ਕਿਹਾ, ਪੰਜਾਬ ਸਰਕਾਰ ਦੇ ਚਾਰ ਵਜ਼ੀਰ ਅਹੁਦੇ ਦੀ ਭੁੱਖ ਤੇ ਢੀਠਪੁਣਾ ਛੱਡ ਕੇ ਦੇਣ ਅਸਤੀਫ਼ਾ
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮਿ੍ਰਤਸਰ ਵਿਚ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਮਜੀਠੀਆ ਨੇ ਮੁੱਖ ਮੰਤਰੀ ਕੋਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਪੰਜਾਬ ਸਰਕਾਰ ਦੇ ਚਾਰ ਵਜ਼ੀਰਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਦੀ ਭੁੱਖ ਤੇ ਢੀਠਪੁਣਾ ਛੱਡ ਕੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਚਾਰ ਵਜੀਰ ਇਕ ਪਾਸੇ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਹੀ ਨਹੀਂ ਮੰਨਦੇ, ਪਰ ਦੂਜੇ ਪਾਸੇ ਉਸੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਬਟਾਲਾ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ। ਕਾਂਗਰਸ ਦੀ ਮੌਜੂਦਾ ਲੜਾਈ ’ਤੇ ਟਿੱਪਣੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸੀਆਂ ਦੇ ਧੜਿਆਂ ’ਚ ਹੋ ਰਹੀ ਲੜਾਈ ਪੰਜਾਬ ਦੇ ਲੋਕਾਂ ਜਾਂ ਕਿਸਾਨਾਂ ਦੀ ਭਲਾਈ ਲਈ ਨਹੀਂ ਬਲਕਿ ਇਹ ਤਾਂ ਕੁਰਸੀ ਲਈ ਲੜ ਰਹੇ ਹਨ। ਪ੍ਰੈੱਸ ਵਾਰਤਾ ਦੌਰਾਨ ਮਜੀਠੀਆ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਆੜ ਵਿਚ ਸ਼ਰਾਰਤੀ ਅਨਸਰ ਮਾਹੌਲ ਵਿਗਾੜ ਰਹੇ ਹਨ। ਕਿਸਾਨੀ ਅੰਦੋਲਨ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਸੀ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ।