ੁਰਮਾਨ ਕੀਤਾ, ”ਸਿੰਘਾ! ਤੂੰ ਸਾਡੇ ਅੰਗ ਤੋੜ ਰਿਹਾ ਹੈਂ।”
ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖ਼ਿਲਾਫ਼ ਜੰਗ-ਯੁੱਧਾਂ ਤੋਂ ਬਾਅਦ ਸੰਸਾਰਕ ਯਾਤਰਾ ਦੇ ਅੰਤਲੇ ਸਮੇਂ ਮਾਲਵੇ ਦੀ ਧਰਤੀ ‘ਤੇ ਤਲਵੰਡੀ ਸਾਬੋ ਵਿਖੇ ਦਮਦਮਾ ਸਾਹਿਬ ਦੇ ਅਸਥਾਨ ‘ਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਕੰਠੋਂ ਉਚਾਰ ਕੇ ਲਿਖਵਾਇਆ ਅਤੇ ਉਸ ਤੋਂ ਬਾਅਦ 48 ਵਿਦਿਆਰਥੀਆਂ ਨੂੰ ਗੁਰਬਾਣੀ ਦਾ ਸਮੁੱਚਾ ਅਰਥ ਬੋਧ ਵੀ ਕਰਵਾਇਆ। ਇਨ੍ਹਾਂ ਬ੍ਰਹਮ ਗਿਆਨੀਆਂ ਵਿਚੋਂ ਹੀ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਦੀ ਟਕਸਾਲ ਚਲਾਈ।
ਸ਼੍ਰੋਮਣੀ ਕਮੇਟੀ ਦਾ ਉਪਰਾਲਾ : ਪਿਛਲੇ ਸਮੇਂ ਤੋਂ ਪਿੰਡਾਂ, ਕਸਬਿਆਂ ਦੇ ਗ੍ਰੰਥੀ ਸਿੰਘਾਂ ‘ਚ ਗੁਰਬਾਣੀ ਸ਼ੁੱਧ ਉਚਾਰਨ ਅਤੇ ਸਹੀ ਬੋਧ ਦੀ ਘਾਟ ਕਾਰਨ; ਇਨ੍ਹਾਂ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਸਿੱਖਿਅਤ ਕਰਨ, ਉਨ੍ਹਾਂ ਦੀ ਯੋਗਤਾ ਅਤੇ ਕਾਬਲੀਅਤ ਨੂੰ ਤਰਾਸ਼ਣ ਲਈ ਸ਼੍ਰੋਮਣੀ ਕਮੇਟੀ ਤੋਂ ਮਾਰਗ-ਦਰਸ਼ਨ ਅਤੇ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਮਹਿਸੂਸ ਕੀਤੀ ਜਾਂਦੀ ਰਹੀ ਹੈ। ਭਾਵੇਂਕਿ ਦੇਰ ਨਾਲ ਹੀ ਸਹੀ, ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਪਿਛਲੇ ਸਾਲ ਨਵੰਬਰ ‘ਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਸੇਵਾ ਸੰਭਾਲਦਿਆਂ ਹੀ ਸ਼੍ਰੋਮਣੀ ਕਮੇਟੀ ਦੁਆਰਾ ਧਰਮ ਪ੍ਰਚਾਰ ਲਹਿਰ ਨੂੰ ਸਮਾਜਿਕ ਪੱਧਰ ‘ਤੇ ਪ੍ਰਭਾਵਸ਼ਾਲੀ ਅਤੇ ਸਿੱਟਾਮੁਖੀ ਬਣਾਉਣ ਦੀ ਦਿਸ਼ਾ ‘ਚ ਨਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਭਾਈ ਲੌਂਗੋਵਾਲ ਨੇ ਨਿੱਜੀ ਦਿਲਚਸਪੀ ਨਾਲ ਜਿੱਥੇ ਗੁਰਦੁਆਰਾ ਸੰਸਥਾ ਨੂੰ ਸਿੱਖ ਧਰਮ ਦੇ ਮੁੱਢਲੇ ਪ੍ਰਚਾਰ-ਪ੍ਰਸਾਰ ਦੇ ਪ੍ਰਭਾਵਸ਼ਾਲੀ ਅਤੇ ਵਧੇਰੇ ਸਾਰਥਿਕ ਕੇਂਦਰ ਬਣਾਉਣ ਲਈ ‘ਇਕ ਪਿੰਡ, ਇਕ ਗੁਰਦੁਆਰਾ’ ਮੁਹਿੰਮ ਦੀ ਆਰੰਭਤਾ ਕੀਤੀ ਹੈ, ਉਥੇ ਹੁਣ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਪਾਠ ਬੋਧ ਦੀ ਮਹੱਤਤਾ ਨੂੰ ਮਹਿਸੂਸ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੁਆਰਾ ਪੰਜਾਬ ਭਰ ‘ਚ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇ ਤਿੰਨ ਤਖ਼ਤਾਂ; ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਈ ਇਸ ਪਾਠ ਬੋਧ ਸਮਾਗਮਾਂ ਦੀ ਲੜੀ ਤੋਂ ਚੰਗੇ ਨਤੀਜਿਆਂ ਦੀ ਆਸ ਬੱਝਣ ਲੱਗੀ ਹੈ। ਇਹ ਪਾਠ ਬੋਧ ਸਮਾਗਮ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਅਤੇ ਅਖੰਡ ਪਾਠੀਆਂ ਨੂੰ ਸ਼ੁੱਧ ਗੁਰਬਾਣੀ ਉਚਾਰਨ ਦੀ ਮੁਹਾਰਤ ਦੇ ਨਾਲ-ਨਾਲ ਧਰਮ ਪ੍ਰਚਾਰ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਪੰਜਾਬੀ ਮਾਂ-ਬੋਲੀ ਦੀ ਮੁੱਢਲੀ ਸਿੱਖਿਆ ਦੇਣ ਲਈ ਸਮਰੱਥ ਬਣਾਉਣ ਲਈ ਵੀ ਸਹਾਈ ਹੋ ਸਕਦੇ ਹਨ। ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਇਨ੍ਹਾਂ ਪਾਠ ਬੋਧ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਵਾਸਤੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਇਕ ਮਹੀਨੇ ਤੱਕ ਚੱਲਣ ਵਾਲੇ ਇਨ੍ਹਾਂ ਪਾਠ ਬੋਧ ਸਮਾਗਮਾਂ ਵਿਚ ਸ਼ਾਮਲ ਹੋਣ ‘ਤੇ 5100-5100 ਰੁਪਏ, ਸਰਟੀਫ਼ਿਕੇਟ ਅਤੇ ਸਿਰੋਪਾਓ ਦਿੱਤੇ ਜਾ ਰਹੇ ਹਨ। ਹੁਣ ਤੱਕ ਪੰਜਾਬ ਵਿਚਲੇ ਤਿੰਨਾਂ ਤਖ਼ਤਾਂ ‘ਤੇ ਲਗਭਗ 700 ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਠ ਬੋਧ ਸਮਾਗਮਾਂ ਵਿਚ ਸ਼ਾਮਲ ਹੋ ਕੇ 300 ਤੋਂ ਵੱਧ ਗ੍ਰੰਥੀ, ਅਖੰਡ ਪਾਠੀ ਸਿੰਘ ਗੁਰਬਾਣੀ ਲਗਾ ਮਾਤਰਾ ਦੇ ਸਹੀ ਉਚਾਰਨ ਅਤੇ ਔਖੇ ਸ਼ਬਦਾਂ ਦੇ ਅਰਥਾਂ ਦਾ ਗਿਆਨ ਲੈ ਚੁੱਕੇ ਹਨ। ਇਹ ਪਾਠ ਬੋਧ ਸਮਾਗਮ ਇਕ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਤੋਂ ਬਾਹਰਲੇ ਪ੍ਰਬੰਧਾਂ ਵਾਲੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਵੀ ਸ਼੍ਰੋਮਣੀ ਕਮੇਟੀ ਨਾਲ ਜੋੜ ਕੇ ਗੁਰਮਤਿ ਰਹਿਣੀ-ਬਹਿਣੀ ‘ਚ ਪ੍ਰਪੱਕ ਕਰਨ ਦੇ ਨਾਲ-ਨਾਲ ਪੰਥ ਦੀ ਪ੍ਰਵਾਨਤ ਰਹਿਤ ਮਰਯਾਦਾ ਦੇ ਧਾਰਨੀ ਬਣਾਉਣ ਲਈ ਸਿਖਲਾਈ ਕੈਂਪਾਂ ਵਰਗੇ ਸਾਬਤ ਹੋ ਰਹੇ ਹਨ। ਇਨ੍ਹਾਂ ਸਮਾਗਮਾਂ ਵਿਚ ਪੰਥ ਦੇ ਪ੍ਰਸਿੱਧ ਤੇ ਮਾਹਰ ਗੁਰਬਾਣੀ ਵਿਆਖਿਆਕਾਰ, ਵਿਦਵਾਨ ਅਤੇ ਗ੍ਰੰਥੀ ਸਾਹਿਬਾਨ ਗੁਰਬਾਣੀ ਸੰਥਿਆ ਦੇਣ ਦੇ ਨਾਲ-ਨਾਲ ਗੁਰਬਾਣੀ ਵਿਆਕਰਨ, ਸ਼ੁੱਧ ਉਚਾਰਨ, ਵਿਆਖਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਵੀ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਵਿਚ ਦ੍ਰਿੜ੍ਹ ਕਰਵਾ ਰਹੇ ਹਨ, ਤਾਂ ਜੋ ਪੰਥ ਨੂੰ ਅਨੁਸ਼ਾਸਨ ਅਤੇ ਏਕਤਾ ਦੇ ਸੂਤਰ ਵਿਚ ਬੰਨ੍ਹਣ ਲਈ ਘੱਟੋ-ਘੱਟ ਸਾਂਝੀ ਰਹਿਤ ਮਰਿਯਾਦਾ ਨਾਲ ਜੋੜਿਆ ਜਾ ਸਕੇ। ਤਿੰਨਾਂ ਤਖ਼ਤਾਂ ‘ਤੇ ਪਾਠ ਬੋਧ ਸਮਾਗਮਾਂ ਦੀ ਇਕ ਲੜੀ ਸੰਪੂਰਨ ਹੋ ਚੁੱਕੀ ਹੈ, ਜਿਨ੍ਹਾਂ ਤੋਂ ਬਾਅਦ ਹੋਰ ਵੱਡੇ ਇਤਿਹਾਸਕ ਅਸਥਾਨਾਂ ‘ਤੇ ਲਗਾਤਾਰ ਇਹ ਪਾਠ ਬੋਧ ਸਮਾਗਮ ਰੱਖੇ ਜਾ ਰਹੇ ਹਨ। ਨਿਰਸੰਦੇਹ ਇਹ ਪਾਠ ਬੋਧ ਸਮਾਗਮ ਜਿੱਥੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਗੁਰਬਾਣੀ ਦੇ ਇਕਸਾਰ ਸ਼ੁੱਧ ਉਚਾਰਨ ਅਤੇ ਸਹੀ ਵਿਆਕਰਨ ਦੀ ਸਮਝ ਵਿਚ ਨਿਪੁੰਨ ਬਣਾਉਣਗੇ, ਉਥੇ ਧਰਮ ਪ੍ਰਚਾਰ ਵਿਚ ਪਿੰਡਾਂ, ਕਸਬਿਆਂ ਦੇ ਛੋਟੇ-ਵੱਡੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਨੂੰ ਵਧਾਉਣ ਵਾਲੇ ਵੀ ਸਾਬਤ ਹੋ ਸਕਦੇ ਹਨ। ਗ੍ਰੰਥੀ ਸਿੰਘਾਂ ਅਜੋਕੇ ਸਮੇਂ ਸਾਡੇ ਸਿੱਖ ਸਮਾਜ ਦੇ ਮਾਰਗ ਦਰਸ਼ਕ ਬਣਨੇ ਚਾਹੀਦੇ ਹਨ। ਜੇਕਰ ਗ੍ਰੰਥੀ ਸਿੰਘ ਵਧੇਰੇ ਸਿੱਖਿਅਤ, ਗੁਰਬਾਣੀ ਗਿਆਤਾ ਅਤੇ ਆਪਣੀਆਂ ਸੇਵਾਵਾਂ ਵਿਚ ਨਿਪੁੰਨ ਹੋਣਗੇ ਤਾਂ ਇਹ ਪਿੰਡਾਂ ਵਿਚ ਬੱਚਿਆਂ ਤੋਂ ਗੁਰਬਾਣੀ ਪੜ੍ਹਨ ਦੀ ਪ੍ਰੇਰਨਾ ਦੀ ਸ਼ੁਰੂਆਤ ਕਰਕੇ ਨਵੀਂ ਪੀੜ੍ਹੀ ਨੂੰ ਧਰਮ ਨਾਲ ਜੋੜਨ ਦਾ ਆਗਾਜ਼ ਕਰ ਸਕਦੇ ਹਨ। ਗੁਰਦੁਆਰਾ ਸੰਸਥਾ ਨੂੰ ਸਿੱਖੀ ਦੇ ਪ੍ਰਚਾਰ ਅਤੇ ਗੁਰਬਾਣੀ ਗਿਆਨ ਦੇ ਚਾਨਣ ਨੂੰ ਵੰਡਣ ‘ਚ ਵਧੇਰੇ ਪ੍ਰਭਾਵਸ਼ਾਲੀ ਅਤੇ ਸਾਰਥਿਕ ਬਣਾਉਣ ਦੀ ਦਿਸ਼ਾ ‘ਚ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਭਰ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਇਕ ਸ਼ੁੱਧ ਗੁਰਬਾਣੀ ਉਚਾਰਨ ਦਾ ਟੈਸਟ ਦੇਣ ਲਈ ਵੀ ਸੱਦਾ ਦਿੱਤਾ ਗਿਆ ਹੈ, ਜਿਹੜੇ ਗ੍ਰੰਥੀ ਸਿੰਘ ਇਹ ਟੈਸਟ ਪਾਸ ਕਰਨਗੇ, ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ 1000 ਰੁਪਏ ਪ੍ਰਤੀ ਮਹੀਨਾ ਪੱਕੇ ਤੌਰ ‘ਤੇ ਵਜ਼ੀਫ਼ਾ ਦਿੱਤਾ ਜਾਵੇਗਾ। ਇਸ ਦੇ ਨਾਲ ਇਕ ਵਾਰ ਸ਼੍ਰੋਮਣੀ ਕਮੇਟੀ ਕੋਲ ਪੰਜਾਬ ਵਿਚਲੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਦੀ ਰਜਿਸਟ੍ਰੇਸ਼ਨ ਵੀ ਹੋ ਜਾਵੇਗੀ, ਜੋ ਕਿ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਵਧੇਰੇ ਉਤਰਦਾਈ ਬਣਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਵਿਚ ਪ੍ਰਪੱਕਤਾ ਅਤੇ ਵਿਧੀਬੱਧ ਤਰੀਕੇ ਨਾਲ ਪਿੰਡਾਂ, ਸ਼ਹਿਰਾਂ ਵਿਚ ਗੁਰਮਤਿ ਦੇ ਪ੍ਰਚਾਰ ਅਤੇ ਗੁਰਬਾਣੀ ਦੇ ਗਿਆਨ ਨੂੰ ਸਹੀ ਰੂਪ ਵਿਚ ਲੋਕਾਈ ਤੱਕ ਪਹੁੰਚਾਉਣ ਦੀ ਇਕ ਨਵੀਂ ਮੁਹਿੰਮ ਵਿੱਢਣ ਦਾ ਪਿੜ ਬੰਨ੍ਹਣ ਲਈ ਸਹਾਈ ਹੋ ਸਕਦੀ ਹੈ। ਜਦੋਂ ਪਿੰਡਾਂ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘ ਵਧੇਰੇ ਸਿੱਖਿਅਤ, ਕਾਬਲ ਅਤੇ ਗੁਰਬਾਣੀ ਪਾਠ ਬੋਧ ਦੇ ਗਿਆਤਾ ਹੋਣਗੇ ਤਾਂ ਇਸ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਵਿਚ ਪਿੰਡਾਂ ਦੇ ਗੁਰਦੁਆਰਿਆਂ, ਸਭਾ-ਸੁਸਾਇਟੀਆਂ ਅਤੇ ਸ਼੍ਰੋਮਣੀ ਕਮੇਟੀ ਤੋਂ ਬਾਹਰਲੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਦੀ ਸ਼ਮੂਲੀਅਤ ਵਧੇਗੀ। ਉਹ ਆਮ ਲੋਕਾਂ ਨੂੰ ਗੁਰਬਾਣੀ ਦੇ ਫ਼ਲਸਫ਼ੇ, ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ, ਕੁਦਰਤ ਪ੍ਰਤੀ ਪ੍ਰੇਮ-ਭਾਵਨਾ, ਵਾਤਾਵਰਨ ਦੀ ਸੰਭਾਲ ਅਤੇ ਸਮਾਜਿਕ ਸੁਧਾਰਾਂ ਵਿਚ ਵੀ ਆਪਣੀ ਜ਼ਿਕਰਯੋਗ ਭੂਮਿਕਾ ਨਿਭਾਅ ਸਕਣਗੇ, ਕਿਉਂਕਿ ਪਿੰਡਾਂ ਦੇ ਆਮ ਲੋਕਾਂ ਵਿਚ ਵਿਚਰਨ ਵਾਲੇ ਇਹ ਗ੍ਰੰਥੀ ਅਤੇ ਅਖੰਡ ਪਾਠੀ ਸਿੰਘ ਹੀ ਆਮ ਲੋਕਾਂ ਨਾਲ ਧਰਮ ਦੇ ਪ੍ਰਚਾਰ ਲਈ ‘ਸੰਵਾਦ’ ਦਾ ਸਭ ਤੋਂ ਨੇੜਲਾ ਜ਼ਰੀਆ ਬਣ ਸਕਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਯਤਨਾਂ ਸਦਕਾ ਧਰਮ ਪ੍ਰਚਾਰ ਕਮੇਟੀ ਵਲੋਂ ‘ਗੁਰਬਾਣੀ ਪਾਠ ਬੋਧ ਸਮਾਗਮਾਂ’ ਦੀ ਚਲਾਈ ਗਈ ਲਹਿਰ ਧਰਮ ਪ੍ਰਚਾਰ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਖੜੋਤ ਤੋੜਨ ਵਿਚ ਸਹਾਈ ਹੋ ਸਕਦੀ ਹੈ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …