Breaking News
Home / ਮੁੱਖ ਲੇਖ / ਸ਼੍ਰੋਮਣੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਲਈ ਚੁਣੌਤੀਆਂ ਤੇ ਸੰਭਾਵਨਾਵਾਂ

ਸ਼੍ਰੋਮਣੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਲਈ ਚੁਣੌਤੀਆਂ ਤੇ ਸੰਭਾਵਨਾਵਾਂ

ਤਲਵਿੰਦਰ ਸਿੰਘ ਬੁੱਟਰ

ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਵਿਚ ਇਸ ਵਾਰ ਪ੍ਰਧਾਨ ਸਮੇਤ ਨਵੀਂ ਬਣੀ ਸਮੁੱਚੀ ਕਾਰਜਕਾਰਨੀ ਕਮੇਟੀ ਅੱਗੇ ਧਾਰਮਿਕ ਕਾਰਜ ਖੇਤਰ ਵਿਚ ਕੰਮ ਕਰਨ ਦੀਆਂ ਸੰਭਾਵਨਾਵਾਂ ਅਤੇ ਪੰਥਕ ਚੁਣੌਤੀਆਂ ਬਰਾਬਰ ਹੀ ਦਰਕਾਰ ਰਹਿਣਗੀਆਂ। ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਧਾਰਮਿਕ ਖੇਤਰ ‘ਚ ਆਪਣੀ ਕਾਬਲੀਅਤ, ਸੂਝ-ਬੂਝ, ਪੰਥ ਪ੍ਰਤੀ ਸਮਰਪਣ ਭਾਵਨਾ ਅਤੇ ਮੌਜੂਦਾ ਸਮੇਂ ਸਿੱਖ ਕੌਮ ਨੂੰ ਨਰੋਈ ਸੇਧ ਦੇਣ ਦੀ ਯੋਗਤਾ ਦਿਖਾਉਣੀ ਪਵੇਗੀ। ਭਾਵੇਂ ਕਿ ਬਚਪਨ ਤੋਂ ਹੀ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਉਂਗਲ ਫੜ ਕੇ ਧਾਰਮਿਕ ਵਿੱਦਿਆ ਦੀ ਪ੍ਰਬੀਨਤਾ ਹਾਸਲ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪੋਸਟ ਗਰੈਜੂਏਟ ਤੱਕ ਉੱਚ ਸਿੱਖਿਆ ਹਾਸਲ ਹੋਣ ਦੇ ਨਾਲ-ਨਾਲ ਇਕ ਸੁਰੀਲੇ ਕੀਰਤਨੀਏ ਵੀ ਰਹੇ ਹਨ, ਪਰ ਉਨ੍ਹਾਂ ਦਾ ਬਹੁਤਾ ਜੀਵਨ ਸਿਆਸਤ ਨਾਲ ਜੁੜਿਆ ਰਿਹਾ ਹੈ। ਚਾਰ ਵਾਰ ਵਿਧਾਇਕ ਅਤੇ ਅਕਾਲੀ ਸਰਕਾਰਾਂ ਸਮੇਂ ਜ਼ਿਲ੍ਹਾ ਯੋਜਨਾ ਬੋਰਡ, ਮਾਰਕਫੈੱਡ ਵਰਗੇ ਅਦਾਰਿਆਂ ਦੇ ਚੇਅਰਮੈਨ ਅਤੇ ਇਕ ਵਾਰ ਮੰਤਰੀ ਰਹੇ ਭਾਈ ਲੌਂਗੋਵਾਲ ਨੂੰ ਵਿਸ਼ਵ ਵਿਆਪੀ ਸਿੱਖਾਂ ਦੀ ਨੁਮਾਇੰਦਾ ਇਕ ਸਿਰਮੌਰ ਤੇ ਸਮਰੱਥ ਸਿੱਖ ਸੰਸਥਾ ਦੇ ਪ੍ਰਧਾਨ ਹੋਣ ਨਾਤੇ, ਧਰਮ ਅਤੇ ਰਾਜਨੀਤੀ ਨੂੰ ਸਮਾਨਾਂਤਾਰ ਰੱਖਦੇ ਹੋਏ ਵੀ ਦੋਵਾਂ ਨੂੰ ਇਕ-ਦੂਜੇ ‘ਚ ਰਲਗੱਡ ਹੋਣ ਤੋਂ ਰੋਕਣ ਦੀ ਤਰਜੀਹੀ ਚੁਣੌਤੀ ਦਰਪੇਸ਼ ਰਹੇਗੀ।

ਵਿਸ਼ਵ ਵਿਆਪੀ ਸਿੱਖ ਕੌਮ ਅੱਗੇ ਇਸ ਵੇਲੇ ਬਹੁਤ ਸਾਰੀਆਂ ਬਾਹਰੀ ਅਤੇ ਅੰਦਰੂਨੀ ਚੁਣੌਤੀਆਂ ਵੀ ਹਨ, ਜਿਨ੍ਹਾਂ ਵਿਚ ਵਿਦੇਸ਼ਾਂ ‘ਚ ਸਿੱਖਾਂ ਦੀ ਵੱਖਰੀ ਹੋਂਦ ਅਤੇ ਪਛਾਣ ਨੂੰ ਸਥਾਪਤ ਕਰਨਾ ਅਤੇ ਸਿੱਖ ਪੰਥ ‘ਚ ਵਧ ਰਿਹਾ ਸੰਪਰਦਾਇਕ ਟਕਰਾਅ ਅਤੇ ਵਾਦ-ਵਿਵਾਦ ਚਿੰਤਾਜਨਕ ਮੁੱਦੇ ਹਨ। ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਅੱਗੇ ਸਭ ਤੋਂ ਵੱਡੀ ਚੁਣੌਤੀ ਸਮੁੱਚੇ ਸਿੱਖ ਪੰਥ ਵਿਚ ਵਿਚਾਰਧਾਰਕ ਵਖਰੇਵਿਆਂ ਨੂੰ ਲੈ ਕੇ ਪੈਦਾ ਹੋ ਰਹੇ ਸੰਪਰਦਾਇਕ ਟਕਰਾਅ ਨੂੰ ਰੋਕਣਾ ਹੋਵੇਗਾ। ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਲੈ ਕੇ ਪੰਥ ‘ਚ ਪੈਦਾ ਹੋ ਰਹੇ ਟਕਰਾਅ ਨੂੰ ਦੂਰ ਕਰਨਾ, ਦਸਮ ਗ੍ਰੰਥ ਵਿਵਾਦ ਦਾ ਸਰਬਪ੍ਰਵਾਨਿਤ ਹੱਲ ਕਰਨਾ, ਸਿੱਖ ਇਤਿਹਾਸ ਵਿਚ ਕਥਿਤ ਰਲੇਵੇਂ ਨੂੰ ਲੈ ਕੇ ਪੈਦਾ ਹੋ ਰਹੀਆਂ ਦੁਬਿਧਾਵਾਂ ਨੂੰ ਦੂਰ ਕਰਨ ਲਈ ਸਰਬਪ੍ਰਵਾਨਿਤ ਸਿੱਕੇਬੰਦ ਸਿੱਖ ਇਤਿਹਾਸ ਦਾ ਖਰੜਾ ਤਿਆਰ ਕਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰਬਪ੍ਰਵਾਨਿਤ ਟੀਕਾ (ਅਰਥ) ਤਿਆਰ ਕਰਨਾ ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਦੇ ਤਰਜੀਹੀ ਏਜੰਡੇ ਹੋਣੇ ਚਾਹੀਦੇ ਹਨ, ਜਦੋਂ ਕਿ ਪਿਛਲੇ ਲੰਬੇ ਸਮੇਂ ਤੋਂ ਲੋੜੀਂਦੇ ਇਨ੍ਹਾਂ ਕਾਰਜਾਂ ਵੱਲ ਸ਼੍ਰੋਮਣੀ ਕਮੇਟੀ ਦੇ ਨਿਜ਼ਾਮ ਨੇ ਬਹੁਤਾ ਧਿਆਨ ਨਹੀਂ ਦਿੱਤਾ।

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਪ੍ਰਤੀ ਪੰਥ ‘ਚ ਵਿਸ਼ਵਾਸ, ਸਤਿਕਾਰ ਨੂੰ ਬਹਾਲ ਕਰਨਾ ਅਤੇ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਨਿਯਮ, ਕਾਰਜ ਖੇਤਰ ਅਤੇ ਸੇਵਾਮੁਕਤੀ ਦੀ ਨਿਯਮਾਂਵਲੀ ਤਿਆਰ ਕਰਨੀ ਵੀ ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਕੀਤੇ ਗਏ ਕੁਝ ਫ਼ੈਸਲਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਆਖ ਕੇ ਕਿੰਤੂ-ਪ੍ਰੰਤੂ ਉਠਣ ਕਾਰਨ, ਤਖ਼ਤ ਸਾਹਿਬਾਨ ਦੀ ਸਿੱਖ ਕੌਮ ਅੰਦਰ ਸਰਬਉੱਚਤਾ ਨੂੰ ਭਾਰੀ ਠੇਸ ਪਹੁੰਚੀ ਹੈ। ਸਿੱਖ ਸਮਾਜ ਨੂੰ ਜਾਤ-ਪਾਤ, ਡੇਰਾਵਾਦ, ਕਰਮਕਾਂਡਾਂ, ਪਤਿਤਪੁਣਾ, ਨਸ਼ਾਖੋਰੀ ਆਦਿ ਅਲਾਮਤਾਂ ਤੋਂ ਬਚਾਅ ਕੇ ਗੁਰਮਤਿ ਨਾਲ ਜੋੜਨ ਲਈ ਸੁਚੱਜੀ ਵਿਉਂਤਬੰਦੀ ਕਰਨੀ ਵੀ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਾਰਮਿਕ ਯੋਗਤਾ ਲਈ ਪਰਖ ਹੋਵੇਗੀ।

ਪਿਛਲੇ ਲੰਬੇ ਸਮੇਂ ਤੋਂ ਸਿੱਖ ਸਮਾਜ ਦਾ ਵੱਡਾ ਹਿੱਸਾ ਗੁਰਮਤਿ ਫ਼ਲਸਫ਼ੇ ਦੀਆਂ ਉਨ੍ਹਾਂ ਉੱਚ ਕਦਰਾਂ-ਕੀਮਤਾਂ ਤੋਂ ਲਗਾਤਾਰ ਕਿਨਾਰਾ ਕਰੀ ਬੈਠਾ ਹੈ, ਜੋ ਕਿ ਮਨੁੱਖੀ ਜੀਵਨ ਦੀਆਂ ਚੁਣੌਤੀਆਂ, ਸਮੱਸਿਆਵਾਂ ਨੂੰ ਪਾਰ ਕਰਕੇ ਸਦੀਵੀ ਅਨੰਦਮਈ ਆਦਰਸ਼ਕ ਜੀਵਨ ਦਾ ਰਾਹ ਦਿਖਾਉਂਦੀਆਂ ਹਨ। ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਲਈ ਇਹ ਵੀ ਅੱਜ ਇਕ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ ਕਿ ਸਿੱਖ ਸਮਾਜ ਅੰਦਰ ਸਿਧਾਂਤ ਅਤੇ ਜੀਵਨ ਅਮਲ ਵਿਚ ਇਸ ਵੱਡੇ ਪਾੜੇ ਦੇ ਮੂਲ ਕਾਰਨਾਂ ਨੂੰ ਲੱਭ ਕੇ ਇਸ ਦੇ ਹੱਲ ਵੱਲ ਕਿਵੇਂ ਤੁਰਿਆ ਜਾਵੇ? ਸਮਾਜਿਕ ਜੀਵਨ ਅੰਦਰ ਦਿਖਾਵਾ, ਫ਼ਜ਼ੂਲ ਖ਼ਰਚੀ, ਦਾਜ-ਦਹੇਜ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਸਿੱਖ ਆਦਰਸ਼ ਅਤੇ ਜੀਵਨ ਅਮਲ ਦੇ ਪਾੜੇ ਨੂੰ ਦੂਰ ਕਰਨਾ ਵੀ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੇ ਸਿਦਕੀ ਯਤਨਾਂ ‘ਚ ਸ਼ਾਮਿਲ ਹੋਣਾ ਚਾਹੀਦਾ ਹੈ।

ਪੰਜਾਬ ਦਾ ਵਾਤਾਵਰਨ, ਸਿਹਤ ਅਤੇ ਸਿੱਖਿਆ ਵੀ ਸ਼੍ਰੋਮਣੀ ਕਮੇਟੀ ਦੇ ਤਰਜੀਹੀ ਸਰੋਕਾਰ ਹਨ, ਕਿਉਂਕਿ ਸਿੱਖ ਫ਼ਲਸਫ਼ੇ ਵਿਚ ‘ਖਾਲਕ ਅਤੇ ਖਲਕ’ (ਪਰਮਾਤਮਾ ਅਤੇ ਸ੍ਰਿਸ਼ਟੀ) ਨੂੰ ਇਕ-ਦੂਜੇ ਦੇ ਪੂਰਕ ਮੰਨਿਆ ਗਿਆ ਹੈ। ਪੰਜਾਬ ਵਾਤਾਵਰਨ ਅਤੇ ਸਿਹਤ ਪੱਖੋਂ ਇਸ ਵੇਲੇ ਬੇਹੱਦ ਚਿੰਤਾਜਨਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਵਾਤਾਵਰਨ, ਜਲਵਾਯੂ ਅਤੇ ਅੰਨ-ਪਾਣੀ ‘ਚ ਜ਼ਹਿਰੀਲੇ ਤੱਤਾਂ ਦੀ ਬਹੁਤਾਤ ਹੋਣ ਕਾਰਨ ਪੰਜਾਬ ‘ਚ ਸਬਜ਼ੀਆਂ, ਫਲ, ਦੁੱਧ, ਪਾਣੀ ਅਤੇ ਹਵਾ ਵੀ ਜ਼ਹਿਰੀਲੀ ਹੋ ਗਈ ਹੈ। ਨਤੀਜਨ ਦਿਲ ਦੇ ਰੋਗ, ਕੈਂਸਰ, ਅਧਰੰਗ, ਅਪੰਗਤਾ, ਕੋਹੜ, ਦਮਾ, ਸ਼ੂਗਰ, ਬਲੱਡ-ਪ੍ਰੈਸ਼ਰ, ਫੇਫੜਿਆਂ ਦਾ ਖ਼ਰਾਬ ਹੋਣਾ, ਬਾਂਝਪਣ, ਨਾਮਰਦੀ ਅਤੇ ਅਨੇਕਾਂ ਪ੍ਰਕਾਰ ਦੇ ਹੋਰ ਗੰਭੀਰ ਲਾਇਲਾਜ ਰੋਗਾਂ ਨੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਘੇਰ ਲਿਆ ਹੈ। ਇਕੱਲੇ ਕੈਂਸਰ ਕਾਰਨ ਹੀ ਪੰਜਾਬ ‘ਚ ਰੋਜ਼ਾਨਾ 43 ਸਿਵੇ ਇਕੋ ਵੇਲੇ ਬਲ ਰਹੇ ਹਨ। ਪੰਜਾਬ ਕੈਂਸਰ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਦੁਨੀਆ ਦੇ ਬਾਕੀ ਦੇਸ਼ਾਂ ਨਾਲੋਂ ਪੰਜਾਬ ‘ਚ ਕੈਂਸਰ ਦੇ ਮਰੀਜ਼ਾਂ ਦੀ ਦਰ 100 ਫ਼ੀਸਦੀ ਤੋਂ ਵੀ ਵੱਧ ਹੈ। ਇਸ ਵੇਲੇ ਪੰਜਾਬੀਆਂ ਦੀ ਹੋਂਦ ਖ਼ਤਰੇ ਵਿਚ ਹੈ, ਕਿਉਂਕਿ ਦੁਨੀਆ ‘ਚ ਆਪਣੀ ਸੂਰਬੀਰਤਾ, ਸਰੂ ਵਰਗੇ ਉੱਚੇ-ਲੰਮੇ, ਡੀਲ-ਡੌਲ ਜੁੱਸਿਆਂ, ਮਰਦਾਨਗੀ ਤੇ ਇਖ਼ਲਾਕ ਕਰਕੇ ਲੋਹਾ ਮੰਨਵਾਉਣ ਵਾਲੇ ਪੰਜਾਬੀ ਹੁਣ ਬੱਚੇ ਜੰਮਣ ਤੋਂ ਵੀ ਆਹਰੀ ਹੁੰਦੇ ਜਾ ਰਹੇ ਹਨ।

ਸਿਹਤ ਮਾਹਰ ਚਿਤਾਵਨੀਆਂ ਦੇ ਰਹੇ ਹਨ ਕਿ ਪੰਜਾਬੀਆਂ ਦਾ ਸਪਰਮ ਕਾਉਂਟ 60 ਮਿਲੀਅਨ ਤੋਂ ਘੱਟ ਕੇ ਸਿਰਫ਼ 15 ਮਿਲੀਅਨ ਰਹਿ ਗਿਆ ਹੈ, ਜੋ ਕਿ ਆਉਣ ਵਾਲੇ ਸਮੇਂ ‘ਚ ਪੰਜਾਬੀਆਂ ਦੇ ਸੰਤਾਨ ਪੈਦਾ ਕਰਨ ਦੀ ਸਮਰੱਥਾ ਅੱਗੇ ਖ਼ਤਰੇ ਦੀ ਘੰਟੀ ਹੈ। ਪੰਜ ਦਰਿਆਵਾਂ ਦੇ ਅੰਮ੍ਰਿਤ ਵਰਗੇ ਪਾਣੀ ‘ਚ ਹੁਣ ਜ਼ਹਿਰ ਘੁਲ ਚੁੱਕਾ ਹੈ। 75 ਫ਼ੀਸਦੀ ਪਾਣੀ ਪੀਣਯੋਗ ਨਹੀਂ ਰਿਹਾ। ਪੰਜਾਬ ਰੇਗਿਸਤਾਨ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ, ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਇਹ ਸਭ ਕੁਝ ਪੰਜਾਬੀਆਂ ਦੀ ਜੀਵਨ ਤਰਜ਼ ਵਿਚ ਆਏ ਭਾਰੀ ਵਿਗਾੜਾਂ ਅਤੇ ਮੁਨਾਫ਼ੇ ਲਈ ਮਾਰੂ ਤਰਜੀਹਾਂ ਅਪਨਾਉਣ ਕਾਰਨ ਹੋਇਆ ਹੈ। ਗੁਰੂ ਸਾਹਿਬਾਨ ਨੇ ਜਿਸ ਹਵਾ ਨੂੰ ‘ਗੁਰੂ’, ਪਾਣੀ ਨੂੰ ‘ਪਿਤਾ’ ਅਤੇ ਧਰਤੀ ਨੂੰ ‘ਮਾਤਾ’ ਦਾ ਰੁਤਬਾ ਦਿੰਦਿਆਂ ਵਾਤਾਵਰਨ ਪ੍ਰਤੀ ਮਨੁੱਖ ਨੂੰ ਏਨੀ ਉੱਚੀ ਚੇਤਨਾ ਦਿੱਤੀ ਹੋਵੇ, ਉਸ ਮਹਾਨ ਫ਼ਲਸਫ਼ੇ ਦੇ ਵਾਰਸਾਂ ਦੀ ਧਰਤੀ ‘ਤੇ ਵਾਤਾਵਰਨ ਇੰਨੀ ਵੱਡੀ ਪੱਧਰ ‘ਤੇ ਵਿਗੜ ਰਿਹਾ ਹੋਵੇ ਕਿ ਹਵਾ ਮਨੁੱਖ ਦੇ ਸਾਹ ਲੈਣ ਯੋਗ, ਪਾਣੀ ਪੀਣ ਯੋਗ ਅਤੇ ਧਰਤੀ ਰਹਿਣ ਯੋਗ ਨਾ ਰਹੇ, ਇਹ ਬੇਹੱਦ ਚਿੰਤਾਜਨਕ ਹੈ। ਸ਼੍ਰੋਮਣੀ ਕਮੇਟੀ ਨੂੰ ਵਾਤਾਵਰਨ ਪ੍ਰਤੀ ਜਾਗਰੂਕਤਾ ਦੀ ਸਰਗਰਮ ਤੇ ਸਿੱਟਾਮੁਖੀ ਮੁਹਿੰਮ ਚਲਾਉਣੀ ਪਵੇਗੀ। ਇਸ ਮਕਸਦ ਲਈ ਕੁਦਰਤੀ ਖੇਤੀ ਵਲ ਵੀ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਪਵੇਗਾ।

ਗੁਰੂ ਸਾਹਿਬਾਨ ਨੇ ਸਿਹਤ ਪ੍ਰਤੀ ਵੀ ਮਨੁੱਖ ਨੂੰ ਅਮੀਰ ਚਿੰਤਨ ਦਿੱਤਾ ਹੈ। ਲਾਹੌਰ ‘ਚ ਜਦੋਂ ਕਾਲ ਪਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਖ਼ੁਦ ਮਨੁੱਖਤਾ ਦੀ ਸੇਵਾ ਲਈ ਪਹੁੰਚੇ, ਦਿੱਲੀ ਵਿਚ ਚੇਚਕ ਰੋਗ ਫੈਲਿਆ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਥੇ ਰੋਗੀਆਂ ਦੀ ਸੇਵਾ ਕਰਦਿਆਂ ਖ਼ੁਦ ਆਪਣਾ ਜੀਵਨ ਤਿਆਗ਼ ਦਿੱਤਾ। ਅੱਜ ਪੰਜਾਬ ਨੂੰ ਸਿਹਤ ਪੱਖੋਂ ਚੇਤਨਾ ਤੇ ਇਲਾਜ ਦੀ ਬੇਹੱਦ ਲੋੜ ਹੈ।

ਵਾਤਾਵਰਨ ਨੂੰ ਬਚਾਉਣ, ਬਿਮਾਰੀਆਂ ਪ੍ਰਤੀ ਚੇਤਨਾ ਅਤੇ ਇਲਾਜ ਦੇ ਮਿਆਰੀ ਤੇ ਆਮ ਲੋਕਾਂ ਦੀ ਪਹੁੰਚ ‘ਚ ਆਉਣ ਵਾਲੇ ਸਾਧਨਾਂ ਨੂੰ ਉਪਲਬਧ ਕਰਵਾਉਣਾ ਵੀ ਸ਼੍ਰੋਮਣੀ ਕਮੇਟੀ ਦੀ ਤਰਜੀਹ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੇ ਪੰਜਾਬ ‘ਚ ਕਈ ਵੱਡੇ ਤੇ ਅਤਿ-ਆਧੁਨਿਕ ਹਸਪਤਾਲ ਹਨ, ਪਰ ਲੋੜ ਹੈ ਇਨ੍ਹਾਂ ਹਸਪਤਾਲਾਂ ਦੇ ਬੂਹੇ ਲੋੜਵੰਦ ਅਤੇ ਗ਼ਰੀਬ ਲੋਕਾਂ ਲਈ ਖੋਲ੍ਹਣ ਦੀ। ਜੇਕਰ ਡੇਰੇਦਾਰ ਸੰਸਥਾਵਾਂ ਲੋਕਾਂ ਨੂੰ ਆਪਣੇ ਪੈਰੋਕਾਰ ਬਣਾਉਣ ਲਈ ਵੱਡੀ ਪੱਧਰ ‘ਤੇ ਗਰੀਬਾਂ ਨੂੰ ਆਧੁਨਿਕ ਹਸਪਤਾਲਾਂ ਵਿਚ ਸਸਤਾ ਤੇ ਮਿਆਰੀ ਇਲਾਜ ਦੇ ਸਕਦੀਆਂ ਹਨ ਤਾਂ ਲਗਪਗ ਗਿਆਰਾਂ ਅਰਬ ਤੋਂ ਵਧੇਰੇ ਸਾਲਾਨਾ ਬਜਟ ਵਾਲੀ ਸ਼੍ਰੋਮਣੀ ਕਮੇਟੀ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਇਸ ਤੋਂ ਬਿਹਤਰੀਨ ਕਾਰਜ ਕਿਉਂ ਨਹੀਂ ਕਰ ਸਕਦੀ?

ਪੰਜਾਬ ‘ਚ ਮਿਆਰੀ ਸਿੱਖਿਆ ਦੀ ਅਣਹੋਂਦ ਕਾਰਨ ਵੱਡੀ ਗਿਣਤੀ ਵਿਚ ਬੱਚੇ ਅਤੇ ਨੌਜਵਾਨ ਪੜ੍ਹਨ ਦੇ ਬਹਾਨੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਪੰਜਾਬ ਦੇ ਪੇਂਡੂ ਖੇਤਰਾਂ ‘ਚ ਸਿੱਖਿਆ ਦਾ ਪੱਧਰ ਬਹੁਤ ਨੀਵਾਂ ਚਲਿਆ ਗਿਆ ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਦੇ 60 ਫ਼ੀਸਦੀ ਸਿੱਖ ਨੌਜਵਾਨ ਦਸਵੀਂ ਪੱਧਰ ਦੀ ਪੜ੍ਹਾਈ ਤੋਂ ਅੱਗੇ ਨਹੀਂ ਵਧ ਰਹੇ। ਉਚੇਰੀ ਸਿੱਖਿਆ ਵਿਚ ਸਿੱਖ ਨੌਜਵਾਨਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੈ। ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਵਰਗੇ ਵਿਸ਼ਿਆਂ ‘ਚ ਸਿੱਖ ਪਨੀਰੀ ਦਾ ਪੱਧਰ ਬਹੁਤ ਨੀਵਾਂ ਹੈ। ਦੁਨੀਆ ਦੀਆਂ ਦੂਜੀਆਂ ਕੌਮਾਂ ਤੇ ਧਰਮਾਂ ਦੇ ਮੁਕਾਬਲੇ ਕੌਮਾਂਤਰੀ ਪੱਧਰ ‘ਤੇ ਵੀ ਸਿੱਖਾਂ ਦੀ ਸਿੱਖਿਆ ਕਾਰਗੁਜ਼ਾਰੀ ਬਹੁਤੀ ਤਸੱਲੀਬਖ਼ਸ਼ ਨਹੀਂ ਹੈ। ਪੰਜਾਬ ‘ਚ ਪੜ੍ਹੇ-ਲਿਖੇ ਨੌਜਵਾਨਾਂ ਦਾ ਕੌਮਾਂਤਰੀ ਸਿੱਖਿਆ ਸੰਸਥਾਵਾਂ ‘ਚ ਦਾਖ਼ਲਾ ਨਾਮਾਤਰ ਹੈ। ਇਸ ਲਈ ਪੰਜਾਬ ‘ਚ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣਾ ਅਤੇ ਪੇਂਡੂ ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਵੀ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਸ਼੍ਰੋਮਣੀ ਕਮੇਟੀ ਲਈ ਚੁਣੌਤੀ ਤੋਂ ਘੱਟ ਨਹੀਂ। ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਇਸ ਵੇਲੇ ਸਵਾ ਸੌ ਦੇ ਲਗਪਗ ਸਕੂਲ, ਕਾਲਜ ਅਤੇ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਹਨ, ਪਰ ਇਨ੍ਹਾਂ ਸਿੱਖਿਆ ਸੰਸਥਾਵਾਂ ਨੂੰ ਸੁਧਾਰਵਾਦੀ ਤੇ ਵਧੇਰੇ ਇੱਛਾ-ਸ਼ਕਤੀ ਨਾਲ ਆਪਣੇ ਏਜੰਡਿਆਂ ਵੱਲ ਸੇਧਿਤ ਕਰਨ ਦੀ ਲੋੜ ਹੈ।

ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਅੱਗੇ ਇਸ ਸੰਸਥਾ ਦੀ ਪ੍ਰਭੂਸੱਤਾ, ਵੱਕਾਰ ਅਤੇ ਭਰੋਸੇਯੋਗਤਾ ਨੂੰ ਕਾਇਮ ਕਰਨਾ ਵੀ ਇਕ ਵੱਡੀ ਚੁਣੌਤੀ ਹੈ। ਸਿੱਖ ਪੰਥ ਵਿਚ ਸ਼੍ਰੋਮਣੀ ਕਮੇਟੀ ਦੇ ਗੁਆਚੇ ਵਿਸ਼ਵਾਸ ਨੂੰ ਬਹਾਲ ਕਰਨਾ ਅਤੇ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੀ ਯੋਗਤਾ ਦਿਖਾਉਣ ਦੀ ਇਕ ਅਹਿਮ ਚੁਣੌਤੀ ਹੋਵੇਗੀ।

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵਿਚ ਹੋਂਦ ਬਣਾ ਰਹੀ ਵਿਰੋਧੀ ਧਿਰ ਦੇ ਵਿਰੋਧ ਤੋਂ ਬਚਣਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਪਾਰਦਰਸ਼ਤਾ, ਨਿਰਪੱਖਤਾ ਅਤੇ ਧਰਮ ਪ੍ਰਚਾਰ ਨੂੰ ਸਿੱਟਾਮੁਖੀ ਲੀਹਾਂ ‘ਤੇ ਤੋਰਨ ਦੀ ਯੋਗਤਾ ਵੀ ਦਿਖਾਉਣੀ ਪਵੇਗੀ। ਸ਼੍ਰੋਮਣੀ ਕਮੇਟੀ ਦੇ ਪਿਛਲੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਲੋਂ ਗੁਰਦੁਆਰਾ ਪ੍ਰਬੰਧਾਂ ਨੂੰ ਵਧੇਰੇ ਪਾਰਦਰਸ਼ੀ ਬਣਾਉਣ, ਸਿੱਖ ਇਤਿਹਾਸ ਦੇ ਭੁੱਲੇ-ਵਿਸਰੇ ਨਾਇਕਾਂ ਦੀ ਯਾਦ ‘ਚ ਦਿਹਾੜੇ ਮਨਾਉਣ ਦੀ ਆਰੰਭੀ ਪਿਰਤ, ਰਾਜਨੀਤੀ ਦੇ ਪ੍ਰਛਾਵੇਂ ਤੋਂ ਮੁਕਤ ਧਰਮ ਪ੍ਰਚਾਰ ਦੀ ਵਿੱਢੀ ਮੁਹਿੰਮ ਆਦਿ ਕਾਰਜਾਂ ਨੂੰ ਸਰਗਰਮੀ ਨਾਲ ਜਾਰੀ ਰੱਖਣ ਸਮੇਤ ਸੁਹਜ ਤੇ ਸਿਆਣਪ ਨਾਲ ਸਿਆਸੀ ਵਿਰੋਧੀ ਧੜਿਆਂ ਨੂੰ ਵੀ ਕੌਮੀ ਕਾਰਜਾਂ ਮੌਕੇ ਭਰੋਸੇ ‘ਚ ਲੈ ਕੇ ਚੱਲਣ ਵਰਗੇ ਉੱਦਮ ਕਰਨੇ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਸਮੁੱਚੀ ਕਾਰਜਕਾਰਨੀ ਲਈ ਵੀ ਜ਼ਰੂਰੀ ਹੋਣਗੇ। ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਗੁਰਸਿੱਖੀ ਪਰਵਰਿਸ਼ ‘ਚ ਜੰਮੇ-ਪਲੇ ਅਤੇ ਪੜ੍ਹੇ-ਲਿਖੇ ਆਗੂ ਹਨ, ਪਰ ਉਨ੍ਹਾਂ ਲਈ ਸ਼੍ਰੋਮਣੀ ਕਮੇਟੀ ਵਰਗੀ ਸਮਰੱਥ ਸੰਸਥਾ ਦੀ ਅਗਵਾਈ ਕਰਦਿਆਂ, ਸਫਲਤਾਵਾਂ ਹਾਸਲ ਕਰਨ ਵਾਸਤੇ ਆਪਣੀ ਪ੍ਰਬੰਧਕੀ ਕਾਬਲੀਅਤ ਅਤੇ ਪ੍ਰੋੜ੍ਹਤਾ ਦਿਖਾਉਣੀ ਬੇਹੱਦ ਜ਼ਰੂਰੀ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਪਿਛਲੇ ਪ੍ਰਧਾਨਾਂ ਦੇ ਮੁਕਾਬਲੇ ਉਮਰ ‘ਚ ਵੀ ਛੋਟੇ ਤੇ ਤੰਦਰੁਸਤ ਹੋਣ ਦੇ ਨਾਤੇ ਉਨ੍ਹਾਂ ਨੂੰ ਆਪਣੀਆਂ ਧਾਰਮਿਕ ਸਰਗਰਮੀਆਂ ਵੀ ਜ਼ਿਆਦਾ ਦਿਖਾਉਣੀਆਂ ਪੈਣਗੀਆਂ।  ੲੲੲ

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …