Breaking News
Home / ਪੰਜਾਬ / ਪੰਜਾਬ ‘ਚ ਹੁਣ ਬਣਨਗੇ ਨਵੇਂ ਵਜ਼ੀਰ

ਪੰਜਾਬ ‘ਚ ਹੁਣ ਬਣਨਗੇ ਨਵੇਂ ਵਜ਼ੀਰ

ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ‘ਚ ਵਾਧਾ 18 ਦਸੰਬਰ ਤੋਂ ਬਾਅਦ
ਕਿਹਾ : ਉਪ ਮੁੱਖ ਮੰਤਰੀ ਨਿਯੁਕਤ ਕਰਨ ਦੀ ਨਹੀਂ ਹੈ ਕਾਂਗਰਸ ‘ਚ ਰਵਾਇਤ
ਅੰਮ੍ਰਿਤਸਰ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਉਪ ਮੁੱਖ ਮੰਤਰੀ ਦੀ ਨਿਯੁਕਤੀ ਦੀ ਯੋਜਨਾ ਨੂੰ ਮੁੱਢੋਂ ਰੱਦ ਕਰਦਿਆਂ ਆਖਿਆ ਕਿ ਕਾਂਗਰਸ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਨਗਰ ਨਿਗਮ ਚੋਣਾਂ ਅਤੇ ਗੁਜਰਾਤ ਚੋਣਾਂ ਦੇ ਨਤੀਜੇ ਆਉਣ ਤੋਂ ਫ਼ੌਰੀ ਬਾਅਦ ਕੀਤਾ ਜਾਵੇਗਾ। ਮੁੱਖ ਮੰਤਰੀ ਵੀਰਵਾਰ ਨੂੰ ਇਥੇ ਨਿਗਮ ਚੋਣਾਂ ਦੌਰਾਨ ਸੂਬੇ ਦੇ ਸ਼ਹਿਰੀ ਵਿਕਾਸ ਲਈ ਕਾਂਗਰਸ ਦਾ ‘ਵਿਜ਼ਨ ਪੱਤਰ’ ਜਾਰੀ ਕਰਨ ਲਈ ਕਾਂਗਰਸ ਦਾ ‘ਵਿਜ਼ਨ ਪੱਤਰ’ ਜਾਰੀ ਕਰਨ ਲਈ ਪੁੱਜੇ ਸਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਤਾਂ ਪੰਜਾਬ ਵਜ਼ਾਰਤ ਦਾ ਵਿਸਥਾਰ ਹੋਰ ਵੀ ਪਹਿਲਾਂ ਕਰਨਾ ਚਾਹੁੰਦੇ ਹਨ, ਪਰ ਚੋਣ ਜ਼ਾਬਤੇ ਕਰਕੇ ਇਹ ਵਿਸਥਾਰ 17 ਦਸੰਬਰ ਨੂੰ ਨਿਗਮ ਚੋਣਾਂ ਅਤੇ 18 ਦਸੰਬਰ ਨੂੰ ਗੁਜਰਾਤ ਚੋਣਾਂ ਦੇ ਨਤੀਜੇ ਮਗਰੋਂ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਦੀ ਨਿਯੁਕਤੀ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਕੋਈ ਰਵਾਇਤ ਨਹੀਂ ਹੈ। ਗੁਜਰਾਤ ਚੋਣਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ ਕਾਂਗਰਸ, ਭਾਜਪਾ ਨੂੰ ਸਖ਼ਤ ਮੁਕਾਬਲਾ ਦੇ ਰਹੀ ਹੈ ਅਤੇ ਵੋਟਰਾਂ ਦੀ ਚੁੱਪੀ ਕਿਸੇ ਵੱਡੇ ਬਦਲਾਅ ਦਾ ਸੰਕੇਤ ਹੈ। ਉਨ੍ਹਾਂ ਆਸ ਜਤਾਈ ਕਿ ਗੁਜਰਾਤ ਚੋਣਾਂ ਵਿੱਚ ਕਾਂਗਰਸ ਦਾ ਹੱਥ ਉਪਰ ਰਹੇਗਾ। ਗੁਜਰਾਤ ਵਿੱਚ ਚੋਣ ਪ੍ਰਚਾਰ ਲਈ ਨਾ ਜਾਣ ਬਾਰੇ ਕੈਪਟਨ ਨੇ ਕਿਹਾ ਕਿ ਉਥੇ ਸਮੁੰਦਰੀ ਤੂਫਾਨ ਦੀ ਚੇਤਾਵਨੀ ਕਰਕੇ ਦੌਰਾ ਰੱਦ ਕੀਤਾ ਹੈ। ਕੈਪਟਨ ਨੇ ਕਿਹਾ ਕਿ ਉਹ ਗੁਰਦੁਆਰਿਆਂ ਨੂੰ ਜੀਐਸਟੀ ਤੋਂ ਮੁਕਤ ਰੱਖਣ ਦੇ ਹਾਮੀ ਹਨ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕਾਂ ਸਮੇਤ ਹੋਰ ਆਗੂ ਹਾਜ਼ਰ ਸਨ।
ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਲਈ ਮੁੱਖ ਮੰਤਰੀ ਨੇ ਕੈਨੇਡਾ-ਅਮਰੀਕਾ ਨੂੰ ਦੱਸਿਆ ਜ਼ਿੰਮੇਵਾਰ
ਸੂਬੇ ਵਿਚ ਆਈਐਸਆਈ ਵੱਲੋਂ ਅਮਨ ਤੇ ਸ਼ਾਂਤੀ ਭੰਗ ਕਰਨ ਦੀਆਂ ਸਾਜ਼ਿਸ਼ਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਆਈਐਸਆਈ ਦੇ ਇਸ਼ਾਰੇ ‘ਤੇ ਕੈਨੇਡਾ, ਅਮਰੀਕਾ, ਯੂਕੇ ਅਤੇ ਜਰਮਨੀ ਸਮੇਤ ਹੋਰ ਮੁਲਕਾਂ ਤੋਂ ਕੁਝ ਤਾਕਤਾਂ ਕੰਮ ਕਰ ਰਹੀਆਂ ਹਨ। ਹਾਲੀਆ ਗ੍ਰਿਫ਼ਤਾਰੀਆਂ ਤੋਂ ਤਸਵੀਰ ਹੋਰ ਸਾਫ਼ ਹੋ ਗਈ ਹੈ।
ਬੀਬੀ ਭੱਠਲ ਰਹੀ ਹੈ ਉਪ ਮੁੱਖ ਮੰਤਰੀ
ਅਮਰਿੰਦਰ ਸਿੰਘ ਨੇ ਇਹ ਗੱਲ ਆਖ ਤਾਂ ਦਿੱਤੀ ਕਿ ਕਾਂਗਰਸ ‘ਚ ਉਪ ਮੁੱਖ ਮੰਤਰੀ ਬਣਾਉਣ ਦੀ ਰਵਾਇਤ ਨਹੀਂ ਹੈ ਪਰ ਉਹ ਭੁੱਲ ਗਏ ਕਿ ਉਨ੍ਹਾਂ ਦੀ ਅਗਵਾਈ ਵਿਚ ਬਣੀ ਪੰਜਾਬ ਅੰਦਰ ਪਿਛਲੀ ਸਰਕਾਰ ਦੌਰਾਨ ਬੀਬੀ ਰਜਿੰਦਰ ਕੌਰ ਭੱਠਲ ਉਪ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿ ਚੁੱਕੀ ਹੈ।
ਇਹ ਵਿਧਾਇਕ ਬਣ ਸਕਦੇ ਨੇ ਮੰਤਰੀ
ਸੁਖਜਿੰਦਰ ਰੰਧਾਵਾ, ਬਲਬੀਰ ਸਿੱਧੂ, ਸੁਖਬਿੰਦਰ ਸੁਖਸਰਕਾਰੀਆ, ਗਿਲਜ਼ੀਆਂ, ਰਣਦੀਪ ਸਿੰਘ ਕਾਕਾ, ਰਾਜ ਕੁਮਾਰ ਵੇਰਕਾ, ਓ ਪੀ ਸੋਨੀ, ਰਜਿੰਦਰ ਬੇਰੀ, ਪ੍ਰਗਟ ਸਿੰਘ, ਭਾਰਤ ਭੂਸ਼ਣ, ਡੈਨੀ, ਨਾਗਰਾ, ਕੋਟਲੀ, ਵੜਿੰਗ ਤੇ ਵਿਜੇਇੰਦਰ ਸਿੰਗਲਾ, ਫਤਿਹਜੰਗ ਬਾਜਵਾ ਮੰਤਰੀ ਬਣਨ ਲਈ ਦੌੜ ‘ਚ ਹਨ।
ਰਾਹੁਲ ਗਾਂਧੀ ਦਾ ਕਾਂਗਰਸ ਪ੍ਰਧਾਨ ਬਣਨਾ ਤੈਅ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰਾਹੁਲ ਗਾਂਧੀ ਦਾ ਪਾਰਟੀ ਪ੍ਰਧਾਨ ਬਣਨਾ ਤੈਅ ਹੀ ਹੈ ਕਿਉਂਕਿ ਰਾਹੁਲ ਇਸ ਚੋਣ ਵਿਚ ਇਕਮਾਤਰ ਉਮੀਦਵਾਰ ਹੀ ਹਨ। ਚੇਤੇ ਰਹੇ ਕਿ ਸੋਨੀਆ ਗਾਂਧੀ 19 ਸਾਲਾਂ ਤੋਂ ਲਗਾਤਾਰ ਕਾਂਗਰਸ ਪਾਰਟੀ ਦੇ ਪ੍ਰਧਾਨ ਹਨ ਤੇ ਹੁਣ ਰਾਹੁਲ ਗਾਂਧੀ ਉਨ੍ਹਾਂ ਦੀ ਜਗ੍ਹਾ ਲੈਣਗੇ। ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਹੋਰਾਂ ਨੇ ਪਾਰਟੀ ਪ੍ਰਧਾਨ ਅਹੁਦੇ ਲਈ ਰਾਹੁਲ ਦੀ ਉਮੀਦਵਾਰੀ ਦਾ ਪ੍ਰਸਤਾਵ ਰੱਖਿਆ। ਸੋਨੀਆ ਗਾਂਧੀ ਅਤੇ ਡਾ.ਮਨਮੋਹਨ ਸਿੰਘ ਤੋਂ ਇਲਾਵਾ ਗੁਲਾਮ ਨਬੀ ਅਜ਼ਾਦ, ਏ.ਕੇ. ਐਂਟਨੀ, ਪੀ. ਚਿਦੰਬਰਮ, ਸੁਸ਼ੀਲ ਕੁਮਾਰ ਸ਼ਿੰਦੇ, ਕੈਪਟਨ ਅਮਰਿੰਦਰ ਸਿੰਘ, ਸ਼ੀਲਾ ਦੀਕਸ਼ਤ ਅਤੇ ਅਹਿਮਦ ਪਟੇਲ ਸਮੇਤ ਕਈਆਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦੀ ਹਮਾਇਤ ‘ਚ ਦਸਤਖਤ ਕੀਤੇ ਸਨ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …