ਮਨੀ ਲਾਂਡਰਿੰਗ ਦੇ ਮਾਮਲੇ ’ਚ ਖਹਿਰਾ ਦੀ ਹੋਈ ਸੀ ਗਿ੍ਰਫਤਾਰੀ
ਮੁਹਾਲੀ/ਬਿਊਰੋ ਨਿਊਜ਼
ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗਿ੍ਰਫਤਾਰ ਕੀਤੇ ਗਏ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਮੁਹਾਲੀ ਦੀ ਅਦਾਲਤ ਵਿੱਚ ਡਿਊਟੀ ਮੈਜਿਸਟਰੇਟ ਰੰਜਨ ਕੁਮਾਰ ਖੁੱਲਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਖਹਿਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਪਟਿਆਲਾ ਭੇਜ ਦਿੱਤਾ ਹੈ। ਇਸ ਮੌਕੇ ਵੱਡੀ ਗਿਣਤੀ ’ਚ ਖਹਿਰਾ ਸਮਰਥਕ ਅਦਾਲਤ ’ਚ ਮੌਜੂਦ ਸਨ ਅਤੇ ਪੇਸ਼ੀ ਤੋਂ ਪਹਿਲਾਂ ਹੀ ਖਹਿਰਾ ਸਮਰਥਕਾਂ ਨੇ ਕੋਰਟ ਕੰਪਲੈਕਸ ਦੇ ਅੰਦਰ ਹੀ ਨਾਅਰੇਬਾਜ਼ੀ ਵੀ ਕੀਤੀ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ। ਖਹਿਰਾ ਨੇ ਬਿਨਾਂ ਨਾਮ ਲਏ ਕਿਹਾ ਕਿ ਕੁਝ ਕਾਂਗਰਸੀ ਵੀ ਉਨ੍ਹਾਂ ਖਿਲਾਫ ਸਾਜਿਸ਼ ਰਚ ਰਹੇ ਹਨ। ਸਮਾਂ ਆਉਣ ’ਤੇ ਇਨ੍ਹਾਂ ਆਗੂਆਂ ਨੂੰ ਵੀ ਜਵਾਬ ਦਿਆਂਗੇ। ਖਹਿਰਾ ਨੇ ਕਿਹਾ ਕਿ ਉਹ ਬੇਦਾਗ ਹਨ ਅਤੇ ਯਕੀਨੀ ਤੌਰ ’ਤੇ ਜਿੱਤਣਗੇ। ਇਸੇ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਸੱਤ ਦਿਨ ਰਿਮਾਂਡ ’ਤੇ ਰੱਖਿਆ ਗਿਆ ਪਰ ਕੁਝ ਨਹੀਂ ਮਿਲਿਆ ਅਤੇ ਹੁਣ ਜਾਣਬੁੱਝ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।