-7.8 C
Toronto
Tuesday, December 30, 2025
spot_img
Homeਮੁੱਖ ਲੇਖਬੇਲੋੜੇ ਖਰਚਿਆਂ 'ਚ ਵਾਧਾ ਕਰਨ ਵਿਚ ਪਰਵਾਸੀ ਪੰਜਾਬੀਆਂ ਦਾ ਯੋਗਦਾਨ

ਬੇਲੋੜੇ ਖਰਚਿਆਂ ‘ਚ ਵਾਧਾ ਕਰਨ ਵਿਚ ਪਰਵਾਸੀ ਪੰਜਾਬੀਆਂ ਦਾ ਯੋਗਦਾਨ

ਜਸਵਿੰਦਰ ਕੌਰ ਦੱਧਾਹੂਰ
ਪੰਜਾਬੀਆਂ ਦੇ ਦਿਨੋਂ- ਦਿਨ ਮਹਿੰਗੇ ਹੁੰਦੇ ਜਾ ਰਹੇ ਸ਼ੌਕ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਮਹਿੰਗੇ ਵਿਆਹ ਕਰਨੇ, ਮਹਿੰਗੀਆਂ ਕਾਰਾਂ ਰੱਖਣੀਆਂ, ਇੱਕ ਦੂਜੇ ਸਾਹਮਣੇ ਫੋਕੀ ਸ਼ੋਹਰਤ ਦਾ ਦਿਖਾਵਾ ਪੰਜਾਬੀਆਂ ਨੂੰ ਕਰਜ਼ੇ ਹੇਠ ਦੱਬ ਰਿਹਾ ਹੈ। ਪੰਜਾਬ ਦੇ ਕਰਜ਼ਾਈ ਹੋਣ ਦੇ ਭਾਵੇਂ ਕਈ ਕਾਰਨ ਹਨ, ਪਰ ਇੱਥੇ ਸਿਰਫ਼ ਪੰਜਾਬੀਆਂ ਦੇ ਸਿਰ ‘ਤੇ ਬੇਲੋੜੇ ਖ਼ਰਚਿਆਂ ਵਿੱਚ ਵਾਧਾ ਕਰਨ ਵਿੱਚ ਪਰਵਾਸੀ ਪੰਜਾਬੀਆਂ ਦੇ ਯੋਗਦਾਨ ਦੀ ਹੀ ਗੱਲ ਕਰਨੀ ਹੈ।
ਬਾਹਰ ਹੱਡ ਭੰਨਵੀਂ ਮਿਹਨਤ ਕਰਕੇ ਚੰਗੀ ਕਮਾਈ ਕਰਨ ਵਾਲੇ ਇਹ ਲੋਕ ਪੰਜਾਬ ਆ ਕੇ ਜਦੋਂ ਆਪਣੀ ਫੋਕੀ ਟੌਹਰ ਦਾ ਦਿਖਾਵਾ ਕਰਦੇ ਹਨ ਤਾਂ ਬਾਹਰ ਜਾਣ ਦੀਆਂ ਆਸਾਂ ਲਾਈ ਬੈਠੇ ਪੰਜਾਬੀਆਂ ਦਾ ਲਾਲਚ ਹੋਰ ਵਧਾ ਦਿੰਦੇ ਹਨ। ਇਨ੍ਹਾਂ ਦੀ ਦੇਖੋ ਦੇਖੀ ਪੰਜਾਬੀ ਬਾਹਰ ਜਾਣ ਲਈ ਪੱਬਾਂ ਭਾਰ ਹੋਏ ਆਪਣਾ ਸਭ ਕੁਝ ਵੇਚ ਵੱਟ ਕੇ ਏਜੰਟਾਂ ਦੇ ਹੱਥ ਚੜ੍ਹ ਕੇ ਕੰਗਾਲ ਹੋ ਰਹੇ ਹਨ। ਦੇਸ਼ ਨੂੰ ਸਹਿਯੋਗ ਦੇਣ ਦੀਆਂ ਗੱਲਾਂ ਕਰਨ ਵਾਲੇ ਪਰਵਾਸੀ ਪੰਜਾਬੀ ਜਦੋਂ ਆਪਣੇ ਧੀਆਂ ਪੁੱਤਰਾਂ ਲਈ ਰਿਸ਼ਤੇ ਕਰਨ ਪੰਜਾਬ ਆਉਂਦੇ ਹਨ ਤਾਂ ਉਹ ਵੱਡੇ ਪੈਲੇਸਾਂ ਵਿੱਚ ਸ਼ਾਨਦਾਰ ਵਿਆਹ ਕਰਨ ਦੀ ਮੰਗ ਕਰਦੇ ਹਨ। ਕੁੜੀ ਜਾਂ ਮੁੰਡੇ ਦੀ ਝੋਲੀ ਵਿੱਚ 25 ਤੋਂ 40 ਲੱਖ ਰੁਪਏ ਤਕ ਦਾ ਸ਼ਗਨ ਪਾਉਣ ਦੀ ਮੰਗ ਕਰਦੇ ਹਨ। ਇਨ੍ਹਾਂ ਸ਼ਗਨਾਂ ਨੂੰ ਉਨ੍ਹਾਂ ਨੇ ਆਪਣੇ ਲਾਲਚ ਦਾ ਸਾਧਨ ਬਣਾ ਕੇ ਰੱਖ ਦਿੱਤਾ ਹੈ। ਸਾਡੇ ਬਾਹਰ ਜਾਣ ਲਈ ਕਮਲੇ ਹੋਏ ਪੰਜਾਬੀ ਫਿਰ ਇਨ੍ਹਾਂ ਬਾਹਰਲੇ ਰਿਸ਼ਤਿਆਂ ਦੀ ਬੁਨਿਆਦ ਲਈ ਕਰਜ਼ੇ ਚੁੱਕ ਕੇ, ਜ਼ਮੀਨਾਂ ਜਾਇਦਾਦਾਂ ਵੇਚਣ ਲਈ ਤਿਆਰ ਹੋ ਜਾਂਦੇ ਹਨ।
ਹਰ ਅਖ਼ਬਾਰ ਦਾ ਵਿਆਹ-ਸ਼ਾਦੀ ਦੇ ਇਸ਼ਤਿਹਾਰ ਵਾਲਾ ਪੰਨਾ ਪੰਜਾਬ ਵਿੱਚ ਸਿਰਫ਼ ਐੱਨ.ਆਰ.ਆਈ. ਵਰ ਅਤੇ ਕੰਨਿਆ ਦੀ ਖੋਜ ਕਰਦਾ ਹੀ ਨਜ਼ਰ ਆਉਂਦਾ ਹੈ। ਵਿਦੇਸ਼ ਵਿੱਚ ਰਹਿਣ ਵਾਲੇ ਇਹ ਲੋਕ ਉੱਥੋਂ ਦਾ ਸੱਭਿਆਚਾਰ ਤੇ ਰਹਿਣ ਸਹਿਣ ਆਪਣਾ ਕੇ ਸਿਰਫ਼ ਦਿਖਾਵੇ ਪੱਖੋਂ ਹੀ ਆਪਣੇ ਆਪ ਨੂੰ ਆਧੁਨਿਕ ਅਖਵਾਉਂਦੇ ਹਨ। ਇਨ੍ਹਾਂ ਦੇ ਮਨਾਂ ਵਿੱਚ ਵਸਿਆ ਲਾਲਚ, ਸ਼ੈਤਾਨੀਆਂ ਅਤੇ ਧੋਖੇ ਰੋਜ਼ਾਨਾ ਦੇਖਣ/ਪੜ੍ਹਨ ਨੂੰ ਮਿਲਦੇ ਹਨ। ਕਿਸੇ ਨੂੰ ਝੂਠੇ ਵਿਆਹ ਕਰਵਾ ਕੇ ਠੱਗਣਾ, ਬਾਹਰ ਜਾਣ ਵੇਲੇ ਰਿਸ਼ਤੇਦਾਰਾਂ ਤੇ ਦੋਸਤਾਂ ਕੋਲੋਂ ਲਈ ਆਰਥਿਕ ਮੱਦਦ ਨੂੰ ਹਜ਼ਮ ਕਰ ਜਾਣਾ, ਅਣਜੋੜ ਵਿਆਹਾਂ ਨੂੰ ਪ੍ਰੋਤਸਾਹਨ ਦੇਣਾ, ਇੱਥੋਂ ਤਕ ਕਿ ਬਾਹਰ ਜਾਣ ਦੀ ਸੱਧਰ ਪੂਰੀ ਕਰਨ ਲਈ ਭੈਣ, ਭਰਾ, ਭੂਆ, ਭਤੀਜੇ ਅਤੇ ਮਾਮਾ, ਭਾਣਜੀ ਵਰਗੇ ਰਿਸ਼ਤਿਆਂ ਦਾ ਆਪਸ ਵਿੱਚ ਵਿਆਹ ਕਰਵਾ ਲੈਣਾ ਆਦਿ ਗੱਲਾਂ ਸਾਡੇ ਸੱਭਿਆਚਾਰ ਉੱਤੇ ਪਰਵਾਸੀ ਪੰਜਾਬੀਆਂ ਵੱਲੋਂ ਲਗਾਇਆ ਜਾ ਰਿਹਾ ਧੱਬਾ ਹਨ।
ਜਿੱਥੇ ਇੱਕ ਪਾਸੇ ਪਰਵਾਸੀ ਪੰਜਾਬੀਆਂ ਦਾ ਚੰਗਾ ਪੱਖ ਪੰਜਾਬ ਵਿੱਚ ਪਿੰਡਾਂ, ਸਕੂਲਾਂ ਅਤੇ ਕਾਲਜਾਂ ਦੀ ਨੁਹਾਰ ਬਦਲਣ ਵਿੱਚ ਮੋਹਰੀ ਹੋ ਕੇ ਯੋਗਦਾਨ ਦੇ ਰਿਹਾ ਹੈ ਤਾਂ ਦੂਜੇ ਪਾਸੇ ਇਨ੍ਹਾਂ ਦਾ ਇੱਕ ਪੱਖ ਪੰਜਾਬੀਆਂ ਨੂੰ ਠੱਗਣ ਵਿੱਚ ਲੱਗਾ ਹੋਇਆ ਹੈ। ਅਸੀਂ ਵੀ ਬਾਹਰਲੇ ਮੁਲਕ ਵਿੱਚ ਜਾਣ ਦੇ ਲਾਲਚ ਵਸ ਆਪਣੀ ਅਕਲ ਨੂੰ ਜ਼ਿੰਦਰਾ ਮਾਰੀ ਬੈਠੇ ਹਾਂ। ਅਸੀਂ ਖ਼ੁਦ ਆਪਣੇ ਪੁੱਤਰਾਂ ਧੀਆਂ ਨੂੰ ਇਨ੍ਹਾਂ ਲੋਕਾਂ ਲਈ ਬਲੀ ਦੇ ਬੱਕਰੇ ਬਣਾ ਕੇ ਪੇਸ਼ ਕਰ ਰਹੇ ਹਾਂ। ਇਨ੍ਹਾਂ ਦੀਆਂ ਮਹਿੰਗੀਆਂ ਮੰਗਾਂ ਦੀ ਪੂਰਤੀ ਕਰਦੇ ਕੰਗਾਲ ਹੋ ਰਹੇ ਹਾਂ।
ਅੱਜ ਬਾਹਰਲੇ ਮੁਲਕ ਦੀ ਚਕਾਚੌਂਧ ਵਿੱਚ ਨਸ਼ਿਆਏ ਸਾਡੇ ਵਿਦਿਆਰਥੀ ਸਟੱਡੀ ਵੀਜ਼ੇ ਲਗਵਾ ਕੇ ਕਿਸੇ ਵੀ ਨਾਜਾਇਜ਼ ਢੰਗ ਨਾਲ ਬਾਹਰ ਜਾਣ ਲਈ ਤਿਆਰ ਬੈਠੇ ਹਨ। ਮਾਪੇ ਵੀ ਲੱਖਾਂ ਰੁਪਏ ਖ਼ਰਚ ਕੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਪੜ੍ਹਾਉਣ ਨੂੰ ਹੀ ਆਪਣੀ ਸ਼ਾਨ ਮੰਨੀ ਬੈਠੇ ਹਨ। ਪੰਜਾਬ ਦਾ ਹਰ ਦੂਜਾ ਮੁੰਡਾ-ਕੁੜੀ ਆਪਣੇ ਲਈ ਐੱਨ.ਆਰ.ਆਈ. ਰਿਸ਼ਤੇ ਦੀ ਭਾਲ ਵਿੱਚ ਬੈਠਾ ਹੈ। ਅਜਿਹੇ ਰੁਝਾਨ ਨੇ ਪੰਜਾਬ ਨੂੰ ਹੌਲੀ- ਹੌਲੀ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਕਿ ਹੁਣ ਸਰਕਾਰ ਨੇ ਦੇਸ਼ ਵਿੱਚ ਮਹਿੰਗੇ ਅਤੇ ਕਰਜ਼ਾਈ ਕਰਨ ਵਾਲੇ ਸ਼ੌਕਾਂ ਨੂੰ ਨੱਥ ਪਾਉਣ ਲਈ ਵਿਆਹ ਖ਼ਰਚੇ ਲਈ ਪੰਜ ਲੱਖ ਰੁਪਏ ਦੀ ਰਕਮ ਤੈਅ ਕਰਨ ਲਈ ਸੰਸਦ ਵਿੱਚ ਬਿੱਲ ਪੇਸ਼ ਕਰਕੇ ਪਹਿਲ ਕਦਮੀ ਕੀਤੀ ਹੈ, ਪਰ ਅੱਜ ਲੋੜ ਹੈ ਕਿ ਪਰਵਾਸੀ ਪੰਜਾਬੀ ਵੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸਮਝਦੇ ਹੋਏ ਪੰਜਾਬੀਆਂ ਨੂੰ ਮਹਿੰਗੇ ਵਿਆਹਾਂ ਅਤੇ ਮੋਟੀਆਂ ਰਕਮਾਂ ਰਾਹੀਂ ਆਰਥਿਕ ਪੱਖੋਂ ਹੀਣੇ ਕਰਨ ਦੀ ਬਜਾਏ ਸਾਦੇ ਸਮਾਗਮਾਂ ਅਤੇ ਜਾਇਜ਼ ਤਰੀਕਿਆਂ ਨੂੰ ਪਹਿਲ ਦੇ ਕੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਕਰਨ। ਬਾਹਰਲੇ ਮੁਲਕਾਂ ਵਿੱਚ ਨਾਜ਼ਾਇਜ ਤਰੀਕਿਆਂ ਨਾਲ ਘਰ-ਬਾਰ ਵੇਚ ਕੇ ਪਹੁੰਚਣ ਵਾਲੇ ਮੁੰਡੇ ਕੁੜੀਆਂ ਨੂੰ ਸਹੀ ਮਾਰਗ ਦਰਸ਼ਨ ਦੇਣ ਤਾਂ ਕਿ ਪੰਜਾਬ ਦੀ ਜਵਾਨੀ ਵਿਦੇਸ਼ ਵਿੱਚ ਮਜ਼ਦੂਰ ਬਣਨ ਦੀ ਥਾਂ ਪੰਜਾਬ ਦੇ ਕੰਮ ਆ ਸਕੇ। ਪੰਜਾਬ ਅੰਦਰ ਵੱਸਦੇ ਪੰਜਾਬੀਆਂ ਨੂੰ ਵੀ ਆਪਣੀ ਮਹਿੰਗੀ ਅਤੇ ਬਾਹਰ ਜਾਣ ਵਾਲੀ ਮਾਨਸਿਕਤਾ ਬਦਲ ਕੇ ਪੰਜਾਬ ਨੂੰ ਖ਼ੁਸ਼ਹਾਲ ਅਤੇ ਮੋਹਰੀ ਸੂਬਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

RELATED ARTICLES
POPULAR POSTS