Breaking News
Home / ਪੰਜਾਬ / ਲੰਡਨ ਦੇ ਮੇਅਰ ਬੋਲੇ : ਜਲ੍ਹਿਆਂਵਾਲਾ ਬਾਗ ਦੇ ਸਾਕੇ ਲਈ ਮੁਆਫ਼ੀ ਮੰਗੇ ਬ੍ਰਿਟੇਨ

ਲੰਡਨ ਦੇ ਮੇਅਰ ਬੋਲੇ : ਜਲ੍ਹਿਆਂਵਾਲਾ ਬਾਗ ਦੇ ਸਾਕੇ ਲਈ ਮੁਆਫ਼ੀ ਮੰਗੇ ਬ੍ਰਿਟੇਨ

ਮੇਅਰ ਸਾਦਿਕ ਖਾਨ ਨੇ ਬਾਗ ਦੀ ਵਿਜ਼ੀਟਰ ਬੁੱਕ ‘ਚ ਲਿਖੀ ਇਹ ਗੱਲ
ਗੋਲੀਆਂ ਦੇ ਨਿਸ਼ਾਨ ਦੇਖ ਹੋਏ ਭਾਵੁਕ, ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਜਨਰਲ ਡਾਇਰ ਵੱਲੋਂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ‘ਚ ਨਿਹੱਥੇ ਲੋਕਾਂ ‘ਤੇ ਚਲਵਾਈਆਂ ਗਈਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸ ਸ਼ਰਮਨਾਕ ਅਤੇ ਘਟੀਆ ਕਰਤੂਤ ਦੇ ਗਵਾਹ ਹਨ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਜਦੋਂ ਦੀਵਾਰਾਂ ‘ਤੇ ਇਨ੍ਹਾਂ ਨਿਸ਼ਾਨਾਂ ਨੂੰ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਜਲ੍ਹਿਆਂਵਾਲਾ ਬਾਗ ਦੀ ਵਿਜ਼ੀਟਰ ਬੁੱਕ ‘ਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ ਸਾਦਿਕ ਖਾਨ ਨੇ ਲਿਖਿਆ ਕਿ ਇਸ ਦੁਖਦਾਈ ਘਟਨਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਬ੍ਰਿਟਿਸ਼ ਸਰਕਾਰ ਨੂੰ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਮੇਅਰ ਸਾਦਿਕ ਖਾਨ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੇ ਤਿੰਨ-ਤਿੰਨ ਵੱਡੇ ਸ਼ਹਿਰਾਂ ਦੇ ਦੌਰੇ ‘ਤੇ ਹਨ। ਆਪਣੀ ਯਾਤਰਾ ਦੇ ਦੌਰਾਨ ਜਦੋਂ ਉਨ੍ਹਾਂ ਨੇ ਸ਼ਹੀਦੀ ਖੂਹ ਦੇਖਿਆ ਅਤੇ ਅੰਗਰੇਜ਼ੀ ‘ਚ ਲਿਖੀਆਂ ਲਾਈਨਾਂ ‘ਚ ਸ਼ਹੀਦੀ ਖੂਹ ਦਾ ਇਤਿਹਾਸ ਪੜ੍ਹਿਆ ਤਾਂ ਨਜ਼ਰ ਸਾਹਮਣੇ ਦੀਵਾਰ ‘ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ‘ਤੇ ਜਾ ਟਿਕੀ। ਕੁਝ ਦੇਰ ਤੱਕ ਗੋਲੀਆਂ ਦੇ ਨਿਸ਼ਾਨ ਦੇਖਦੇ ਰਹੇ। ਉਸ ਤੋਂ ਬਾਅਦ ਉਹ ਸ਼ਹੀਦਾਂ ਨੂੰ ਨਮਨ ਕਰਨ ਲਈ ਸ਼ਹੀਦੀ ਲਾਟ ‘ਤੇ ਪਹੁੰਚੇ ਅਤੇ ਹੱਥ ਜੋੜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਅਖੰਡ ਜਯੋਤੀ ‘ਤੇ ਕੁਝ ਦੇਰ ਹੱਥ ਜੋੜ ਕੇ ਖੜ੍ਹੇ ਰਹੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚੇ ਲੰਡਨ ਦੇ ਮੇਅਰ ਨੇ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸੰਗਤ ‘ਚ ਬੈਠ ਕੇ ਲੰਗਰ ਵੀ ਛਕਿਆ। ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਦੀ ਵਿਜ਼ੀਟਰ ਬੁੱਕ ‘ਚ ਉਨ੍ਹਾਂ ਨੇ ਲਿਖਿਆ ਕਿ ਅਜਿਹੇ ਪਵਿੱਤਰ ਅਸਥਾਨ ‘ਤੇ ਆ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਅਤੇ ਮੈਂ ਧੰਨ ਹੋ ਗਿਆ।
ਕੈਮਰੂਨ ਨੇ ਵੀ ਦੱਸਿਆ ਦਰਦਨਾਕ ਤੇ ਐਲਿਜਾਬੈਥ ਨੇ ਵੀ ਚੜ੍ਹਾਏ ਸਨ ਫੁੱਲ
2013 ‘ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਇਥੇ ਆਏ,ਉਨ੍ਹਾਂ ਦੀਵਾਰਾਂ ‘ਤੇ ਗੋਲੀਆਂ ਦੇ ਨਿਸ਼ਾਨ ਤੇ ਸ਼ਹੀਦੀ ਖੂਹ ਵੀ ਦੇਖਿਆ। ਵਿਜ਼ੀਟਰ ਬੁੱਕ ‘ਚ ਲਿਖਿਆ ਕਿ ਬ੍ਰਿਟੇਨ ਦੇ ਇਤਿਹਾਸ ‘ਚ ਇਹ ਇਕ ਬਹੁਤ ਹੀ ਸ਼ਰਮਨਾਕ ਘਟਨਾ ਹੈ। ਮਹਾਰਾਣੀ ਐਲਿਜ਼ਾਬੈਥ ਵੀ 1997 ਵਿਚ ਇਥੇ ਆਏ ਸਨ ਤੇ ਉਨ੍ਹਾਂ ਵੀ ਸ਼ਹੀਦੀ ਸਮਾਰਕ ‘ਤੇ ਜਾ ਕੇ ਫੁੱਲ ਅਰਪਣ ਜ਼ਰੂਰ ਕੀਤੇ ਪਰ ਦੋਵਾਂ ਨੇ ਮੁਆਫ਼ੀ ਦੀ ਗੱਲ ਨਹੀਂ ਕੀਤੀ।
ਦਿਲ ਤੋਂ ਲਿਖਿਆ ਜਾਂ ਰਾਜਨੀਤੀ ਨੇ ਲਿਖਵਾਇਆ
13 ਅਪ੍ਰੈਲ 2019 ‘ਚ ਇਸ ਕਤਲੇਆਮ ਦੀ 100ਵੀਂ ਬਰਸੀ ਤੋਂ ਪਹਿਲਾਂ ਪਾਕਿਸਤਾਨੀ ਮੂਲ ਦੇ ਲੰਡਨ ਮੇਅਰ ਦਾ ਇੰਨਾ ਵੱਡਾ ਬਿਆਨ ਉਸ ਸਮੇਂ ਆਇਆ ਜਦੋਂ ਭਾਰਤ ਤੇ ਪਾਕਿਸਾਨ ਵਿਚਾਲੇ ਰਿਸ਼ਤੇ ਵਧੀਆ ਨਹੀਂ। ਬਿਆਨ ਬਿਟ੍ਰਿਸ਼ ਹਕੂਮਤ ਦੀ ਸਹਿਮਤੀ ਨਾਲ ਆਇਆ ਹੈ ਜਾਂ ਫਿਰ ਅਖੰਡ ਭਾਰਤ ਦੇ ਲਈ ਲੜਨ ਵਾਲੇ ਅਤੇ ਪਾਕਿਸਤਾਨ ਜਾ ਵਸੇ ਲੋਕਾਂ ਦੇ ਵੰਸਜ਼ ਚਾਹੁੰਦੇ ਹਨ ਕਿ ਉਨ੍ਹਾਂ ‘ਤੇ ਰਾਜ ਕਰਨ ਵਾਲੇ ਅੰਗਰੇਜ਼ਾਂ ਨੂੰ ਆਪਣੀ ਗਲਤੀ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …